Wednesday, October 19, 2011

ਇਸ ਵਾਰ ਵੀ ਲੱਖਾਂ ਦੀ ਗਿਣਤੀ ਵਿੱਚ ਆਉਣਗੇ ਸ਼ਰਧਾਲੂ

ਸ੍ਰੀ ਰਾਮਤੀਰਥ ਵਿਖੇ ਸਾਲਾਨਾ ਮੇਲਾ 4 ਤੋਂ 13 ਨਵੰਬਰ ਤੱਕ 
ਅੰਮ੍ਰਤਿਸਰ//18 ਅਕਤੂਬਰ//ਗਜਿੰਦਰ ਸਿੰਘ ਕਿੰਗ  
ਇਤਿਹਾਸਕ ਧਾਰਮਿਕ ਅਸਥਾਨ ਸ੍ਰੀ ਰਾਮ ਤੀਰਥ ਵਿਖੇ 4 ਨਵੰਬਰ ਤੋਂ 13 ਨਵੰਬਰ, 2011 ਤੱਕ ਹੋਣ ਵਾਲੇ ਸਲਾਨਾ ਧਾਰਮਿਕ ਮੇਲੇ ਸਮੇਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਲੋੜੀਂਦੇ ਪ੍ਰਬੰਧ ਕਰਨ ਹਿੱਤ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਅਜਨਾਲਾ ਦੇ ਉਪ ਮੰਡਲ ਮੈਜਿਸਟਰੇਟ ਆਰ.ਪੀ.ਸਿੰਘ.ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਗਰ ਨਿਗਮ, ਜਿਲ੍ਹਾ ਪੁਲਿਸ ਦਿਹਾਤੀ, ਸਿਹਤ, ਲੋਕ ਨਿਰਮਾਣ, ਮੰਡੀ ਬੋਰਡ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ। 
          ਸ੍ਰ ਰਜਿੰਦਰਪਾਲ ਸਿੰਘ ਨੇ ਮੀਟਿੰਗ ਸਮੇਂ ਅਧਿਕਾਰੀਆਂ ਨੂੰ ਕਿਹਾ ਕਿ ਸ੍ਰੀ ਰਾਮ ਤੀਰਥ ਵਿਖੇ ਹੋਣ ਵਾਲੇ ਸਲਾਨਾ ਇਤਿਹਾਸਕ ਧਾਰਮਿਕ ਮੇਲੇ ਸਮੇਂ ਭਾਰਤ ਤੋਂ ਹੀ ਨਹੀਂ ਸਗੋਂ ਵਿਸ਼ਵ ਭਰ ਤੋਂ ਮੇਲੇ ਦੇ ਦਸ ਦਿਨ  ਦੇ ਅੰਦਰ ਲੱਗਭੱਗ 10 ਲੱਖ ਤੋਂ ਵੱਧ ਸ਼ਰਧਾਲੂ ਭਗਵਾਨ ਸ੍ਰੀ ਵਾਲਮੀਕਿ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਸੀਤਾ ਮਾਤਾ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਤੇ ਮੱਥਾ ਟੇਕਣ ਲਈ ਆਉਂਦੇ ਹਨ। ਇਸ ਲਈ ਸ਼ਰਧਾਲੂਆਂ ਦੀਆਂ ਧਾਰਮਿਕ ਆਸਥਾਵਾਂ ਨੂੰ ਮੁੱਖ ਰੱਖਦਿਆਂ ਜਿਲ੍ਹਾ ਪ੍ਰਸਾਸ਼ਨ ਦਾ ਫਰਜ ਬਣਦਾ ਹੈ ਕਿ ਇਸ ਅਸਥਾਨ ਤੇ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਸਮੇਂ ਸਮੁੱਚੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਐਸ:ਐਸ:ਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ  ਤਾਂ ਜੋ ਸਮਾਜ ਵਿਰੋਧੀ ਅਨਸਰਾਂ ਤੇ ਨਜਰ ਰੱਖੀ ਜਾ ਸਕੇ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ।
          ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯਾਤਰੂਆਂ ਦੀ ਆਉਣ ਜਾਣ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਰੋਡਵੇਜ ਵੱਲੋਂ ਬੱਸ ਸਟੈਂਡ ਅੰਮ੍ਰਿਤਸਰ, ਲੋਹਗੜ੍ਹ, ਰੇਲਵੇ ਸਟੇਸ਼ਨ ਅਤੇ ਚਾਟੀਵਿੰਡ  ਗੇਟ ਤੋਂ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ ਅਤੇ ਨਾਲ ਹੀ ਰਿਕਵਰੀ ਵੈਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਸ਼ਰਧਾਲੂਆਂ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕਰਨ ਲਈ ਜਿਲ੍ਹਾ ਮੰਡੀ ਅਫਸਰ, ਅੰਮ੍ਰਿਤਸਰ ਨੂੰ ਹਦਾਇਤ ਕੀਤੀ ਗਈ। ਪਵਿੱਤਰ ਸ੍ਰੀ ਰਾਮ ਤੀਰਥ ਦੇ ਸਰੋਵਰ ਦੀ ਪ੍ਰਕਰਮਾਂ ਅਤੇ ਆਲੇ ਦੁਆਲੇ ਵਿੱਚ ਸਫਾਈ ਦਾ ਪ੍ਰਬੰਧ ਕਰਨ ਲਈ ਕਾਰਜਸਾਧਕ ਅਫਸਰ, ਅਜਨਾਲਾ ਨੂੰ ਜਿੰਮੇਵਾਰੀ ਸੌਂਪੀ ਗਈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਚੌਗਾਵਾਂ ਤੇ ਕਾਰਜਸਾਧਕ ਅਫਸਰ, ਜੰਡਿਆਲਾ ਗੁਰੂ ਨੂੰ ਨਾਲ ਲੈ ਕੇ ਸਫਾਈ ਦੇ ਢੁਕਵੇਂ ਪ੍ਰਬੰਧ ਕਰਨ। ਮੇਲੇ ਦੌਰਾਨ ਰੋਸ਼ਨੀ , ਸ਼ਾਮਿਆਨੇ ਅਤੇ ਪਬਲਿਕ ਐਡਰੈਸ ਸਿਸਟਮ ਆਦਿ ਦਾ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯਾਤਰੂ ਤੇ ਸ਼ਰਧਾਲੂਆਂ ਦੀ ਵਰਤੋਂ ਲਈ ਢੁਕਵੀਂ ਗਿਣਤੀ ਵਿੱਚ ਆਰਜੀ ਪਾਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਰਾਮਤੀਰਥ ਵਿਖੇ ਬਣੇ ਸਥਾਈ ਪਖਾਨਿਆਂ ਦੀ ਸਾਫ ਸਫਾਈ ਨਿਯਮਤ ਰੂਪ ਨਾਲ ਯਕੀਨੀ ਬਣਾਈ ਜਾਵੇ। ਸ੍ਰ ਰਜਿੰਦਰਪਾਲ ਸਿੰਘ ਨੇ ਸ੍ਰੀ ਰਾਮਤੀਰਥ ਨੂੰ ਜਾਂਦੀਆਂ ਸਾਰੀਆਂ ਸੜਕਾਂ ਦੀ ਲੋੜੀਂਦੀ ਮੁਰੰਮਤ ਸਮੇਂ ਸਿਰ ਕਰਵਾਉਣ ਲਈ ਵੀ ਆਦੇਸ਼ ਦਿੱਤੇ।
         ਮੇਲੇ ਸਮੇਂ ਯਾਤਰੂਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੈਡੀਕਲ ਕੈਂਪ ਲਗਾਉਣ ਦੇ ਨਾਲ ਨਾਲ ਐਂਬੂਲੈਂਸਾਂ ਅਤੇ ਫਸਟ ਏਡ ਪੋਸਟਾਂ ਦਾ ਪ੍ਰਬੰਧ ਕਰਨ ਲਈ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ।  ਉਨ੍ਹਾਂ ਕਿਹਾ ਕਿ ਸਰੋਵਰ ਦੇ ਪਾਣੀ ਦੀ ਸਫਾਈ ਲਈ ਢੁਕਵੀਂ ਮਾਤਰਾ ਵਿੱਚ ਦਵਾਈ /ਫਟਕੜੀ ਵੀ ਪਾਈ ਜਾਵੇ । ਮੇਲੇ ਦੌਰਾਨ ਲੱਗਣ ਵਾਲੇ ਝੂਲਿਆਂ ਦੀ ਮਜਬੂਤੀ  ਨੂੰ ਚੈਕ ਕਰਨ ਲਈ ਵੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸੇ ਤਰ੍ਹਾਂ ਵੱਡੀ ਤਾਦਾਦ ਵਿੱਚ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਦੇ ਇਛੁੱਕ ਸ਼ਰਧਾਲੂਆਂ ਦੀ ਸੁਰੱਖਿਆ ਲਈ ਕਿਸ਼ਤੀਆਂ, ਮਲਾਹ ਅਤੇ ਗੋਤਾਖੋਰਾਂ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਉਪ ਮੰਡਲ ਮੈਜਿਸਟਰੇਟ ਨੇ ਮੇਲੇ ਵਿੱਚ 24 ਘੰਟੇ ਫਾਇਰ ਬ੍ਰਿਗੇਡ ਦੀਆਂ ਅੱਗ ਬਝਾਊ ਗੱਡੀਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਬਿਜਲੀ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਸ੍ਰੀ ਰਾਮਤੀਰਥ ਦੇ ਨਜਦੀਕ ਪੈਂਦੇ ਟਰਾਂਸਫਾਰਮਰਾਂ ਅਤੇ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਜੇਕਰ ਲੋੜ ਹੋਵੇ ਤਾਂ ਸਮੇਂ ਸਿਰ ਕਰਨ ਦੇ ਆਦੇਸ਼ ਦਿੱਤੇ।
         ਮੀਟਿੰਗ ਵਿੱਚ ਸ੍ਰੀ ਰਾਮਤੀਰਥ ਤੋਂ ਆਏ  ਵੱਖ ਵੱਖ ਮਹੰਤਾਂ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਇਕਮਤ ਹੋ ਕੇ ਫੈਸਲਾ ਲਿਆ ਗਿਆ ਕਿ ਇਤਿਹਾਸਕ ਮੰਦਿਰ ਦੀ ਪਰਕਰਮਾ ਵਿੱਚ ਲਗਾਏ ਗਏ ਨਵੇਂ ਪੱਥਰ ਦੀ ਸਾਂਭ ਸੰਭਾਲ ਨੂੰ ਮੱਦੇ ਨਜ਼ਰ ਰੱਖਦਿਆਂ ਪਰਕਰਮਾ ਵਿੱਚ ਕੋਈ ਵੀ ਦੁਕਾਨ ਜਾਂ ਫੜੀ ਲਗਾਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।
         ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਮਹੰਤਾਂ ਵੱਲੋਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਮੰਗ ਕੀਤੀ ਗਈ ਕਿ ਮੇਲੇ ਦੌਰਾਨ ਸ੍ਰੀ ਰਾਮਤੀਰਥ ਦੇ ਨਜਦੀਕੀ ਇਲਾਕਿਆਂ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਇਆ ਜਾਵੇ।

No comments: