Tuesday, October 18, 2011

ਪੁਲਿਸ ਵਿਵਸਥਾ ਵਿੱਚ ਨਵੀਆਂ ਪਹਿਲ-ਕਦਮੀਆਂ

 ਜੁਰਮ ਦਰ 'ਚ ਆਈ 22 ਫੀਸਦੀ ਦੀ ਕਮੀ-ਸੁਖਬੀਰ ਸਿੰਘ ਬਾਦਲ
115 ਸਾਂਝ ਕੇਂਦਰਾਂ ਦੀ ਸਥਾਪਨਾ ਨਾਲ 
ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ
*ਸਾਂਝ ਕੇਂਦਰਾਂ ਤੇ ਕੰਮ ਕਰਨ ਵਾਲੇ ਪੁਲਿਸ ਕਰਮਚਾਰੀਆਂ ਲਈ ਵਿਸ਼ੇਸ਼ ਐਲਾਨ 
*ਹਰ ਸਾਲ 5 ਸਟੇਟ ਅਵਾਰਡ ਅਤੇ 1 ਫੀਸਦੀ ਵਿਸ਼ੇਸ਼ ਤਰੱਕੀ ਕੋਟੇ 
  ਅੰਮ੍ਰਿਤਸਰ  17  ਅਕਤੂਬਰ  (ਗਜਿੰਦਰ ਸਿੰਘ ਕਿੰਗ)  
ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਂਝ ਕੇਂਦਰ ਦੇ ਨਾਮ ਹੇਠ ਬਣਾਏ ਗਏ 115 ਸਮੂਹਦਾਇਕ ਪੁਲਿਸ ਵਿਵਸਥਾ ਕੇਂਦਰਾਂ ਦਾ ਰਸਮੀ ਉਦਘਾਟਨ ਕਰਕੇ ਪੰਜਾਬ ਪੁਲਿਸ ਨੂੰ ਹੋਰ ਵਧੇਰੇ ਨਾਗਰਿਕ ਪੱਖੀ ਬਣਾਉਣ ਦੀ ਦਿਸ਼ਾ ਵਿੱਚ ਵੱਡੀ ਪੇਸ਼ਕਦਮੀ ਕੀਤੀ ਹੈ। ਅੱਜ ਮਜੀਠਾ ਅਤੇ ਸਥਾਨਕ ਸਿਵਲ ਲਾਈਨ ਪੁਲਿਸ ਥਾਣਿਆਂ ਨਾਲ ਬਣਾਏ ਗਏ ਨਿਵੇਕਲੇ ਸਾਂਝ ਕੇਂਦਰਾਂ ਦਾ ਉਦਘਾਟਨ ਕਰਕੇ ਉਪ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਆਮ ਲੋਕਾਂ ਨਾਲ ਸੰਵਾਦ ਨੂੰ ਹੋਰ ਵਧੇਰੇ ਖੁਸ਼ਗਵਾਰ ਬਣਾਉਣ ਦਾ ਇਕ ਨਵਾਂ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਪੁਲਿਸ ਵੱਲੋਂ 4 ਮਹੀਨਿਆਂ ਦੇ ਸੰਖੇਪ ਅਰਸੇ ਵਿੱਚ 115 ਅਤਿ ਆਧੁਨਿਕ ਸੂਚਨਾ ਤਕਨਾਲੋਜੀ ਨਾਲ ਲੈਸ ਸਾਂਝ ਕੇਂਦਰਾਂ ਦਾ ਨਿਰਮਾਣ ਕਰਨ ਅਤੇ 116 ਹੋਰਨਾਂ ਅਜਿਹੇ ਕੇਂਦਰਾਂ ਨੂੰ ਛੇਤੀ ਹੀ ਮੁਕੰਮਲ ਕਰਨ ਦੇ ਰੂਪ ਵਿੱਚ ਮਾਰੇ ਗਏ ਵੱਡੇ ਹੰਭਲੇ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਘਾਲਣਾ ਸਦਕਾ ਹੀ ਉਨ੍ਹਾਂ ਦਾ ਸੁਪਨਾ ਅੱਜ ਸਾਕਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਖੇ ਕਿਰਾਏਦਾਰਾਂ, ਨੌਕਰਾਂ, ਪਾਸਪੋਰਟ, ਚਰਿੱਤਰ ਆਦਿ ਦੇ ਤਸਦੀਕੀਕਰਨ ਤੋਂ ਇਲਾਵਾ ਪੁਲਿਸ ਇਤਰਾਜਹੀਣਤਾ ਸਰਟੀਫਿਕੇਟ, ਵਾਹਨ ਚਲਾਨਾਂ ਦੀ ਅਦਾਇਗੀ, ਜਬਤ ਕੀਤੇ ਗਏ ਵਾਹਨਾਂ ਦੀ ਸੂਚਨਾ, ਸਿਆਸੀ, ਖੇਡ ਅਤੇ ਧਾਰਮਿਕ ਸਮਾਗਮਾਂ ਲਈ ਅਗਾਉਂ ਪ੍ਰਵਾਨਗੀ ਤੋਂ ਇਲਾਵਾ ਅਸਲਾ ਲਾਇਸੈਂਸ ਲਈ ਇਤਰਾਜਹੀਣਤਾ ਸਰਟੀਫਿਕੇਟ, ਲਾਉਡ ਸਪੀਕਰ/ਡੀ:ਜੇ ਆਦਿ ਚਲਾਉਣ ਦੀ ਆਗਿਆ ਜਿਹੀਆਂ ਪ੍ਰਵਾਨਗੀਆਂ ਨੂੰ ਪਹਿਲੇ ਗੇੜ ਵਿੱਚ ਸਾਂਝ ਕੇਂਦਰਾਂ ਅਧੀਨ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਫ:ਆਈ:ਆਰ ਦੀ ਨਕਲ ਅਤੇ ਨਾ ਲੱਭੀਆਂ ਜਾ ਸਕਣ ਜਿਹੀਆਂ ਰਿਪੋਰਟਾਂ ਦੀਆਂ ਨਕਲਾਂ ਆਨ ਲਾਈਨ ਪ੍ਰਦਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਦਾ ਜੁਰਮ ਸੂਚਨਾ ਕਾਉਂਟਰ ਅਣ ਪਛਾਤੀਆਂ ਲਾਸ਼ਾਂ, ਗੁੰਮ ਹੋਏ ਵਾਹਨਾਂ ਅਤੇ ਹੋਰ ਵਸਤਾਂ, ਦਾਸਤਾਵੇਜਾਂ, ਗੁਆਚੇ ਹੋਏ ਮੋਬਾਇਲ ਫੋਨਾਂ ਅਤੇ ਗੁਆਚੇ ਲੋਕਾਂ ਅਤੇ ਬੱਚਿਆਂ ਬਾਰੇ ਲੋੜੀਂਦੀ ਸੂਚਨਾ ਪ੍ਰਦਾਨ ਕਰੇਗਾ।
         ਇਸ ਪਹਿਲਕਦਮੀ ਦਾ ਸੰਖੇਪ ਵੇਰਵਾ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਢਲਾ ਉਦੇਸ਼ ਆਮ  ਪਬਲਿਕ ਅਤੇ ਵਰਦੀਧਾਰੀ ਪੁਲਿਸ ਵਿੱਚ ਸੰਵਾਦ ਨੂੰ ਘਟਾਉਣਾ ਹੈ ਕਿਉਂਕਿ ਕੋਈ ਵੀ ਆਮ ਨਾਗਰਿਕ ਕਿਸੇ ਕੰਮ ਲਈ ਪੁਲਿਸ ਥਾਣੇ ਜਾਣ ਤੋਂ ਝਿਜਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਂਝ ਕੇਂਦਰ ਪੁਲਿਸ ਥਾਣਿਆਂ ਤੋਂ ਵੱਖਰੇ ਅਤੇ ਇਨ੍ਹਾਂ ਦੀ ਪ੍ਰਵੇਸ਼ਗੀ ਵੀ ਅਲੱਗ ਹੈ ਅਤੇ ਇਨ੍ਹਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਕਾਰਪੋਰੇਟ ਖੇਤਰ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਵਾਂਗ ਵਿਚਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਮੂਹਦਾਇਕ ਪੁਲਿਸ ਵਿਵਸਥਾ ਸੁਧਾਰਾਂ ਅਤੇ ਤਿੰਨ ਵੱਡੇ ਸ਼ਹਿਰਾਂ ਵਿੱਚ ਨਵੀਂ ਕਮਿਸ਼ਨਰੇਟ ਵਿਵਸਥਾ ਉਪਰੰਤ ਰਾਜ ਅੰਦਰ ਚਾਲੂ ਵਰ੍ਹੇ ਦੌਰਾਨ ਅਪਰਾਧ ਦੀ ਦਰ ਵਿੱਚ 22 ਫੀਸਦੀ ਤੱਕ ਦੀ ਜਿਕਰਯੋਗ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਉਤਸ਼ਾਹੀ ਸਾਂਝ ਪ੍ਰਾਜੈਕਟ ਦਾ ਸੰਕਲਪ ਪਿਛਲੇ ਵਰ੍ਹੇ ਅਪਣਾਇਆ ਗਿਆ ਸੀ ਅਤੇ ਇਸ ਨੂੰ ਜਿਲ੍ਹਾ ਅਤੇ ਉਪ ਮੰਡਲ ਪੱਧਰ ਤੋਂ ਲੈ ਕੇ ਥਾਣਾ ਪੱਧਰ ਤੱਕ ਲਿਜਾਇਆ ਗਿਆ ਹੈ । ਇਕ ਤਰ੍ਹਾਂ ਨਾਲ ਇਹ ਕੇਂਦਰ ਪੁਲਿਸ ਅਤੇ ਸਮਾਜ ਦੀ ਭਾਈਵਾਲੀ ਦਾ ਧੁਰਾ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲ 2010-11 ਵਿੱਚ ਇਸ ਪ੍ਰਾਜੈਕਟ ਤੇ 30 ਕਰੋੜ ਰੁਪਏ ਖਰਚੇ ਗਏ ਹਨ ਅਤੇ 30 ਕਰੋੜ ਰੁਪਏ ਹੋਰ ਚਾਲੂ ਵਰ੍ਹੇ ਦੌਰਾਨ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਂਝ ਪ੍ਰਾਜੈਕਟ ਸਮੂਹਦਾਇਕ ਪੁਲਿਸ ਸਰੋਤ ਕੇਂਦਰਾਂ ਦੇ ਪ੍ਰਬੰਧਨ ਦਾ ਇਕ ਸੰਸਥਾਗਤ ਢਾਂਚਾ ਹੈ ਅਤੇ 27 ਪੁਲਿਸ ਜਿਲ੍ਹਿਆਂ, 114 ਉਪ ਮੰਡਲਾਂ ਅਤੇ 359 ਪੁਲਿਸ ਥਾਣਿਆਂ ਵਿਖੇ ਸਥਾਪਤ ਕੀਤੇ ਜਾ ਰਹੇ ਇਨ੍ਹਾਂ ਵਿਸ਼ੇਸ਼  ਕੇਂਦਰਾਂ ਨੂੰ ਸਾਂਝ ਕੇਂਦਰਾਂ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁੱਖ ਦਫ਼ਤਰ ਵਿਖੇ ਇਕ ਆਈ:ਜੀ:ਪੀ  ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਸਮੂਹਦਾਇਕ ਮਾਮਲੇ ਡਵੀਜਨ ਰਾਜ ਭਰ ਵਿੱਚ ਇਨ੍ਹਾਂ ਕੇਂਦਰਾਂ ਦੇ ਕੰਮਕਾਜ ਦੀ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਜੋਨਲ ਆਈ:ਜੀ, ਰੇਂਜ ਡੀ:ਆਈ:ਜੀ ਅਤੇ ਸਬੰਧਤ ਜਿਲਿਆਂ ਦੇ ਪੁਲਿਸ ਮੁਖੀ ਵੀ ਇਨ੍ਹਾਂ ਕੇਂਦਰਾਂ ਦੇ ਸਚਾਰੂ ਸੰਚਾਲਨ  ਲਈ ਜਿੰਮੇਵਾਰ ਅਤੇ ਜਵਾਬਦੇਹ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਸਾਂਝ ਕੇਂਦਰ ਦਾ ਪ੍ਰਬੰਧ ਪੁਲਿਸ ਅਧਿਕਾਰੀਆਂ ਸਿਹਤ ਸਿਖਿਆ ਅਤੇ ਔਰਤਾਂ ਨਾਲ ਸਬੰਧਤ ਮਹਿਕਮਿਆਂ ਦੀਆਂ ਗਤੀਵਿਧੀਆਂ, ਕਾਲਜ ਪ੍ਰਿੰਸੀਪਲਾਂ, ਹੋਰਨਾਂ ਖੇਤਰਾਂ ਦੇ ਮਾਹਿਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰਾਂ ਤੇ ਅਧਾਰਤ ਪੁਲਿਸ ਪਬਲਿਕ ਕਮੇਟੀ ਵੱਲੋਂ ਚਲਾਇਆ ਜਾਵੇਗਾ।

         ਸ੍ਰ ਬਾਦਲ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਲਈ ਇਹ ਕੇਂਦਰ ਵਿਦੇਸ਼ੀਆਂ ਦੇ ਰਾਜ ਵਿੱਚ ਆਉਣ ਅਤੇ ਜਾਣ ਸਮੇਂ ਉਨ੍ਹਾਂ ਦੇ ਨਾਮ ਦਰਜ ਕਰਨ, ਵਿਦੇਸ਼ਾਂ ਵਿੱਚ ਗੁਆਚੇ ਪਾਸਪੋਰਟਾਂ ਦੀ ਲੋੜੀਂਦੀ ਜਾਂਚ ਕਰਨ, ਟਰੈਵਲ ਏਜੰਟਾਂ ਵੱਲੋਂ ਕੀਤੇ ਗਏ ਘਪਲੇ ਆਦਿ ਦੀਆਂ ਸ਼ਿਕਾਇਤਾਂ ਦਰਜ ਕਰਨ ਅਤੇ ਵਿਦੇਸ਼ੀਆਂ ਦੇ ਠਹਿਰਣ ਦੇ ਸਮੇਂ ਵਿੱਚ ਵਾਧੇ ਜਿਹੀਆਂ ਪ੍ਰਵਾਨਗੀਆਂ ਦੀਆਂ ਸਹੂਲਤਾਂ ਪ੍ਰਦਾਨ ਕਰਨਗੇ।
         ਉਪ ਮੁੱਖ ਮੰਤਰੀ ਨੇ ਇਹ ਸਪਸ਼ਟ ਕੀਤਾ ਕਿ ਸਮੂਹਦਾਇਕ ਪੁਲਿਸ ਵਿਵਸਥਾ ਲਈ ਆਮ ਪੁਲਿਸ ਨਾਲੋਂ ਵੱਖਰਾ ਕੇਡਰ ਹੋਵੇਗਾ ਅਤੇ ਉਨ੍ਹਾਂ ਲਈ 1 ਫੀਸਦੀ  ਵਿਸ਼ੇਸ਼ ਤਰੱਕੀ ਕੋਟਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਮੂਹਦਾਇਕ ਪੁਲਿਸ ਵਿਵਸਥਾ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ਹਰ ਸਾਲ 5 ਰਾਜ ਪੱਧਰੀ ਮੈਡਲ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਇਸ ਦਿਸ਼ਾ ਵਿੱਚ ਹੋਣ ਵਾਲੀਆਂ ਪਹਿਲ ਕਦਮੀਆਂ ਦੀ ਨਿਰੰਤਰ ਸਮੀਖਿਆ ਕਰਨਗੇ ਅਤੇ ਇਸ ਖੇਤਰ ਵਿੱਚ ਫੀਲਡ ਵਿਚਲੇ ਸੀਨੀਅਰ ਅਧਿਕਾਰੀਆਂ  ਦੀ ਕਾਰਗੁਜਾਰੀ ਉਨ੍ਹਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਵਿੱਚ ਦਰਜ ਹੋਵੇਗੀ।
         ਉਪ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਦੇਸ਼ ਦੀਆਂ ਨਜਰਾਂ ਪੰਜਾਬ ਸਰਕਾਰ ਦੇ ਇਸ ਸਾਂਝ ਤਜਰਬੇ ਵੱਲ ਲੱਗੀਆਂ ਹੋਈਆਂ ਹਨ ਅਤੇ ਸਮੁੱਚੇ ਦੇਸ਼ ਅੰਦਰੋਂ ਉਨ੍ਹਾਂ ਨੂੰ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਬਾਰੇ ਪੁਛਿਆ ਜਾ ਰਿਹਾ ਹੈ ਕਿਉਂਕਿ ਕਈ ਹੋਰ ਸੂਬੇ ਵੀ ਇਸ ਪਹਿਲਕਦਮੀ ਨੂੰ ਅਪਣਾਉਣਾ ਚਾਹੁੰਦੇ ਹਨ।
         ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਤੀਕਸ਼ਣ ਸੂਦ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੁਆਰਾ ਲਏ  ਗਏ ਲੋਕ ਹਿੱਤੀ ਫੈਸਲਿਆਂ, ਸੇਵਾਵਾਂ ਦਾ ਅਧਿਕਾਰ ਕਾਨੂੰਨ, ਸਥਾਨਕ ਸਰਕਾਰਾਂ ਸਹੂਲਤਾਂ, ਆਵਾਜਾਈ ਵਿਭਾਗ ਵਿੱਚੋਂ ਈ-ਗਵਰਨੈਂਸ ਦੀ ਪਹਿਲਕਦਮੀ ਅਤੇ ਸਾਂਝ ਕੇਂਦਰਾਂ ਦੀ ਸਥਾਪਨਾ ਕਰਕੇ ਆਉਣ ਵਾਲੀਆਂ ਵਿਧਾਨ ਸਭਾਈ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਦਾ ਮਨ ਬਣਾਈ ਬੈਠੇ ਹਨ।
         ਇਸ ਮੌਕੇ ਸੰਸਦੀ ਮੈਂਬਰ ਸ੍ਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੇ ਸਾਰੇ ਦੇਸ਼ ਨੂੰ ਇਹ ਦਿਖਾ ਦਿੱਤਾ ਹੈ ਕਿ ਸਹੀ ਤਰੀਕੇ ਦੇ ਬਦਲਾਵਾਂ ਰਾਹੀਂ ਭ੍ਰਿਸ਼ਟਾਚਾਰ ਵਰਗੀ ਸਮੱਸਿਆ ਨਾਲ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਅਨਿਲ ਕੋਸ਼ਿਕ ਨੇ ਉਪ ਮੁੱਖ ਮੰਤਰੀ ਪੰਜਾਬ ਦਾ ਜੀ ਆਇਆ ਕਰਦਿਆਂ ਕਿਹਾ  ''ਸਾਂਝ''  ਦੇ ਸਿਧਾਂਤ ਨੂੰ ਸਫਲ ਬਣਾਉਣ ਲਈ ਪੁਲਿਸ ਵਿਭਾਗ ਪੂਰੀ ਦ੍ਰਿੜਤਾ ਨਾਲ ਕੰਮ ਕਰੇਗਾ।
         ਇਸ ਮੌਕੇ ਸ੍ਰੀ ਐਸ:ਕੇ:ਸ਼ਰਮਾ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ/ਐਚ:ਆਰ:ਡੀ ਅਤੇ ਕਮਿਊਨਟੀ ਪੁਲੀਸਿੰਗ, ਸ੍ਰੀਮਤੀ ਗੁਰਪ੍ਰੀਤ ਕੌਰ ਦਿਓ,ਆਈ:ਜੀ:ਪੀ/ਐਨ:ਆਰ:ਆਈ ਅਤੇ ਕਮਿਊਨਟੀ ਮਾਮਲੇ ਡਵੀਜਨ ਸ੍ਰੀ ਪ੍ਰਮੋਦ ਬਾਨ, ਡੀ:ਆਈ:ਜੀ ਪਟਿਆਲਾ ਰੇਂਜ ਅਤੇ ਸ੍ਰੀ ਸ਼ਿਵੇ ਕੁਮਾਰ ਬਰਮਾ, ਏ:ਆਈ:ਜੀ ਕਮਿਊਨਟੀ ਪੁਲੀਸਿੰਗ ਨੇ ਸਾਂਝ ਕੇਂਦਰਾਂ ਦੇ ਸਿਧਾਂਤ ਅਤੇ ਫਲਸਫੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
         ਇਸ ਮੌਕੇ ਸ੍ਰੀ ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਪਾਰਲੀਮਾਨੀ ਸਕੱਤਰ, ਸ੍ਰ ਬਿਕਰਮ ਸਿੰਘ ਮਜੀਠੀਆ, ਸ੍ਰੀ ਅਨਿਲ ਜੋਸ਼ੀ ਦੋਵੇਂ ਵਿਧਾਇਕ ਅਤੇ ਸ੍ਰੀ ਸ਼ਵੇਤ ਮਲਿਕ ਮੇਅਰ ਅੰਮ੍ਰਿਤਸਰ ਹਾਜਰ ਸਨ।

No comments: