Wednesday, November 23, 2011

ਸਿੱਖਿਆ ਦਾ ਚਹੁ-ਤਰਫੀ ਵਿਸਥਾਰ ਸਮੇਂ ਦੀ ਜ਼ਰੂਰਤ- ਸੇਖਵਾਂ

ਖਾਲਸਾ ਕਾਲਜ ਪਬਲਿਕ ਸਕੂਲ ਨੇ ਕੀਤਾ ਸਾਲਾਨਾ ਇਨਾਮ ਵੰਡ ਸਮਾਰੋਹ 
        ਅੰਮ੍ਰਤਿਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਖਾਸ  ਸਚਿੱਤਰ ਰਿਪੋਰਟ

ਪੰਜਾਬ ਦੇ ਸਿੱਖਿਆ ਮੰਤਰੀ, ਸ. ਸੇਵਾ ਸਿੰਘ ਸੇਖਵਾਂ ਨੇ ਅੱਜ ਕਿਹਾ ਕਿ ਸਿੱਖਿਆ ਦਾ ਚਹੁ-ਤਰਫੀ ਵਿਸਥਾਰ ਅੱਜ ਸਮੇਂ ਦੀ ਜ਼ਰੂਰਤ ਹੈ ਅਤੇ ਜੇਕਰ ਅਸੀਂ ਦੁਨੀਆ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਣਾ ਹੈ ਤਾਂ ਸਕੂਲੀ ਪੱਧਰ ਦੀ ਸਿੱਖਿਆ 'ਤੇ ਖਾਸ ਧਿਆਨ ਦੇਣਾ ਪਵੇਗਾ। ਇਹ ਵਿਚਾਰ ਉਨ੍ਹਾਂ ਨੇ ਸਥਾਨਕ ਖਾਲਸਾ ਪਬਲਿਕ ਸਕੂਲ ਦੇ ਸਾਲਾਨਾ ਇਨਾਮਵੰਡ ਸਮਾਰੋਹ ਦੀ ਪ੍ਰਧਾਨਗੀ ਦੇ ਦੌਰਾਨ ਕਹੇ। ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਇੱਕ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ 'ਰੇਨਬੋ ਰੂਟਸ' ਪ੍ਰਸਤੁਤ ਕਰਕੇ ਸਕੂਲ ਦੇ ਆਂਗਣ ਵਿਚ ਪਹੁੰਚੇ ਹਜ਼ਾਰਾਂ ਸਰੋਤਿਆਂ ਦਾ ਮਨ ਮੋਹ ਲਿਆ।
       ਸੇਖਵਾਂ ਨੇ ਜਿੱਥੇ ਬੱਚਿਆਂ ਨੂੰ ਇਨਾਮ ਵੰਡੇ, ਉੱਥੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਅੱਜ-ਕੱਲ੍ਹ ਵਿਦਿਆ ਦਾ ਮਨੋਰਥ ਕਿੱਤਾਪੱਖੀ ਹੈ। ਉਨ੍ਹਾਂ ਨੇ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਦਿਆ ਦਾ ਮਕਸਦ ਬੱਚਿਆਂ ਨੂੰ ਵਧੀਆ ਨਾਗਰਿਕ ਬਣਾਉਣਾ ਵੀ ਹੈ। ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ. ਅਜਾਇਬ ਸਿੰਘ ਬਰਾੜ ਤੋਂ ਇਲਾਵਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਸ਼ਿਰਕਿਤ ਕੀਤੀ ਅਤੇ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਪ੍ਰੇਰਿਆ।
       ਛੀਨਾ ਨੇ ਕਿਹਾ ਕਿ ਵਿਦਿਆ ਦਾ ਮੁੱਖ ਮਨੋਰਥ ਬੱਚਿਆਂ ਦਾ ਭਵਿੱਖ ਸੁਨਿਹਰੀ ਬਣਾਉਣਾ ਹੈ ਤਾਂ ਕਿ ਇੱਕ ਸੁਲਝੇ ਹੋਏ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਨੇ ਮੁੱਖ ਮਹਿਮਾਨ ਸੇਖਵਾਂ ਨੂੰ ਰਾਜ ਵਿੱਚ ਨਕਲ ਰੋਕਣ ਲਈ ਚੁੱਕੇ ਗਏ ਕਦਮਾਂ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਕੂਲ ਵਿੱਚ ਚੱਲ ਰਹੇ 'ਸੁਪਰ-50' ਦਾ ਖਾਸ ਤੌਰ 'ਤੇ ਜ਼ਿਕਰ ਕਰਦਿਆਂ ਪੰਜਾਬ ਐਜ਼ੂਕੇਸ਼ਨ ਵਿਭਾਗ ਦਾ ਧੰਨਵਾਦ ਕੀਤਾ ਕਿਉਂਕਿ ਇਸ ਸਕੀਮ ਵਿੱਣ ਹੋਣਹਾਰ ਪੇਂਡੂ ਖੇਤਰ ਦੇ ਬੱਚਿਆਂ ਨੂੰ ਆਈਆਈਟੀਜ਼ ਵਿੱਚ ਦਾਖਲੇ ਦੇ ਇਮਤਿਹਾਨਾਂ ਲਈ ਤਿਆਰੀ ਕਰਵਾਈ ਜਾਂਦੀ ਹੈ।
        ਸਕੂਲ ਦੀ ਪ੍ਰਿੰਸੀਪਲ, ਡਾ. ਸਰਵਜੀਤ ਕੌਰ ਬਰਾੜ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਜੇਤੂ ਬੱਚਿਆਂ ਨੂੰ ਆਪਣੇ-ਆਪਣੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ 'ਤੇ ਵਧਾਈ ਦਿੱਤੀ। ਸਮਾਰੋਹ ਦੌਰਾਨ ਨੰਨੇ-ਮੁੰਨੇ ਬੱਚਿਆਂ ਦੁਆਰਾ ਪੇਸ਼ ਫੈਨ ਡਾਂਸ, ਮੀਰਾਜ਼, ਪਿਰਾਮਿਡਜ਼, ਕਮੇਡੀ, ਸਕਿੱਟਸ, ਯੋਗ ਆਸਣ, ਮਾਰਸ਼ਲ ਆਰਟ, ਗਾਇਨ ਅਤੇ ਗਿੱਧਾ/ਭੰਗੜਾ ਨੂੰ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਗਿਆ।
        ਡਾ. ਸਰਵਜੀਤ ਬਰਾੜ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੇ ਆਉਣ ਵਾਲੇ ਵਿਦਿਅਕ ਸੈਸ਼ਨ ਦੀ ਰਜਿਸਟ੍ਰੇਸ਼ਨ ਓਪਨ ਕਰ ਦਿੱਤੀ ਹੈ, ਉੱੇਥੇ ਉਹ ਵਿਦਿਆ ਪ੍ਰਸਾਰ ਦੀਆਂ ਨਵੀਆਂ ਵਿਧੀਆਂ, ਜਿੰਨਾਂ ਵਿੱਚ ਸਮਾਰਟ ਕਲਾਸ ਰੂਮ, ਆਧੁਨਿਕ ਸਾਇੰਸ ਲੈਬੌਰਟਰੀਜ਼ ਸ਼ਾਮਿਲ ਹਨ, ਨੂੰ ਅਪਣਾ ਰਹੇ ਹਨ ਅਤੇ ਉਨ੍ਹਾਂ ਦਾ ਜ਼ੋਰ ਹਰ ਬੱਚੇ ਦੀ ਮਾਨਸਿਕ ਯੋਗਤਾ ਨੂੰ ਨਾ ਸਿਰਫ ਪਛਾਨਣਾ ਸਗੋਂ ਉਸ ਨੂੰ ਹੋਰ ਨਿਖਾਰਨਾ ਹੈ। ਇਸ ਮੌਕੇ 'ਤੇ ਜਾਇੰਟ ਸਕੱਤਰ, ਸ. ਅਜਮੇਰ ਸਿੰਘ ਹੇਰ, ਸ. ਸਰਦੂਲ ਸਿੰਘ ਮੰਨਣ, ਖਾਲਸਾ ਕਾਲਜ ਦੇ ਪ੍ਰਿੰਸੀਪਲ,  ਡਾ. ਦਲਜੀਤ ਸਿੰਘ,  ਖਾਲਸਾ ਕਾਲਜ ਆਫ ਐਜ਼ੂਕੇਸ਼ਨ ਦੇ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ, ਖਾਲਸਾ ਕਾਲਜ ਫਾਰ ਵੁਮੈਨ ਦੀ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ, ਅਤੇ ਹੋਰ ਖਾਸ ਹਸਤੀਆਂ ਮੌਜ਼ੂਦ ਸਨ।

1 comment:

ਮੁਖਵੀਰ ਸਿੰਘ said...

ਸੇਖਵਾਂ ਸਾਹਿਬ ਨੇ ਸਕੂਲ ਸਿੱਖਿਆ ਲਈ ਕੁਝ ਸੁਧਾਰ ਕੀਤੇ ਹਨ ਪਰ ਪੰਜਾਬ ਦੀ ਉਚ ਸਿਖਿਆ ਦਾ ਬਹੁਤ ਮਾੜਾ ਹਾਲ ਹੈ...ਉਹਨਾਂ ਦੁਆਰਾ ਕੀਤੇ ਐਲਾਨ ਕੇਵਲ ਐਲਾਨ ਹੀ ਹਨ