Thursday, October 06, 2011

ਪੰਜਾਬ ਵਿਧਾਨ ਸਭਾ ਵਿੱਚ ਹੰਗਾਮਾ--ਅਰਬਾਂ ਰੁਪੇ ਦੇ ਘੋਟਾਲੇ ਦਾ ਦੋਸ਼

ਸਿਧਾ ਨਿਸ਼ਾਨਾ ਬਣਾਇਆ ਗਿਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ
ਰੋਜ਼ਾਨਾ ਜਗ ਬਾਣੀ ਦੇ ਪਹਿਲੇ ਸਫੇ ਦੀ ਮੁੱਖ ਖਬਰ
ਜਨਤਕ ਵੰਡ ਪ੍ਰਣਾਲੀ ਵਿੱਚ ਅਰਬਾਂ ਰੁਪਏ ਦੇ ਘੋਟਾਲੇ ਦਾ ਦੋਸ਼ ਪੰਜਾਬ ਵਿਧਾਨ ਸਭਾ ਵਿੱਚ ਇੱਕ ਹੰਗਾਮੇ ਦੇ ਰੂਪ ਵਿੱਚ ਸਾਹਮਣੇ ਆਇਆ ਮੀਡੀਆ  ਨੇ ਇਸ ਹੰਗਾਮੇ ਨੂੰ ਆਪਣੀ ਮੁੱਖ ਖਬਰ ਬਣਾਇਆ। ਰੋਜ਼ਾਨਾ ਜਗ ਬਾਣੀ ਨੇ ਆਪਣੇ ਪਹਿਲੇ ਸਫੇ ਦੀ ਮੁੱਖ ਖਬਰ ਵਿੱਚ ਦੱਸਿਆ ਕਿ ਪੰਜਾਬ ਅਸੈਂਬਲੀ ਸੈਸ਼ਨ ਦੇ ਦੂਜੇ ਦਿਨ ਕਾਂਗਰਸ ਵਲੋਂ ਮਿੱਟੀ ਦੇ ਤੇਲ ਦੀ ਵੰਡ ਤੇ ਆਟਾ ਦਾਲ ਸਕੀਮ ਦੇ ਮੁੱਦਿਆਂ ਨੂੰ ਲੈ ਕੇ ਭਾਰੀ ਹੰਗਾਮੇ ਕੀਤੇ ਗਏ ਤੇ ਇਸ ਸਥਿਤੀ ਕਾਰਨ ਸਪੀਕਰ ਨੂੰ ਇਕ ਵਾਰ ਅਸੈਂਬਲੀ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਜ਼ੀਰੋ ਆਵਰ 'ਚ ਕਾਂਗਰਸ ਦੇ ਸੁਨੀਲ ਜਾਖਡ਼ ਨੇ ਮਿੱਟੀ ਦੇ ਤੇਲ ਦੀ ਵੰਡ 'ਚ ਘਪਲੇ ਦਾ ਦੋਸ਼ ਲਾਉਂਦਿਆਂ ਕੰਮ ਰੋਕੂ ਮਤਾ ਰੱਖਿਆ ਪ੍ਰੰਤੂ ਸਪੀਕਰ ਨੇ ਇਸ ਨੂੰ ਤੁਰੰਤ ਹੀ ਨਾਮਨਜ਼ੂਰ ਕਰ ਦਿਤਾ ਜਿਸ ਤੋਂ ਬਾਅਦ ਕਾਂਗਰਸੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਪੀਕਰ ਦੇ ਆਸਣ ਵੱਲ ਵਧਣ ਦਾ ਯਤਨ ਕੀਤਾ। ਇਸੇ ਦੌਰਾਨ ਕਾਂਗਰਸ ਨੇ ਇਨ੍ਹਾਂ ਮੁੱਦਿਆਂ 'ਤੇ ਮੁੱਖ ਮੰਤਰੀ ਵਲੋਂ ਕੋਈ ਵੀ ਪ੍ਰਤੀਕਿਰਿਆ ਨਾ ਦਿੱਤੇ ਜਾਣ 'ਤੇ ਵਾਕਆਊਟ ਕੀਤਾ। ਫੂਡ ਸਪਲਾਈ ਵਿਭਾਗ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜਵਾਬ 'ਤੇ ਕਾਂਗਰਸੀ ਮੰਤਰੀ ਸੰਤੁਸ਼ਟ ਨਹੀਂ ਹੋਏ.ਮਨਰੇਗਾ ਸਕੀਮ ਨੂੰ ਲੈ ਕੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਭਾਰੀ ਸ਼ੋਰ ਸ਼ਰਾਬੇ ਦਾ ਮਾਹੌਲ ਬਣਿਆ ਰਿਹਾ। ਅਖਬਾਰ ਨੇ ਦੱਸਿਆ ਕਿ ਮਿੱਟੀ ਦੇ ਤੇਲ ਤੇ ਆਟਾ ਦਾਲ ਸਕੀਮ ਦੇ ਮੁੱਦੇ 'ਤੇ ਹੋਏ ਹੰਗਾਮੇ ਦੌਰਾਨ ਕਾਂਗਰਸੀਆਂ ਨੇ ਵਿਭਾਗ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਸਿੱਧਾ ਨਿਸ਼ਾਨਾ ਬਣਾਉਂਦਿਆਂ ਗੰਭੀਰ ਦੋਸ਼ ਲਾਏ ਤੇ ਮਿੱਟੀ ਦੇ ਤੇਲ ਦੀ ਵੰਡ 'ਚ  ਕਰੋਡ਼ ਰੁਪਏ ਦੇ ਘਪਲੇ ਦੀ ਗੱਲ ਕਰਦਿਆਂ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ। ਹੁਣ ਜਦੋਂ ਕਿ ਚੋਣਾਂ ਸਿਰ 'ਤੇ ਹਨ ਉਦੋ ਇਹਨਾਂ ਹੰਗਾਮਿਆਂ ਦਾ ਸਰਕਾਰ 'ਤੇ ਕਿ ਅਸਰ ਪੈਂਦਾ ਹੈ ਏਸ ਨੂੰ ਭਵਿੱਖ ਲਈ ਛੱਡਦੇ ਹੋਏ ਲਓ ਦੇਖੋ ਮੀਡੀਆ ਚੋਂ ਇੱਕ ਝਲਕ
* ਵਿਰੋਧੀ ਧਿਰ ਵੱਲੋਂ ਦੋ ਹਜ਼ਾਰ ਕਰੋਡ਼ ਰੁਪਏ ਦੇ ਘੁਟਾਲੇ ਦਾ ਦੋਸ਼
* ਸੁਖਬੀਰ ਵੱਲੋਂ ਜਾਂਚ ਦਾ ਭਰੋਸਾ

ਪੰਜਾਬ ਕਾਗ਼ਰਸ ਦੇ ਆਗੂ ਬੁੱਧਵਾਰ ਨੂੰ ਵਿਧਾਨ ਸਭਾ ਦੇ ਬਾਹਰ ਸਰਕਾਰ ਖਿਲਾਫ ਰੋਹ ਪ੍ਰਗਟਾਉਂਦੇ ਹੋਏ (ਫੋਟੋ: ਐਸ. ਚੰਦਨ)
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 5 ਅਕਤੂਬਰ
ਪੰਜਾਬ ਵਿਧਾਨ ਸਭਾ ਵਿੱਚ ਅੱਜ ਵਿਰੋਧੀ ਧਿਰ ਦੇ ਮੈਂਬਰਾਂ ਨੇ ਜਨਤਕ ਵੰਡ ਪ੍ਰਣਾਲੀ ਵਿੱਚ ਅਰਬਾਂ ਰੁਪਏ ਦੇ ਘੁਟਾਲੇ ਦਾ ਦੋਸ਼ ਲਾਉਂਦਿਆਂ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਇਆ। ਕਾਂਗਰਸੀ ਮੈਂਬਰ ਸੁਨੀਲ ਜਾਖਡ਼ ਵੱਲੋਂ ਪੇਸ਼ ਕੀਤੇ ‘ਕੰਮ ਰੋਕੂ’ ਮਤੇ ਦੇ ਨੋਟਿਸ ਨੂੰ ਸਪੀਕਰ ਨਿਰਮਲ ਸਿੰਘ ਕਾਹਲੋਂ ਵੱਲੋਂ ਰੱਦ ਕਰ ਦਿੱਤਾ ਗਿਆ। ਜਦੋਂ ਸਪੀਕਰ ਨੇ ਵਿਰੋਧੀ ਧਿਰ ਨੂੰ ਇਸ ਮੁੱਦੇ ’ਤੇ ਬੋਲਣ ਲਈ ਸਮਾਂ ਨਾ ਦਿੱਤਾ ਤਾਂ ਸਮੁੱਚੀ ਵਿਰੋਧੀ ਧਿਰ ਸਦਨ ਦੇ ਵਿਚਕਾਰ ਆ ਗਈ। ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਰਹੇ। ਕਾਂਗਰਸੀ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਅਤੇ ਸ਼ੋਰ ਸ਼ਰਾਬਾ ਕਰਨ ’ਤੇ ਸਪੀਕਰ ਨੂੰ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਉਠਾਉਣੀ ਪਈ। ਵਿਰੋਧੀ ਧਿਰ ਨੇ ਇਸ ਮਾਮਲੇ ’ਤੇ ਸਦਨ ਦੀ ਕਾਰਵਾਈ ’ਚੋਂ ਵਾਕਆਊਟ ਵੀ ਕੀਤਾ। ਸਦਨ ਦੀ ਕਾਰਵਾਈ ਚਾਰ ਵਜੇ ਮੁਡ਼ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਮੁਡ਼ ਇਸ ਮੁੱਦੇ ’ਤੇ ਬੋਲਣ ਦੀ ਮੰਗ ਕੀਤੀ। ਸਪੀਕਰ ਵੱਲੋਂ ਕਾਂਗਰਸੀ ਵਿਧਾਇਕ ਸੁਨੀਲ ਜਾਖਡ਼ ਨੂੰ ਜਨਤਕ ਵੰਡ ਪ੍ਰਣਾਲੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਦੇਣ ਤੋਂ ਬਾਅਦ ਹੀ ਸਦਨ ਦੀ ਕਾਰਵਾਈ ਚੱਲ ਸਕੀ। ਵਿਧਾਨ ਸਭਾ ਵਿੱਚ ਅੱਜ ਸਰਕਾਰ ਦੀ ਟਰਾਂਸਪੋਰਟ ਨੀਤੀ ਦੀ ਵੀ ਚਰਚਾ ਹੁੰਦੀ ਰਹੀ ਤੇ ਕਈ ਮੈਂਬਰਾਂ ਨੇ ਇਸ ਮੁੱਦੇ ’ਤੇ ਸਰਕਾਰ  ਉਪਰ ਤਿੱਖੇ ਹਮਲੇ ਕੀਤੇ।
ਸਰਕਾਰੀ ਧਿਰ ਨੇ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਘੁਟਾਲੇ ਦੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਮਾਮਲੇ ਦੀ ਹਰ ਤਰ੍ਹਾਂ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਾਉਣ ਦੀ ਮੰਗ ਕੀਤੀ। ਸੁਨੀਲ ਜਾਖਡ਼ ਨੇ ਸਿਫਰ ਕਾਲ ਦੌਰਾਨ ਬੋਲਦਿਆਂ ਦਾਅਵਾ ਕੀਤਾ ਕਿ ਪੰਜਾਬ ਭਰ ਵਿੱਚੋਂ 9,000 ਤੋਂ ਵੱਧ ਪਰਿਵਾਰਾਂ ਨੇ ਹਲਫੀਆ ਬਿਆਨ ਦਿੰਦਿਆਂ ਦਾਅਵਾ ਕੀਤਾ ਹੈ ਕਿ ਪਿਛਲੇ ਸਮੇਂ ਦੌਰਾਨ ਜਨਤਕ ਵੰਡ ਪ੍ਰਣਾਲੀ ਦੌਰਾਨ ਮਿਲਦਾ ਮਿੱਟੀ ਦਾ ਤੇਲ ਅਤੇ ਆਟਾ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਮਾਲੀ ਸਾਲ ਦੌਰਾਨ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਕੇਂਦਰ ਸਰਕਾਰ ਨੇ 22,20,98000 ਲਿਟਰ ਮਿੱਟੀ ਦਾ ਤੇਲ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਤੇਲ ਲੋਡ਼ਵੰਦ ਲੋਕਾਂ ਨੂੰ ਮਿਲਿਆ ਹੀ ਨਹੀਂ ਤੇ ਰਸਤੇ ਵਿੱਚ ਹੀ ਖੁਰਦ ਬੁਰਦ ਹੋ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਜਨਤਕ ਵੰਡ ਪ੍ਰਣਾਲੀ ਵਿੱਚ ਪਿਛਲੇ ਸਾਲਾਂ ਦੌਰਾਨ ਦੋ ਹਜ਼ਾਰ ਕਰੋਡ਼ ਰੁਪਏ ਦਾ ਘੁਟਾਲਾ ਹੋਇਆ ਹੈ। ਸੁਨੀਲ ਕੁਮਾਰ ਜਾਖਡ਼ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਪਾਰਦਰਸ਼ੀ ਤੇ ਨਿਰਪੱਖ ਨਹੀਂ ਕਰਵਾਈ ਜਾ ਸਕਦੀ।
ਸਾਬਕਾ ਮੰਤਰੀ ਲਾਲ ਸਿੰਘ ਨੇ ਵੀ ਆਪਣੀ ਪਾਰਟੀ ਦੇ ਮੈਂਬਰ ਦਾ ਇਸ ਮਾਮਲੇ ’ਤੇ ਪੂਰਾ ਸਾਥ ਦਿੱਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਹਰ ਮਹੀਨੇ 6 ਰੁਪਏ 10 ਪੈਸੇ ਪ੍ਰਤੀ ਕਿੱਲੋ ਦੇ ਭਾਅ ’ਤੇ ਆਉਂਦੀ 8 ਲੱਖ ਟਨ ਕਣਕ ਨੂੰ ਰਾਜ ਸਰਕਾਰ ਵੱਲੋਂ 12 ਰੁਪਏ ਪ੍ਰਤੀ ਕਿਲੋ ਵੇਚ ਕੇ ਲੋਕਾਂ ਦੀ ਲੁੱਟ ਕਰਨ ਦੇ ਦੋਸ਼ ਲਾਏ। ਵਿਰੋਧੀ ਧਿਰ ਦੇ ਮੈਂਬਰ ਵਿਧਾਨ ਸਭਾ ਵਿੱਚ ਕਾਗਜ਼ਾਂ ਦੇ ਪੁਲੰਦੇ ਲੈ ਕੇ ਆਏ ਸਨ, ਜਿਨ੍ਹਾਂ ਨੂੰ ਹਲਫੀਆ ਬਿਆਨ ਕਿਹਾ ਜਾ ਰਿਹਾ ਸੀ। ਵਿਰੋਧੀ ਧਿਰ ਵੱਲੋਂ ਇਸ ਮਾਮਲੇ ’ਤੇ ਸ਼ੋਰ ਸ਼ਰਾਬਾ ਕਰਨ ਦੌਰਾਨ ਸਪੀਕਰ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਆਪਣੀ ਗੱਲ ਕਹਿਣ ’ਤੇ ਅਡ਼ੀ ਰਹੀ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਕਹਿਣਾ ਸੀ ਕਿ ਜੇਕਰ ਵਿਰੋਧੀ ਧਿਰ ਨੂੰ ਕੋਈ ਸ਼ਿਕਾਇਤ ਹੈ ਤਾਂ ਇਸ ਮਾਮਲੇ ਦੀ ਪਡ਼ਤਾਲ ਕਰਵਾਈ ਜਾ ਸਕਦੀ ਹੈ। ਉਨ੍ਹਾਂ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਤਾਂ ਜਨਤਕ ਵੰਡ ਪ੍ਰਣਾਲੀ ਵਿੱਚ ਕਈ ਵੱਡੇ ਸੁਧਾਰ ਲਿਆਂਦੇ ਹਨ। ਸ੍ਰੀ ਕੈਰੋਂ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਦਨ ਦੇ ਅੰਦਰ ਸੁਨੀਲ ਜਾਖਡ਼ ਨਾਲ ਨਿੱਜੀ ਤੌਰ ’ਤੇ ਗੱਲ ਕਰਦਿਆਂ ਮਾਮਲੇ ਦੀ ਪੂਰੀ ਜਾਂਚ ਕਰਾਉਣ ਦਾ ਭਰੋਸਾ ਵੀ ਦਿੱਤਾ।
ਪੰਜਾਬ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ’ਤੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਟ੍ਰਿਬਿਊਨ’ ਅਖ਼ਬਾਰ ਸਮੂਹ ਵੱਲੋਂ ਉਠਾਏ ਨੁਕਤਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਟਰਾਂਸਪੋਰਟ ਨੀਤੀ ਨੂੰ ਨਿੱਜੀ ਟਰਾਂਸਪੋਰਟਰਾਂ ਦੇ ਪੱਖ ਦੀ ਕਿਹਾ। ਸਪੀਕਰ ਨੇ ਇਸ ਮਾਮਲੇ ’ਤੇ ਸ੍ਰੀ ਖਹਿਰਾ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਇਸੇ ਦੌਰਾਨ ਸ੍ਰੀ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਿਚਾਲੇ ਤਿੱਖੀ ਬਹਿਸ ਵੀ ਹੋਈ ਤੇ ਇੱਕ ਦੂਜੇ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ। ਆਜ਼ਾਦ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਵੀ ਟਰਾਂਸਪੋਰਟ ਨੀਤੀ, ਆਟਾ, ਕਣਕ ਤੇ ਟੀ.ਵੀ. ਚੈਨਲਾਂ ਦੇ ਮੁੱਦੇ ’ਤੇ ਤਿੱਖੇ ਵਿਅੰਗ ਕੱਸੇ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੀ ਗੈਲਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਜਨਤਕ ਵੰਡ ਪ੍ਰਣਾਲੀ ਵਿੱਚ ਉਠਾਏ ਮੁੱਦਿਆਂ ’ਤੇ ਸਰਕਾਰ ਜਾਂਚ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੋ ਦਸਤਾਵੇਜ਼ ਸੁਨੀਲ ਜਾਖਡ਼ ਸਿੱਧੇ ਹੀ ਵਿਧਾਨ ਸਭਾ ਵਿੱਚ ਲੈ ਕੇ ਆਏ ਹਨ ਉਹ ਸਰਕਾਰ ਨੂੰ ਦੇਣ ਤਾਂ ਕਿ ਜਾਂਚ ਕਰਵਾਕੇ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਕਾਰਵਾਈ ਕੀਤੀ ਜਾ ਸਕੇ।

No comments: