Tuesday, October 25, 2011

ਪੂੰਜੀਪਤੀਆਂ ਦੀ ਦੀਵਾਲ਼ੀ

ਭਾਰਤ ਬਹੁ ਕੌਮੀ ਦੇਸ਼ ਹੈ, ਏਥੇ ਵੱਖ-ਵੱਖ ਰੁੱਤਾਂ ਤੇ ਸਭ ਦੇ ਆਪੋ ਆਪਣੇ ਤਿਉਹਾਰ ਹਨ ।ਬਹੁਗਿਣਤੀ ਨੇ ਆਪਣੇ ਤਿਉਹਾਰਾਂ ਨੂੰ ਕੌਮੀਂ ਤਿਉਹਾਰਾ ਦਾ ਦਰਜਾ ਦਿਵਾ ਦਿਤਾ ਹੈ । ਇਹ ਕੌਮੀਂ ਤਿਉਹਾਰਾ ਦੀ ਲਡ਼ੀ ਵਿੱਚ ਦੀਵਾਲ਼ੀ ਦਾ ਸਥਾਨ ਸਭ ਤੋਂ ਉਪਰ ਹੈ ।ਇਸ ਦਿਨ ਨੂੰ ਸਭ ਦਾ ਸਾਂਝਾ ਬਣਵਾਉਣ ਲਈ ਹਰੇਕ ਧਰਮ ਦੁਆਰਾ ਕੀਤੇ ਕੋਈ ਚੰਗੇ ਕੰਮ ਨੂੰ ਜੋਡ਼ ਦਿਤਾ ਗਿਆ ਹੈ, ਜਿਵੇਂ ਸ੍ਰੀ ਰਾਮ ਚੰਦਰ ਜੀ ਦਾ ਆਉਣਾ, ਗੁਰੂ ਹਰਗੋਬਿੰਦ ਜੀ ਦਾ 52 ਰਾਜਿਆਂ ਨੂੰ ਛੁਡਵਾਉਣਾ, ਬੰਗਾਲ ਵਿੱਚ ਕਾਲੀ ਦੀ ਪੂਜਾ । ਕਾਲੀ ਦੀ ਕਹਾਣੀ ਬਡ਼ੀ ਸੁਆਦਲੀ ਹੈ ਜੋ ਬੰਗਾਲ ਵਿੱਚ ਸੁਣਾਈ ਜਾਂਦੀ ਹੈ ਲੈ ਸੁਣੋ:- ਇੱਕ ਸੀ ਰਾਜਾ ਦਕਛ । ਉਸ ਦੀ ਪੁੱਤਰੀ ਦਾ ਨਾਮ ਦੁਰਗਾ ਸੀ, ਕਾਲੀ ਦੇ ਪਤੀ ਮਹਾਂਦੇਵ ਸਨ । ਰਾਜਾ ਦਕਛ ਨੇ ਇੱਕ ਬਹੁਤ ਵੱਡਾ ਯੱਗ ਕੀਤਾ ਉਹਨੇ ਉਸ ਯੱਗ ਵਿੱਚ ਆਪਣੀ ਪੁੱਤਰੀ ਤੇ ਦਾਮਾਦ ਨੂੰ ਕਿਸੇ ਕਾਰਨ ਕਰਕੇ ਨਹੀ ਬੁਲਾਇਆ । ਦੁਰਗਾ ਇਸ ਗੱਲ ਤੋਂ ਗੁਸੇ ਹੋ ਗਈ ਤੇ ਉਹ ਐਵੇਂ ਹੀ ਲੋਕਾਂ ਨੂੰ ਜੋ ਵੀ ਸਾਹਮਣੇ ਆਇਆ ਮਾਰਨ ਲੱਗ ਗਈ, ਚਾਰੇ ਪਾਸੇ ਖੂਨ ਹੀ ਖੂਨ ਹੋ ਗਿਆ । ਮਹਾਂਦੇਵ ਨੇ ਜਦ ਦੇਖਿਆ ਕਿ ਲੋਕਾਈ ਤਾਂ ਖਤਮ ਹੋ ਜਾਵੇਗੀ ਤਾਂ ਉਹ ਦੁਰਗਾ ਦੇ ਰਸਤੇ ਵਿੱਚ ਲੇਟ ਗਏ । ਦੇਵੀ ਦੁਰਗਾ ਪਾਗਲਾਂ ਦੀ ਤਰ੍ਹਾਂ ਮਾਰਦੀ ਆ ਰਹੀ ਸੀ ਤਾਂ ਬੇਧਿਆਨੇ ਵਿੱਚ ਮਹਾਂਦੇਵ ਦੀ ਛਾਤੀ ਤੇ ਪੈਰ ਰੱਖਿਆ ਗਿਆ । ਉਸ ਨੇ ਜਦ ਦੇਖਿਆ ਕਿ ਮੇਰੇ ਪੈਰਾਂ ਵਿੱਚ ਤਾਂ ਮੇਰੇ ਪਤੀ ਦੇਵ ਹਨ ਤਾਂ ਉਹ ਉਥੇ ਹੀ ਜੀਭ ਕੱਢ ਕੇ ਖਡ਼ੀ ਹੋ ਗਈ ਤੇ ਕਾਲੀ ਦਾ ਰੂਪ ਹੋ ਗਈ, ਜੀਭ ਕੱਢੀ ਫੋਟੋ ਅੱਜ ਵੀ ਦੇਖ ਸਕਦੇ ਹਾਂ । ਬੰਗਾਲ ਵਿੱਚ ਉਸ ਦਿਨ (ਦੀਵਾਲ਼ੀ ਵਾਲ਼ੇ ਦਿਨ) ਬਲੀ ਆਦਿ ਵੀ ਚਡ਼ਾਈ ਜਾਂਦੀ ਹੈ ।
ਨਵੇਂ ਕੱਪਡ਼ੇ, ਗਿਫਟਾਂ ਦਾ ਅਦਾਨ ਪਰਦਾਨ, ਬੋਨਸ, ਪਟਾਕੇ, ਫੁਲਝਡ਼ੀਆ, ਆਤਿਸਬਾਜੀਆਂ, ਦੀਵੇ, ਮਠਿਆਈਆਂ, ਇਕੱਠੇ ਹੋ ਕੇ ਹਾਸਾ ਠੱਠਾ ਅਗਰ ਹੈ ਤਾਂ ਸਮਝੋ ਦੀਵਾਲ਼ੀ ਹੈ । ਕਈ ਵਾਰ ਬੰਦਾ ਐਨਾ ਖੁਸ਼ ਹੁੰਦਾ, ਜਾਂ ਕੋਈ ਲਾਟਰੀ ਵਗੈਰਾ ਨਿਕਲੀ ਹੁੰਦੀ ਹੈ, ਉਪਰੋਕਤ ਸਾਰੇ ਕੰਮ ਕਰੇ ਤਾਂ ਆਪਾਂ ਸਹਿਜ ਸੁਭਾਅ ਹੀ ਕਹਿ ਦਿੰਦੇ ਹਾਂ ਕਿ ਬਈ ਸਾਡੀ ਤਾਂ ਅੱਜ ਹੀ ਦੀਵਾਲ਼ੀ ਹੈ, ਕਹਿਣ ਦਾ ਭਾਵ ਮੌਜਾਂ ਹੀ ਮੌਜਾਂ ਦਾ ਨਾਮ ਦੀਵਾਲ਼ੀ ਹੈ । ਗੁਰਮਤ ਅਨੁਸਾਰ ਸਿੱਖ ਲਈ ਚੱਤੋ ਪਹਿਰ ਹੀ ਦੀਵਾਲ਼ੀ ਹੈ, ਉਸ ਨੇ ਨਾਂ ਗਮੀ ਵਿੱਚ ਜਿਆਦਾ ਦੁਖੀ ਹੋਣਾ ਹੈ ਸਗੋਂ ਵਾਹਿਗੁਰੂ ਪਰਮਾਤਮਾ ਦਾ ਭਾਣਾ ਮੰਨਦੇ ਹੋਏ ਮਿੱਠਾ ਸਮਝਣਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਭ ਕੁਝ ਦੇਸ਼ ਦੇ ਲੇਖੇ ਲਗਾ ਕੇ ਮਾਛੀਵਾਡ਼ੇ ਦੇ ਜੰਗਲਾਂ ਵਿੱਚ ਵੀ ਅਰਾਮ ਦੀ ਨੀਂਦ ਲਈ, ਜਿਆਦਾ ਖੁਸੀ ਵਿੱਚ ਵੀ ਹੋਸ਼ ਵਿੱਚ ਰਹਿੰਦੇ ਹੋਏ ਵਾਹਿਗੁਰ ਦੀਆਂ ਦਿੱਤੀਆਂ ਦਾਤਾਂ ਸਮਝ ਕੇ ਔਕਾਤ ਵਿੱਚ ਰਹਿਣਾ ਹੈ । ਸਿੱਖ ਨੇ ਦੀਵੇ ਬਾਲਣੇ ਹਨ ਆਪਣੇ ਅੰਦਰ ਦਾ ਅੰਧੇਰਾ ਦੂਰ ਕਰਨ ਲਈ ਉਹ ਵੀ ਚੱਤੋ ਪਹਿਰ, ਕੋਈ ਖਾਸ ਦਿਨ ਮੁਕੱਰਰ ਨਹੀਂ । ਮੱਥੇ ਵਾਲ਼ਾ ਦੀਵਾ ਹਮੇਸ਼ਾ ਬਲ਼ਦਾ ਰਹਿਣਾ ਚਾਹੀਦਾ ਹੈ ।
ਆਪਾਂ ਅਗਰ ਵਿਦੇਸ਼ੀ ਕਲਚਰ ਨੂੰ ਦੇਖੀਏ ਤਾਂ ਉਹ ਲੋਕ ਹਫਤੇ ਦੇ ਪੰਜ ਦਿਨ ਤਾਂ ਗਧਿਆਂ ਵਾਗੂੰ ਕੰਮ ਕਰਦੇ ਹਨ ਤੇ ਅਖੀਰਲੇ ਦੋ ਦਿਨ ਦੀਵਾਲ਼ੀ ਦੀ ਤਰ੍ਹਾਂ ਮਨਾੳਂੁਦੇ ਹਨ । ਉਹਨਾਂ ਨੂੰ ਤਨਖਾਹ ਵੀ ਹਫਤੇ ਦੀ ਹਫਤੇ ਮਿਲ਼ਦੀ ਹੈ, ਤੇ ਉਹ ਆਪਣਾ ਸਾਰਾ ਪੈਸਾ ਦੋ ਦਿਨਾਂ ਵਿੱਚ ਹੀ ਉਡਾ ਦਿੰਦੇ ਹਨ, ਕਿੳਂੁਕਿ ਉਹਨਾਂ ਨੂੰ ਬੁਢਾਪੇ ਦੀ ਚਿੰਤਾ ਨਹੀ ਹੁੰਦੀ । ਕੋਈ ਵੀ ਆਪਣੇ ਪੈਸੇ ਨੂੰ ਘੁੱਟ-ਘੁੱਟ ਕੇ ਨਹੀ ਰੱਖਦਾ, ਆਪਣੇ ਪੰਜਾਬੀ ਜਾਂ ਹੋਰ ਵੀ ਕੋਈ, ਚਾਹੇ ਕੋਈ ਵੀ ਧੰਦਾ ਕਰ ਲੈਣ ਉਹ ਗਰੰਟੀ ਨਾਲ਼ ਚੱਲਦਾ ਹੈ ਕਿਉਂ ਜੋ ਉਥੇ ਪੈਸੇ ਦਾ ਚੱਕਰ ਚੱਲਦਾ ਰਹਿੰਦਾ ਹੈ ਤੇ ਆਪਣੇ ਭਾਰਤੀ ਉਹਨਾਂ ਦੇ ਖੁਲੇ ਖਰਚੇ ਦਾ ਲਾਭ ਉਠਾਉਂਦੇ ਹੋਏ ਡਾਲਰਾਂ, ਪੌਂਡਾ ਨਾਲ਼ ਜੇਬਾਂ ਭਰਦੇ ਹਨ । ਅਗਰ ਇੱਕ ਅਮਰੀਕਨ ਦੇ ਕੱਪਡ਼ਿਆਂ ਦੀ ਔਸਤ ਦੇਖੀਏ ਤਾਂ ਉਹ ਸਾਲ ਵਿੱਚ ਘੱਟੋ ਘੱਟ 20 ਤੌਲੀਏ, 36 ਅੰਡਰ ਵੀਅਰ, 26 ਸ਼ਰਟਾਂ, 24 ਪੈਂਟਾਂ ਆਦਿ ਖਰੀਦਦਾ ਹੈ ਤੇ ਭਾਰਤੀ ਵਿਚਾਰਾ ਉਸੇ ਨੂੰ ਉਦੋ ਤੱਕ ਰਗਡ਼ਦਾ ਹੈ ਜਦੋਂ ਤੱਕ ਕੋਈ ਚੀਜ ਆਪ ਜਵਾਬ ਨਹੀਂ ਦੇ ਦਿੰਦੀ । ਇਸ ਦੀ ਖਰੀਦਦਾਰੀ ਸਿਰਫ ਤੇ ਸਿਰਫ ਤਿੱਥ ਤਿਉਹਾਰਾਂ ਤੇ ਹੀ ਹੁੰਦੀ ਹੈ, ਕਹਿਣ ਦਾ ਭਾਵ ਪੈਸੇ ਦਾ ਰੋਟੇਸ਼ਨ ਘੱਟ ਤੇ ਸੀਮਿਤ ਸਮੇਂ ਹੀ ਹੁੰਦਾ ਹੈ ।
ਮਲਟੀਨੈਸ਼ਨਲ ਕੰਪਨੀਆਂ ਦੇ ਆਉਣ ਕਾਰਨ ਭਾਰਤ ਵਿੱਚ ਨਵੇਂ ਨਵੇਂ ਵਿਦੇਸ਼ੀ ਤਰਜ ਤੇ ਸਾਪਿੰਗ ਮਾਲ ਖੁਲ ਰਹੇ ਹਨ । ਸ਼ਾਪਿੰਗ ਮਾਲਾਂ ਦੀਆਂ ਰੰਗ ਬਿਰੰਗੀਆਂ ਰੌਸ਼ਨੀਆਂ ਖਿੱਚ ਦਾ ਕਾਰਨ ਤਾਂ ਜਰੂਰ ਬਣਦੀਆਂ ਹਨ ਪਰ ਉਹ ਆਮ ਭਾਰਤੀਆਂ ਦੀਆਂ ਜੇਬਾ ਵਿੱਚੋਂ ਪੈਸਾ ਕਢਵਾਉਣ ਦੇ ਅਸਮਰੱਥ ਹੁੰਦੀਆਂ ਹਨ । ਲੋਕੀ ਘੁੰਮਣ ਤਾਂ ਜਾਂਦੇ ਹਨ ਪਰ ਮੈਕਡਾਨਲਡ ਦਾ ਆਲੂ ਟਿੱਕੀ ਬਰਗਰ ਤੋਂ ਜਿਆਦਾ ਕੁਝ ਵੀ ਨਹੀ ਖਰੀਦਦੇ । ਇਹ ਹਾਲ ਕਿਸੇ ਇੱਕ ਸਾਪਿੰਗ ਮਾਲ ਦਾ ਨਹੀ ਇਹ ਤਕਰੀਬਨ ਉਹਨਾਂ ਸਾਰੇ ਸਾਪਿੰਗ ਮਾਲਾਂ ਦਾ ਹੈ ਜੋ ਭਾਰਤ ਦੇ ਵੱਖ ਵੱਖ, ਵੱਡੇ ਛੋਟੇ ਸਹਿਰਾਂ ਵਿੱਚ ਖੁਲੇ ਹੋਏ ਹਨ । ਵਿਦੇਸ਼ੀ ਕੰਪਨੀਆਂ ਪੈਸੇ ਦੇ ਜੋਰ ਨਾਲ਼, ਚਕਾਚੋਂਧ ਦਿਖਾ ਕੇ ਧੱਕੇ ਨਾਲ਼ ਪੈਸੇ ਨੂੰ ਜੇਬਾਂ ਵਿੱਚੋਂ ਕੱਢਣ ਤੇ ਲੱਗੀਆਂ ਹੋਈਆ ਹਨ । ਅੱਜ ਜਿਧਰ ਦੇਖੋ ਫੈਸਨ ਸੋ ਹੋ ਰਹੇ ਹਨ । ਮਿਸ ਇੰਡੀਆ ਤੋਂ ਲੈ ਕੇ ਮਿਸ ਮੁਹੱਲਾ ਤੱਕ ਨਿਕਲ਼ ਰਹੀਆਂ ਹਨ, ਸ਼ਮਝ ਨੀ ਆਉਦੀ ਕਿ ਪਿਛਲੇ 12 ਸਾਲ਼ਾਂ ਵਿੱਚ ਮਾਂ ਬਾਪ ਕੀ ਖਾ ਕੇ ਮਿਸ ਇੰਡੀਆ ਦੀ ਫੌਜ (ਸੋਹਣੀਆਂ ਕੁਡ਼ੀਆਂ) ਜੰਮੀ ਜਾ ਰਹੇ ਹਨ । ਵਿਦੇਸ਼ੀ ਕੰਪਨੀਆਂ ਆਪਣੇ ਊਟ-ਪਟਾਂਗ ਕੱਪਡ਼ਿਆਂ ਨੂੰ ਫ਼ੈਸ਼ਨ ਦਾ ਨਾਮ ਦੇ ਕੇ ਸਾਨੂੰ ੳੁੱਲੂ ਬਣਾ ਰਹੀਆਂ ਹਨ । ਹਿੰਦੂ ਮੱਤ ਅਨੁਸਾਰ ਲ਼ਕਸਮੀ ਦਾ ਵਾਹਕ ਉੱਲੂ ਹੈ । ਲ਼ਕਸਮੀ ਪੈਸੇ ਦੀ ਸੂਚਕ ਹੈ ਤੇ ਇਸ ਨੂੰ ਹਥਿਆਉਣ ਲਈ ਲੋਕਾਂ ਨੂੰ ੳੁੱਲੂ ਬਣਾਉਣਾ ਆਉਂਦਾ ਹੋਣਾ ਚਾਹੀਦਾ ਹੈ । ਇਹ ਪੂੰਜੀਪਤੀ ਕੰਪਨੀਆਂ ਖੂਬ ਬਣਾਉਦੀਆਂ ਹਨ ਤੇ ਧੰਨ ਨਾਲ਼ ਆਪਣੀਆਂ ਜੇਬਾਂ ਭਰਦੀਆਂ ਹਨ ।
ਮੀਡੀਆ ਜਿਸ ਤੇ ਕਿ ਪੂੰਜੀਪਤੀਆਂ ਦਾ ਕਬਜਾ ਹੈ ਉਹ ਵੀ ਪੰਜਾਬ ਦੇ ਅਖਾਣ ਵਾਂਗ “ਜੱਟ ਜੱਟਾਂ ਦੇ ਭੋਲ਼ੂ ਨਰੈਣ ਦਾ” ਪੂੰਜੀਪਤੀਆਂ ਦਾ ਸਾਥ ਦਿੰਦੇ ਹਨ । ਦੀਵਾਲ਼ੀ ਦਾ ਤਿਉਹਾਰ ਹੈ ਲੋਕਾਂ ਨੇ ਮਠਿਆਈਆਂ ਖਰੀਦਣੀਆਂ ਹਨ ਕਿਉਂਕਿ ਇਸ ਤੋਂ ਬਿਨਾ ਤਿਉਹਾਰ ਹੀ ਅਧੂਰਾ ਹੈ । ਮੀਡੀਆ ਦਾ ਸਾਰਾ ਜ਼ੋਰ ਨਕਲੀ ਮਠਿਆਈਆਂ ਦੀਆਂ ਦੁਕਾਨਾ ਦਾ ਹਉਆ ਦਿਖਾਉਣ ਤੇ ਲੱਗਾ ਹੈ । ਮੀਡੀਆ ਇੱਕੋ ਖਬਰ ਨੂੰ ਬਾਰ ਬਾਰ ਦਿਖਾ ਕੇ ਲੋਕਾਂ ਨੂੰ ਅਜਿਹਾ ਭੈ ਭੀਤ ਕਰ ਰਿਹਾ ਹੈ ਕਿ ਸਾਨੂੰ ਚਾਰੇ ਪਾਸੇ ਜ਼ਹਿਰ ਹੀ ਜ਼ਹਿਰ ਦਿਖਾਈ ਦਿੰਦੀ ਹੈ । ਛੋਟੇ ਦੁਕਾਨਦਾਰ, ਹਲਵਾਈ ਚਾਹੇ ਕਿਨਾ ਵੀ ਸ਼ੁੱਧ ਵੇਚਣ ਸਾਨੂੰ ਜ਼ਹਿਰ ਹੀ ਦਿਖਦੀ ਹੈ ਕਿਉਂ ਜੋ ਮੀਡੀਆ ਨੇ ਸਾਡੀਆ ਅੱਖਾਂ ਤੇ ਜ਼ਹਿਰ ਦੀ ਐਨਕ ਚਡ਼੍ਹਾ ਦਿਤੀ ਹੈ । ਛੋਟੇ ਦੁਕਾਨਦਾਰਾਂ ਦਾ ਤਿਉਹਾਰ ਬੱਝਵੇਂ ਦਿਨ ਨਹੀ ਹੁੰਦਾ ਸਗੋ ਅਗਰ ਵਧੀਆ ਕਮਾਈ ਹੋ ਜਾਵੇ ਤਾਂ ਅਗਲੇ ਦਿਨ ਹੁੰਦਾ ਹੈ । ਗੱਲ ਦੁਸਿਹਰੇ ਦੀ ਹੈ ਮੈ ਸਬਜੀ ਮੰਡੀ ਸ਼ਾਮ ਨੂੰ ਗਿਆ ਲੱਗਦਾ ਸੀ ਅੱਜ ਦੁਸਿਹਰੇ ਕਾਰਨ ਮੰਡੀ ਬੰਦ ਹੋਵੇਗੀ ਮਗਰ ਜਾ ਕੇ ਦੇਖਿਆ ਤਾਂ ਚਹਿਲ ਪਹਿਲ ਸੀ । ਟਮਾਟਰ ਖਰੀਦਦੇ ਹੋਏ ਰੇਡ਼ੀ ਵਾਲ਼ੇ ਨੂੰ ਪੁਛਿਆ ਕਿ ਅੱਜ ਤਾਂ ਦੁਸਹਿਰਾ ਹੈ ਤੂੰ ਰਾਵਣ ਜਲਦਾ ਨੀ ਦੇਖਣ ਗਿਆ ਕਹਿਣ ਲੱਗਾ ਸਾਹਿਬ ਅੱਗੇ ਮੁਸ਼ਕਲ ਨਾਲ਼ ਤਿੰਨ ਪੇਟੀਆਂ ਟਮਾਟਰਾਂ ਦੀਆਂ ਵਿਕਦੀਆਂ ਸਨ ਤੇ ਅੱਜ ਗਿਆਰਾਂ ਵੇਚ ਲਈਆਂ ਤੇ ਘੰਟੇ ਦੋ ਘੰਟੇ ਤੱਕ ਦੋ ਹੋਰ ਵਿਕ ਜਾਣਗੀਆਂ, ਦੁਸਿਹਰੇ ਦਾ ਕੀ ਹੈ ਕੱਲ੍ਹ ਮਨਾ ਲਵਾਂਗੇ । ਕਹਿਣ ਦਾ ਭਾਵ ਜੇਬ ਵਿੱਚ ਅਗਰ ਪੈਸਾ ਹੈ ਤਾਂ ਤੀ ਤਿਉਹਾਰ ਹੈ ਨਹੀ ਤਾਂ ਸਭ ਫਿੱਕਾ ।
ਗੱਲ ਮੀਡੀਆ ਦੀ ਕਰ ਰਹੇ ਸੀ, ਕਿਉਂ ਐਨਾ ਹੋ ਹੱਲਾ ਮਚਾਇਆ ਜਾ ਰਿਹਾ ਹੈ ਜਿਸ ਦਾ ਕਿ ਸਿੱਧਾ ਨੁਕਸਾਨ ਛੋਟੇ ਗਰੀਬ ਹਲਵਾਈ ਨੂੰ ਹੁੰਦਾ ਹੈ ਕਾਰਨ ਸਿਰਫ ਤੇ ਸਿਰਫ ਇੱਕੋ ਲੱਗਦਾ ਹੈ ਕਿ ਕਿਵੇਂ ਪੂੰਜੀਪਤੀਆਂ ਦੀ ਦੀਵਾਲ਼ੀ ਬਣਾਈ ਜਾਵੇ, ਕੈਡਵਰੀ ਚਾਕਲੇਟ, ਹਲਦੀਰਾਮ ਵਰਗੇ ਪੂੰਜੀ ਪਤੀਆਂ ਦੀਆਂ ਜੇਬਾਂ ਤਾਂ ਹੀ ਭਰਨਗੀਆ ਜੇ ਲੋਕਾਂ ਨੂੰ ਐਨਾ ਭੈ ਬੀਤ ਕਰ ਦਿਤਾ ਜਾਵੇ ਕਿ ਉਹਨਾ ਨੂੰ ਹਰੇਕ ਛੋਟੇ ਦੁਕਾਨਦਾਰ ਕੋਲ਼ ਵਿਕਦੀ ਮਠਿਆਈ ਜਹਿਰ ਨਜਰ ਪਵੇ , ਨਹੀ ਤਾਂ ਕੌਣ 500ਰੁਪੈ ਕਿਲੋ ਦੀ ਮਠਿਆਈ ਖਰੀਦੇ, ਪਤੀਸਾ ਸੋਨ ਪਾਪਡ਼ੀ ਬਣਾ ਕੇ 250 ਰੁਪੈ ਕਿਲੋ ਕਰ ਦਿਤਾ ਹੈ । ਭਾਈ ਪੂੰਜੀਪਤੀਆਂ ਦਾ ਦੇਸ਼ ਹੈ , ਚਾਂਦੀ ਵੀ ਪੂੰਜੀਪਤੀਆਂ ਦੀ ਹੀ ਹੈ ਤੇ ਫਿਰ ਦੀਵਾਲ਼ੀ ਵੀ ਉਹਨਾਂ ਦੀ । ਅੰਤ ਸੱਭ ਲਈ ਛੋਟੀ ਜਿਹੀ ਰਾਏ,
ਪ੍ਰਕਾਸ਼ ਪਰਵ ਮਨਾਉਣਾ ਹੈ, ਪਰਦੂਸ਼ਣ ਪਰਵ ਨਹੀ ।
ਇੰਜੀ. ਮਨਵਿੰਦਰ ਸਿੰਘ ਗਿਆਸਪੁਰ.
09872099100
ਪਿੰਡ ਗਿਆਸਪੁਰ
ਲੁਧਿਆਣਾ ।

No comments: