Tuesday, November 29, 2011

ਵਿਵਾਦਾਂ ਦਾ ਸ਼ਿਕਾਰ ਹੋਇਆ ਕਬੱਡੀ ਵਿਸ਼ਵ ਕੱਪ

ਰਣਜੀਤ ਸਿੰਘ ਪ੍ਰੀਤ 
ਪਹਿਲੀ ਨਵੰਬਰ ਤੋਂ 20 ਨਵੰਬਰ ਤੱਕ ਖੇਡੇ ਗਏ ਕੁੱਲ 51 ਮੈਚ ਲੋਕਾਂ ਦੀਆਂ ਟਿੱਪਣੀਆਂ ਦਾ ਸਿਕਾਰ ਹੋ ਗਏ ਹਨ। ਦੋ ਚਾਰ ਮੈਚਾਂ ਤੋਂ ਬਿਨਾਂ ਬਾਕੀ ਸਾਰੇ ਮੈਚ ਇੱਕ ਪਾਸਡ਼ ਹੀ ਰਹੇ।ਪਿਛਲੇ ਵਿਸ਼ਵ ਕੱਪ ਦੇ ਮੁਕਾਬਲੇ ਭਾਵੇਂ ਬਹੁਤੇ ਮੈਚ ਖੇਡੇ ਗਏ। ਪਰ ਆਮ ਲੋਕਾਂ ਦੀ ਸੁਣੀ ਜਾਂਦੀ ਰਾਇ ਅਨੁਸਾਰ ਇਸ ਨਾਲੋਂ ਪਿਛਲਾ ਵਿਸ਼ਵ ਕੱਪ ਚੰਗਾ ਰਿਹਾ ਸੀ।ਇਸ ਵਾਰ ਰਾਜਨੀਤੀ  ਦੇ ਬੱਦਲਾਂ ਦੀ ਵੀ ਤਿੱਤਰ ਖੰਭੀ ਬਣੀ ਰਹੀ।ਸਮੁੱਚੇ ਤੌਰ ‘ਤੇ ਕੋਈ ਸਾਂਝੀ ਜਥੇਬੰਦੀ ਦਾ ਨਾਂ ਹੋਣਾ ਵੀ ਦੁਖਦਾਈ ਗੱਲ ਹੈ।ਰਹੀ ਗੱਲ ਉਲੰਪਿਕ ਖੇਡਾਂ 2016 ਵਿੱਚ ਕਬੱਡੀ ਦੀ ਸ਼ਮੂਲੀਅਤ ਦੀ,ਇਹ ਸੰਭਾਵਨਾ ਨਾਂ-ਮਾਤਰ ਹੀ ਹੈ। ਕਿਓਂਕਿ ਉਲੰਪਿਕ ਲਈ ਜੋ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ, ਦਾ ਪਹਿਲਾਂ ਹੀ ਐਲਾਨ ਹੋ ਚੁੱਕਿਆ ਹੈ।ਹਾਂ 2020 ਦੀਆਂ ਖੇਡਾਂ ਵਾਸਤੇ ਅਜਿਹਾ ਸੋਚਿਆ ਜਾ ਸਕਦਾ ਹੈ। ਡੋਪ ਦੇ ਡੰਗ ਦਾ ਜ਼ਹਿਰ ਵੀ ਕਬੱਡੀ ਕੱਪ ਲਈ ਗ੍ਰਹਿਣ ਵਾਂਗ ਰਿਹਾ। ਰੇਡ ਦਾ ਸਮਾਂ 30 ਸਕਿੰਟ ਅਤੇ ਚੁੱਪ ਰੇਡ ਵੀ ਟਿੱਪਣੀਆਂ ਵਿੱਚ ਰਹੀ।
                 ਡੋਪ ਟੈਸਟ ਲਈ 47 ਲੱਖ ਦੀ ਰਾਸ਼ੀ ਖ਼ਰਚ ਕੀਤੀ ਗਈ,ਅਫਗਾਨਿਸਤਾਨ,ਸ਼੍ਰੀਲੰਕਾ ਅਤੇ ਨੇਪਾਲ ਦੀਆਂ ਟੀਮਾਂ ਤੋਂ ਇਲਾਵਾ ਹਰੇਕ ਟੀਮ ਦੇ ਖਿਡਾਰੀ ਇਸ ਟੈਸਟਿੰਗ ਦਾ ਸ਼ਿਕਾਰ ਹੋਏ । ਕੁੱਲ ਮਿਲਾਕੇ 311 ਖਿਡਾਰੀਆਂ ਦਾ ਡੋਪ ਟੈਸਟ ਨਾਡਾ ਵੱਲੋਂ ਕੀਤਾ ਗਿਆ। ਜਿਸ ਦੌਰਾਂਨ 73 ਨਤੀਜੇ ਪਾਜ਼ੇਟਿਵ ਪਾਏ ਗਏ। ਇਹਨਾਂ ਵਿੱਚ ਮੁਕਾਬਲਾ ਸ਼ਰੂ ਹੋਣ ਤੋਂ ਪਹਿਲਾਂ ਦੇ 93 ਨਮੂਨੇ ਵੀ ਸ਼ਾਮਲ ਹਨ।ਜਿਨ੍ਹਾਂ ਵਿੱਚੋਂ 20 ਪਾਜ਼ੇਟਿਵ ਪਾਏ ਗਏ ਸਨ। ਵਿਸ਼ਵ ਕੱਪ ਦੌਰਾਨ ਪੁਰਸ਼ਾਂ ਦੇ 194 ਅਤੇ ਮਹਿਲਾਵਾਂ ਦੇ 24 ਟੈਸਟ ਕੀਤੇ ਗਏ ।ਮਹਿਲਾ ਵਰਗ ਵਿੱਚ ਕੋਈ ਨਤੀਜਾ ਪਲੱਸ ਨਹੀਂ ਰਿਹਾ,ਪਰ ਪੁਰਸ਼ ਵਰੲਗ ਵਿੱਚ 53 ਨਤੀਜੇ ਪਲੱਸ ਆਏ ਹਨ।ਇਹਨਾਂ ਵਿੱਚ ਅਮਰੀਕਾ ਦੇ ਉਹ 4 ਖਿਡਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸੈਂਪਲ ਦੇਣ ਤੋਂ ਕੋਰੀ ਨਾਂਹ ਕਰ ਦਿਤੀ ਸੀ। ਅਮਰੀਕਾ ਦੇ ਸੱਭ ਤੋਂ ਵੱਧ 10 ਖਿਡਾਰੀ ਇਸ ਡੰਗ ਦਾ ਸ਼ਿਕਾਰ ਹੋਏ ਹਨ। ਕੈਨੇਡਾ ਇੰਗਲੈਡ ਦੇ 8-8,ਸਪੇਨ- 7,ਆਸਟਰੇਲੀਆ ਇਟਲੀ ਦੇ 6-6,ਨਾਰਵੇ ਦੇ-3,ਭਾਰਤ,ਜਰਮਨੀ,ਅਰਜਨਟੀਨਾ ਦਾ ਇੱਕ ਇੱਕ ਖਿਡਾਰੀ ਇਸ ਮਾਰ ਹੇਠ ਆਇਆ ਹੈ।
            ਮੈਚ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੇ ਆਪਣੀ ਵੱਖਰੀ ਭਾਸ਼ਾ ਬਣਾਈ ਹੋਈ ਸੀ,ਜਿਸ ਦਾ ਕੋਲ ਬੈਠਿਆਂ ਨੂੰ ਵੀ ਪਤਾ ਨਹੀਂ ਸੀ ਲਗਦਾ,ਮਸਲਿਨ “ਰਾਈਟ ਵੇਅ” “ਮੌਕੇ ਵਾਲਾ”
ਜਿਸ ਦਾ ਅਰਥ ਮਫੈਟਨ,ਅਤੇ ਟਰਮਨ ਟੀਕੇ ਹਨ। “ਕਿੱਟ” ਸ਼ਬਦ ਨਾਲ ਅਜਿਹੇ ਟੀਕਿਆਂ ਦਾ ਸਬੰਧ ਹੈ,ਜੋ ਧੁੰਨੀ ਵਿੱਚ ਲਗਾਏ ਜਾਂਦੇ ਹਨ।ਟੀਕਿਆਂ ਵਾਲੇ ਖਿਡਾਰੀ ਹੇਠਲੇ ਬੁੱਲਾਂ ਨੂੰ ਵਾਰ ਵਾਰ ਦੰਦਾਂ ਨਾਲ ਚਬਦੇ ਰਹਿੰਦੇ ਹਨ। “ਸਪੀਡ” ਅਤੇ “ਚਿੱਟਾ” ਨਾਂਅ ਦਾ ਪਦਾਰਥ ਜੀਭ ਉੱਤੇ ਰੱਖਿਆ ਜਾਂਦਾ ਹੈ। ਇਹਨਾਂ ਦਾ ਸੇਵਨ ਕਰਨ ਵਾਲੇ ਵਾਰ ਵਾਰ ਜੀਭ ਬਾਹਰ ਕੱਢਦੇ ਹਨ। ਰਾਤ ਸਮੇਂ ਇਹਨਾਂ ਨੂੰ ਬਹੁਤ ਬੇ-ਅਰਾਮੀ ਹੁੰਦੀ ਹੈ ਅਤੇ ਸ਼ਰਾਬ ਜਾਂ ਨੀਂਦ ਵਾਲੀਆਂ ਗੋਲੀਆਂ ਦੀ ਵਰਤੋਂ ਕਰਦੇ ਹਨ। ਡੋਪ ਟੈਸਟ ਦਾ ਸਿਸਟਮ ਵੀ ਬਹੁਤ ਵਧੀਆ ਹੈ,90 ਮਿਲੀਲਿਟਰ ਪਿਸ਼ਾਬ ਨੂੰ ਗੁਪਤ ਕੋਡ ਤਹਿਤ ਦੋ ਸ਼ੀਸ਼ੀਆਂ ਵਿੱਚ ਖਿਡਾਰੀ ਦੇ ਸਾਹਮਣੇ ਹੀ ਸੀਲ ਬੰਦ ਕਰ ਦਿੱਤਾ ਜਾਂਦਾ ਹੈ।ਏ ਸੈਂਪਲ ਲਈ ਹਰੇ ਰੰਗ ਦੀ ਸ਼ੀਸ਼ੀ ਵਿੱਚ 60 ਮਿਲੀਲਿਟਰ ਅਤੇ 30 ਮਿਲੀਲਿਟਰ ਪੀਲੇ ਰੰਗ ਦੀ ਸ਼ੀਸ਼ੀ ਵਿੱਚ ਬੀ ਸੈਂਪਲ ਲਈ ਬੰਦ ਕੀਤਾ ਜਾਂਦਾ ਹੈ।ਇੱਕ ਟੈਸਟ ਨੇ ਕਈ ਗੇਡ਼ਾਂ ਵਿੱਚੋਂ ਲੰਘਣਾ ਹੁੰਦਾ ਹੈ,ਸਵੈ-ਚਾਲਕ ਮਸ਼ੀਨਾਂ ਵੀ ਰੋਲ ਨਿਭਾਉਂਦੀਆਂ ਹਨ। ਇਸ ਵਾਸਤੇ 48 ਘੰਟੇ ਲਗਦੇ ਹਨ।            
                    ਕਬੱਡੀ ਵਿਸ਼ਵ ਕੱਪ ਦੌਰਾਂਨ ਜੋ ਖਿਡਾਰੀ ਇਸ ਲਪੇਟ ਵਿੱਚ ਆਏ ਹਨ,ਉਹਨਾਂ ਦੀ ਇਨਾਮੀ ਰਾਸ਼ੀ ਕੱਟ ਦਿੱਤੀ ਗਈ ਹੈ,ਇਨਾਮ ਵੀ ਨਹੀਂ ਮਿਲੇ।ਜਿਨ੍ਹਾਂ ਟੀਮਾਂ ਦੇ 6 ਜਾਂ ਇਸ ਤੋਂ ਘੱਟ ਖਿਡਾਰੀ ਇਸ ਵਿੱਚ ਫਸੇ ਹਨ,ਉਹਨਾਂ ਟੀਮਾਂ ਤੋ 5 % ਦੀ ਕਟੌਤੀ ਵੀ ਕੀਤੀ ਗਈ ਹੈ। ਜਿਨ੍ਹਾਂ ਟੀਮਾਂ ਦੇ 7 ਜਾਂ ਇਸ ਤੋਂ ਵੱਧ ਖਿਡਾਰੀ ਇਸ ਦਾ ਸ਼ਿਕਾਰ ਹੋਏ ਹਨ,ਉਹਨਾਂ ਨੂੰ 15 % ਦੀ ਕਟੌਤੀ ਦਾ ਸਾਹਮਣਾ ਕਰਨਾ ਪਿਆ ਹੈ।ਜਿਨ੍ਹਾਂ ਟੀਮਾਂ ਨੂੰ 10-10 ਲੱਖ ਮਿਲਣਾ ਸੀ ,ਉਹਨਾਂ ਦਾ ਜੇ ਇੱਕ ਖਿਡਾਰੀ ਹੈ ਤਾਂ ਉਸ ਤੋਂ 62500 ਰੁਪਏ ਦੀ ਕਟੌਤੀ ਹੋਈ ਹੈ।ਏਸੇ ਹਿਸਾਬ ਨਾਲ ਬਾਕੀਆਂ ਦਾ ਫੈਸਲਾ ਹੋਇਆ ਹੈ।ਜੁਰਮਾਨਾ ਵੱਖਰਾ ਅਦਾਅ ਕਰਨਾ ਪਿਆ ਹੈ।ਇਸ ਮੁਤਾਬਕ ਇੱਕ ਕਰੋਡ਼ ਤੋਂ ਵੱਧ ਦੀ ਰਕਮ ਕਟੌਤੀ ਵਜੋਂ ਬਣਦੀ ਹੈ,ਕੋਚਾਂ ਨੂੰ ਹਿੱਸਾ ਵੀ ਇਸ ਵਿੱਚੋਂ ਹੀ ਦਿੱਤਾ ਜਾਣਾ ਹੈ।
           ਇਸ ਤੋਂ ਇਲਾਵਾ ਮਹਿਲਾ ਵਰਗ ਦੀ ਖ਼ਿਤਾਬ ਜੇਤੂ ਟੀਮ “ਨੰਨੀ ਛਾਂ” ਨੂੰ ਜਿੱਥੇ ਨਾਂ-ਮਾਤਰ ਰਾਸ਼ੀ ਸਿਰਫ 25 ਲੱਖ ਦਿੱਤੇ ਗਏ,ਉਥੇ ਉਹਨਾਂ ਨਾਲ ਗੁਰੂ ਨਾਨਕ ਸਟੇਡੀਅਮ ਵਿੱਚ ਫੋਟੋਆਂ ਖਿਚਵਾਉਣ ਵਾਲੇ,ਟੀਮ ਦੀ ਹੋਟਲ ਤੱਕ ਵਾਪਸੀ ਦਾ ਪ੍ਰਬੰਧ ਵੀ ਨਾਂ ਕਰ ਸਕੇ । ਕੁੱਝ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਨੂੰ ਦੱਸੇ ਬਗੈਰ ਹੀ ਇਹ ਖਿਡਾਰਨਾਂ ਚਲੀਆਂ ਗਈਆਂ । ਡਿਪਟੀ ਡਾਇਰੈਕਟਰ ਸੋਹਣ ਲਾਲ ਲੋਟੇ ਦਾ ਮੱਤ ਹੈ ਕਿ ਅਜਿਹਾ ਪ੍ਰਾਈਵੇਟ ਕੋਚ ਹੋਣ ਦੀ ਵਜ੍ਹਾ ਕਰਕੇ ਵਾਪਰਿਆ ਹੈ।ਪਰ ਜਸਕਰਨ ਕੌਰ ਅਤੇ ਕੁਲਵਿੰਦਰ ਕੌਰ ਦਾ ਕਹਿਣਾ ਸੀ ਕਿ ਉਹਨਾਂ ਨੇ ਪ੍ਰਬੰਧਕਾਂ ਅਤੇ ਹੋਰ ਅਧਿਕਾਰੀਆਂ ਨੂੰ ਫੋਨ ਕੀਤੇ, ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ। ਉਧਰ ਹੋਟਲ ਵਾਲਿਆਂ 22000 ਰੁਪਏ ਬਿੱਲ ਦੀ ਅਦਾਇਗੀ ਨਾ ਹੋਣ ਕਾਰਣ ਉਹਨਾਂ ਨੂੰ ਉਥੇ ਠਹਿਰਣ ਤੋਂ ਨਾਂਹ ਕਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਰਕਮ ਵਿੱਚ 15000 ਦੀ ਸ਼ਰਾਬ ਦਾ ਬਿੱਲ ਕਿਵੇਂ ਸ਼ਾਮਲ ਹੈ ? ਇਸ ਲਈ ਇਸ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ।ਮਹਿਲਾ ਵਰਗ ਦੀਆਂ ਖਿਡਾਰਨਾਂ ਨੇ ਖ਼ੁਦ ਹੈਰਾਨਗੀ ਜਾਹਿਰ ਕੀਤੀ ਹੈ, ਕਿ ਸ਼ਰਾਬ ਦਾ ਬਿੱਲ ਉਹਨਾਂ ਦੇ ਬਿੱਲ ਵਿੱਚ ਕਿਵੇ ਦਰਜ ਹੋਇਆ ਹੈ ? ਇਸ ਤਰ੍ਹਾਂ ਦੀਆਂ ਟਿੱਪਣੀਆਂ–ਦੋਸ਼-ਨਿਰਦੋਸ਼ ਆਦਿ ਦੀਆਂ ਗੱਲਾਂ ਦਾ ਅਜੇ ਵੀ ਬਜ਼ਾਰ ਭਖਿਆ ਹੋਇਆ ਹੈ। ਆਓ ਵੇਖੀਏ ਹੋਰ ਕੀ ਕੀ ਨਵੇਂ ਸੱਪ ਨਿਕਲਦੇ ਹਨ?
                                    **********************

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)

No comments: