Saturday, October 22, 2011

ਸ਼ਹੀਦੀ ਯਾਦਗਾਰ ਦਿਵਸ ਦੇ ਮੌਕੇ 'ਤੇ ਬਹਾਦਰ ਸ਼ਹੀਦਾਂ ਨੁੰ ਸ਼ਰਧਾਜ਼ਲੀ ਭੇਂਟ

ਅੰਮ੍ਰਿਤਸਰ ਪੁਲਿਸ ਲਾਈਨ ਵਿੱਚ ਵੀ ਹੋਇਆ ਸਮਾਗਮ 
          ਅੰਮ੍ਰਤਿਸਰ//21  ਅਕਤੂਬਰ//ਗਜਿੰਦਰ ਸਿੰਘ ਕਿੰਗ
ਅੱਜ ਸ਼ਹੀਦੀ ਯਾਦਗਾਰ ਦਿਵਸ ਦੇ ਮੌਕੇ 'ਤੇ ਪੁਲਿਸ ਲਾਈਨ ਅੰਮ੍ਰਿਤਸਰ (ਦਿਹਾਤੀ) ਵਿਖੇ ਹੋਏ ਸਮਾਗਮ ਦੌਰਾਨ, ਦੇਸ਼ ਭਰ ਦੀਆਂ ਸਾਰੀਆਂ ਪੁਲਿਸ ਫੋਰਸਾਂ ਦੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਯਾਦਗਾਰੀ ਪਰੇਡ ਦਾ ਆਯੋਜਨ ਕੀਤਾ ਗਿਆ।
         ਇਸ ਸਮਾਗਮ ਦੀ ਪ੍ਰਧਾਨਗੀ ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਨੇ ਕੀਤੀ।
         ਇਸ ਮੌਕੇ ਸ਼ਹੀਦਾਂ ਨੂੰ ਸਰਧਾਂਜਲੀ ਅਰਪਣ ਕਰਨ ਉਪਰੰਤ ਸ਼ਹੀਦਾਂ ਦੇ  ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਬਹਾਦਰ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ,ਜਿਨ੍ਹਾਂ ਨੇ ਆਪਣੇ ਫਰਜ਼ ਨੂੰ ਅੰਜਾਮ ਦਿੰਦਿਆਂ ਆਪਣੀਆਂ ਜਾਨਾਂ ਦੇਸ਼ ਤੋਂ ਕੁਰਬਾਨ ਕਰ ਦਿੱਤੀਆਂ।

ਸ੍ਰ. ਬੁਲਾਰੀਆ ਨੇ ਦੱਸਿਆ ਕਿ 1962 ਵਿੱਚ ਚੀਨ ਨਾਲ ਜੰਗ ਸਮੇਂ ਲੱਦਾਖ ਵਿੱਚ ਸੀ. ਆਰ. ਪੀ. ਐੱਫ ਦੇ ਬਹਾਦਰ ਜਵਾਨਾਂ ਦੀ ਪੂਰੀ ਟੁਕੜੀ ਦੁਸ਼ਮਣ ਨਾਲ ਲੋਹਾ ਲੈਂਦੇ ਸਮੇਂ ਸ਼ਹੀਦ ਹੋ ਗਈ ਸੀ ਅਤੇ ਉਦੋਂ ਤੋਂ ਹੀ ਅੱਜ ਦੇ ਦਿਨ ਪੂਰੇ ਦੇਸ਼ ਵਿੱਚ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦ ਯਾਦਗਾਰ ਦਿਵਸ ਮਨਾਇਆ ਜਾਂਦਾ ਹੈ।
         ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ 31 ਅਗਸਤ 2010 ਤੋਂ 1 ਸਤੰਬਰ 2011 ਦੌਰਾਨ ਪੂਰੇ ਦੇਸ਼ ਵਿੱਚ ਇੱਕ ਸਾਲ ਦੇ ਸਮੇਂ ਵਿੱਚ ਸਾਰੀਆਂ ਫੋਰਸਾਂ ਦੇ 692 ਬਹਾਦਰ ਜਵਾਨ ਆਪਣਾ ਫਰਜ਼ ਨਿਭਾਉਂਦੇ ਹੋਏ ਸ਼ਹੀਦ ਹੋ ਗਏ, ਜਿੰਨ੍ਹਾਂ ਵਿੱਚ ਪੰਜਾਬ ਦੇ 57 ਬਹਾਦਰ ਜਵਾਨ ਸ਼ਾਮਿਲ ਹਨ।
         ਸ੍ਰ. ਬੁਲਾਰੀਆ ਨੇ ਕਿਹਾ ਕਿ ਪੰਜਾਬ ਪੁਲਿਸ ਆਪਣੀ ਬਹਾਦਰੀ ਅਤੇ ਕੁਰਬਾਨੀਆਂ ਕਰਕੇ ਜਾਣੀ ਜਾਂਦੀ ਹੈ ਅਤੇ ਅੱਤਵਾਦ ਦੇ ਉਸ ਕਾਲੇ ਦੌਰ ਦੌਰਾਨ ਵੀ ਆਪਣੀ ਪ੍ਰਤੀਬੱਦਤਾ ਅਤੇ ਹੌਂਸਲੇ ਨੂੰ ਸਿੱਧ ਕੀਤਾ ਹੈ ਅਤੇ ਇਸ ਅੱਤਵਾਦ ਵਿਰੋਧੀ ਓਪਰੇਸ਼ਨ ਦਾ ਸਿਹਰਾ ਵੀ ਪੰਜਾਬ ਪੁਲਿਸ ਦੇ ਉਨ੍ਹਾਂ ਬਹਾਦਰ ਅਧਿਕਾਰੀਆਂ ਅਤੇ ਜਵਾਨਾਂ ਨੂੰ ਜਾਂਦਾ ਹੈ, ਜਿਨ੍ਹਾਂ ਦੀ ਬੇਮਿਸਾਲ ਕੁਰਬਾਨੀ ਸਦਕਾ ਅਸੀਂ ਅੱਜ ਅਮਨ ਚੈਨ ਦੀ ਜ਼ਿੰਦਗੀ ਜੀਅ ਰਹੇ ਹਾਂ ਅਤੇ ਅੱਜ ਅਸੀਂ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਾਂ।
         ਇਸ ਮੌਕੇ ਉਨ੍ਹਾਂ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਮਾਲੀ ਸਹਾਇਤਾ ਦੇ ਚੈੱਕ ਵੀ ਪਰਦਾਨ ਕੀਤੇ।
         ਇਸ ਮੌਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਤੋਂ ਇਲਾਵਾ ਅਡੀਸ਼ਨਲ ਸ਼ੈਸਨ ਜੱਜ, ਸ੍ਰੀ ਅਸ਼ੋਕ ਪਾਲ ਬੱਤਰਾ, ਸ੍ਰ. ਪਰਮਿੰਦਰਪਾਲ ਸਿੰਘ ਅਡੀਸ਼ਨਲ ਸ਼ੈਸਨ ਜੱਜ, ਐੱਸ. ਪੀ. ਹੈੱਡ ਕਵਾਟਰਜ਼ ਸ੍ਰੀ ਜਗਦੀਪ ਸਿੰਘ  ਅਤੇ ਪੁਲਿਸ ਸੇ ਹੋਰ ਪ੍ਰਮੁੱਖ ਅਧਿਕਾਰੀ ਵੀ ਹਾਜ਼ਰ ਸਨ।
                  ਇਸ ਤੋਂ ਇਲਾਵਾ ਸ਼ਹੀਦੀ ਯਾਦਗਾਰ ਦਿਵਸ ਦੇ ਮੌਕੇ 'ਤੇ  ਪੁਲਿਸ ਲਾਈਨ ਅੰਮ੍ਰਿਤਸਰ (ਸ਼ਹਿਰੀ) ਵਿਖੇ ਵੀ ਦੇਸ਼ ਭਰ ਦੀਆਂ ਸਾਰੀਆਂ ਪੁਲਿਸ ਫੋਰਸਾਂ ਦੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸ਼ਾਨਦਾਰ ਯਾਦਗਾਰੀ ਪਰੇਡ ਦਾ ਆਯੋਜਨ ਕੀਤਾ ਗਿਆ।

No comments: