Tuesday, October 11, 2011

ਲੁਧਿਆਣੇ ਦੇ 155 ਟੇਕਸਟਾਈਲ ਕਾਰਖਾਨਿਆਂ ਦੇ ਮਜ਼ਦੂਰਾਂ ਦੀ ਹੜਤਾਲ

ਤਨਖਾਹ ਵਾਧੇ ਸਮੇਤ ਸਾਰੇ ਕਿਰਤ ਕਾਨੂੰਨ ਲਾਗੂ ਕਰਨ ਦੀ ਮੰਗ
ਲੁਧਿਆਣਾ-11 ਅਕਤੂਬਰ: (ਲਖਵਿੰਦਰ ਅਤੇ ਰਾਜਵਿੰਦਰ) ਲੁਧਿਆਣੇ ਦੇ ਸਮਰਾਲਾ ਚੌਂਕ ਦੇ ਆਸ-ਪਾਸ ਦੇ ਸ਼ਾਲ ਬਣਾਉਣ ਵਾਲੇ ਪਾਵਰਲੂਮ ਕਾਰਖਾਨਿਆਂ ਦੇ ਮਜ਼ਦੂਰ ਹੜਤਾਲ 'ਤੇ ਹਨ। 22 ਸਤੰਬਰ ਨੂੰ ਇਹ ਹੜਤਾਲ 85 ਕਾਰਖਾਨਿਆਂ ਤੋਂ ਸ਼ੁਰੂ ਹੋਈ ਸੀ ਜੋ ਕਿ ਬਾਅਦ ਵਿੱਚ 155 ਕਾਰਖਾਨਿਆਂ ਤੱਕ ਫੈਲ ਗਈ। ਹੜਤਾਲ ਦੇ ਏਨੇ ਦਿਨ ਲੰਘ ਜਾਣ ਤੋਂ ਬਾਅਦ ਨਾ ਤਾਂ ਮਾਲਕਾਂ ਨੇ ਮਜ਼ਦੂਰਾਂ ਦੀ ਮੰਗਾਂ ਮੰਨੀਆਂ ਹਨ ਅਤੇ ਦੂਜੇ ਪਾਸੇ ਮਜ਼ਦੂਰ ਵੀ ਮੰਗਾਂ ਮੰਨਵਾਏ ਬਿਨਾਂ ਹੜਤਾਲ ਖਤਮ ਨਾ ਕਰਨ ਦਾ ਪ੍ਰਣ ਕਰ ਚੁੱਕੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਰਤ ਕਾਨੂੰਨਾਂ ਤਹਿਤ ਕੋਈ ਵੀ ਹੱਕ ਨਹੀਂ ਮਿਲ ਰਿਹਾ ਹੈ। ਪਿਛਲੇ ਸਮੇਂ ਵਿੱਚ ਮਹਿੰਗਾਈ ਤੇਜੀ ਨਾਲ ਵਧੀ ਹੈ ਅਤੇ ਮਾਲਕਾਂ ਦੇ ਮੁਨਾਫੇ ਵੀ ਬਹੁਤ ਵਧੇ ਹਨ। ਪਰ ਮਜ਼ਦੂਰਾਂ ਦੀਆਂ ਤਨਖਾਹਾਂ ਨਹੀਂ ਵਧਾਈਆਂ ਗਈਆਂ। ਮਜ਼ਦੂਰ ਅੱਜ ਬੇਹੱਦ ਗਰੀਬੀ ਦੀ ਜਿੰਦਗੀ ਜੀਣ ਲਈ ਮਜ਼ਬੂਰ ਹਨ। ਅੱਠ ਘੰਟੇ ਦਿਹਾੜੀ ਦਾ ਕਾਨੂੰਨ, ਘੱਟ-ਘੱਟ ਤਨਖਾਹ ਕਾਨੂੰਨ, ਪਹਿਚਾਣ ਪੱਤਰ, ਹਾਜ਼ਰੀ, ਈ. ਐਸ. ਆਈ., ਪੀ. ਐਫ., ਕੰਮ ਦੌਰਾਨ ਹਾਦਸਿਆਂ ਤੋਂ ਸੁਰੱਖਿਆ ਦੇ ਉਚਿਤ ਪ੍ਰਬੰਧ ਅਤੇ ਮੁਆਵਜਾ ਆਦਿ ਸਭ ਕਿਰਤ ਕਾਨੂੰਨਾਂ ਨੂੰ ਕਾਰਖਾਨਾ ਮਾਲਕਾਂ ਦੁਆਰਾ ਛਿੱਕੇ ਟੰਗਿਆ ਗਿਆ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮਾਲਕਾਂ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਉਣਾ ਹੀ ਉਹਨਾਂ ਦਾ ਮਕਸਦ ਹੈ।
     ਦੂਜੇ ਪਾਸੇ ਟੇਕਸਟਾਈਲ ਮਾਲਕਾਂ ਦਾ ਕਹਿਣਾ ਹੈ ਕਿ ਕਿਰਤ ਕਾਨੂੰਨ ਪੂਰੇ ਦੇਸ਼ ਵਿੱਚ ਕਿਤੇ ਵੀ ਲਾਗੂ ਨਹੀਂ ਹੁੰਦੇ ਇਸ ਲਈ ਉਹ ਵੀ ਲਾਗੂ ਨਹੀਂ ਕਰਨਗੇ। ਉਹਨਾਂ ਮੁਤਾਬਿਕ ਮਜ਼ਦੂਰਾਂ ਦੀ ਹੜਤਾਲ ਨੂੰ ਗੈਰਕਾਨੂੰਨੀ ਹੈ। ਹੜਤਾਲ ਨਾਲ ਮਾਲਕਾਂ ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਪਿਛਲੇ ਦਿਨਾਂ ਵਿੱਚ ਮਾਲਕਾਂ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਛਪਵਾਏ ਹਨ ਜਿਹਨਾਂ ਵਿੱਚ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਹੈ। ਟੇਕਸਟਾਈਲ ਮਾਲਕ ਐਸੋਸਿਏਸ਼ਨ ਮਜ਼ਦੂਰਾਂ ਦੀ ਹੜਤਾਲ ਨੂੰ ਲੁਧਿਆਣੇ 'ਚ ਦਹਿਸ਼ਤਗਰਦੀ ਕਹਿ ਰਹੀ ਹੈ ਅਤੇ ਪੰਜਾਬ ਦੀ ਸ਼ਾਂਤੀ ਭੰਗ ਹੋਣ ਦਾ ਡਰ ਜਾਹਿਰ ਕਰ ਰਹੀ ਹੈ। ਮਜ਼ਦੂਰਾਂ ਦੀ ਯੂਨੀਅਨ 'ਤੇ ਮਾਲਕਾਂ ਨੇ ਮਜ਼ਦੂਰਾਂ ਨੂੰ ਡਰਾਉਣ-ਧਮਕਾਉਣ, ਜਬਰੀ ਚੰਦਾ ਜੁਟਾਉਣ ਆਦਿ ਦੋਸ਼ ਵੀ ਲਾਏ ਹਨ। ਟੇਕਸਟਾਈਲ ਮਜ਼ਦੂਰ ਯੂਨੀਅਨ ਨੇ ਕਿਹਾ ਹੈ ਕਿ ਮਜ਼ਦੂਰਾਂ ਦਾ ਸੰਘਰਸ਼ ਪੂਰੀ ਤਰ੍ਹਾਂ ਜਾਇਜ ਅਤੇ ਸ਼ਾਂਤੀਪੂਰਨ ਹੈ। ਆਪਣੀ ਕਿਰਤ ਸ਼ਕਤੀ ਵੇਚਣ ਦੀਆਂ ਸ਼ਰਤਾਂ ਤੈਅ ਕਰਵਾਉਣ ਲਈ ਸੰਘਰਸ਼ ਕਰ ਸਕਣਾ ਉਹਨਾਂ ਦਾ ਜਮਹੂਰੀ ਅਤੇ ਕਾਨੂੰਨੀ ਅਧਿਕਾਰ ਹੈ। ਮਾਲਕ ਮਜ਼ਦੂਰਾਂ ਦੀ ਮਜ਼ਬੂਤ ਹੜਤਾਲ ਵਜੋਂ ਬੌਖਲਾ ਗਏ ਹਨ ਅਤੇ ਹੁਣ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਕੇ ਮਜ਼ਦੂਰਾਂ 'ਚ ਡਰ ਪੈਦਾ ਕਰਨ ਅਤੇ ਸਰਕਾਰ ਨੂੰ ਇੱਕ ਸ਼ਾਂਤੀਪੂਰਣ ਸੰਘਰਸ਼ ਨੂੰ ਦਬਾਉਣ ਲਈ ਉਕਸਾਉਣ ਦੇ ਯਤਨ ਕਰ ਰਹੇ ਹਨ। ਦੂਜੀ ਗੱਲ 2500 ਮਜ਼ਦੂਰਾਂ ਨੂੰ ਡਰਾ-ਧਮਕਾ ਕੇ ਨਾ ਤਾਂ ਹੜਤਾਲ ਕਰਵਾਈ ਜਾ ਸਕਦੀ ਹੈ ਨਾ ਹੀ ਉਹਨਾਂ ਤੋਂ ਪੈਸਾ ਜੁਟਾਇਆ ਜਾ ਸਕਦਾ ਹੈ। ਯੂਨੀਅਨ ਦਾ ਇੱਕ ਜਮਹੂਰੀ ਢਾਂਚਾ ਹੈ ਜਿਸ ਵਿੱਚ ਅਜਿਹੀਆਂ ਗੱਲਾਂ ਦੀ ਕੋਈ ਗੁੰਜਾਇਸ਼ ਨਹੀਂ ਹੈ। ਟੇਕਸਟਾਈਲ ਮਜ਼ਦੂਰ ਯੂਨੀਅਨ ਦੇ ਕਨਵੀਨਰ ਰਾਜਵਿੰਦਰ ਨੇ ਕਿਹਾ ਹੈ ਕਿ ਮਾਲਕਾਂ ਨੂੰ ਅਜਿਹਾ ਝੂਠਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਸਗੋਂ ਭ੍ਰਿਸ਼ਟਾਚਾਰ ਤਿਆਗ ਕੇ ਕਿਰਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਰਤ ਵਿਭਾਗ ਵੀ ਮਾਲਕਾਂ ਦੀ ਪਿੱਠ ਥਪਥਪਾ ਰਿਹਾ ਹੈ ਅਤੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਵਿਭਾਗ ਦੀ ਇਹ ਕਾਨੂੰਨਨ ਡਿਊਟੀ ਹੈ ਕਿ ਉਹ ਕਾਰਖਾਨਿਆਂ ਵਿੱਚ ਕਿਰਤ ਕਾਨੂੰਨ ਲਾਗੂ ਕਰਵਾਏ। ਪਰ ਕਿਰਤ ਵਿਭਾਗ ਅਧਿਕਾਰੀ ਪੂਰੀ ਤਰ੍ਹਾਂ ਮਾਲਕਾਂ ਦੇ ਇਸਾਰੇ 'ਤੇ ਕੰਮ ਕਰ ਰਹੇ ਹਨ। 12 ਅਕਤੂਬਰ ਨੂੰ ਕਿਰਤ ਵਿਭਾਗ ਨੂੰ ਫਿਰ ਘੇਰਿਆ ਜਾਵੇਗਾ। 12 ਨੂੰ ਮਾਲਕਾਂ ਦੇ ਗੱਲਬਾਤ ਲਈ ਆਉਣ ਦੀ ਸੰਭਾਵਨਾ ਹੈ। ਜਦੋਂ ਤੱਕ ਕੋਈ ਸਿੱਟਾ ਨਹੀਂ ਨਿਕਲੇਗਾ ਉਦੋਂ ਤੱਕ ਕਿਰਤੀ ਕਿਰਤ ਵਿਭਾਗ ਦਫਤਰ ਤੋਂ ਨਹੀਂ ਹਿੱਲਣਗੇ। ਯੂਨੀਅਨ ਸਭਨਾਂ ਇਨਸਾਫ਼ਪਸੰਦ ਲੋਕਾਂ ਨੂੰ ਮਜ਼ਦੂਰਾਂ ਦੇ ਸਮਰਥਨ 'ਚ ਆਉਣ ਲਈ ਸੰਪਰਕ ਕਰ ਰਹੀ ਹੈ। ਸ਼੍ਰੀ ਅੰਨਾ ਹਜ਼ਾਰੇ ਨੂੰ ਪੱਤਰ ਭੇਜ ਕੇ ਉਹਨਾਂ ਦੇ ਸਮਰਥਨ ਵਿੱਚ ਆਉਣ ਦੀ ਅਪੀਲ ਕੀਤੀ ਹੈ। ਮਜ਼ਦੂਰ ਹੀ ਭ੍ਰਿਸ਼ਟਾਚਾਰ ਹੱਥੋਂ ਸਭ ਤੋਂ ਵੱਧ ਸਤਾਏ ਹਨ। 


No comments: