Thursday, October 13, 2011

ਇਸ ਵਾਰ ਦੀ ਦਿਵਾਲੀ ਵੀ ਦਹਿਸ਼ਤ ਦੇ ਪਰਛਾਵੇਂ ਹੇਠ


5 ਕਿਲੋ ਧਮਾਕਾਖੇਜ਼ ਪਦਾਰਥਾਂ ਨਾਲ ਭਰੀ ਕਾਰ ਬਰਾਮਦ
ਲਸ਼ਕਰ ਨੇ ਭੇਜਿਆ ਸੀ ਇਹ ਕਾਰ ਬੰਬ ਬੱਬਰ ਖਾਲਸਾ ਵੱਲ
5 ਡੈਟੋਨੇਟਰ,2 ਟਾਈਮ ਮਸ਼ੀਨ,5 ਕਿਲੋ ਧਮਾਕਾਖੇਜ਼ ਸਾਮਾਨ ਅਤੇ 2 ਬੈਟਰੀਆਂ ਬਰਾਮਦ 
ਅੰਬਾਲਾ: 13 ਅਕਤੂਬਰ ਇੱਕ ਵਾਰ ਫੇਰ ਚਿੰਤਾ ਜਨਕ ਖਬਰਾਂ ਆ ਰਹੀਆਂ ਹਨ. ਸਾਰੇ ਦੇ ਸਾਰੇ ਦਿਨ ਤਿਓਹਾਰ ਦਹਿਸ਼ਤ ਦੇ ਪਰਛਾਵੇਂ ਹੇਠ ਮਨਾਉਣ ਦੀ ਇੱਕ ਮਜਬੂਰੀ ਸਾਡੀ ਕਿਸਮਤ ਬਣ ਗਈ ਹੈ. ਇਸ ਵਾਰ ਦੀਵਾਲੀ ਤੋਂ ਸਿਰਫ ਕੁਝ ਹੀ ਦਿਨ ਪਹਿਲਾਂ ਪੁਲਸ ਨੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਪਾਰਕਿੰਗ 'ਚ ਖੜੀ ਇਕ ਕਾਰ 'ਚੋਂ 5 ਕਿਲੋਗ੍ਰਾਮ ਤੋਂ ਵੱਧ ਧਮਾਕਾਖੇਜ਼ ਅਤੇ ਡੈਟੋਨੇਟਰ ਆਦਿ ਬਰਾਮਦ ਕਰਕੇ ਸ਼ੱਕੀ ਅੱਤਵਾਦੀ ਸਾਜ਼ਿਸ਼ ਨੂੰ ਇੱਕ ਵਾਰ ਫੇਰ ਨਾਕਾਮ ਕਰ ਦਿੱਤਾ. ਟੀਵੀ ਚੈਨਲਾਂ ਦੀਆਂ ਖਬਰਾਂ ਮੁਤਾਬਿਕ ਇਸ ਸਾਜਿਸ਼ ਦਾ ਸੁਰਾਗ ਵੀਹ ਕੁ ਦਿਨ ਪਹਿਲਾਂ ਇੱਕ ਫੋਨ ਕਾਲ ਨੂੰ ਟ੍ਰੇਸ ਕਰਦਿਆਂ ਮਿਲਿਆ. ਪੁਲਸ ਦੇ ਮੁਤਾਬਿਕ ਇਹ ਸਭ ਕੁਝ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਦਿੱਲੀ ਅਤੇ ਹਰਿਆਣਾ ਪੁਲਸ ਦੀ ਇਕ ਸਾਂਝੀ ਟੀਮ ਨੇ ਕੀਤਾ. ਵੇਰਵੇ ਅਨੁਸਾਰ ਬੀਤੀ ਰਾਤ ਰੇਲਵੇ ਸਟੇਸ਼ਨ ਦੇ ਬਾਹਰ ਖਡ਼੍ਹੀ ਇਕ ਕਾਰ 'ਚ ਰੱਖਿਆ ਇਹ ਬਹੁਤ ਹੀ ਖਤਰਨਾਕ ਧਮਾਕਾਖੇਜ਼ ਸਾਮਾਨ ਬਰਾਮਦ ਕੀਤਾ ਗਿਆ.  ਸੀਨੀਅਰ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ ਹਰਿਆਣਾ ਦੇ ਪੁਲਸ ਡਾਇਰੈਕਟਰ ਜਨਰਲ ਰਾਜੀਵ ਦਲਾਲ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਖਡ਼੍ਹੀ ਕਾਰ 'ਚੋਂ 5 ਡੈਟੋਨੇਟਰ, 2 ਟਾਈਮ ਮਸ਼ੀਨ, 2 ਪੈਕੇਟਾਂ 'ਚ ਰੱਖਿਆ 5 ਕਿਲੋਗ੍ਰਾਮ ਧਮਾਕਾਖੇਜ਼ ਸਾਮਾਨ ਅਤੇ 2 ਬੈਟਰੀਆਂ ਬਰਾਮਦ ਕੀਤੀਆਂ ਗਈਆਂ. ਕਾਰ 'ਚ ਜੰਮੂ-ਕਸ਼ਮੀਰ 'ਚ ਛਪਣ ਵਾਲੇ 2 ਅਖਬਾਰ ਅਤੇ ਇਕ ਮਠਿਆਈ ਦਾ ਡੱਬਾ ਸੀ ਜਿਸ ਤੋਂ ਲੱਗਦਾ ਸੀ ਕਿ ਇਸ ਨੂੰ ਜੰਮੂ  ਬਾਡ਼ੀ ਬ੍ਰਹਮ ਇਲਾਕੇ 'ਚੋਂ ਖਰੀਦਿਆ ਗਿਆ ਹੋਵੇ. ਕਾਰ 'ਤੇ ਹਰਿਆਣਾ ਦਾ ਫਰਜ਼ੀ ਰਜਿਸਟ੍ਰੇਸ਼ਨ ਨੰਬਰ ਸੀ ਅਤੇ ਪੁਲਸ ਨੂੰ ਸ਼ੱਕ ਹੈ ਕਿ ਗੱਡੀ ਚੋਰੀ ਦੀ ਸੀ. ਇਹ ਪੁੱਛੇ ਜਾਣ  'ਤੇ ਕਿ ਕੀ ਅੱਤਵਾਦੀ ਸਾਜ਼ਿਸ਼ ਦਾ ਨਿਸ਼ਾਨਾ ਦਿੱਲੀ ਹੋ ਸਕਦੀ ਸੀ ਤਾਂ ਉਨ੍ਹਾਂ ਕਿਹਾ ਕਿ ਵੱਖ-ਵੱਖ ਜਾਂਚ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਇਥੇ ਹਨ. ਅਸੀਂ ਹਰ ਪਾਸੇ ਤੋਂ ਜਾਂਚ ਕਰ ਰਹੇ ਹਾਂ. ਅੰਬਾਲਾ ਛਾਉਣੀ ਇਲਾਕਾ ਹੈ ਅਤੇ ਪੁਲਸ ਇਹ ਵੀ ਜਾਂਚ ਕਰੇਗੀ ਕਿ ਕੀ ਅੱਤਵਾਦੀਆਂ ਦਾ ਮਕਸਦ ਇਲਾਕੇ 'ਚ ਸਥਿਤ ਫੌਜੀ ਛਾਉਣੀ ਹੋ ਸਕਦੀ ਸੀ? ਧਮਾਕਾਖੇਜ਼ ਸਾਮਾਨ ਨੂੰ ਫਾਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ. ਦਿੱਲੀ ਤੋਂ ਕੌਮੀ ਸੁਰੱਖਿਆ ਗਾਰਡ ਦੀ ਇਕ ਟੀਮ ਵੀ ਮੌਕੇ 'ਤੇ ਪਹੁੰਚ ਚੁੱਕੀ ਹੈ. ਪੁਲਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਪੰਜਾਬ ਅਤੇ ਹਰਿਆਣਾ 'ਚ ਵੱਖ-ਵੱਖ ਟੋਲ ਪਲਾਜ਼ਾ 'ਤੇ ਲੱਗੇ ਸੀ. ਸੀ. ਟੀ. ਵੀ. ਵੀ ਚੈੱਕ ਕਰੇਗੀ ਜਿਥੋਂ ਕਾਰ ਲੰਘੀ ਹੋਵੇਗੀ। ਇਸ ਕਾਰ 'ਤੇ ਰਜਿਸਟ੍ਰੇਸ਼ਨ ਨੰਬਰ ਐੱਚ. ਆਰ. 03 ਆਰ 0055 ਲਿਖਿਆ ਸੀ. ਓਧਰ ਸਪੈਸ਼ਲ ਸੈੱਲ ਦੇ ਡੀ. ਸੀ. ਪੀ. ਅਰੁਣ ਕੰਪਾਨੀ ਨੇ ਦੱਸਿਆ ਕਿ ਲਸ਼ਕਰ ਨੇ ਦਿੱਲੀ 'ਚ ਧਮਾਕਾ ਕਰਨ ਲਈ ਇਹ ਕਾਰ ਭੇਜੀ ਸੀ. ਉਨ੍ਹ੍ਹਾਂ ਕਿਹਾ ਕਿ ਅੰਬਾਲਾ 'ਚ ਮਾਲ ਦੀ ਅਦਲਾ-ਬਦਲੀ ਕੀਤੀ ਗਈ ਹੈ. ਕਾਰ ਰੇਲਵੇ ਸਟੇਸ਼ਨ ਪਾਰਕਿੰਗ 'ਚ ਕੱਲ ਤੋਂ ਹੀ ਲਗਾਈ ਗਈ ਸੀ. ਇਹ ਕਾਰ ਲਸ਼ਕਰ ਵਲੋਂ ਬੱਬਰ ਖਾਲਸਾ ਨੂੰ ਭੇਜੀ ਗਈ ਸੀ. ਅਰੁਣ ਨੇ ਖੁਫੀਆ ਵਿਭਾਗ ਦੇ ਹਵਾਲੇ ਤੋਂ ਇਹ ਖਬਰ ਦਿਤੀ. ਸੂਤਰਾਂ ਅਨੁਸਾਰ ਇਹ ਧਮਾਕਾਖੇਜ਼ ਸਾਮਾਨ ਨੇਪਾਲ ਰਾਹੀਂ ਅੰਬਾਲਾ ਲਿਆਂਦਾ ਗਿਆ ਸੀ ਅਤੇ ਇਸ ਨੂੰ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਨੇ ਭੇਜਿਆ ਸੀ. ਤਿੰਨ ਲੋਕ ਇਸ ਨੂੰ ਅੰਬਾਲਾ ਤੱਕ ਲੈ ਕੇ ਆਏ.ਸੂਤਰਾਂ ਦੀ ਇਤਲਾਹ ਨੂੰ ਸਹੀ ਮੰਨੀਏ ਤਾਂ ਪੁਲਸ ਨੂੰ ਇਸ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਧਮਾਕਾਖੇਜ਼ ਸਾਮਾਨ ਦਿੱਲੀ ਪਹੁੰਚਾਉਣ ਦੀ ਸਾਜ਼ਿਸ਼ ਰਚ ਰਹੇ ਹਨ. ਇਸ ਤੋਂ ਬਾਅਦ ਦਿੱਲੀ ਪੁਲਸ ਦੀ ਸੂਚਨਾ 'ਤੇ ਅੰਬਾਲਾ 'ਚ ਧਮਾਕਿਆਂ ਨਾਲ ਭਰੀ ਕਾਰ ਬਰਾਮਦ ਕਰ ਲਈ ਗਈ. ਹੁਣ ਦੇਖਣਾ ਇਹ ਹੈ ਕੀ ਰਾਸ਼੍ਟ੍ਰਪਿਤਾ ਮਹਾਤਮਾ ਗਾਂਧੀ ਦੇ ਇਸ ਦੇਸ਼ ਵਿੱਚ ਆਮ ਇਨਸਾਨ ਨੂੰ ਸੁੱਖ ਸ਼ਾਂਤੀ ਵਾਲੀ ਜ਼ਿੰਦਗੀ ਕਦੋਂ ਨਸੀਬ ਹੋਵੇਗੀ ? 

No comments: