Thursday, November 03, 2011

ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਉਪਰਾਲੇ ਸ਼ੁਰੂ

ਪੰਜਾਬ ਵਰਤੇਗਾ ਇਜਰਾਇਲੀ ਤਕਨਾਲੋਜੀ-ਸੁਖਬੀਰ ਸਿੰਘ ਬਾਦਲ
   ਅੰਮ੍ਰਿਤਸਰ//3 ਨਵੰਬਰ// ਗਜਿੰਦਰ ਸਿੰਘ ਕਿੰਗ
ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਪੰਜਾਬ ਇਜਰਾਇਲੀ ਤਕਨਾਲੋਜੀ ਵਰਤੇਗਾ। ਇਹ ਜਾਣਕਾਰੀ ਸ੍ਰ ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਅੰਮ੍ਰਿਤਸਰ ਵਿਖੇ ਇਜਰਾਈਲ ਦੇ ਅੰਦਰੂਨੀ ਸੁਰੱਖਿਆ ਮੰਤਰੀ ਸ੍ਰੀ ਯਿਟਜ਼ੱਕ ਅਹਾਰਓਨੋਵਿਚ  ਨਾਲ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ  ਗੱਲਬਾਤ ਕਰਦਿਆਂ ਦਿੱਤੀ।          ਇਜਰਾਇਲੀ ਸੁਰੱਖਿਆ ਮੰਤਰੀ ਆਪਣੀ ਇਕ ਰੋਜਾ ਨਿੱਜੀ ਫੇਰੀ ਦੌਰਾਨ ਵਿਸ਼ੇਸ਼ ਤੌਰ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਅੰਮ੍ਰਿਤਸਰ ਆਏ ਸਨ। ਇਸ ਮੌਕੇ ਉਨ੍ਹਾਂ ਨੇ ਸ੍ਰ ਬਾਦਲ ਨਾਲ ਦੋਹਾਂ ਦੇਸ਼ਾਂ ਦੇ ਸਾਂਝੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ।
ਸ੍ਰੀ ਅਹਾਰਓਨੋਵਿਚ  ਭਾਰਤ ਦੇ ਕੇਵਲ 1.7 ਫੀਸਦੀ ਰਕਬੇ ਵਾਲੇ ਸੂਬੇ ਪੰਜਾਬ ਵੱਲੋਂ ਆਪਣੇ ਦੇਸ਼ ਦੇ  ਅੰਨ ਭੰਡਾਰ ਵਿੱਚ 60 ਫੀਸਦੀ ਯੋਗਦਾਨ ਪਾਉਣ ਸਬੰਧੀ ਜਾਣਕਾਰੀ ਪ੍ਰਾਪਤ ਹੋਣ ਤੇ  ਪੰਜਾਬ ਦੀ ਇਸ  ਉਪਲਬੱਧੀ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅੰਨ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਪੰਜਾਬ ਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।
         ਸ੍ਰ ਬਾਦਲ ਨੇ ਦੱਸਿਆ ਕਿ ਪੰਜਾਬ ਲੰਬੇ ਸਮੇਂ ਤੋਂ ਖੇਤੀਬਾੜੀ ਖੇਤਰ ਵਿੱਚ ਬਹੁਤ ਵਧੀਆ ਕਾਰਗੁਜਾਰੀ ਵਿਖਾ ਰਿਹਾ ਹੈ ਪਰ ਸਮੇਂ ਦੇ ਨਾਲ ਨਾਲ ਜਮੀਨ ਦੀ ਉਪਜਾਊ ਸ਼ਕਤੀ ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਜਮੀਨ ਹੇਠਲੇ ਪਾਣੀ ਦਾ ਪੱਧਰ ਵੀ ਤੇਜੀ ਨਾਲ ਡਿੱਗ ਰਿਹਾ ਹੈ। ਉਨ੍ਹਾਂ ਨੇ ਆਧੁਨਿਕ ਮਾਈਕਰੋ ਸਿੰਚਾਈ ਤਕਨੀਕਾਂ ਅਤੇ ਪਾਣੀ ਦੀ ਸਾਂਭ ਸੰਭਾਲ ਸਬੰਧੀ ਇਜਰਾਇਲੀ ਤਕਨੀਕੀ ਮੁਹਾਰਤ ਅਤੇ ਸਹਿਯੋਗ ਦੀ ਮੰਗ ਕੀਤੀ।
         ਇਜਰਾਇਲੀ ਮੰਤਰੀ ਨਾਲ ਲੱਗਭੱਗ 45 ਮਿੰਟ ਚੱਲੀ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਜਰਾਈਲ ਕੋਲ ਅਜਿਹੀ ਤਕਨੀਕ ਮੌਜੂਦ ਹੈ ਜਿਸ ਨਾਲ ਖਾਰੇ ਪਾਣੀ ਨੂੰ ਪੀਣ ਯੋਗ ਅਤੇ ਸਿੰਚਾਈ ਯੋਗ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਲਵਾ ਖੇਤਰ ਅਤੇ ਮਾਝੇ ਦੇ ਵੀ ਕੁਝ ਇਲਾਕੇ ਖਾਰੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਇਸ ਲਈ ਉਨ੍ਹਾਂ  ਵੱਲੋਂ ਇਜਰਾਇਲੀ ਮੰਤਰੀ ਨਾਲ ਤਕਨੀਕੀ ਸਾਂਝ ਬਾਰੇ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਇਜਰਾਇਲੀ ਮਾਹਿਰਾਂ  ਨਾਲ ਇਸ ਤਕਨੀਕ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਗੱਲਬਾਤ ਕੀਤੀ ਜਾਵੇਗੀ

No comments: