Friday, November 25, 2011

ਪ੍ਰਸਿਧ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਨਵੀਂ ਪੰਜਾਬੀ ਕਹਾਣੀ: ਪਿਡ਼ੀਆਂ

ਹੁਣ ਬਣੂ ਚੁਰਾਸੀ ਹਰ ਥਾਂ..!
ਉਸਦੀ ਬੱਝ ਗਈ ਘਿੱਗੀ ‘ਚੋਂ ਥਰਕਦੇ ਬੋਲ ਫਿਰ ਵੀ ਵਾਰ ਵਾਰ ਆਖੀ ਜਾ ਰਹੇ ਸਨ-“ਸ੍ਰੀਮਾਨ ਖੰਜਰ ਜੀ , ਤ੍ਰਿਸ਼ੂਲ ਸਾਬ੍ਹ ਜੀ , ਆ  ਪੁੱਜੇ ਓਂ ਐਥੇ ਤਕ ਵੀ , ...ਐਥੇ ਸਾਡੇ ਪਿੰਡ ,ਸਾਡੇ ਦੁਰਗੇ ਦੀ ਹੱਟੀ ਤਕ ਵੀ , ਹੁਣ ਨਈਂ ਬਚਦਾ ਦੁਰਗਾ ...ਹੁਣ ਨਈਂ ਬਚਦਾ ਮੱਖਣ ...ਹੁਣ ਨਈਂ ਬਚਦਾ ਮੁਲਕ ...ਹੁਣ ਹੋਣਗੀਆਂ ਲੀਰਾਂ ..ਹੁਣ ਬਣੂ ਚੁਰਾਸੀ ਹਰ ਥਾਂ..।“--ਏਸੇ ਕਹਾਣੀ ਵਿੱਚੋਂ 
ਹੱਟੀ ਦੇ ਬੰਦ ਦਰਵਾਜ਼ੇ ਅੰਦਰੋਂ ਬਾਹਰ ਤਕ ਪੁੱਜਦੇ ਉਸਨੂੰ ਤਲਖੀ ਭਰੇ ਬੋਲ ਸੁਣਾਈ ਦਿੱਤੇ । ਮੱਖਣ ਨੇ ਇਸ ਬਾਤ-ਚੀਤ ਨੂੰ ਦੁਰਗੇ ਦਾ ਘਰੈਲੂ ਮਸਲਾ ਸਮਝ ,ਦਰੋਂ ਬਾਹਰ ਰੁਕੇ ਰਹਿਣਾ ਠੀਕ ਨਾ ਸਮਝਿਆ । ਉਨ੍ਹੀਂ ਪੈਰੀਂ ਉਹ ਵਾਪਸ ਪਰਤਣ ਹੀ ਲੱਗਾ ਸੀ ਕਿ ਅੰਦਰੋਂ ਉਸਦੇ ਪੈਰਾਂ ਦੀ ਆਹਟ ਕਿਸ ਨੇ ਸੁਣ ਲਈ । ਪੈਂਦੀ ਸੱਟੇ ਪਿੱਛਿਉਂ ਮੱਖਣ ਨੂੰ ਜ਼ੋਰਦਾਰ ਗਡ਼੍ਹਕ ਸੁਣਾਈ ਦਿੱਤੀ । ਨਾਲ ਹੀ ਭਿੱਤ ਦੇ ਪੂਰਾ ਖੁੱਲ ਜਾਣ ਦਾ ਖਡ਼ਾਕ – “ ਕ੍ਹੇਡ਼ਾ ਈ ਉਏ , ਕ੍ਹਾਦੀਆਂ ਸੂਹਾਂ ਲੈਨਾਂ ....।“ ਇਹ ਦੁਰਗਾ ਸੀ ,ਢੱਕਾਂ ‘ਤੇ ਹੱਥ ਰੱਖੀ ਦਰਵਾਜ਼ੇ ਵਿਚ ਖਡ਼੍ਹਾ । ਮੱਖਣ ਨੇ ਪਰਤ ਕੇ ਉਸ ਵੱਲ ਦੇਖਿਆ । ਉਸਨੂੰ ਜ਼ੋਰਦਾਰ ਝਟਕਾ ਲੱਗਾ । ਦੁਰਗੇ ਤੋਂ ਉਸਨੂੰ ਇਸ ਤਰ੍ਹਾਂ ਦੀ ਕਦਾਚਿੱਤ ਵੀ ਆਸ-ਉਮੀਦ ਨਹੀਂ ਸੀ । ਉਹ ਤਾਂ ਪੀਪਿਆਂ ਡੱਬਿਆਂ ਦੀ ਪਾਲ ਲਾਗੇ ਵਿਛੀ ਬੋਰੀ ਤੋਂ ਉਠਦਾ ਉਡ ਕੇ ਆ ਮਿਲਦਾ ਸੀ ਉਸਨੂੰ । ਜੱਫੀ ‘ਚ ਘੁੱਟੀ ਰੱਖਦਾ ਸੀ , ਕਿੰਨੇ ਸਾਰੇ ਨਿੱਘ ਸਨੇਹ ਨਾਲ । ਖਡ਼੍ਹੇ ਖਡ਼ੋਤੇ ਉਹ ਅੱਖਾਂ ‘ਚ ਅੱਖਾਂ ਪਾ ਕੇ ਇਕ ਦੂਜੇ ਵੱਲ ਕਿੰਨਾ ਕਿੰਨਾ ਚਿਰ ਝਾਕਦੇ ਰਹਿੰਦੇ ਸਨ । ਬੀਤੇ ਕਈ ਵਰ੍ਹਿਆਂ ਵਿਚੋਂ ਦੀ ਲਾਂਘਾ ਬਣਾਉਂਦੇ ਉਹ ਕਦੀ ਹੱਟੀ ਦੇ ਅੰਦਰ ਜਾ ਬੈਠਦੇ ਸਨ , ਕਦੀ ਬਾਹਰ ਹੀ ਵਿਹਡ਼ੇ ‘ਚ  ਡਿੱਠੀ ਮੰਜੀ ‘ਤੇ  । ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਸਕੂਲੀ ਦਿਨਾਂ ਦੁਆਲੇ ਘੁੰਮਦੀਆਂ । ਉਨ੍ਹਾਂ ਦਿਨ੍ਹਾਂ ‘ਚ ਖੇਲ੍ਹੀ ਕੌਡ-ਕਬੱਡੀ , ਛੂਣ-ਛੁਹਾਈ , ਖਿੱਦੋ-ਖੂੰਟੀ ਦੁਆਲੇ । ਹਰ ਗੱਲੇ ਰੋਲ਼ ਮਾਰਨ ਵਾਲੇ ਦੁਰਗੇ ਨੂੰ ਨਾ ਸਕੂਲੇ ਕੋਈ ਆਪਣੇ ਨਾਲ ਖਿਡਾਉਂਦਾ , ਨਾ ਪਿੰਡ । ਦੂਜੇ ਚੌਥੇ ਉਹ ਕਿਸੇ ਨਾ ਕਿਸੇ ਨਾਲ ਗੁੱਥਮ ਗੁੱਥਾ ਹੋਇਆ ਹੁੰਦਾ । ਸਰੀਰੋਂ ਲਿੱਸਾ ਹੋਣ ਕਰਕੇ ਉਸਨੂੰ ਚੰਗੀ-ਚੋਖੀ ਮਾਰ-ਕੁੱਟ ਵੀ ਖਾਣੀ ਪੈਂਦੀ । ਰੋਂਦਾ –ਡੁਸਕਦਾ , ਮਿੱਟੀ-ਘੱਟੇ ਨਾਲ ਲਿਬਡ਼ਿਆ ਉਹ ਘਰੇ ਪੁੱਜ ਜਾਂਦਾ । ਉਸਦੀ ਮਾਂ ਬਿਮਲਾ ਦੇਵੀ ਆਏ ਦਿਨ ਕਿਸੇ ਨਾ ਕਿਸੇ ਘਰ ਉਲ੍ਹਾਮਾ ਦੇਣ ਤੁਰੀ ਹੁੰਦੀ । ਹਾਰ ਕੇ ਉਸਨੇ ਪੇਕੇ ਪਿੰਡ ਦੀ ਧੰਨਤੀ ਦੀ ਮਿੰਨਤ ਕੀਤੀ ਸੀ – “ ਭੈਣ , ਤੂੰ ਆਪਣੇ ਮੱਖਣ ਨੂੰ ਆਖ ਮੇਰੇ ਦੁਰਗੇ ਨਾਲ ਖੇਲ੍ਹ ਲਿਆ ਕਰੇ , ਕੱਲਾ । ਤੇਰਾ ਮੱਖਣ ਬਓਤ ਬੀਬਾ ਰਾਣਾ , ਛਿੰਦਾ ਪੁੱਤ ਆ । ਉਹ ਨਈਂ ਕਿਸੇ ਨਾਲ ਲਡ਼ਾਈ –ਝਗਡ਼ਾ ਕਰਦਾ ...।“ ਮਾਵਾਂ ਮਾਸੀਆਂ ਦਾ ਆਖਾ ਮੰਨ ਕੇ ਉਹ ਦੋਨੋਂ ਅਗਲੇ ਦਿਨ ਤੋਂ ਹੀ ਵੱਖਰੇ ਹੁੰਦੇ ਬਣਾ ਕੇ ਖੇਲ੍ਹਣ ਲੱਗ ਪਏ ਹਨ । ਗਰਾਊਂਡ ਲਾਗਲੇ ਵੱਡੇ ਚੁਰਾਹੇ ‘ਚ । ਕਦੀ ਕੋਡ-ਕਬੱਡੀ ,ਕਦੀ ਖਿੱਦੋ-ਖੂੰਟੀ । ਕੂਡ਼ੇ ਦਰਜ਼ੀ ਘਰੋਂ ਲਿਆਂਦੀਆਂ ਨਵੀਆਂ ਨਿਕੋਰ ਲੀਰਾਂ ਦੀ ਘੁੱਟ-ਲਿਪੇਟ ਕੇ ਬਣਾਈ ਖਿੱਦੋ , ਉਨ੍ਹਾਂ ਦੋਨਾਂ ਤੋਂ ਕਿੰਨਾ ਕਿੰਨਾ ਚਿਰ ਟੁੱਟਦੀ ਨਾ । ਇਨ੍ਹਾਂ ਉਤੇ ਮੱਖਣ ਦੀ ਮਾਂ ਧੰਨਤੀ ਨੇ ਸੂਤੀ ਧਾਗੇ ਨਾਲ ਪਾਈਆਂ ਮੋਟੀਆਂ ਪਿਡ਼ੀਆਂ ਉਤੇ ਦੁਰਗੇ ਦੀ ਮਾਂ ਬਿਮਲਾ ਦੇਵੀ ਨੇ ਰੇਸ਼ਮੀ ਧਾਗੇ ਨਾਲ ਦੋਹਰਾ ਤੀਹਰਾ ਵਾਰ ਦਿੱਤਾ ਹੁੰਦਾ ।ਹਰ ਵਾਰ ਨਵੀਂ ਖਿੱਦੋ ਬਣਾਉਣ ‘ਤੇ ਉਹ ਕਿਹਾ ਕਰਦੀ ਸੀ – “ ਭੈਣ ਧੰਨਤੀਏ ਆਹ ਪਿਡ਼ੀਆਂ –ਚਿਡ਼ੀਆਂ ਕਰਕੇ ਈ ਖਿੰਡੀਆਂ-ਪੰਡੀਆਂ ਲੀਰਾਂ-ਕੱਤਰਾਂ ਦੀ ਗੋਲ-ਮਟੋਲ ਖਿੱਦੋ ਬਣ ਜਾਂਦੀ ਆ ,ਨਈਂ ਤਾਂ ਖਸਮਾਂ-ਖਾਣੇ ਨਵੇਂ ਨਿਕੋਰ , ਅਣਲੱਗ ਕਪਡ਼ੇ ਦੀ ਕੋਈ  ਕੰਨੀ ਕਿਧਰੇ ਉਡੀ ਫਿਰਦੀ ਆਂ ,ਕੋਈ ਕਿਧਰੇ । “ ਨਿਆਣੇ ਤਾਂ ਵਰਚੇ ਰਹਿੰਦੇ ਆ , ਖੇਲ੍ਹਦੇ-ਮਲ੍ਹਦੇ ਰਹਿੰਦੇ ਆ ....ਆਹ ਤਡ਼ੋਪੇ –ਸਡ਼ੋਪੇ ਮਾਰਦੀਆਂ ਦਾ ਸਾਡਾ ਕੀ ਜਾਂਦਾ ...।“

ਹਰ ਖਿੱਦੋ ‘ਤੇ ਪਾਈਆਂ ਪਿਡ਼ੀਆਂ ਦੇ ਇਸ ਤੋਂ ਵੱਧ ਉਨ੍ਹਾਂ ਕਦੀ ਕੋਈ ਅਰਥ ਨਹੀਂ ਸਨ ਕੱਢੇ ।

ਇਹ ਉਨ੍ਹਾਂ ਦੇ ਪੇਕੇ ਪਿੰਡ ਦੀ ਸਾਂਝ ਸੀ ਜਾਂ ਦੋਨਾਂ ਘਰਾਂ ਵਿਚਕਾਰ ਹੱਥ-ਉਧਾਰ , ਵਰਤੋਂ-ਵਿਹਾਰ ਦਾ ਸਿਲਸਲਾ ਕਿ ਉਨ੍ਹਾਂ ਦੇ ਹਮ-ਉਮਰ ਪੁੱਤਰਾਂ ਦੀ ਆਡ਼ੀ ਹੁਣ ਤੱਕ ਨਿਰੰਤਰ ਨਿਭਦੀ ਆਈ ਸੀ । ਪਿਉ ਦੇ ਸਵਰਗ ਸਿਧਾਰਨ ਪਿੱਛੋਂ ਦੁਰਗੇ ਨੇ ਹੱਟੀ-ਭੱਠੀ ਦਾ ਕੰਮ-ਕਾਰ ਸੰਭਾਲ ਲਿਆ ਸੀ ਤੇ ਖੁੱਲੇ –ਮੋਕਲੇ ਹੱਡਾਂ –ਪੈਰਾਂ ਵਾਲਾ ਮੱਖਣ ਫੌਜ ‘ਚ ਭਰਤੀ ਹੋ ਕੇ ਹੌਲਦਾਰੀ ਤਕ ਅੱਪਡ਼ ਗਿਆ ਸੀ ।

ਹਰ ਵਾਰ ਛੁੱਟੀ ਆਇਆ ਮੱਖਣ ਸਭ ਤੋਂ ਪਹਿਲਾਂ ਦੁਰਗੇ ਨਾਲ ਜਾ ਕੇ ਵਗ਼ਲਗੀਰ ਹੁੰਦਾ । ਹਾਸਾ-ਠੱਠਾ ਕਰਦੇ, ਐਧਰ –ਉਧਰ ਦੀਆਂ ਗੱਲਾਂ-ਗਡ਼ੱਪਾਂ ਮਾਰਦੇ , ਉਹ ਹੱਟੀ ਸਾਹਮਣਲੇ ਵਿਹਡ਼ੇ ‘ਚ ਇਕ-ਅੱਧ ਮੀਟੀ ਖਿੱਦੋ-ਖੂੰਟੀ ਜ਼ਰੂਰ ਖੇਲ੍ਹਦੇ । ਇਸ ਦੀ ਪਹਿਲ ਆਮ ਕਰਕੇ ਦੁਰਗੇ ਵੱਲੋਂ ਹੁੰਦੀ । ਹੱਟੀ ਅੰਦਰ ਸਾਂਭੀ ਰੱਖੀ ਕੋਈ ਨਵੀਂ-ਪੁਰਾਣੀ ਖਿੱਦੋ ਲਿਆ ਕੇ ਦੁਰਗਾ ਆਖਦਾ – “ਚੱਲ ਹੁਣ ਕਰੀਏ ਹੱਡ-ਪੈਰ ਮੋਕਲੇ , ਆ ਲਾਈਏ ਇਕ ਮੀਟੀ ...।“

ਪਰ ਇਸ ਵਾਰ ਅੱਧ-ਖੁੱਲੇ ਭਿੱਤ ਵਿਚਕਾਰ ਖਡ਼੍ਹੇ ਦੁਰਗੇ ਨੇ ਮੱਖਣ ਵੱਲ ਨੂੰ ਲਾਂਘ ਤਕ ਨਾ ਭਰੀ । ਉਸ ਵੱਲ ਨਿੱਠ ਕੇ ਦੇਖਿਆ ਤਕ ਨਾ । ਘਡ਼ੀ ਪਲ ਐਧਰ-ਉਧਰ ਝਾਕ ਕੇ ਉਹ ਮੁਡ਼ ਆਪਣੀ ਥਾਂ ਜਾ ਬੈਠਾ ।

ਡੌਰ-ਭੌਰ ਹੋਇਆ ਮੱਖਣ ਆਪਣੇ ਘਰ ਵੱਲ ਨੂੰ ਪਰਤਨ ਹੀ ਲੱਗਾ ਸੀ ਕਿ ਅੰਦਰੋਂ ਇਕ ਜਾਣੀ –ਪਛਾਣੀ ਆਵਾਜ਼ ਉਸ ਦੇ ਕੰਨੀ ਆ ਪਈ । “ ਆ ਜਾ ਫੌਜੀਆ , ਆ ਜਾ ਲੰਘ ਆ ....ਅਸੀਂ ਈਆਂ । ਕੀ ਨਾਂ ਲਈ ਨਾ , ਊਈਂ ਬੈਠੇ ਆਂ ਬੱਸ ...।“ਇਹ ਦੀਨ ਦਿਆਲ ਸੀ । ਵਿਹਡ਼ੇ ‘ਚੋਂ ਦੁਰਗੇ ਦਾ ਤਾਇਆ ਲਗਦਾ , ਸ਼ੈੱਲਰ ਮਾਲਕ ਦੀਨ ਦਿਆਲ । ਉਸਦੇ ਬੋਲਾਂ ਅੰਦਰਲੀ ਹਲੀਮੀ , ਨਾ ਚਾਹੁੰਦਿਆਂ ਹੋਇਆ ਵੀ ਮੱਖਣ ਦੇ ਡੋਲਦੇ ਕਦਮਾਂ ਨੂੰ ਹੱਟੀ ਦੇ ਅੰਦਰ ਤਕ ਖਿੱਚ ਲਿਆਈ ।

ਅੰਦਰ ਕਈ ਜਣੇ ਹੋਰ ਵੀ ਸਨ , ਖਡ਼੍ ਬੈਠੇ । ਸਭ ਦੇ ਸਭ ਉਤੇਜਤ ਤੇ ਖਿਝੇ-ਖਪੇ । ਅੰਦਰੋਂ –ਬਾਹਰੋਂ ਭਰੇ ਪੀਤੇ । ਉਨ੍ਹਾਂ ਸਾਰਿਆਂ ਦੀ ਨਿਗਾਹ ਦੀਨ ਦਿਆਲ ਦੇ ਗੋਡਿਆਂ ‘ਤੇ ਪਈ  ਅਖ਼ਬਾਰ ‘ਤੇ ਟਿਕੀ ਪਈ ਸੀ । ਉਨ੍ਹਾਂ ਵਿਚੋਂ ਕਿਸੇ ਨੇ ਵੀ ਮੱਖਣ ਨੂੰ ਬਲਾਇਆ ਨਾ । ਕੇਵਲ ਇਕ ਨੇ ਥੋਡ਼੍ਹਾ ਕੁ ਹਟਵਾਂ ਖਾਲੀ ਪਿਆ ਸਟੂਲ ਉਸਦੇ ਲਾਗੇ ਲਿਆ ਰੱਖਿਆ ।

ਨਿੰਮੋਝਾਣ ਹੋਇਆ ਮੱਖਣ ਅਜੇ ਬੈਠਣ ਹੀ ਲੱਗਾ ਸੀ ਕਿ ਉਸਦੇ ਐਨ ਸਾਹਮਣੇ ਬੈਠੇ ਦੁਰਗੇ ਦੇ ਤਲਖ਼ ਬੋਲ ਫਿਰ ਉੱਭਰੇ –“ਇਨ੍ਹਾਂ ਸਿੱਖਡ਼ਿਆਂ ਦੀ ਮੁਸਲਿਆਂ ਨਾਲ ਬਡ਼ੀ ਸੁਰ ਰਲ੍ਹਦੀ ਆਂ , ਏਨ੍ਹਾਂ ਦਾ ਵੀ ਇਕ ਵਾਰ ਫੇਅਰ ‘ਲਾਜ .....।“

“ ਉਏ ਤੂੰ ਚੁੱਪ ਵੀ ਕਰਦਾਂ ਕਿ ਨਈਂ ਵੱਡਾ ਸਾਨ੍ਹ...। ਏਹ ਤੈਨੂੰ ਕ੍ਹੈਂਦਾ ਕੁਸ਼ ....। ਕੀ ਨਾਂ ਲਈ ਦਾ ,ਏਹ ਤਾਂ ਬੰਦਾ ਆਪਣਾ , ਊਂ ਵੀ ਆਪਣੇ ਵਿਚੋਂ ਈ ਨਿਕਲੇ ਆ ਸਿੱਖ , ਹਿੰਦੂਆਂ ਵਿਚੋਂ ...! ਕੀ ਨਾਂ ਲਈ ਦਾ , ਏਹ ਕੋਈ ਬਾਅਰਲੇ ਮੁਲਖੋਂ ਥੋਡ਼੍ਹਾ ਆਏ ਆ ਮੁਸਲਿਆਂ ਆਂਗੂ ...ਕਿਊਂ ਫੌਜੀਆਂ ਠੀਕ ਆਖਿਆ ਈ ਨਾ ਮੈਂ । “

ਦੀਨ ਦਿਆਲ ਨੇ ਠੀਕ ਆਖਿਆ ਸੀ ਜਾਂ ਗਲਤ, ਇਸ ਵੱਲ ਤਾਂ ਮੱਖਣ ਦਾ ਰਤੀ ਵੀ ਧਿਆਨ ਨਾ ਗਿਆ । ਉਹ ਤਾਂ ਦੁਰਗੇ ਮੂੰਹੋਂ , ਉਸਦੀ ਸ਼ਕਲ ਵਰਗੇ ਸਿੱਖਾਂ ਨੂੰ ਸਿੱਖਡ਼ੇ ਆਖੇ ਜਾਣ ਦਾ ਸੰਬੋਧਨ ਸੁਣ ਕੇ , ਇਸ ਵਾਰ ਜਿਵੇਂ ਸਡ਼ਦੀ-ਬਲ਼ਦੀ ਲਾਟ ‘ਤੇ ਡਿੱਗ ਪਿਆ ਸੀ । ਦੁਰਗੇ ਨਾਲ ਹੁਣ ਤਕ ਉਸਦਾ ਹਰ ਕਿਸਮ ਦਾ ਹਾਸਾ-ਮਖੌਲ ਚਲਦਾ ਆਇਆ ਸੀ । ਇਕ ਦੂਜੇ ਨੂੰ ਟਾਂਚਾਂ-ਟਕੋਰਾਂ ਲਾਉਂਦੇ ਉਹ ਕਈ ਵਾਰ ਯੋਗ-ਅਯੋਗ ਸ਼ਬਦਾਂ-ਵਾਕਾਂ ਦੀ ਵਰਤੋਂ ਵੀ ਕਰ ਲਿਆ ਕਰਦੇ ਸਨ । ਉਨ੍ਹਾਂ ਕਦੀ ਇਕ ਦੂਜੇ ਦਾ ਗੁੱਸਾ ਨਹੀਂ ਸੀ ਕੀਤਾ । ਕਦੀ ਕਿਸੇ ਦੀ ਰੋਕ-ਟੋਕ ਨਹੀਂ ਸੀ ਕੀਤੀ । ਸਗੋਂ ਹੋਰ ਵੀ ਘੁੱਟਵੀ ਜੱਫੀ ਪਾ ਕੇ ਵਿਛਡ਼ਦੇ , ਆਉਂਣੀ ਛੁੱਟੀ ਦੀ ਉਡੀਕ ਕਰਦੇ ਰਹਿੰਦੇ ਸਨ । ਪਿਛਲੀ ਵਾਰ ਦੀ ਛੁੱਟੀ ਆਏ ਮੱਖਣ ਨੇ ਦੁਰਗੇ ਨਾਲ ਛੇਡ਼-ਛਾਡ਼ ਕਰਦਿਆਂ ਤਾਂ ਇਕ ਹੱਦ ਹੋਰ ਵੀ ਟੱਪ ਲਈ । ...ਹਰ ਵਾਰ ਵਾਂਗ ਉਸ ਦਿਨ ਵੀ ਉਨ੍ਹਾਂ ਲਾਗੇ ਕਈ ਜਣੇ ਹੋਰ ਵੀ ਜੁਡ਼ੇ ਬੈਠੇ ਸਨ । ਕੋਈ ਭਾਬੀ ਦੇਰ ਖੇਲ੍ਹ ਰਿਹਾ ਸੀ , ਕੋਈ ਸਰਾਂ-ਮੱਲਣ । ਕੋਈ ਬਾਰਾਂ ਟਹਿਣੀ । ਉਨ੍ਹਾਂ ਸਭਨਾਂ ਦੀ ਹਰ ਮੀਟੀ ਮੁੱਕਣ ਲੱਗਿਆਂ ਕਿਸੇ ਨਾ ਕਿਸੇ ਲੁੱਚੇ ਰੰਗੀਲੇ ਟੋਣੇ ਨਾਲ ਜ਼ਰੂਰ ਜੁਡ਼ਦੀ ਸੀ  । ਹਰ ਕੋਈ ਖੁੱਲ੍ਹ ਕੇ ਹੱਸ ਰਿਹਾ ਸੀ  । ਪਰ ਉਪਰੋਂ ਉਪਰੋਂ । ਅੰਦਰੋਂ ਅੰਦਰ ਉਹ ਵਰ੍ਹਿਆਂ ਤੋਂ ਲੱਗੀ ਲਗਾਤਾਰ ਔਡ਼ ਕਾਰਨ ਜਿਵੇਂ ਕਰੰਡੇ ਪਏ ਸਨ । ਭਿੰਤਾਂ-ਪਾਟੇ ਖੇਤਾਂ ਵਾਂਗ ਮੁਰਝਾਏ –ਕੁਮਲਾਏ ਪਏ ਸਨ । ਕਾਮੇ –ਕਿਸਾਨ ਆਪਦੀ ਥਾਂ, ਹੱਟੀਦਾਰ ਦਰਗਾ ਆਪਣੀ ਥਾਂ । ਉਸ ਦਿਨ ਹਾਸੇ ਠੱਠੇ ‘ਚ ਵਾਰ ਵਾਰ ਆਏ ਔਡ਼-ਸੋਕੇ ਦਾ ਜ਼ਿਕਰ ਸੁਣ ਕੇ ਮੱਖਣ ਨੂੰ ਸਕੂਲੀ ਦਿਨਾਂ ਦੀ ਇੱਕ ਇਲੱਤ ਚੇਤੇ ਆ ਗਈ । ਦਰਗੇ ਦੀ ਲੰਮੀਂ ਬੋਦੀ ਦੀ ਗੰਢ ਖੋਲ੍ਹਦਿਆਂ , ਉਸਦੇ ਸਿਰ ‘ਚ ਪਟਾਕੀ ਮਾਰਦੇ ਨੇ ਕਿਹਾ ਸੀ – “ ਬਾਮ੍ਹਣਾਂ ਆਹ ਬੋਦੀ ਜੇਈ ਨੂੰ ਅਰਾਰੋਡ ਦ ਮਾਂਡੀ ਲੁਆ ਕੇ ਸਿੱਧੀ ਕਰ ਲਾ । ਏਦ੍ਹੀ ਨੋਕਦਾਰ ਮਜ਼ੈਲ ਬਣਾ ਕੇ ਛੱਡ ਦੇ ਉੱਪਰ ਨੂੰ । ਸਿੱਧੀ ਢਿੱਡ ‘ਚ ਜਾ ਵੱਜੂ ਰੱਬ ਦੇ । ਫੇਅਰ  ਦੇਖ ਮੀਂਹ ਪੈਂਦਾ...।“ ਅੱਗੋਂ ਹਾਜ਼ਰ ਜਵਾਬ ਦੁਰਗੇ ਨੇ ਹੋਰ ਵੀ ਤਿੱਖਾ ਬਾਣ ਚਲਾਉਂਦਿਆਂ ਮੱਖਣ ਨੂੰ ਕਿਹਾ ਸੀ – “ ਮੈਨੂੰ ਜੂ ਆਨਾਂ , ਤੂੰ ਆਪੂ ਵੀ ਕਰ ਲਾ ਕੁਸ਼ ....। ਮੇਰੀ ਬੋਦੀ ਨਾਲੋਂ ਤਾਂ ਤੇਰੇ ਕਛੈਰੇ ਅੰਦਰਲਾ ਝਾਡ਼-ਬੂਝ ਈ ਲੰਮਾ ਹੋਣਾਂ ਆਂ । ਏਦ੍ਹਾ ਕਰ ਕੋਈ ਇਸਤੇਮਾਲ । ਬਣਾ ਲਾ ਹੱਥ ਗੋਲ੍ਹਾ । ਦਿਆਂ ਉਸਤਰਾ...। ਇਕ ਤੇਰੇ ਚੱਡਿਆਂ ਦੀ ਖੁਰਕ ਜਾਂਦੀ ਰਹੂ , ਦੂਜਾ ਦੀਨ ਦੁਨੀਆਂ ਦਾ ਭਲਾ ਹੋ ਜਾਊ । ਦਾਡ਼੍ਹੀ-ਮੁੱਛ ਤਾਂ ਭਲਾ ਤੂੰ ਛੇਡ਼ਦਾ ਨਹੀਂ...ਪੱਕਾ ਸਿੱਖਡ਼ਾ ਆਂ ...। “

ਕਿਹਾ ਉਸ ਦਿਨ ਵੀ ਮੱਖਣ ਨੂੰ ਦਰਗੇ ਨੇ ਸਿੱਖਡ਼ਾ ਹੀ ਸੀ । ਉਸ ਦਿਨ ਤਾਂ ਉਹ ਦੁਰਗੇ ਦੇ ਪਰਤਵੇਂ ਵਾਰ ਤੋਂ ਹੋਰਨਾਂ ਵਾਂਕ ਆਪ ਵੀ ਖੁੱਲ੍ਹ ਕੇ ਹੱਸਿਆ ਸੀ । ਪਰ ਇਸ ਵਾਰ....ਇਸ ਵਾਰ ਉਸਦੇ ਆਖੇ ਇਸ ਸ਼ਬਦ ਨੇ ਜਿਵੇਂ ਮੱਖਣ ਦੀ ਦੇਹ-ਜਾਨ ਨੂੰ ਡੰਗ ਮਾਰ ਦਿੱਤਾ ਹੋਵੇ । ਉਸ ਨੂੰ ਅੰਦਰੋਂ –ਬਾਹਰੋਂ ਪੱਛ ਦਿੱਤਾ ਹੋਵੇ । ਉਸਦੇ ਹੋਸ਼-ਹਵਾਸ ਤਾਂ ਬੀਤੀ ਰਾਤ ਦੀ ਘਟਨਾ ਕਾਰਨ ਪਹਿਲੋਂ ਹੀ ਉਡ਼ੇ ਪਏ ਸਨ ।....ਕੱਲ੍ਹ ਸ਼ਾਮੀ ਉਹ ਲੰਬਡ਼ਾਂ ਦੀ ਹਵੇਲੀ ਯਾਰਾਂ ਮਿੱਤਰਾਂ ਦੀ ਮਹਿਫ਼ਲ ‘ਚ ਦੇਰ ਤਕ ਬੈਠਾ ਰਿਹਾ ਸੀ । ਵਾਹਵਾ ਰੰਮ ਪਾਣੀ ਚਲਦਾ ਰਿਹਾ ਸੀ । ਕਰੀਬ ਅੱਧੀ ਕੁ ਰਾਤੀਂ ਘਰ ਮੁਡ਼ਿਆ । ਆਉਂਦਾ ਹੀ ਸੌ ਗਿਆ ਘੂਕ । ਬਿਨਾਂ ਕੁਝ ਖਾਧਿਆਂ-ਪੀਤਿਆਂ । ਹੈੱਡ-ਫੋਨ ਕੰਨਾਂ ਨੂੰ ਲਾ ਕੇ । ਹੈੱਡ-ਫੋਨ ਜਿਵੇਂ ਉਸਦੇ ਸੌਣੇ ਜਾਗਣੇ ਦਾ ਹਿੱਸਾ ਬਣ ਗਿਆ ਸੀ ।ਡਿਊਟੀ ਸਮੇਂ ਸੰਦੇਸ਼ ਸੁਣਨ ਲਈ ਲਾਈ ਰੱਖਦਾ , ਵਿਹਲ ਸਮੇਂ ਰੇਡੀਓ ਗਾਣੇ , ਵਿਚ ਵਾਰ ਖ਼ਬਰਾਂ ।

ਬੀਤੀ ਰਾਤ ਚਲਦੇ ਗਾਣੇ ਦੌਰਾਨ ਉਸਨੇ ਦੋ ਧਿਰਾਂ ਆਪੋ ਵਿਚ ਦੀ ਸ੍ਹਾਬ-ਸਲਾਮ ਕਰਦੀਆਂ ਸੁਣੀਆਂ ਸਨ । ...ਇਕ ਨੇ ਦੂਜੀ ਨੂੰ ਕਿਹਾ ਸੀ –“ਤ੍ਰਿਸ਼ੂਲ ਸਾਬ੍ਹ ਜੀ , ਆਦਾਬ ਅਰਜ਼ ਐ , ਆਦਾਬ ਅਰਜ਼ ਐ...ਪਹਿਚਾਨ ਲੀਆਂ ?..ਹੱਮ...ਹੱਮ ।“

ਅੱਗੋਂ ਤੁਰੰਤ ਉੱਤਰ ਦਿੱਤਾ ਆਇਆ ਸੀ ,- “ ਧੰਨਅ ਹੋਅ....ਧੰਨਅ ਹੋਅ ....ਧੰਨਅ ਹੋਅ, ਸ਼ੀਮਾਨ ਖੰਜਰ ਜੀ ਈ ਕੈਸੇ ਬਚਨ ਕਰਤੇ ਹੋਅ ....ਪਹਿਜਾਨੇਂਗੇ ਕੈਸੇ ਨਈਂ....ਨਮਸਕਾਰੱਮ ....। ਹੁਕਮ ਕੀਜੀਏ , ਹੁਕਮ ਕੈਸੇ ਯਾਦ ਆਈ ਹੱਮਰੀ...।“

ਗੂਡ਼ੀ ਨੀਂਦ ਸੁੱਤੇ ਪਏ ਮੱਖਣ ਦੀ ਸਾਰੀ ਦੀ ਸਾਰੀ ਦੇਹ ਪੂਰੀ ਤਰ੍ਹਾਂ ਕੰਬ ਗਈ । ਉਸਨੇ ਹੁਣ ਤੱਕ ਸੈਂਕਡ਼ੇ ਸੰਦੇਸ਼ ਭੇਜੇ ਹਨ । ਹਜ਼ਾਰਾਂ ਸੁਣੇ ਸਨ । ਵਿੱਚ ਵਾਰ ਜਾਸੂਸੀ ਕਰਦੇ ਟੇਪ ਵੀ ਕੀਤੇ ਸਨ । ਉਨ੍ਹਾਂ ਸਭ ਦਾ ਸੰਬੋਧਨ ਫੌਜੀ ਰੰਗਤ ਦਾ ਹੁੰਦਾ ਸੀ ਜਾ ਜਾਸੂਸੀ ਰੰਗਤ ਦਾ । ਕਦੀ ਇਕ ਨੇ ਦੂਜੇ ਦਾ ਨਾਂ ਨਹੀਂ ਸੀ ਲਿਆ । ਨਾ ਕੋਈ  ਉਪਨਾਮ । ਸਿਰਫ ਰੈਂਕ ਸੰਬੋਧਨ ਹੁੰਦੇ ਸਨ ਜਾਂ ਕੋਡ ਨੰਬਰ । ਮੱਖਣ ਇਸ ਗੱਲੋਂ ਹੈਰਾਨ ਸੀ , ‘ ਏਹ ਤ੍ਰਿਸ਼ੂਲ ਸਾਬ੍ਹ , ਖੰਜਰ ਜੀ ਕੀ ਰੈਂਕ ਹੋਏ । “ ਉਹ ਅਜੇ  ਸ਼ਸ਼ੋਪੰਜ ਵਿਚ ਹੀ ਸੀ ਕਿ ਵਾਰਤਾਲਾਪ ਅੱਗੇ ਤੁਰ ਪਈ ਸੀ । “ ਹੁਕਮ ਨਈਂ ਕਬਲਾ ਗੁਜ਼ਾਰਸ਼ ਹੈਅ....ਗੁਜਾਰਸ਼ ...ਈਕੇਲੇ ਹੀ ਹੋ ਕੇਏ ...? “

ਪਹਿਲੀ ਆਵਾਜ਼ ਨੂੰ ਲੱਗਾ ਸੀ , ਕੋਈ ਤੀਜਾ ਜਣਾਂ ਉਨ੍ਹਾਂ ਵਿਚਕਾਰ ...।

ਮੱਖਣ ਦੇ ਸਾਹਾਂ ਨੂੰ ਚਡ਼੍ਹੀ ਹੌਂਕਣੀ ਆਪਣੇ ਆਪ ਪਤਾ ਨਹੀਂ ਕਿਵੇਂ ਥੋਡ਼੍ਹਾ ਕੁ ਸਹਿਜ ਹੋ ਗਈ ਸੀ । ਦੂਜੀ ਆਵਾਜ਼ ਨੇ ਕਾਫੀ ਸਾਰੀ ਘੋਖ-ਪਡ਼ਤਾਲ ਕਰਕੇ ਕਰੀਬ-ਕਰੀਬ ਤਸੱਲੀ ਕਰ ਲਈ – “ ਜੀ ਈ ਹਾਂ , ਜੀਈ ਹਾਂ .... ਸਭ ਕੁਸ਼ਲ ਹੈਅ, ਸਮਾਨਯ ਹੈਅ ...ਕੈਸੇ ਯਾਦ ਆਈ ਹੱਮਰੀ ...ਹੁਕਮ ਕੀਜੀਏ ...ਹੁਕਮ ....।“

“ ਹੁਕਮ ਨਹੀਂ ਗੁਜ਼ਾਰਸ਼ ਹੈਅ , ਗੁਜਾਰਸ਼ ...,” ਪਲ ਕੁ ਭਰ ਰਹਿਣ ਪਿੱਛੋਂ ਮੱਖਣ ਨੂੰ ਪਹਿਲੀ ਆਵਾਜ਼ ਹੋਰ ਵਿਸਥਾਰ ਦਿੰਦੀ ਸੁਣੀ ਸੀ । “ ....ਗੁਜ਼ਾਰਸ਼ ਯੇਹ ਹੈਅ ਕਿ ਹਮਰੀ ਦਾਲ ਆਪਕੇ ਸਾਥ ਬਹੁਤ ਬਹਤਰ ਗਲ਼ਤੀ ਹੈ ...” ਉਹ ਜਿਵੇਂ ਕੋਈ ਖਾਸ ਖ਼ਬਰ ਦੱਸਣ ਲਈ ਵਿਸ਼ੇਸ਼ ਭੂਮਿਕਾ ਬੰਨ੍ਹ ਰਹੀ ਹੋਵੇ ।

ਦੂਜੀ ਆਵਾਜ਼ ਆਪਣੀ ਉਸਤੱਤ ਸੁਣ ਕੇ ਕਾਫੀ ਸਾਰੀ ਗਦ ਜਦ ਹੋ ਗਈ ਸੀ – “ਸੰਪੂਰਨ ਸੱਤਅ, ਸਪੂੰਰਨ ਸੱਤਅ , ਸ਼ਤ ਪ੍ਰਤੀਸ਼ਤ ਸੱਤਅ ਉਚਰਾ ਆਪਨੇ ਸ਼੍ਰੀਮਾਨ ਖੰਜਰ ਜੀ ਈ , ਆਪ , ਆਪ ਮਹਾਨ ਹੈਂਅ , ਉੱਤਮ ਹੈਂਅ....ਯਹ ਬੋਧੀ , ਜੈਨੀ , ਸਿੱਖ , ਇਸਾਈ ਸਭ ਗੁੰਦਡ਼ ਸਾ ਮਾਲ ਹੈਂਅ , ਜੀ ਈ ....ਚੂੰਅ ਤਕ ਨਈਂ ਬੋਲਤੇ ਮੂੰਹ ਸੇਏ ...ਜਬ ਚਾਹੇਂ , ਜਿਤਨਾ ਚਾਹੇਂ ਸਾਡ਼ੋ-ਫੂਕੋ ਸੁਸਰੋਂ ਕੋਅ ...।“

ਅਸਲ ਮੁੱਦੇ ਤਕ ਪੁੱਜ ਕੇ ਪਹਿਲੀ ਆਵਾਜ਼ ਨੇ ਪੂਰੀ ਚਡ਼੍ਹਤ ਨਾਲ ਸੂਚਨਾ ਦਿੱਤੀ ਸੀ –“....ਤ੍ਰਿਸ਼ੂਲ ਸਾਬ੍ਹ ਜੀ , ਖ਼ਬਰ-ਸਾਰ ਯਹ ਹੈ ਕਿ ਹਮ ਨੇ ਏਕ ਔਰ ਕਾਮ ਸਰ-ਅੰਜ਼ਾਮ ਦੇ ਦੀਆਂ ਹੈਅ ...ਔਰ ਤਾਜ਼ਗੀ ਲਾ ਡਾਲੀ ਹੈਅ , ਨੀਰਸ ਸੇ ਬਨੇ ਮਾਹੌਲ ਮੇਂ ...ਹਮ ਨੇ ਰਾਮ –ਸੇਵਕ ਸਾਡ਼ ਦੀਏ ਹੈਂਅ , ਪਚਾਸ ਸਾਠ  । ਅਬ ਅਪਕੀ ਵਾਰੀ ਕੀ ਇੰਤਜ਼ਾਰ ...।“

ਦੂਜੀ ਆਵਾਜ਼ ਨੂੰ ਪੂਰਾ ਵਾਕ ਸੁਣਨ ਤੋਂ ਪਹਿਲਾਂ ਹੀ ਜਿਵੇਂ ਚਾਅ  ਚਡ਼੍ਹ ਗਿਆ ਹੋਵੇ – “ ਤਥਾ ਅਸਤੂ ...ਤਥਾ ਅਸਤੂ ਸ਼੍ਰੀਮਾਨ ਖੰਜਰ ਜੀਈ , ਧੰਨਅ ਹੋਅ...ਧੰਨ ਹੋਅ...। ਇੰਤਜ਼ਾਰ ਕੈਸਾ...ਆਜ ਹੀ ਲੀਜੀਏ , ਅਭੀ ਲੀਜੀਏ ਹਮਰਾ ਐਕਸ਼ਨ ...। ਪਚਾਸ ਸਾਠ ਕਿਆ ਪਾਂਚ-ਛੀ ਹਜ਼ਾਰ ਕੀ ਪ੍ਰਾਗਰੱਸ ....।“

ਇਸ ਤੋਂ ਅੱਗੇ ਮੱਖਣ ਤੋਂ ਉਨ੍ਹਾਂ ਦੀ ਬਾਤ-ਵਾਰਤਾ ਸੁਣੀ ਨਹੀਂ ਸੀ ਗਈ । ਪਸੀਨਾ-ਪਸੀਨਾ ਹੋਇਆ ਉਹ ਤ੍ਰਭਕ ਕੇ ਉਠ ਬੈਠਾ । ਉਸ ਨੂੰ ਥੋਡ਼੍ਹਾ ਕੁ ਚਿਰ ਪਹਿਲਾਂ ਆਈ ਨੀਂਦ ਜਿਵੇਂ ਪਰ ਲਾ ਕੇ ਉਡ ਗਈ ਸੀ । ਉਸਦੇ ਸਿੱਥਲ ਹੋਏ ਅੰਗ-ਪੈਰ ਆਪ-ਮੁਹਾਰੇ ਕੰਬੀ ਜਾ ਰਹੇ ਸਨ । ਨਾ ਉਸ ਨੂੰ ਉਠ ਕੇ ਬੈਠੇ ਨੂੰ ਚੈਨ ਆਉਂਦੀ ਸੀ ,ਨਾ ਲੰਮਾ ਪਿਆ ਜਾਂਦਾ ਸੀ ਬਿਸਤਰ ‘ਤੇ । ਤਰਲੋਮੱਛੀ ਹੋਇਆ  ਉਹ ਕਦੀ ਬਾਹਰ ਵਿਹਡ਼ੇ ‘ਚ ਘੁੰਮਣ ਲਗਦਾ , ਕਦੀ ਮੁਡ਼ ਅੰਦਰ ਜਾ ਬੈਠਦਾ । ਬੇ-ਚੈਨ ਹੋਏ ਨੂੰ ਉਸਨੂੰ ਦਿਨ ਵੇਲੇ ਸਹਿਸੁਭਾ ਹੋਈ –ਕੀਤੀ ਗ਼ਲਤੀ ਵਾਰ ਵਾਰ ਚੇਤੇ ਆ ਰਹੀ ਸੀ । ਸੂਬੇਦਾਰ ਗਿਆਨ ਸਿੰਘ ਦੀ ਨਸੀਅਤ ਨੂੰ ਬੇਧਿਆਨ ਕਰਕੇ ਉਸਨੇ ਬੀਤੇ ਕਲ੍ਹ ਦੀ ਅਖ਼ਬਾਰ ਫਿਰ ਕਿੰਨੀ ਸਾਰੀ ਪਡ਼੍ਹ ਲਈ ਸੀ ।

ਉਹੀ ਅਖ਼ਬਾਰ ਦੀਨ ਦਿਆਲ ਸਾਹਮਣੇ ਖੁੱਲ੍ਹੀ ਪਈ ਦੇਖ ਕੇ ਮੱਖਣ ਰਹਿੰਦਾ ਵੀ ਬੌਂਦਲ ਗਿਆ । ਪੂਰਾ ਤਾਣ ਲਾ ਕੇ ਉਸਨੇ ਇਸ ਅਖ਼ਬਾਰ ‘ਤੇ ਆ ਪਈ ਨਿਗਾਹ ਨੂੰ ਐਧਰ ਓਧਰ ਕਰਨ ਦਾ ਯਤਨ ਕੀਤਾ ਵੀ , ਪਰ ਇਹ ਮੁਡ਼ ਘਡ਼ੀ ਇਹ ਉੱਤੇ ਛਪੀ ਵੱਡੀ ਸੁਰਖੀ ‘ਤੇ ਆ ਟਿਕਦੀ ।

ਏਸੇ ਵੱਡੀ ਸੁਰਖੀ ਨੇ ਉਸ ਨੂੰ ਕਲ੍ਹ ਸਾਰਾ ਦਿਨ ਜਿਵੇਂ ਸੂਲੀ ਟੰਗ ਰੱਖਿਆ ਸੀ । ਰਾਤ ਸੁਣੀ ਬਾਤ-ਚੀਤ ਨੇ ਉਸਦੇ ਸਾਹ-ਸਤ ਹੋਰ ਵੀ ਸੂਤ ਲਏ ਸਨ ।...ਇਵੇਂ ਦੀ ਬਾਤ-ਚੀਤ ਉਸਨੇ ਪਹਿਲੋਂ ਕਦੀ ਨਹੀਂ ਸੀ ਸੁਣੀ । ਲਿੱਪੀ-ਪੋਚੀ ਜਿਹੀ, ਸਹਿਜ ਜਾਪਦੀ , ਮੀਸਣੀ ਜਿਹੀ ਵਾਰਤਾਲਾਪ । ਹੁਣ ਤਕ ਉਸਨੇ ਬਡ਼ਾ ਕੁਝ ਖੌਫਨਾਕ ਹੁੰਦਾ-ਵਾਪਰਦਾ ਦੇਖਿਆ ਸੀ । ਇਕ ਤੋਂ ਇਕ ਡਰਾਉਣੀਆਂ ਦਰਦਨਾਕ ਆਵਾਜ਼ਾਂ ਵੀ ਸੁਣੀਆਂ ਸਨ ,ਬਹੁਤੀ ਵਾਰ ਸੁੱਤਿਆਂ ਪਿਆਂ ਰਾਤ ਸਮੇਂ ਜਾਣੇ ਪਛਾਣੇ ਸ਼ਹਿਰਾਂ-ਕਸਬਿਆਂ ਦੇ ਘਰ-ਬਾਜ਼ਾਰ ,ਗਲੀਆਂ-ਮੁਹੱਲੇ,ਝੁੱਗੀਆਂ-ਢਾਰੇ ਸ਼ਰ੍ਹੇਆਮ ਸਾਡ਼ੇ-ਫੂਕੇ ਜਾਂਦੇ ਦਿਸਦੇ  ਰਹੇ ਸਨ , ਉਸਨੂੰ । ਉਸਦੀ ਯੂਨਿਟ ਦੇ ਜੋਟੀਦਾਰ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ਦੇ ਹਮਸ਼ਕਲ ਹਮਵਤਨੀ ਇਕ ਦੂਜੇ ਵਿਰੁੱਧ ਮੋਰਚਿਆਂ ‘ਤੇ ਡਟੇ ਚੀਕਾਂ-ਚਾਂਗਰਾਂ ਮਾਰਦੇ , ਇਕ ਦੂਜੇ ਦੀ ਸਾਡ਼-ਫੂਕ , ਵੱਢ-ਟੁੱਕ ਕਰਦੇ ਵੀ ਕਈ ਵਾਰ ਦੇਖੇ ਸੁਣੇ ਸਨ ਉਸਨੇ ।

ਉਸ ਨੇ ਜਿੰਨੀ ਵਾਰ ਵੀ ਇਵੇਂ ਦੀ ਘਟਨਾ ਦੇਖੀ-ਪਡ਼ੀ , ਓਨੀ ਵਾਰ ਹੀ ਉਸ ਨੇ ਸੂਬੇਦਾਰ ਗਿਆਨ ਸਿੰਘ ਪਾਸ ਉਚੇਚ ਨਾਲ ਅੱਪਡ਼ ਕੇ ,ਪੂਰੇ ਵੇਰਵੇ ਸਹਿਤ ਉਸਨੂੰ ਜਾ ਦੱਸੀ ਸੀ ।

ਇਕ ਵਾਰ ਤਾਂ ਉਸਨੇ ਤਲਖ਼ ਹੋਏ ਨੇ , ਦੰਗਾਕਾਰੀ –ਹੁਲਡ਼ਬਾਜ਼ਾਂ ਦੀਆਂ ਸਾਫ਼-ਸਾਫ਼  ਛਪੀਆਂ ਤਸਵੀਰਾਂ ਵਾਲੀ ਅਖ਼ਬਾਰ ਸ਼ਾਮੀਂ ਮੈੱਸ ‘ਚ ਬੈਠੇ ਸੂਬੇਦਾਰ ਗਿਆਨ ਸਿੰਘ ਸਾਹਮਣੇ ਰੱਖਦਿਆਂ ਸਿੱਧਾ ਸਪਾਟ ਪੁੱਛ ਲਿਆ ਸੀ – “ ਸਾਬ੍ਹ , ਜੀਈ , ਆਹ ਕੀ ਹੋਈ ਜਾਂਦਾ । ਏਹ ਹਿੰਦੂ ਮੁਸਲਮਾਨ ਆਪੋ ਵਿਚ ਹੀ ਕਾਤ੍ਹੋਂ ਲਡ਼ੀ ਜਾਂਦੇ ਆ । ਆਹ ਚਾਰ-ਚੁਫੇਰੇ ਹਰਲ-ਹਰਲ ਕਰਦੀ ਫੌਜ ਏਨ੍ਹਾਂ ਨੂੰ ਰੋਕਦੀ ਕਿਉਂ ਨਈਂ । ਦੌਂਹ-ਚੌਂਹ ਨੂੰ ਫਡ਼ ਕੇ , ਚੌਂਕ ‘ਚ ਖਡ਼੍ਹਾ ਕੇ ਗੋਲੀ ਕਿਉਂ ਨਈਂ ਮਾਰਦੀ ....? ਹੱਦਾਂ-ਸਰਹੱਦਾਂ ‘ਤੇ ਇਹ ਹਰੋਜ਼ ਈ ਕੋਈ ਨਾ ਕੋਈ ਚਿੰਜਡ਼ੀ ਛੇਡ਼ੀ ਰੱਖਦੀ ਆ ...।“

ਸੂਬੇਦਾਰ ਗਿਆਨ ਸਿੰਘ ਦੇ ਪੀਤੇ ਦੋ ਕੁ ਪੈੱਗ ਇਕ ਦਮ ਸਿਫ਼ਰ ਹੋ ਗਏ ਸਨ । ਕਾਫੀ ਸਾਰਾ ਹੈਰਾਨ-ਪ੍ਰੇਸ਼ਾਨ ਹੋਏ ਨੇ ਉਸਨੇ ਮੱਖਣ ਨੂੰ ਥੋਡ਼੍ਹਾ ਖਿਝ ਕੇ ਆਖਿਆ ਸੀ – “ ਓਏ ਭਲਿਆ ਲੋਕਾ , ਅਕਲ ਕਰ ਅਕਲ ! ਐਥੋਂ ਦੀਆਂ ਕੰਧਾਂ ਤਾਂ ਕੀ ਮੇਜਾਂ-ਕੁਰਸੀਆਂ ਦੇ ਕੰਨ ਵੀ ਸਿੱਧੇ ਕਮਾਂਡ ਦਫ਼ਤਰ ਨਾਲ ਜੁਡ਼ਿਓ ਆ ...। ਤੂੰ ਮੁਰਆਏਂਗਾ ਮੈਨੂੰ ਵੀ ਤੇ ਆਪ ਨੂੰ ਵੀ ਤੈਨੂੰ ਪਿੱਠੂ ਲੱਗੂ .....। ਉਠ ਚੱਲ ਬਾਹਰ , ਬਾਅਰ ਚੱਲ ਕੇ ਦੱਸਦਾ ....।“

ਮੈੱਸ ਅੰਦਰੋਂ ਬਾਹਰ ਖੁੱਲ੍ਹੀ ਲਾਅਨ ‘ਚ ਬਣੇ ਸੀਮਿੰਟ ਦੇ ਬੈਂਚ ‘ਤੇ ਬੈਠਕੇ ਉਸਨੇ ਮੱਖਣ ਨੂੰ ਝਿਡ਼ਕਦਿਆਂ ਸਮਝਾਇਆ  ਸੀ – “ ਤੂੰ ਕ੍ਹਾਨੂੰ ਆਪਣੇ ਸਿਰ ‘ਤੇ ਭਾਰ ਪਾਈ ਰੱਖਦਾਂ ,ਖਾਹ-ਮੁਖਾਹ ਦਾ ! ਤੂੰ ਆਪਣੇ ਕੰਮ ਨਾਲ ਵਾਸਤਾ ਰੱਖਿਆ ਕਰ । ਮੁਲਕ ਅੰਦਰਲੀ ਸੁਰੱਖਿਆ ਸਾਡਾ , ਸਾਡੀ ਫੌਜ ਦਾ ਕੰਮ ਨਈਂ । ਏਦੇ ਲਈ ਹੋਰ ਦਲ ਬਥੇਰੇ ਆ । ਸਾਨੂੰ ਫੌਜੀ ਲੋਕਾਂ ਨੂੰ ਤਾਂ ਇਕ ਤਰ੍ਹਾਂ ਨਾਲ ਪੱਕੀ  ਮਨਾਹੀ ਐ ਮੁਲਕ ਅੰਦਰਲੇ ਮਸਲਿਆਂ ‘ਚ ਦਖ਼ਲ-ਅੰਦਾਜ਼ੀ ਕਰਨ ਦੀ , ਖਾਸ ਕਰ ਸਿਆਸੀ ਮਸਲਿਆਂ ‘ਚ ...।“

ਥੋਡ਼੍ਹੀ ਕੁ ਜਿੰਨੀ ਝਿਡ਼ਕ ਖਾ ਕੇ ਨਿੰਮੋਝਾਣ ਹੋਏ ਮੱਖਣ ਦਾ ਮੋਢਾ ਥਾਪਡ਼ਦਿਆਂ ਸੂਬੇਦਾਰ ਗਿਆਨ ਸਿੰਘ ਨੇ ਉਸਨੂੰ ਭਾਰ-ਮੁਕਤ ਕਰਨ ਦੀ ਮਨਸ਼ਾ ਨਾਲ ,ਉਸ ਨੂੰ ਪਹਿਲੋਂ ਕਈ ਵਾਰ ਦੱਸੇ ਬਿੰਦੂਆਂ ਨੂੰ ਮੁਡ਼ ਵਿਸਥਾਰ ਦੇਂਦਿਆਂ ਕਿਹਾ ਸੀ – “ ਮੱਖਣ ਸਿਆਂ , ਸਾਡੇ ਮੁਲਕ ਦੀ ਮਤਲਬ-ਪ੍ਰਸਤ ਰਾਜਨੀਤੀ , ਮੌਕਾ –ਪ੍ਰਸਤ ਡੇਰਾਦਾਰੀ , ਧਰਮਾਂ ਦੀ ਆਡ਼ ਅੰਦਰ ਥੋਡ਼੍ਹੇ ਕੁ ਜਿੰਨੇ ਗੁੱਡਾ ਅਨਸਰਾਂ ਨੂੰ ਹੱਥ-ਠੋਕਾ ਬਣਾ ਕੇ ਐਹੋ ਜਿਹੇ ਕਾਰਨਾਮੇ ਕਰਦੀ ਈ ਰਹਿੰਦੀ ਆ ....। ਇਹ ਕਾਰਨਾਮੇ ਅੱਗੇ ਧੂਤਾ ਕਿਸਮ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ-ਇਬਾਰਤਾਂ ਬਣ ਕੇ , ਭਲੇ ਚੰਗੇ ਲੋਕਾਂ ਦੇ ਮਨਾਂ ਅੰਦਰ ਜ਼ਹਿਰ ਨਫ਼ਰਤ ਦੇ ਲਾਂਬੂ ਬਾਲ ਛੱਡਦੇ ਆ ....।“

ਦੁਰਗੇ ਦੀ ਹੱਟੀ ਅੰਦਰ ਆ ਬੈਠੇ ਮੱਖਣ ਨੂੰ ਸੂਬੇਦਾਰ ਗਿਆਨ ਸਿੰਘ ਤੋਂ ਸੁਣੀ-ਸਮਝੀ , ਪੂਰੇ ਦਾ ਪੂਰਾ ਸੱਚ ਬਣ ਕੇ ਉਸਦੇ ਸਾਹਮਣੇ ਖਡ਼੍ਹੀ ਦਿੱਸੀ । ...ਬੀਤੇ ਕਲ੍ਰ ਦੀ  ਅਖ਼ਬਾਰ  ਆਪਣਾ ਸੁਰਖੀ-ਇਬਾਰਤੀ ਕਾਰਜ ਕਰ ਚੁੱਕੀ ਸੀ । ਮੱਖਣ ਨਾਲ ਹੱਸਣ-ਖੇਲ੍ਹਣ ਵਾਲੇ ਦੁਰਗੇ  ਦੇ ਭਰਾ-ਭਾਈ ਜ਼ਹਿਰ-ਨਫ਼ਰਤ ਨਾਲ ਡੰਗ ਹੋਏ, ਉਸ ਵੱਲ ਨੂੰ ਵੱਢ-ਖਾਣੀਆਂ ਨਜ਼ਰਾਂ ਨਾਲ ਦੇਖਦੇ, ਸੱਤ-ਪਰਾਇਆਂ ਨਾਲੋਂ ਵੀ ਵੱਧ ਓਪਰੇ ਬਣੇ ਬੈਠੇ ਸਨ । ਹੁਣ ਤਕ ਉਸਦੇ ਆਦਰ-ਸਤਿਕਾਰ ਦਾ ਪਾਤਰ ਰਿਹਾ ਤਾਇਆ ਦੀਨ ਦਿਆਲ ,ਮੌਕਾ-ਪ੍ਰਸਤ ਨੀਤੀਵਾਨਾਂ , ਮਤਲਬ-ਪ੍ਰਸਤ ਡੇਰਾਦਾਰਾਂ ਦੀ ਪਾਲ ‘ਚ ਖਡ਼੍ਹਾ , ਅੰਦਰ ਜੁਡ਼ੀ ਢਾਣੀ ਨੂੰ ਅਗਲੇਰੀ ਕਾਰਵਾਈ ਕਰਨ ਦਾ ਪੌਂਖਾ ਦੇ ਰਿਹਾ ਸੀ ।

ਇਕ ਦਮ, ਰਾਤ ਸੁਣੀ , ਬਾਤ –ਵਾਰਤਾ ਮੱਖਣ ਦੇ ਕੰਨਾਂ ‘ਚ ਫਿਰ ਤੋਂ ਗੂੰਜ ਉਠੀ । .....ਉਸਨੂੰ ਲੱਗਾ, ਪੰਜਾਹ ਸੱਠ ਰਾਮ-ਸੇਵਕਾਂ ਦੀ ਥਾਂ ਪੰਜ-ਛੇ ਹਜ਼ਾਰ ਦੀ ਪ੍ਰਾਗਰੈਸ ਦੇਣ ਦੀ ਗੱਲ ਦੂਜੀ ਆਵਾਜ਼ ਨੇ ਨਹੀਂ, ਦੀਨ ਦਿਆਲ ਨੇ ਆਖੀ ਹੈ ,ਸ਼ੈੱਲਰ ਮਾਲਕ ਦੀਨ ਦਿਆਲ ਨੇ । ਅਗਲੇ ਹੀ ਛਿਨ ਉਸਨੂੰ ਇਕ ਪਾਸੇ, ਰੇਲ-ਗੱਡੀ ‘ਚ ਫਸੇ ਪੰਜਾਹ-ਸੱਠ ,ਜੀਉਂਦੇ-ਜਾਗਦੇ ਰਾਮ ਭਗਤ ਸਡ਼ਦੇ ਨਜ਼ਰ ਆਉਣ ਲੱਗ ਪਏ । ਦੂਜੇ ਪਾਸੇ , ਪੰਜ-ਛੇ ਹਜ਼ਾਰ ਦੀ ਗਿਣਤੀ ‘ਚ ਗਰੀਬ-ਗੁਰਬੇ , ਬਾਲ-ਬੱਚੇ , ਬਿਰਧ-ਇਸਤਰੀਆਂ , ਘਰਾਂ-ਬਾਜ਼ਾਰਾਂ ‘ਚ ਸਾਡ਼ੀਂਆਂ-ਫੂਕੀਆਂ ਢੇਰੀ ਹੋਈਆਂ ਦਿਸਣ ਲੱਗ ਪਈਆਂ । ਉਸਦੀ ਉਲਝੀ-ਬਿਗਡ਼ੀ ਹਾਲਤ ਹੋਰ ਵੀ ਬਿਗਡ਼ ਗਈ । ਹੱਟੀ ਅੰਦਰ ਬੈਠਾ ਉਹ ਚਕਰਾ ਜਿਹਾ ਗਿਆ । ਡੌਰ-ਭੌਰ ਹੋਏ ਦੀ ਡਰੀ –ਸਹਿਮੀ ਨਿਗਾਹ , ਆਪ ਮੁਹਾਰੇ ਐਧਰ-ਉਧਰ ਘੁੰਮ ਗਈ । ....ਉਸਨੁੰ ਵੇਲੇ-ਕੁਵੇਲੇ ਢਾਰਸ ਦੇਣ ਵਾਲਾ ਇਥੇ ਨਾ ਸੂਬੇਦਾਰ ਗਿਆਨ ਸਿੰਘ ਸੀ , ਨਾ ਉਸਦੇ ਜੋਟੀਦਾਰ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ।

ਥੋਡ਼੍ਹੇ ਕੁ ਚਿਰ ਤੋਂ ਉਸਨੇ  , ਵਿਚ-ਵਾਰ ਦਿਸਦੀਆਂ ਰਹਿੰਦੀਆਂ ਖੌਫ਼ਨਾਕ ਘਟਨਾਵਾਂ ,ਸੁਣਦੀਆਂ ਰਹਿੰਦੀਆਂ ਅਜੀਬੋ-ਗਰੀਬ ਆਵਾਜ਼ਾਂ ਦਾ ਜ਼ਿਕਰ ਸੂਬੇਦਾਰ ਗਿਆਨ ਸਿੰਘ ਤੋਂ ਇਲਾਵਾ ਇਨ੍ਹਾਂ ਯੂਨਿਟ ਜੋਟੀਦਾਰਾਂ ਕੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ।

ਪਹਿਲੋਂ-ਪਹਿਲ ਤਾਂ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ਮੱਖਣ ਦੇ ਆਖੇ-ਦੱਸੇ ਨੂੰ ਹਾਸੇ-ਹਾਸੇ ‘ਚ ਟਾਲਦੇ ਰਹੇ , ਪਰ ਪਿੱਛੋਂ ਉਸਨੂੰ ਸੱਚ-ਮੁੱਚ ਹੀ ਡੌਰ-ਭੌਰ ਜਿਹਾ, ਉਦਾਸ-ਪ੍ਰੇਸ਼ਾਨ ਜਿਹਾ ਹੋਇਆ ਰਹਿੰਦਾ ਦੇਖ ਕੇ , ਉਸਨੂੰ ਆ ਚਿਮਡ਼ੇ ਅਵੱਲੇ ਕਿਸਮ ਦੇ ਰੋਗ ਦੀ ਆਪਣੀ ਢੰਗ ਨਾਲ ਜਾਂਚ –ਪਡ਼ਤਾਲ ਕਰਕੇ , ਉਨ੍ਹਾਂ ਬਣਦੇ-ਸਰਦੇ ਇਲਾਜ ਵੀ ਦੱਸੇ ਸਨ , ਉਸਨੂੰ । ਸਿਪਾਹੀ ਰਾਮ ਲਾਲ ਨੇ ਕਿਹਾ ਸੀ – “ ਭਾਈ ਜੀ , ਕਾਕਾ ਬੱਲੀ , ਤੇਰੇ ਤੇ ਕਿਸੇ ਓਪਰੀ ਸ਼ੈਅ ਦਾ ਪਹਿਰਾ ਆ , ਕਿਸੇ ਪਰੇਤ ਰੂਹ ਦਾ । ਓਹੀ ਤੈਨੂੰ ਡਰਾਉਂਦੀ ਆ  । ਸੁੱਤਿਆਂ-ਜਾਗਦਿਆਂ ਤੰਗ ਕਰਦੀ ਆ । ਮੇਰੀ ਜਾਚੇ ਉਹ ਤੈਤੋਂ ਬਲੀ ਮੰਗਦੀ ਆ ਕਾਸੇ ਦੀ । ਤੂੰ ਐਂ ਕਰ ,ਇੱਕ ਬੱਕਰਾ ਸੁੱਖ ਕਾਲੇ ਰੰਗ ਦਾ , ਦੂਜੇ ਹੱਥ ਹਉਲਾ ਕੁਰਆ ਕਿਸੇ ਸਿਆਣੇ ਤੋਂ ।....ਸਾਡੇ ਪਿੰਡ ਕੰਗਲੀ ਆਲੇ ਸਾਧਾਂ ਦਾ ਡੇਰਾ ਆ । ਬਡ਼ੀ ਕਰਨੀ ਆਲੇ ਸੰਤ ਆ । ਉਹ ਧਾਗਾ-ਤਬੀਤ ਵੀ ਕਰਦੇ ਆ । ਜਲ-ਭਬੂਤਾ ਵੀ ਦਿੰਦੇ ਆ । ਸੱਤ ਭਦਾਡ਼ੀਆਂ ਭਰਨੀਆਂ ਪੈਂਦੀਆਂ । ਐਨ ਠੀਕ ਹੋ ਜਾਏਂਗਾ , ਟੱਲੀ ਅਰਗਾ...।“ ਉਮਰੋਂ ਥੋਡ਼੍ਹਾ ਕੁ ਵੱਡਾ ਹੋਣ ਕਰਦੇ ਰਾਮ ਲਾਲ ਮੱਖਣ ਨੂੰ ਕਰਕੇ ਕਾਕਾ ਬੱਲੀ ਕਹਿ ਕੇ ਬੁਲਾਉਂਦਾ ਸੀ , ਵਿਚ-ਵਾਰ ਭਾਈ ਜੀ ਕਹਿ ਕੇ । ਰਹਿਤ ਮਰਯਾਦਾ ਰੱਖਦਾ ਹੋਣ ਕਰਕੇ ।

ੳਸਦੇ ਹਮ-ਉਮਰ ਕਰਮ ਦੀਨ ਨੇ ਆਪਣੇ ਵੱਡੇ-ਵਡੇਰਿਆਂ ਦੀ ਇਬਾਦਤ ਵਾਲੀ ਥਾਂ ਦੀ ਦੱਸ ਪਾਉਂਦਿਆਂ ਦੱਸਿਆ ਸੀ – “ ਮੱਖਣ ਵੀਰੇ, ਤੈਤੋਂ ਕੋਈ ਭੁੱਲ ਹੋ ਗਈ ਆ । ਕਿਸੇ ਸਖ਼ਤੇ ਥਾਂ ‘ਤੇ ਪੈਰ ਰੱਖਿਆ ਗਿਆ । ਕਿਸੇ ਸਾਈਂ-ਫ਼ਕੀਰ ਦੀ ਕਬਰ ਅਲ੍ਹ ਮੂੰਹ ਕਰਕੇ ਪਿਸ਼ਾਬ ਹੋ ਗਿਆ ਤੈਂਤੋਂ । ਤੂੰ ਐਂ ਕਰ , ਚੱਲ ਮੇਰੇ ਨਾਲ ਕਿਸੇ  ਦਿਨ । ਮੀਰਾਂ ਕੋਟ ਲਾਗੇ ਦਰਗਾਹ ਐਂ ਸਾਈਂ ਬੁੱਢਣ ਸ਼ਾਹ ਦੀ ।ਬਡ਼ੀ ਮਾਨਤ ਐ ਉਸ ਥਾਂ ਦੀ । ਕੀ ਹਿੰਦੂ , ਕੀ ਮੁਸਲਮਾਨ , ਕੀ ਸਿੱਖ , ਕੀ ਇਸਾਈ  , ਸਾਰੇ ਧਰਮਾਂ ਦੇ ਲੋਕੀਂ ਆਉਂਦੇ ਆ ਉਥੇ । ਸਾਰੇ ਇਕੋ ਥਾਂ ਬੈਠਕੇ ਪ੍ਰਸ਼ਾਦ ਲੈਂਦੇ ਆ । ਵੀਰਵਾਰ ਦੇ ਵੀਰਵਾਰ ਦੇਗਾਂ ਚਡ਼੍ਹਦੀਆਂ । ਖੀਰਾਂ-ਬਹੁਲਿਆਂ ਦਾ ਤਾਂ ਸਾਬ੍ਹ ਈ ਕੋਈ ਨਈਂ । ਓਥੇ , ਉਸ ਪਿੰਡ ਦੀ ਜੂਹ ‘ਚ ਪੁਜਦਿਆਂ ਸਾਰ ‘ਰਾਮ ਆਇਆ ਕਿ ਆਇਆ  । “

ਮੱਖਣ ਨੇ ਉਨ੍ਹਾਂ ਦੋਨਾਂ ਦੇ ਦੱਸੇ ਇਲਾਜ ਬਡ਼ੇ ਧਿਆਨ ਨਾਲ ਸੁਣੇ ਸਨ । ਸੁਣੇ ਹੀ ਨਹੀਂ , ਨਾਲ ਦੀ ਨਾਲ ਘੋਖਿਆ-ਪਰਖਿਆ ਵੀ ਸੀ ਅਪਣੀ ਸਮਝ ਮੁਤਾਬਕ । ...ਉਸਦੇ ਆਪਣੇ ਪਿੰਡ ਆਲਮਪੁਰ ਅੰਦਰ ਵੀ ਉਨ੍ਹਾਂ ਦੋਨਾਂ ਦੇ ਦੱਸੇ ,ਦੋਨੋਂ ਕਿਸਮ ਦੇ ਸਥਾਨ ਉਪਲਭਦ ਸਨ । ਪਿੰਡ ਦੀ ਚਡ਼੍ਹਦੀ ਬਾਹੀ ਭੂਰੇ ਸਾਧ ਦਾ ਡੇਰਾ ਸੀ । ਹਰ ਰੋਜ਼ ਹੀ ਉਥੇ ਕੋਈ ਨਾ ਕੋਈ ਓਪਰੀ ਕਸਰ ਵਾਲਾ ਆਇਆ ਹੁੰਦਾ । ਬਹੁਤਾ ਕਰਕੇ ਜੁਆਨ-ਜਹਾਨ ਕੁਡ਼ੀਆਂ । ਕਦੀ ਕਿਸੇ ਪਿੱਡੋਂ ਕਦੀ ਕਿਸੇ ਘਰੋਂ । ਵੱਡੇ ਘਰਾਂ ਤੋਂ ਘੱਟ , ਕੰਮੀਂ-ਕਮੀਣਾਂ ਵਿਹਡ਼ਿਓਂ ਬਹੁਤੀਆਂ । ਭੂਰੇ ਸਾਧ ਦਾ ਚਿਮਟਾ ਨੌਜਵਾਨ ਕੁਡ਼ੀਆਂ ਦੇ ਪਿੰਡੇ ਸੇਕਦਾ ਰਹਿੰਦਾ ।ਉਸਦੇ ਚੇਲੇ-ਚਾਟਕੇ ਕੁਡ਼ੀਆਂ ਦੇ ਖਿਲਰੇ ਵਾਲਾਂ ਨੂੰ ਜੂਡ਼ ਦੇ ਕੇ ਉਨ੍ਹਾਂ ਨੂੰ ਸਿੱਧਾ ਬਿਠਾਈ ਰੱਖਦੇ । ਹਾਲੋਂ-ਬੇਹਾਲ ਹੋਈਆਂ ‘ਡੋਲੀਆਂ’ ਚੀਕਾਂ-ਚਾਂਗਰਾਂ ਮਾਰਦੀਆਂ ਹਾਰ ਕੇ ਬੇ-ਹੋਸ਼ ਹੋ ਕੇ ਡਿੱਗ ਪੈਂਦੀਆਂ । ਸਾਧ ਧਾਗਾ-ਤਬੀਤ ਦੇ ਕੇ ਆਉਂਦੇ ਐਤਵਾਰ ਫਿਰ ਸੱਦ ਲੈਂਦਾ ।

ਉਸਦੇ ਪਿੰਡ ਦੀ ਲਹਿੰਦੀ ਬਾਹੀ ਪੀਰ ਆਲਮ ਸ਼ਾਹ ਦੀ ਦਰਗਾਹ ਸੀ । ਹਰ ਵੀਰਵਾਰ ਪੀਰ ਦੀ ਕਬਰ ‘ਤੇ ਦੇਗ ਚਡ਼੍ਹਦੀ ਸੀ । ਜੋਤਾਂ ਜਗਦੀਆਂ । ਓਪਰੀਆਂ ਕਸਰਾਂ ਵਾਲੀਆਂ ਦੇ ਵਾਲੀ-ਵਾਰਸ ਸੁੱਖਣਾ ਸੁੱਖਦੇ । ਵਰ੍ਹੇ-ਛਿਮਾਹੀ ਚਾਦਰ –ਪੋਸ਼ੀ ਮੇਲਾ ਲਗਦਾ । ਦੁਧਾਰ-ਪਸ਼ੂਆਂ ਦੀ ਤੰਦਰੁਸਤੀ ਦੀ , ਨਗਰ-ਖੇਡ਼ੇ ਦੇ ਸੁੱਖੀ ਵਸਣ ਦੀ ਕਾਮਨਾ ਕੀਤੀ ਜਾਂਦੀ । ਪਿੰਡ ਦੀਆਂ ਸਾਰੀਆਂ ਪੱਤੀਆਂ ਸਮੇਤ ਆਸ-ਪਾਸ ਦੇ ਪਿਡਾਂ ਦੇ ਲੋਕੀਂ ਤਕੀਏ ‘ਤੇ ਖੀਰ-ਦੁੱਧ ਚਾਡ਼੍ਹੇ ਬਿਨਾਂ , ਦੁੱਧ ਨੂੰ ਜਾਗ ਲਾਉਣਾ ਸ਼ੁਰੂ ਨਹੀਂ ਕਰ ਸਕਦੇ ।

ਇਨ੍ਹਾਂ ਦੋਨਾਂ ਥਾਵਾਂ ‘ਤੇ ਆਉਂਦਾ ਰਿਹਾ ਕੋਈ ਬਾਹਰਲੀ ਕਸਰ ਵਾਲਾ ਰਾਜ਼ੀ ਹੁੰਦਾ ਮੱਖਣ ਨੇ ਸੁਣਿਆ-ਦੇਖਿਆ  ਹੋਵੇ , ਇਹ ਤਾਂ ਉਸਨੂੰ ਯਾਦ-ਚਿੱਤ ਨਹੀਂ ਸੀ ਰਿਹਾ , ਪਰ ਏਨਾ ਜ਼ਰੂਰ ਚੇਤੇ ਸੀ ਉਸਨੂੰ ਕਿ ਏਨ੍ਹਾਂ ਥਾਵਾਂ ‘ਤੇ ਪੁਜਦੇ ਕਈ ਸਾਰੇ ਪਿੰਡਾਂ ਦੇ ਸਾਰੇ ਧਰਮਾਂ-ਮਜ਼ਹਬਾਂ , ਜਾਤਾਂ-ਗੋਤਾਂ ਦੇ ਲੋਕਾਂ ‘ਚੋਂ ਕਿਸੇ ਇਕ ਨੇ ਦੂਜੇ ਨੂੰ ਓਪਰਾ ਨਹੀਂ ਸੀ ਸਮਝਿਆ  । ਕਿਸੇ ਨਾਲ ਖੁੰਦਕਬਾਜ਼ੀ ਨਹੀਂ ਸੀ ਕੀਤੀ । ਕਿਸੇ ਡੇਰਾਦਾਰ ਨੇ , ਕਿਸੇ ਨੀਤੀਵਾਨ ਨੇ ਕਿਸੇ ਵੀ ਤਰ੍ਹਾਂ ਦਾ ਲਡ਼ਾਈ-ਝਗਡ਼ਾ, ਦੰਗਾ-ਫਸਾਦ ਕਰਵਾਉਣ ਲਈ ਇਕ ਦੂਜੇ ਦੇ ਮੂੰਹਾਂ ‘ਤੇ ਜਾਂ ਪਿੱਠ ਪਿੱਛੇ , ਉਵੇਂ ਦੀ ਬਾਤ-ਚੀਤ ਭੁੱਲ ਕੇ ਵੀ ਨਹੀਂ ਸੀ ਕੀਤੀ , ਜਿਵੇਂ ਦੀ ਮੱਖਣ ਨੇ ਇਸ ਵਾਰ ਸੁਣੀ ਸੀ , ਪਿੰਡ ਦੀ ਜੂਹ ‘ਚ ਆਏ ਨੇ । ਸ਼ਹਿਰਾਂ-ਕਸਬਿਆਂ ‘ਚ ਹੁੰਦੀ ਵਾਪਰਦੀ ਤਾਂ ਉਹ ਆਏ ਦਿਨ ਸੁਣਦਾ –ਦੇਖਦਾ ਰਹਿੰਦਾ ਸੀ , ਸੁੱਤਾ-ਜਾਗਦਾ ।

ਉਹ ਨਾ ਤਾਂ ਸਿਪਾਹੀ ਰਾਮ ਲਾਲ ਦੇ ਪਿੰਡ ਲਾਗੇ ਦੇ ਡੇਰੇ ‘ਤੇ ਜਾਣ ਲਈ ਰਾਜ਼ੀ ਹੋਇਆ ਸੀ , ਨਾ ਲਾਂਸ-ਨੈਕ ਕਰਮਦੀਨ ਦੇ ਦੱਸੇ ਤਕੀਏ ‘ਤੇ । ਉਨ੍ਹਾਂ ਦੋਨਾਂ ਦੇ ਵਾਰ ਵਾਰ ਆਖਣ ਦੇ ਬਾਵਜੂਦ । ਉਹ ਦੋਨੋਂ , ਦਸੀਂ-ਪੰਦਰੀਂ ਦਿਨੀਂ ਮੱਖਣ ਮੂੰਹੋਂ ਮੁਡ਼-ਘਡ਼ੀ ਉਹੋ ਜਿਹੀ ਵਿਥਿਆ , ਉਹੋ ਜਿਹੀ ਵਾਰਤਾ ਸੁਣਦੇ ਹੋਰ ਤੋਂ ਹੋਰ ਫਿਕਰਮੰਦ ਹੁੰਦੇ ਗਏ ਹਨ । ਉਸ ਦਿਨ ...ਉਸ ਰਾਤ ਤਾਂ ਉਨ੍ਹਾਂ ਦੀ ਫਿਕਰਮੰਦੀ ਬਹੁਤ ਹੀ ਡੂੰਘੀ ਤਰ੍ਹਾਂ ਦੀ ਚਿੰਤਾ ਵਿਚ ਬਦਲ ਗਈ ਸੀ । ਉਨ੍ਹਾਂ ਲਾਗੇ ਸੁੱਤਾ ਪਿਆ ਮੱਖਣ ਤ੍ਰਭਕ ਕੇ ਉਠ ਬੈਠਾ ਸੀ । ਉਠਦਿਆਂ ਸਾਰ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ ਸੀ , “ ਬੁਝਾਓ , ਬੁਝਾਓ ...ਬੁਝਾਉਂਦੇ ਕਿਉਂ ਨਹੀਂ ...ਤਮਾਸ਼ਾ ਕੀ ਦੇਖੀ ਜਾਨ ਓਂ...ਤੁਸੀ ਅੰਨ੍ਹੇ ਓਂ ਕਿ ਬੋਲੇ, ਤੁਸੀ ਬੰਦੇ ਓਂ ਕਿ ਜਾਨਵ ....। “ ਉਸਦੇ ਨਾਲ ਦੇ ਬੈੱਡ ‘ਤੇ ਸੁੱਤੇ ਪਏ ਕਰਮਦੀਨ ਦੀ ਜਾਗ ਰਾਮ ਲਾਲ ਨਾਲੋਂ ਪਹਿਲਾਂ ਖੁੱਲ੍ਹ ਗਈ ਸੀ । ਉਸਨੇ ਮੱਖਣ ਸਿੰਘ ਦਾ ਮੋਢਾ ਅੱਛਾ-ਖਾਸਾ ਹਿਲੂਣਦਿਆਂ ਪੁੱਛਿਆਂ ਸੀ –“ ਕੀ ਹੋਇਆ ਮੱਖਣਾ , ਕਿਦ੍ਹੇ ਨਾਲ ਝਗਡ਼ੀ ਜਾਨਾਂ ! ਕ੍ਹਿਨੂੰ ਤਲਖ਼ ਹੋਈ ਜਾਨਾਂ ...? ਕਾਫੀ ਸਾਰਾ ਹਿਲਾਉਂਦ-ਜੁਲਾਉਂਣ ਪਿੱਛੋਂ ਉਹ ਮਸਾਂ ਸੁਰਤ ਸਿਰ ਹੋਇਆ ਸੀ – “ ...ਇੱਕ ਸਾਲੇ ਸੁਕਡ਼ੇ ਜੇਏ ਨੇ ਪਤਾ ਨਈਂ ਕੇਦ੍ਹੇ ਬੱਚੇ ਕਾਰ ‘ਚ ਹੁਡ਼ ਕੇ ਅੱਗ ਲਾ ‘ਤੀ ....ਬੱਚੇ ਬਚਾਏ ਸਡ਼ਦੇ ਤਡ਼ਫਦੇ ਚੀਕਾਂ ...।“ ਇਸ ਤੋਂ ਅੱਗੇ ਉਸਤੋਂ ਕੁਝ ਵੀ ਨਹੀਂ ਸੀ ਦੱਸਿਆ ਗਿਆ । ਭਰ ਹੋਏ ਗਲੇ ‘ਚੋਂ ਉਸਦੀ ਭੁੱਬ ਨਿਕਲ ਗਈ ਸੀ । ਪਰ ,ਝੱਟ ਹੀ ਆਪਣਾ ਆਪ ਸੰਭਾਲ , ਐਧਰ-ਓਧਰ ਦੇਖੇ ਬਿਨਾਂ , ਉਸ ਮੂੰਹ-ਸਿਰ ਲਪੇਟ ਕੇ ਪਿਆ , ਸਵੇਰ ਤਕ ਨਹੀਂ ਸੀ ਹਿੱਲਿਆ ।

ਅਗਲਾ ਸਾਰਾ ਦਿਨ ਵੀ ਉਹ ਡੌਰ-ਭੌਰ ਹੋਇਆ ਰਿਹਾ ।

ਉਸ ਦਿਨ ਡਿਊਟੀ ਤੋਂ ਫਾਰਗ ਹੋ ਕੇ , ਉਹ ਸ਼ਾਮੀਂ ਬੈਰਕ ਆਉਣ ਦੀ ਬਜਾਏ ਸਿੱਧਾ ਮੈੱਸ ਚਲੇ ਗਿਆ ਸੀ ।ਦੋ-ਚਾਰ ਪੈੱਗ ਉਪਰੋ –ਥਲੀ ਮਾਰੇ ਸਨ । ਪਰ , ਉਸਦੇ ਦਿਲ-ਦਿਮਾਗ ‘ਤੇ ਪਿਆ ਭਾਰ ਹਲਕਾ ਹੋਣ ਦੀ ਥਾਂ ਹੋਰ ਬੋਝਲ ਹੁੰਦਾ ਗਿਆ ਸੀ ।

ਹਾਰ ਕੇ ਉਹ ਫਿਰ ਸੂਬੇਦਾਰ ਗਿਆਨ ਸਿੰਘ ਪਾਸ ਅੱਪਡ਼ ਗਿਆ ਸੀ , ਉਸਦੇ ਕੁਆਟਰ ‘ਚ । ਖੁੱਲ੍ਹਾ-ਖੁਲਾਸਾ ਆਉਣ-ਜਾਣ ਸੀ ਉਸ ਪਾਸ ਪਹਿਲੋਂ ਵੀ । ਘਰ- ਬਾਹਰ ਦੀਆਂ , ਦੇਸ਼-ਮੁਲਕ ਦੀਆਂ , ਐਧਰ-ਓਧਰ ਦੀਆਂ ਨਿੱਕੀਆਂ-ਵੱਡੀਆਂ ਬੇਝਿਜਕ ਕਰ ਲਿਆ ਕਰਦੇ ਸਨ ਦੋਨੋਂ । ਇਕੱਲਵੰਜੇ ਬੈਠ ਕੇ । ਗਿਆਨ ਸਿੰਘ ਨੇ ਉਸ ਦਿਨ ਉਸਦੇ ਦਿਮਾਗੀ ਤੰਤਰ ‘ਚ ਬੱਝਦੀਆਂ ਜਾਂਦੀਆਂ ਗੰਢਾਂ ਦੀ ਚੰਗੀ ਤਰ੍ਹਾਂ ਛਾਣ-ਬੀਣ ਕਰਦਿਆਂ ਉਸਨੂੰ ਦੋ ਨਸੀਅਤਾਂ ਵਰਗੀਆਂ ਹਦਾਇਤਾਂ ਦਿੱਤੀਆਂ ਸਨ । ਉਸ ਨੇ ਕਿਹਾ ਸੀ – “ ਛੋਟੇ ਭਾਈ , ਇਕ ਤਾਂ ਤੂੰ ਅਖਬਾਰ ਨਾ ਪਡ਼੍ਹਿਆ ਕਰ , ਦੂਜੇ ਵਿਆਹ ਕਰਵਾ ਲੈ ਛੇਤੀ...ਛੁੱਟੀ ਦੀ ਸਿਫਾਰਸ਼ ਮੈਂ ਕਰ ਦਿੰਨਾਂ , ਹੁਣੇ ਈਂ ....।“ ਇਸ ਵਾਰ ਵਿਆਹ ਕਰਵਾਉਣ ਲਈ ਮਿਲੀ ਸਪੈਸ਼ਲ ਲੀਵ ‘ਤੇ ਪਿੰਡ ਆਏ ਨੇ ਉਸਨੇ ਅਖ਼ਬਾਰ ਪਡ਼੍ਹਨ ਤੋਂ ਕਾਫੀ ਪ੍ਰਹੇਜ਼ ਰੱਖਿਆ । ਹੁਣ ਉਸਦਾ ਸ਼ੌਕ ਰੇਡੀਓ ਗਾਣੇ ਸਨ , ਜਾਂ ਵਿਚ-ਵਾਰ ਖ਼ਬਰਾਂ । ਪਰ ਬੀਤੇ ਕਲ੍ਹ ਲੰਬਡ਼ਾਂ ਦੀ ਬੈਠਕੇ ਪਈ ਅਖ਼ਬਾਰ ਦੀ ਵੱਡੀ ਸੁਰਖੀ ਦੇਖ ਕੇ ਉਸਤੋਂ ਰਿਹਾ ਨਹੀਂ ਸੀ ਗਿਆ । ਨਾ ਚਾਹੁੰਦਿਆਂ ਹੋਇਆਂ ਵੀ ੳਸਤੋਂ ਇਸਤੋਂ ਇਸ ਹੇਠਲੀ ਇਬਾਰਤ ਸਾਰੀ ਦੀ ਸਾਰੀ ਪਡ਼੍ਹ ਹੋ ਗਈ ਸੀ । ਪਡ਼੍ਹਦਿਆਂ ਸਾਰ ਉਸ ਅੰਦਰ ਉਸੇ ਵੇਲੇ ਢੇਰ ਸਾਰੀ ਉੱਥਲ-ਪੁੱਥਲ ਸ਼ੁਰੂ ਹੋ ਗਈ । ਦੇਰ ਸ਼ਾਮ ਤੱਕ , ਰੰਮ-ਪਾਣੀ ਛਕਦਿਆਂ ਉਸਨੇ ਆਪਣੇ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਕਾਬੂ ਵੀ ਕੀਤੀ ਰੱਖਿਆ । ਅੱਧੀ ਕੁ ਰਾਤੀਂ ਘਰ ਚੰਗਾ-ਭਲਾ ਮੁਡ਼ ਕੇ , ਠੀਕ-ਠਾਕ ਲੇਟ ਵੀ ਗਿਆ । ਤਾਂ ਵੀ ...ਬਾਕੀ ਬਚਦੀ ਰਾਤ ਉਸਨੂੰ ਜਿਵੇਂ ਕੰਡਿਆਂ ਸੂਲਾਂ ‘ਤੇ ਤੁਰਦਿਆਂ ਕੱਟੀ ਹੋਵੇ । ...ਕਦੀ ਬਾਹਰ ਵਿਹਡ਼ੇ ‘ਚ ਕਦੀ ਮੁਡ਼ ਅੰਦਰੇ ਮੰਝੇ ਤੇ । ਉਸਦੇ ਪੈਰਾਂ ਦੀ ਬਿਡ਼ਕ ਸੁਣ ਕੇ ਜਾਗੀ , ਧੰਨਤੀ ਨੇ ਉਸਨੂੰ ਕਈ ਵਾਰ ਪੁੱਛਿਆ ਵੀ – “  ਕੀ ਗੱਲ ਆ ਪੁੱਤ ਸੌਂਦਾ ਨਈਂ , ਦੁਖਦਾ ਕੁਸ਼ ....।“

“ ਨਈਂ ਮਾਂ ਕੁਸ਼ ਨਈਂ ਦੁੱਖਦਾ , ਐਮੇਂ ਜ਼ਰਾ ਨੀਂਦ ਉੱਖਡ਼ ਗਈ ਸੀ । “ ਇਸ ਤੋਂ ਵੱਧ ਮੱਖਣ ਮਾਂ ਨੂੰ ਦੱਸਦਾ ਵੀ ਕੀ ...।

ਇਸੇ ‘ ਐਮੇਂ ਜ਼ਰਾ ...’ ਨੇ ਉਸਦੀ ਬੁੱਢੀ ਮਾਂ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ ਸੀ । ਉਸਨੇ ਉਸੇ ਵੇਲੇ ਮੱਖਣ ਦੇ ਬਾਪੂ ਸਾਧੂ ਸਿੰਘ ਨੂੰ ਹਿਲੂਣ ਕੇ ਜਗਾਉਂਦਿਆਂ ਕਿਹਾ ਸੀ – “ ਦੇਖ....ਦੇਖ ਤੂੰ ਲੰਮੀਆਂ ਤਾਣ ਕੇ ਸੁੱਤਾ ਪਿਆਂ , ਮੁੰਡੇ ਬਾਰੇ ਵੀ ਸੋਚ ਕੁਸ਼ ...ਸੁੱਤਾ ਨਈਂ ਰਾਤ ਸਾਰੀ ...ਕਲ੍ਹ ਨੂੰ ਜਾਹ ਵਿਚੋਲੇ ਕੋਅਲ ...। ਉਨੂੰ ਆਖ ਤਰੀਖ਼ ਪੱਕੀ ਕਰਨ, ਨਈਂ ਅਸੀਂ ਹੋਰ ਕੋਈ ਪਾਸਾ ਦੇਖੀਏ ....।“

ਦੂਜੇ ਦਿਨ ਸਵੇਰੇ ਸਵਖ਼ਤੇ ਉਠ ਕੇ ਸਾਧੂ ਸਿੰਘ ਚਾਹ-ਪਾਣੀ ਪੀ ਕੇ ਵਿਚੋਲੇ ਵੱਲ ਚਲੇ ਗਿਆ ਸੀ , ਤੇ ਮੱਖਣ ਅੱਧੋਰਾਣਾ ਹੋਇਆ ,ਘੁੰਮਦਾ ਫਿਰਦਾ ਪਹਿਲਾਂ ਖੇਤ-ਬੰਨੇ ਵੱਲ ਨੂੰ ਨਿੱਕਲ ਗਿਆ ,ਫਿਰ ਦੁਪਹਿਰ ਕੁ ਵੇਲੇ ਪਿੰਡ ਦੀ ਚਡ਼੍ਹਦੀ ਬਾਹੀ ਆਪਣੇ ਨਿੱਘੇ ਜੁੱਟ , ਲੰਗੋਟੀਏ ਯਾਰ ਦੁਰਗੇ ਦੀ ਹੱਟੀ ‘ਤੇ ਪੁੱਜ ਗਿਆ ਸੀ । ਆਪਣੀ ਵੱਲੋਂ ਚਿੱਤ ਹਲਕਾ ਕਰਨ ਲਈ । ਦੁਰਗੇ ਨਾਲ ਹਾਸਾ-ਠੱਠਾ ਕਰਕੇ , ਗੱਪ-ਸ਼ੱਪ ਮਾਰ ਕੇ । ਪਰ ਏਥੇ ਪੁੱਜ ਕੇ ਉਹ ਰਹਿੰਦਾ ਵੀ ਮਿੱਟੀ ਹੋ ਗਿਆ । ਇਕ ਤਾਂ ਉਸ ਨੂੰ ਉੱਡ ਕੇ ਮਿਲਣ ਵਾਲਾ ,ਉਸ ਨਾਲ ਕੌਡ-ਕਬੱਡੀ , ਖਿੱਦੋ-ਖੂੰਟੀ ਖੇਲ੍ਹਣ ਵਾਲਾ ਦੁਰਗਾ ਉਸ ਨੂੰ ਸੱਤ-ਪਰਾਇਆਂ ਨਾਲੋਂ ਵੀ ਵੱਧ ਰੁੱਖਾ ਹੋ ਕੇ ਟੱਕਰਿਆ ਸੀ , ਤੇ ਦੂਜੇ...ਦੂਜੇ ਹੱਟੀ ਅੰਦਰ ਖਡ਼੍ਹਾ-ਬੈਠਾ ਹਰ ਕੋਈ ਉਸ ਨੂੰ ਦੇਸ਼-ਦੁਸ਼ਮਣ , ਹੱਦੋਂ ਸਰਹੱਦੋਂ ਪਾਰ ਦਾ ਘੁਸਪੈਠੀਆਂ ,ਕੋਈ ਗੈਰ-ਮੁਲਕੀ ਬਾਸ਼ਿੰਦਾ ਮਿਥ ਕੇ ਉਸ ਵੱਲ ਨੂੰ ਕੌਡ਼ੀ ਅੱਖੇ ਦੇਖ ਰਿਹਾ ਸੀ । ਉਸਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਦੇ ਆਪਣੇ ਹੀ ਪਿੰਡ ਦੇ , ਉਸ ਦੇ ਜਾਣੇ –ਪਛਾਣੇ ਭਰਾ-ਭਾਈ , ਕਿਸ ਕਾਰਨ ਉਸ ਨੂੰ ਕੀ ਦਾ ਕੀ ਆਖਣ ਲੱਗੇ ਪਏ ਸਨ  । ਉਸ ਦਾ ਪੱਗ-ਵੱਟਾਂ ਨਾਲੋਂ ਵੀ ਨੇਡ਼ਤਾ ਦੁਰਗਾ ਕਿਉਂ ਉਸ ਉਤੇ ਸੂਹਾਂ ਲੈਣ ਵਰਗੀ ਇਲਜ਼ਾਮ-ਤਰਾਸ਼ੀ ਕਰਦਾ ,ਉਸ ਦੀ ਸ਼ਕਲ ਵਰਗੇ ਸਿੱਖਾਂ ਨੂੰ ਸਿੱਖਡ਼ੇ ਆਖ ਕੇ , ਉਨ੍ਹਾਂ ਦਾ ਇਕ ਵਾਰ ਫਿਰ ’84 ਵਰਗਾ ਇਲਾਜ ਕਰਨ ਦੀ ਧਮਕੀ ਦੇ ਰਿਹਾ ਸੀ ।

ਇਹ ਬੀਤੀ ਰਾਤ ਹੈੱਡ-ਫੂਨ ਰਾਹੀਂ ਸੁਣੀ ਬਾਤ-ਵਾਰਤਾ ਦਾ ਭੈਅ ਸੀ , ਜਾਂ ਦੀਨ ਦਿਆਲ ਦੇ ਪੱਟਾਂ ‘ਤੇ ਖੁੱਲੀ ਪਈ ਅਖ਼ਬਾਰ ਦੀ ਵੱਡੀ ਸੁਰਖੀ ਦਾ ਸਹਿਮ , ਕਿ ਦੁਰਗੇ ਦੀ ਹੱਟੀ ਅੰਦਰ ਬੈਠੇ ਮੱਖਣ ਨੇ ਆਪਣੇ ਆਪ ਨੂੰ ਅਜੀਬ ਕਿਸਮ ਦਾ ਦੁਸ਼ਮਣ-ਘੇਰੇ ਅੰਦਰ ਘਿਰਿਆ ਮਹਿਸੂਸ ਕੀਤਾ ।

ਤਾਂ ਵੀ , ਕਿੰਨਾ ਸਾਰਾ ਤਾਣ ਲਾ ਕੇ ਉਸਨੇ ਆਪਣਾ ਆਪ ਸੰਭਾਲਿਆ , ਜਿਵੇਂ ਚਾਣਚੱਕ ਹੋਈ ਬੰਬ-ਬਾਰੀ ,ਗੋਲਾ-ਬਾਰੀ ਵੇਲੇ ਸੰਭਲਿਆ ਕਰਦਾ ਸੀ , ਅਗਲੇ ਮੋਰਚਿਆਂ ‘ਤੇ । ਉਸਨੇ ਤਰਵੀਂ ਤਰਵੀਂ ਨਿਗਾਹ ਹੱਟੀ ਅੰਦਰ ਖਡ਼੍ਹੇ-ਬੈਠੇ ਸਾਰੇ   ‘ਹਮਲਾਅਵਰਾਂ’ ਤੇ ਸੁੱਟੀ । ਸਾਰੇ ਉਸਦੇ ਜਾਣ-ਪਛਾਣ ਜੀਅ ਸਨ । ਕੋਈ ਦੁਰਗੇ ਦਾ ਤਾਇਆ ਲਗਦਾ ਸੀ । ਕੋਈ ਚਾਚਾ , ਕੋਈ ਭਰਾ-ਭਾਈ । ਉਸਦੀ ਰੀਸੇ ਮੱਖਣ ਵੀ ਕਿਸੇ ਨੂੰ ਤਾਇਆ ਕਹਿ ਕੇ ਬਲਾਉਂਦਾ , ਕਿਸੇ ਨੂੰ ਚਾਚਾ , ਕਿਸੇ ਨੂੰ ਭਾਅ-ਭਰਾ ।

“ਏਹ ਕੀ ਮਾਮਲਾ ਐ  ਤਾਇਆ ਜੀ ...ਕੇਦ੍ਹੀ ਚੁੱਕ ‘ਚ ਆਏ ਬੈਠੇ ਓਂ ...।“ ਉਸਦੇ ਦੀਨ ਦਿਆਲ ਨੂੰ ਮੁਖਤਾਬ ਹੁੰਦਿਆਂ ਪੁੱਛਿਆ – “ ਏਹ ਸਿੱਖ ਮੁਸਲਮਾਨ ਤੁਹਾਡੇ ਦੁਸ਼ਮਣ ਕਦ ਦੇ ਬਣ ਗਏ ...?”

“ਚੁੱਕ ਚੁਕਾ ਨਈਂ ਹੌਲਦਾਰਾ , ਸੱਚੀ ਗੱਲ ਆ ਏਹ ।ਦੁਸ਼ਮਣ ਹੋਰ ਕਿੱਦਾਂ ਦੇ ਹੁੰਦੇ ਆ । ਆਹ ਮੁੰਡਾ ਤਾਂ ਐਂਮੇ ਦੀ ਚਿੰਜਡ਼ੀ ਛੇਡ਼ ਗਿਆ । ਕੀ ਨਾਂ ਲਈ ਦਾ , ਹੋਈ ਬੀਤੀ ਐਂਮੇਂ ਨਮੇਂ ਸਿਰਿਉਂ ਖਡ਼੍ਹੀ ਕਰ ‘ਤੀ ਪਰ ਮੁਸਲਿਆਂ ਸੌਹਰੀ ਦਿਆ ਨੇ ਤਾਂ ਅੱਤ ਚੁੱਕੀ ਪਈ ਆ ।ਕਦੀ ਕਿਧਰੇ । ਕੀ ਨਾ ਲਈਦਾ ਆਹ ਹੁਣ ਕੀ ਕੀਤਾ । ਚਲਦੀ ਗੱਡੀ ਸਾਰੀ ਫੂਕ ‘ਤੀ , ਰਾਮ ਸੇਵਕ ਜੀਉਂਦੇ ਸਾਡ਼ ‘ਤੇ  । ਆਹ ਦੇਖ , ਆਹ ਪਡ਼੍ਹ । ਹੱਦ ਹੋ ਗਈ । ਲੋਡ਼੍ਹਾ ਆ ਗਿਆ ਲੋਡ਼੍ਹਾ । ਕੀ ਨਾ ਲਈ ਦਾ , ਸਾਡੀ ਈ ਬਿੱਲੀ ਸਾਨੂੰ ਈ ਮਿਆਊਂ ! ਸਾਡੇ ਮੁਲਖ ਦਾ ਅੰਨ-ਪਾਣੀ ਖਾ ਕੇ ਸਾਨੂੰ ਈ ਅੱਖਾਂ ਦਿਖਾਉਂਦੇ ਆ , ਸਾਡੇ ਈ ਸਿਰ ਨੂੰ ਆਉਂਦੇ ਆ । ਕੀ ਨਾਂ ਲਈਦਾ , ਅਖੇ ਰਾਮ-ਮੰਦਰ ਨਈਂ ...” ਸ਼ੈੱਲਰ ਮਾਲਕ ਦੀਨ ਦਿਆਲ ਚਾਹੁੰਦਾ ਹੋਇਆ ਵੀ ਆਪਣੇ ਆਪ ‘ ਤੇ ਕਾਬੂ ਨਾ ਰੱਖ ਸਕਿਆ – “ ਕੈਸੇ ਨਈਂ ਬਨਨੇ ਦੇਂਗੇ ...ਏਨ੍ਹਾਂ ਦੇ ਪੇਏ ਦਾ ਰਾਜ ਆ । ਅਬ ਦੇਂਗੇ ।ਈਂਟ ਕਾ ਜਵਾਬ ਪੱਥਰ ਸੇਏ ...ਅੱਬ ਦੇਖੋ ਬਣਦਾ ਕੀ ਆ ...ਪੁਸ਼ਤੋਂ ਭਰ ਯਾਦ ਕਰਨਗੇ ਸਾਲੇ ...” ਤੈਸ਼ ‘ਚ  ਆਇਆ ਦੀਨ ਦਿਆਲ ਹਿੰਦੀ ਪੰਜਾਬੀ ਦੀ ਖਿਚਡ਼ੀ ਕਰਦਾ ,ਝੱਟ ਬਿੰਦ ਲਈ ਚੁੱਪ ਹੋ ਗਿਆ । ਉਸਦੀ ਉੱਚੀ ਹੋਈ ਸੁਰ ਇਕ ਦਮ ਬੈਠਦੀ ਹੋ ਗਈ । ਇਉਂ ਉਸਨੂੰ ਸਾਹ ਚਡ਼੍ਹ ਜਾਣ ਕਾਰਨ ਹੋਇਆ ਸੀ ਜਾਂ ਹੁੱਥੂ ਆਉਣ ਕਾਰਨ । ਮੱਖਣ ਦਾ ਇਸ ਵੱਲ ਧਿਆਨ ਨਹੀਂ ਸੀ ਗਿਆ । ਉਸਨੇ ਦੀਨ ਦਿਆਲ ਨੂੰ ਕੁਡ਼ਤੀ ਦੀ ਅੰਦਰਲੀ ਜੇਬ ‘ਚੋਂ ਰੰਗਦਾਰ ਡੱਬੀ ਕੱਢਕੇ ਜ਼ਰੂਰ ਦੇਖਿਆ । ਪੈਨਸਲ ਸੈੱਲ ਜਿੱਡੀ ਡੱਬੀ ਦਾ ਢੱਕਣ ਲਾਹ ਕੇ ਦੀਨ ਦਿਆਲ ਨੇ ਦੋਨਾਂ ਨਾਸਾਂ ‘ਤੇ ਵਾਰੀ ਵਾਰੀ ਰੱਖ ਕੇ ਲੰਮੇ ਸਾਹ ਭਰੇ । ਘਡ਼ੀ ਪਲ ਪਿੱਛੋਂ ਉਹ ਫਿਰ ਤੰਦਰੁਸਤ ਸੀ –“ਕੀ ਨਾਂ ਲਈਦਾ , ਹੌਲਦਾਰ ਮੱਖਣ ਸਿੰਆਂ ਹੈ ਤਾਂ ਮਾਡ਼ੀ ਗੱਲ ਏਹ , ਪਰ ਕਰੀਏ ਕੀਈ । ਆਹ ਮੁੰਡੇ ਹੁਣ ਵੱਸੋਂ ਬਾਅਰ ਹੋਏ ਪਏ ਆ । ਕੈਦ੍ਹੇ ਆ ਹੁਣ ਦੇਣਾ ਤਾਂ ਪੈਣਾ ਈ ਆ ਦਾਖੂ-ਦਾਣਾ , ਇਸ ਵਾਰ ਜ਼ਰਾ ਚੰਗੀ ਤਰ੍ਹਾਂ ...।“ ਉਸਦੀ ਗੱਲ ਵਿਚਕਾਰੋਂ ਟੋਕਦਾ ਦੁਰਗਾ ਫਿਰ ਭਡ਼ਕ ਉੱਠਿਆ – “ ਜਿੱਦਾਂ ਦਾ ਸਿੱਖਾਂ ਨੂੰ ਦਿੱਤਾ ਸੀਈ ਚੁਰਾਸੀ ‘ਚ ...।“

“ਓਏ ਤੂੰ ਚੁੱਪ ਵੀ ਕਰਦਾ ਕਿ ਨਈਂ ...! ਕੀ ਨਾਂ ਲਈ ਦਾ , ਗੱਲ ਕੋਈ ਹੋਰ ਹੋਣ ਡੇਈ ਆ , ਏਹ ਆਪਣੇ ਈ ਮਾਰੀ ਜਾਂਦਾ ਫੌਡ਼!....।“

ਮੁਡ਼ ਘਡ਼ੀ ਚੁਰਾਸੀ ਦਾ ਜ਼ਿਕਰ ਸੁਣ ਕੇ ਹੌਲਦਾਰ ਮੱਖਣ ਸਿੰਘ ਦੇ ਫੌਜੀ ਰੋਹ ਨੇ ਫਿਰ ਉਬਾਲਾ ਖਾਧਾ । ਥੋਡ਼੍ਹੀ ਕੁ ਜ਼ਰਬ ਇਸ ਨੂੰ ਉਸਦੇ ਸਿੱਖ ਹੋਣ ਨੇ ਦੇ ਦਿੱਤੀ । ਝੱਟ-ਪੱਟ ਉਸਨੇ ਜਵਾਬੀ ਕਾਰਵਾਈ ਕਰਨ ਲਈ ਕਮਰ ਕਸ ਲਈ । ਸੂਬੇਦਾਰ ਗਿਆਨ ਸਿੰਘ ਨਾਲ ਆਮ ਕਰਕੇ ਹੁੰਦੀ ਰਹਿੰਦੀ ਗਿਆਨ-ਗੋਸ਼ਟ ਰਾਹੀਂ ਸਿੱਖੇ ਸਮਝੇ ਬੋਲ ਉਸਨੇ ਸਿੱਧੇ ਦੀਨ ਦਿਆਲ ਵੱਧ ਨੂੰ ਸੇਧ ਦਿੱਤੇ । ਉਸਨੇ ਕਹਿਣਾ ਚਾਹਿਆ – ‘ ਤਾਇਆ ਦੀਨ ਦਿਆਲਾ , ਏਹ ਦੁਰਗਾ ਆਪਣੇ ਫੌਡ਼੍ਹ ਨਈਂ ਮਾਰਦਾ , ਤੇਰੀ ਸਿੱਖਮੱਤ ਦਾ ਈ ਚਰਬਾ ਕਰਦਾ ਆ , ਤੇਰੀ ਗੁਰਦੱਖ਼ਣਾ ਦਾ । ਤੇਰੇ ਅਰਗੇ ਘਡ਼ੰਮ-ਚੌਧਰੀਆਂ ਸਾਰਾ ਮੁਲਖ਼ ਲੀਰਾਂ ਕੀਤਾ ਪਿਆ , ਲੀਰਾਂ । ਕਿਧਰੇ ਧਰਮਾਂ-ਮਜ਼ਬ੍ਹਾਂ ‘ਚ ਵੰਡ ਕੇ ,ਕਿਧਰੇ ਜਾਤਾਂ-ਫਿਰਕਿਆਂ ਦੀ ਕੂਚੀ ਫੇਰ ਕੇ । ਏਹ ਚਡ਼ੀ-ਚੁਰਾਸੀ  ਵੀ ਤੂੰ ਈ ਏਦ੍ਹੇ ਮੂੰਹ ‘ਚ ਪਾਈ ਐ । ਹੁਣ ਮੰਦਰ ਮੁੱਦਾ ,ਮਸਜਦ ਮੁੱਦਾ , ਰੇਲ-ਗੱਡੀ ਦੀ ਸਾਡ਼-ਫੂਕ ਵੀ ਤੂੰ ਈਂ ਏਦ੍ਹੇ ਸਿਰ ‘ਚ ਤੁੰਨੀ ਜਾਨਾਂ । ਨਈਂ ਮੇਰੇ ਲਈ ਕੇਡ਼੍ਹਾ ਏਹ ਓਪਰਾ ! ਮੈਂ ਕੇਡ਼੍ਹਾ ਜਾਣਦਾ ਨਈਂ ਏਨੂੰ , ਕਿੰਨੇ ਕੁ ਪਾਣੀਆਂ ‘ਚ ਆ ਏਹ...।“

ਇਹ ਦੀਨ ਦਿਆਲ ਦੀ ਬਜ਼ੁਰਗੀ ਦਾ ਆਲਮ ਸੀ ਜਾਂ ਹੌਲਦਾਰ ਮੱਖਣ ਸਿੰਘ ਅੰਦਰਲੇ ਫੌਜੀ ਅਨੁਸ਼ਾਸ਼ਨ ਦੀ ਰੋਕ ਟੋਕ ਕਿ ਜੀਭ ਤੱਕ ਖਿਸਕ  ਆਏ ਤਲਖੀ ਭਰ ਬੋਲ , ਉਸਨੇ ਆਪਣੇ ਬੁੱਲ੍ਹਾਂ ਤੋਂ ਬਾਹਰ ਨਾ ਕਿਰਨ ਦਿੱਤੇ ।

ਦੁਰਗੇ ਦੀ ਹੱਟੀ ਅੰਦਰਲੇ ਜੰਗ ਵਰਗੇ ਮਾਹੌਲ ਨੂੰ ਪੀਸ-ਏਰੀਆ  ਬਣਾਉਣ ਲਈ ਉਸਨੇ ਆਪਣੇ ਢੰਗ ਨਾਲ ਮੋਡ਼ਾ ਦੇ ਲਿਆ । ਆਪਣੇ ਅੰਦਰਲੀ ਸਾਰੀ ਹਲਚਲ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ , ਉਸਲੇ ਦੁਰਗੇ  ਵੱਲ ਸਿੱਧਾ ਝਾਕਦਿਆਂ ਮੁਸਕਰਾਉਂਦੇ ਨੇ ਪੁੱਛਿਆ – “ ਕਿਉਂ ਦੁਰਗਿਆਂ ਤੂੰ ਕਿੰਨੇ ਕੁ ਸਿੱਖ ਮਾਰੇ ਸੀਈ ਚੁਰਾਸੀ ‘ਚ ...?” ਉਦੋਂ ਤਾਂ ਆਪਾਂ ‘ਕੱਠੇ ਪਡ਼੍ਹਦੇ ਸੀ ਦਸੂਏ , ਅੰਠਮੀਂ ‘ਚ ...।“ ਇਉਂ ਆਖਦਾ ਮੱਖਣ ਜਿਵੇਂ ਦੁਰਗੇ ਨੂੰ ਚੇਤੇ ਕਰਵਾ ਰਿਹਾ ਹੋਵੇ – ‘ ਬੰਦਾ ਤਾਂ ਕੀ , ਤੈਤੋਂ ਤਾਂ ਇਕ ਸਿੱਖ ਦੇ ਚਪੇਡ਼ ਨਈਂ ਸੀ ਮਾਰੀ ਗਈ ...।“ ਦੁਰਗੇ ਨੇ ਮੱਖਣ ਦੀ ਲਾਈ ਟਕੋਰ ਸਮਝ ਕੇ ਝੱਟ ਨੀਵੀਂ ਪਾ ਲਈ । ਉਸ ਨੂੰ ਬੇਦੀ ਮਾਸਟਰ ਦੀ ਸਮਾਜਿਕ ਦੀ ਘੰਟੀ ਸਮੇਂ ਹੋਈ ਵਾਪਰੀ ਅਜੇ ਕਲ੍ਹ ਵਾਪਰੀ ਘਟਨਾ ਵਾਂਗ ਚੇਤੇ ਆ ਗਈ । ...ਨਾ ਮੱਖਣ ਨੂੰ ਸਮਾਜਿਕ ਦਾ ਪਾਠ ਚੇਤੇ ਸੀ , ਨਾ ਦੁਰਗੇ ਨੂੰ । ਹੋਰ ਵੀ ਕਈ ਸਨ ਉਨ੍ਹਾਂ ਵਰਗੇ । ਸਾਰੇ ਕਮਰਿਉਂ ਬਾਹਰ ਖਡ਼੍ਹੇ ਸਨ ਲਾਇਨ ਬਣਾ ਕੇ । ਹੱਥਾਂ ‘ਚ ਐੱਮ-ਬੀ-ਡੀਆਂ ਲਈ । ਜਿਹਡ਼ਾ ਜਿਹਡ਼ਾ ਕੋਈ  ਅਟਕਲ ਪੱਚੂ ਮਾਰੀ ਜਾਂਦਾ , ਉਸਨੂੰ ਅੰਦਰ ਬੈਠਣ ਦੀ ਆਗਿਆ ਮਿਲੀ ਜਾਂਦੀ । ਦੁਰਗੇ –ਮੱਖਣ ਤੋਂ ਏਨਾ ਵੀ ਨਾ ਹੋਇਆ । ਘੰਟੀ ਮੁੱਕਣ ‘ਤੇ ਬੇਦੀ ਮਾਸਟਰ ਨੇ ਏਨ੍ਹਾਂ ਦੋਨਾਂ ਨੂੰ ਹਲਕੀ ਜਿਹੀ ਫਿਟਕਾਰ ਪਾਉਂਦਿਆਂ ਕਿਹਾ ਸੀ –“ ਤੁਸੀਂ ਆਲਮਪੁਰੀਓ ਢੀਠੋ , ਇਕੋ ਥਾਂ ਦਾ ਗੁੱਦਡ਼ ਮਾਲ ! ਸ਼ਰਮ ਕਰੋ ਸ਼ਰਮ । ਚਲੋ ਮਾਰੋ ਇਕ ਇਕ ਚਪੇਡ਼ ਇਕ ਦੂਜੇ ਦੇ ਮੂੰਹ ‘ਤੇ .....।“ ਮੱਖਣ ਨੇ ਤਾਂ ਖੈਰ ਸਹਿੰਦੀ ਸਹਿੰਦੀ ਚੁਪੇਡ਼ ਮਾਰ ਈ ਦਿੱਤੀ ਸੀ ਦੁਰਗੇ ਦੇ ,ਨਾ ਬਹੁਤੀ ਕੱਸਵੀਂ , ਨਾ ਬਹੁਤੀ ਪੋਲੀ । ਪਰ ,ਦੁਰਗੇ ਨੇ ਜਿਵੇਂ ਮੱਖਣ ਦੀ ਗੱਲ੍ਹ ‘ਤੇ ਪੋਚਾ ਜਿਹਾ ਦਿੱਤਾ ਹੋਵੇ ਤਿਲਕਵਾਂ ਜਿਹਾ । ਪਿਆਰ ਜਿਹਾ ਦਿੱਤਾ ਹੋਵੇ ਖੁੱਲੇ ਹੱਥ ਨਾਲ । ਉਸਦੀ ਇਸ ਢਿੱਲ-ਮੱਠ ‘ਤੇ ਬੇਦੀ ਮਾਸਟਰ ਦਾ ਗੁੱਸਾ ਪੂਰੇ ਸੌ ਨੰਬਰ ‘ਤੇ ਪਹੁੰਚ ਗਿਆ ਸੀ । ਕਾਡ਼੍ਹ ਕਰਦੀ ਚੁਪੇਡ਼ ਦੁਰਗੇ ਦੀ ਸੱਜੀ ਗੱਲ੍ਹ ‘ਤੇ ਮਾਰਦੇ ਕਿਹਾ –“ ਹੈਦਾਂ ਨਈਂ ਐਦਾਂ ....।“

ਚਾਣਚੱਕ ਵੱਜੇ ਲੱਫ਼ਡ਼ ਨਾਲ ਬੌਂਦਲੇ ਦੁਰਗੇ ਨੇ ਉਸ ਦਿਨ ਛੁੱਟੀ ਵੇਲੇ ਤਕ ਨਿੰਮੋਝਾਣ ਹੋਏ ਨੇ , ਕਿਸੇ ਸਾਹਮਣੇ ਅੱਖ ਨਹੀਂ ਸੀ ਚੁੱਕੀ ।

...ਦੁਰਗੇ ਨੂੰ ਸਿਰ ਸੁੱਟੀ ਬੈਠਾ ਦੇਖ ਕੇ ਸ਼ੈੱਲਰ ਮਾਲਕ ਦੀਨ ਦਿਆਲ ਨੇ ਵਾਰਤਾ ਬਦਲ ਲਈ –“ਹੋਰ ਸੁਣਾ ਫੇਏ ਮੱਖਣ ਸਿਆਂ ਕਦ ਆਇਆਂ, ਕਿੰਨੀ ਕੁ ਛੁੱਟੀ ਆ ...? ਕੀ ਨਾਂ ਲਈ ਦਾ , ਅੱਜ ਕੱਲ੍ਹ ਕਿਥੇ ਹੁੰਨਾਂ ...?”

‘ਜੇ .ਕੇ. ‘ਚ ਹੁੰਨਾਂ , ਕਾਰਗਿਲ ਬਾਡਰ ‘ਤੇ ...ਕਲ੍ਹ ਈ ਆਇਆਂ , ਹੈਅ ਮੀਨ੍ਹੇ ਕੁ ਦੀ ਛੁੱਟੀ ...’ ਦੀਨ ਦਿਆਲ ਦੇ ਪੁੱਛੇ ਦੋ-ਤਿੰਨ ਇਕੱਠੇ ਪ੍ਰਸ਼ਨਾਂ ਦਾ ਉੱਤਰ ਤਾਂ ਉਸ ਨੇ ਇਹ ਦੇਣਾ ਸੀ । ਪਰ , ਉਸਦੀ ਜੀਭ ਤਕ ਆਏ ਬੋਲ ਉਸਦੇ ਬੁਲ੍ਹਾਂ ਅੰਦਰ ਹੀ ਕਿਧਰੇ ਠਾਕੇ ਗਏ । ਉਸਦਾ ਥੋਡ਼੍ਹਾ ਕੁ ਖੁਲ੍ਹਿਆ ਮੂੰਹ , ਖੁੱਲੇ ਦਾ ਖੁੱਲ੍ਹਾ ਰਹਿ ਗਿਆ ।

...ਬਾਤ-ਚੀਤ ਦੀ ਧੁਰੀ ਬਦਲ ਜਾਣ ਕਾਰਨ ਹੱਟੀ ਅੰਦਰ ਜੁਡ਼ੀ ਭੀਡ਼ ਕਿਰਨਮ-ਕਿਰਨੀ ਪਿਛਲੇ ਦਰਵਾਜਿਉਂ ਖਿਸਕਣ ਲੱਗ ਪਈ ਸੀ । ਹਰ ਇਕ ਦੀ ਮੁੱਠ ‘ਚ ਇਕ ਇਕ ਤ੍ਰਿਸ਼ੂਲ , ਤਿੱਖਾ ਨੋਕੀਲਾ । ਕੋਈ ਛੋਟਾ ਕੋਈ ਵੱਡਾ । ਇਨ੍ਹਾਂ ਵੱਲ ਵੇਖਦੇ ਮੱਖਣ ਦੀ ਸੁਰਤੀ-ਬਿਰਤੀ ਹੋਰ ਵੀ ਛੰਡੀ ਗਈ । ਦੇਹ-ਜਾਨ ਹੋਰ ਵੀ ਪੱਛੀ ਗਈ । ਓਡ਼ਕ-ਛੋਹਾ ਬੈਠਾ ਉਹ ਸਟੂਲ ਤੋਂ ਡਿਗਣ ਕੰਢੇ ਪੁੱਜ ਗਿਆ । ਉਸਨੂੰ ਲੱਗਾ , ਉਸਦੇ ਦਿਲ-ਦਿਮਾਗ਼ ‘ਤੇ ਪਿਆ ਬੋਝ , ਉਸ ਉੱਤੇ ਹੋਰ ਵੀ ਦਾਬੂ ਹੋਣ ਲੱਗ ਪਿਆ ਹੈ । ਉਸ ਨੂੰ ਆਪਣਾ ਆਪ , ਆਪਣੇ ਅੰਗ ਪੈਰ ਜਿਵੇਂ ਕਾਬੂ ਤੋਂ ਬਾਹਰ ਹੁੰਦੇ ਲੱਗੇ ।ਰਾਤ ਸੁਣੀ ਬਾਤ-ਵਾਰਤਾ ਉਸਦੇ ਕੰਨਾਂ ਦੀ ਬਜਾਏ ਸਿਰ ‘ਚ ਗੂੰਜਣ ਲੱਗ ਪਈ । ਉਸਦਾ ਅੰਦਰ ਮੱਲੀ ਬੈਠੇ ਬੋਲ ਆਪ-ਮੁਹਾਰੇ ਉਸਦੇ ਮੂੰਹੋ ਤਿਲਕ ਗਏ । ਬਿਲਕੁਲ ਉਸੇ ਢੰਗ ਨਾਲ ਜਿਵੇਂ ਸੁਣੇ ਸਨ ਰਾਤੀਂ – “ ਤ੍ਰਿਸ਼ੂਲ ਸਾਬ੍ਹ ਜੀਈ , ਆਦਾਬ ਅਰਜ਼ ਐ....ਆਦਾਬ ਅਰਜ਼ ਐ ...।“ ਪਲ ਕੁ ਭਰ ਚੁੱਪ ਰਹਿ ਕੇ ਉਸਨੇ ਦੂਜੀ ਆਵਾਜ਼ ਦੀ ਸੁਰ ਕੱਢੀ – “ ਸ੍ਰੀਮਾਨ ਖੰਜਰ ਜੀ , ਨਮਸਕਾਰੱਮ...ਨਮਸਕਾਰੱਮ ...।“ ਫਿਰ ਵਾਰੀ ਵਾਰੀ ਇਨ੍ਹਾਂ ਦੋਨਾਂ ਵਾਕਾਂ ਨੂੰ ਉਸਨੇ ਕਈ ਵਾਰ ਦੁਹਰਾਇਆ । ਬੋਲਦਾ-ਦੁਹਰਾਉਂਦਾ ਉਹ ਘਡ਼ੀ-ਪਲ ਪਿੱਛੋਂ ਰੋਣ-ਡੁਸਕਣ ਲੱਗ ਪਿਆ । ਉਸਦੀ ਭਲੀ ਚੰਗੀ ਆਵਾਜ਼ ਇਕ ਦਮ ਬੈਠਦੀ ਹੋ ਗਈ , ਉਸਦੀ ਬੱਝ ਗਈ ਘਿੱਗੀ ‘ਚੋਂ ਥਰਕਦੇ ਬੋਲ ਫਿਰ ਵੀ ਵਾਰ ਵਾਰ ਆਖੀ ਜਾ ਰਹੇ ਸਨ-“ਸ੍ਰੀਮਾਨ ਖੰਜਰ ਜੀ , ਤ੍ਰਿਸ਼ੂਲ ਸਾਬ੍ਹ ਜੀ , ਆ  ਪੁੱਜੇ ਓਂ ਐਥੇ ਤਕ ਵੀ , ...ਐਥੇ ਸਾਡੇ ਪਿੰਡ ,ਸਾਡੇ ਦੁਰਗੇ ਦੀ ਹੱਟੀ ਤਕ ਵੀ , ਹੁਣ ਨਈਂ ਬਚਦਾ ਦੁਰਗਾ ...ਹੁਣ ਨਈਂ ਬਚਦਾ ਮੱਖਣ ...ਹੁਣ ਨਈਂ ਬਚਦਾ ਮੁਲਕ ...ਹੁਣ ਹੋਣਗੀਆਂ ਲੀਰਾਂ ..ਹੁਣ ਬਣੂ ਚੁਰਾਸੀ ਹਰ ਥਾਂ..।“

ਹੱਟੀ ਅੰਦਰੋਂ ਬਾਹਰ ਜਾਂਦੇ ਪੈਰਾਂ ਦੀ ਆਹਟ ਦੌਰਾਨ ਮੱਖਣ ਹੋਰ ਪਤਾ ਨਹੀਂ ਕੀ ਕੁਝ ਬੋਲਦਾ ਰਿਹਾ- ਕਦੀ ਉੱਚੀ ਸੁਰ ‘ਚ ਕਦੀ ਧੀਮੀ ਆਵਾਜ਼ ਨਾਲ । ਇਸ ਵੱਲ ਨਾ ਦੁਰਗੇ ਦਾ ਧਿਆਨ ਗਿਆ ਸੀ , ਨਾ ਦੀਨ ਦਿਆਲ ਦਾ । ਉਹ ਦੋਵੇਂ ਤ੍ਰਿਸ਼ੂਲ-ਦੀਖਸ਼ਾ ਦੇ ਸ੍ਰੀ –ਗਨੇਸ਼ ਅੰਦਰ ਪੂਰੇ ਦੇ ਪੂਰੇ ਰੁੱਝੇ ਰਹੇ ਸਨ ।

ਪਿਛਲੇ ਦਰਵਾਜ਼ਿਉਂ ਕਰੀਬ ਕਰੀਬ ਸਭ ਦੇ ਚਲੇ ਜਾਣ ਪਿੱਛੋਂ ਦੀਨ ਦਿਆਲ ਨੇ ਮੱਖਣ ਵੱਲ ਨੂੰ ਬੇਹੱਦ ਕੌਡ਼ ਜਿਹੀ ਨਾਲ ਦੇਖਿਆ । ਉਵੇਂ ਹੀ ਦੁਰਗੇ ਨੇ । ਨੀਵੀਂ ਪਾਈ ਬੈਠਾ ਮੱਖਣ ਉਨ੍ਹਾਂ ਨੂੰ ਨਾ ਹੁਣ ਕੁਝ ਬੋਲਦਾ ਲੱਗਾ , ਨਾ ਚੁੱਪ ਹੋਇਆ ਜਾਪਿਆ । ਉਸਦੇ ਹਿਲਦੇ-ਫਰਕਦੇ ਬੁਲ੍ਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੇ ਸਨ । ਉਹ ਵੀ  ਪਲ-ਛਿਣ ਪਿੱਛੋਂ ਹਿੱਲਣੇ ਬੰਦ ਹੋ ਗਏ ।ਝੱਟ ਹੀ ਉਸਦੀ ,ਤਿਲਮਲਾਏ ਜਿਹੇ ਬੈਠੇ ਦੀ ਨੀਵੀਂ ਪਈ ਧੌਣ , ਸਾਵਧਾਨ ਹੋਈ ਮੁਡ਼ ਤੋਂ ਸਿੱਧੀ ਹੋ ਕੇ ਦੀਨ ਦਿਆਲ ਵੱਲ ਨੂੰ ਘੁੰਮ ਗਈ । ਸ਼ਾਇਦ ਉਸਨੂੰ ਚੇਤਾ ਆ ਗਿਆ ਸੀ , ਘਡ਼ੀ ਪਲ ਪਹਿਲਾਂ ਦੀਨ ਦਿਆਲ ਨੇ ਉਸਤੋਂ ਪੁਛਿਆ ਸੀ – “ ਮੱਖਣ ਸਿਆਂ ਕਦ ਆਇਆਂ , ਕਿੰਨੀ ਕੁ ਛੁੱਟੀ ਆ , ਕਿੱਥੇ ਹੁੰਨਾਂ ਅੱਜ ਕਲ੍ਹ...?” ਇਸ ਦਾ ਉੱਤਰ ਦੇਣ ਲਈ ਕਹਿਣਾ ਤਾਂ ਉਸਨੇ ਇਹ ਸੀ –‘ਜੇ.ਕੇ. 

(ਸਭ ਤੋਂ ਉੱਪਰ ਦਿੱਤੀ ਫੋਟੋ:ਅਖੰਡ ਹਿੰਦੂ ਰਾਸ਼ਟਰ ਵਿੱਚੋਂ ਧੰਨਵਾਦ ਸਹਿਤ)

No comments: