Saturday, September 10, 2011

ਇਹਨਾਂ ਸੁਆਲਾਂ ਉਤੇ ਬਹੁਤ ਚਿਰ ਪਹਿਲਾਂ ਬਹਿਸ ਛਿੜਨੀ ਚਾਹੀਦੀ ਸੀ !

ਸਿੱਖ ਪੰਥ ਦੀ ਹੋਣੀ ਤੇ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਦੇ ਅਸਲ ਰੰਗ
ਜਸਜੀਤ ਸਿੰਘ                                ਬਹਿਸ ਜਾਰੀ ਹੈ                    
'ਭਾਈ ਸਿਮਰਨਜੀਤ ਸਿੰਘ ਮਾਨ ਸਿੱਖਾਂ ਦੇ ਖਾਲਿਸਤਾਨੀ ਸੰਘਰਸ਼ ਦੇ ਮੋਢੀ ਲੀਡਰ ਸਮਝੇ ਜਾਂਦੇ ਹਨ। ਉਹ ਆਪਣੇ ਸੁਭਾਅ ਮੁਤਾਬਕ ਦੂਜੇ ਸਿੱਖ ਲੀਡਰਾਂ ਦੇ ਵਿਰੁੱਧ ਖੁੱਲ੍ਹ ਕੇ ਅਤੇ ਭੱਦੀ ਭਾਸ਼ਾ ਵਿਚ ਆਮ ਹੀ ਬੋਲਦੇ ਰਹਿੰਦੇ ਹਨ। ਪਰ ਜਦੋਂ ਉਨ੍ਹਾਂ ਵਿਰੁੱਧ ਕੋਈ ਜਾਇਜ਼ ਗੱਲ ਵੀ ਕਹੀ ਜਾਂ ਲਿਖੀ ਜਾਵੇ ਤਾਂ ਉਹ ਅਤੇ ਉਨ੍ਹਾਂ ਦੇ ਸਾਰੇ ਪਾਰਟੀ ਮੈਂਬਰ ਇਸ ਤਰ੍ਹਾਂ ਭੜਕਾਹਟ ਵਿੱਚ ਆ ਕੇ ਬੁਖ਼ਲਾ ਜਾਂਦੇ ਹਨ ਕਿ ਜਿਵੇਂ ਅੱਜ ਦੁਨੀਆ ਦਾ ਆਖ਼ਰੀ ਦਿਨ ਹੋਵੇ, ਅਤੇ ਜੇਕਰ ਅੱਜ ਹੀ ਇਸ ਦਾ ਸਪੱਸ਼ਟੀਕਰਨ ਨਾ ਦਿਤਾ ਤਾਂ ਦੁਨੀਆ ਤਬਾਹ ਹੋ ਜਾਵੇਗੀ! ਅਜਿਹੀ ਡਰ-ਤੇ-ਬੁਖਲਾਹਟ ਭਰੀ ਮਾਨਸਿਕਤਾ ਵਿਚੋਂ ਕਿੰਨਾ ਕੁ ਸੰਤੁਲਤ ਤੇ ਸਭਿਅਕ ਸਪਸ਼ਟੀਕਰਨ ਨਿਕਲ ਸਕਦਾ ਹੈ, ਇਸ ਦਾ ਅਨੁਮਾਨ ਲਾਉਣਾ ਔਖਾ ਨਹੀਂ। 'ਸਪੱਸ਼ਟੀਕਰਨ' ਦੇ ਨਾਂ ਹੇਠ ਗਾਲ੍ਹਾਂ, ਦੂਸ਼ਣਾਂ, ਮਿਹਣਿਆਂ ਤੇ ਨੰਗੇ ਚਿੱਟੇ ਝੂਠਾਂ ਦੀ ਵਰਖਾ ਕੀਤੀ ਜਾਂਦੀ ਹੈ। ਪਿਛਲੇ ਦਿਨੀਂ 'ਅੰਮ੍ਰਿਤਸਰ ਟਾਈਮਜ਼' ਦੇ ਇਕ ਸੰਪਾਦਕੀ ਨੋਟ ਤੋਂ ਚਿੜ੍ਹ ਕੇ ਮਾਨ ਦਲ ਨੇ ਜਿਸ ਤਰ੍ਹਾਂ ਦੀ ਚਿਕੜ ਉਛਾਲੀ ਕੀਤੀ ਹੈ, ਉਸਦੀ ਬਦਬੂ ਦੂਰ ਤਕ ਫੈਲ ਗਈ ਹੈ। ਫਤਿਹਗੜ੍ਹ ਸਾਹਿਬ ਤਕ ਲੋਕ ਨੱਕ 'ਤੇ ਰੁਮਾਲ ਰੱਖਣ ਲਈ ਮਜ਼ਬੂਰ ਹੋ ਗਏ ਹਨ! ਇਸ ਹਾਲਤ ਦੇ ਮੱਦੇਨਜ਼ਰ ਮੈਂ ਇਥੇ ਅੰਮ੍ਰਿਤਸਰ ਟਾਈਮਜ਼ ਦਾ ਡਾਇਰੈਕਟਰ ਹੋਣ ਦੇ ਨਾਤੇ ਮਾਨ ਦਲ ਦੀ ਇਸ ਭੜਕਾਹਟ, ਖਾਸ ਕਰਕੇ ਇਸਦੇ ਅੰਦਾਜ਼ ਬਾਰੇ ਆਪਣਾ ਪ੍ਰਤੀਕਰਮ ਦੇਣਾ ਚਾਹੁੰਦਾ ਹਾਂ।
     ਸੰਜੀਦਾ ਤੇ ਸੂਝਵਾਨ ਪਾਠਕ ਜਾਣਦੇ ਹਨ ਕਿ ਪਿਛਲੇ ਦਿਨੀਂ 'ਅੰਮ੍ਰਿਤਸਰ ਟਾਈਮਜ਼' ਦੇ ਇਕ ਸੰਪਾਦਕੀ ਨੋਟ ਵਿਚ ਭਾਈ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਦੀ ਪੜਚੋਲ ਕੀਤੀ ਗਈ ਸੀ। ਜਿਸ ਕਾਰਨ ਮਾਨ ਦਲ ਨੇ ਅਖ਼ਬਾਰ ਉਤੇ ਤਾਂ ਖਫ਼ਾ ਹੋਣਾ ਹੀ ਸੀ, ਪਰ ਇਨ੍ਹਾਂ ਨੇ ਭਾਈ ਦਲਜੀਤ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਪੰਥਕ ਕਮੇਟੀ ਤੇ ਖਾੜਕੂਆਂ ਉਤੇ ਵੀ ਅਜਿਹਾ ਚਿਕੜ ਉਛਾਲਿਆ ਹੈ ਕਿ ਪੜ੍ਹਦਿਆਂ ਗਲਾਜ਼ਤ ਆਉਂਦੀ ਹੈ ਅੰਮ੍ਰਿਤਸਰ ਟਾਈਮਜ਼ ਦਾ ਡਾਇਰੈਕਟਰ ਹੋਣ ਦੇ ਨਾਤੇ ਇਥੇ ਮੈਂ ਪਾਠਕਾਂ ਨਾਲ ਇਹ ਤੱਥ ਸਾਂਝਾ ਕਰਨਾ ਜ਼ਰੂਰੀ ਸਮਝਦਾ ਹਾਂ ਕਿ 'ਅੰਮ੍ਰਿਤਸਰ ਟਾਈਮਜ਼' ਦੇ ਐਡੀਟਰ ਦਲਜੀਤ ਸਿੰਘ ਸਰਾਂ ਨੂੰ ਸਿਮਰਨਜੀਤ ਸਿੰਘ ਮਾਨ ਚੰਗੀ ਤਰ੍ਹਾਂ ਜਾਣਦੇ ਹਨ ਅਤੇ Ḕਪੰਜਾਬੀ ਟ੍ਰਿਬਿਊਨ ਵਿੱਚ ਕੰਮ ਕਰਦੇ ਸਮੇਂ ਉਨ੍ਹਾਂ ਦੀਆਂ ਰਿਪੋਰਟਾਂ ਦੀ ਲਿਖਤੀ ਤਾਰੀਫ਼ ਵੀ ਮਾਨ ਸਾਹਿਬ ਆਪ ਕਰ ਚੁੱਕੇ ਹਨ (ਚਿੱਠੀਆਂ ਰਾਹੀਂ) । ਕਿਸੇ ਅਖ਼ਬਾਰ ਦਾ ਐਡੀਟੋਰੀਅਲ ਐਡੀਟਰ ਹੀ ਲਿਖਦਾ ਹੈ, ਡਾਇਰੈਕਟਰ ਨਹੀਂ। ਇਸੇ ਲਈ ਜਿਸ ਸੰਪਾਦਕੀ "ਅੱਗਾ ਦੌੜ ਪਿੱਛਾ ਚੌੜ" ਉੱਤੇ ਮਾਨ ਦਲ ਵਾਲਿਆਂ ਨੇ ਹੋ ਹੱਲਾ ਖੜ੍ਹਾ ਕਰਦਿਆਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸਾਡੇ ਵਿਰੁਧ ਊਲ ਜਲੂਲ ਗੱਲਾਂ ਕੀਤੀਆਂ ਹਨ, ਉਹ ਦਲਜੀਤ ਸਿੰਘ ਸਰਾਂ ਨੇ "ਅੰਮ੍ਰਿਤਸਰ ਟਾਈਮਜ਼" ਦੇ ਸੰਪਾਦਕ ਵਜੋਂ ਖੁਦ ਅਪਣੀ ਸਮਝ ਅਨੁਸਾਰ ਲਿਖਿਆ ਹੈ, ਮੈਂ ਵੀ ਆਮ ਪਾਠਕਾਂ ਵਾਂਗ ਉਸਨੂੰ ਅਖ਼ਬਾਰ ਦੇ ਛਪਣ ਬਾਅਦ ਪੜ੍ਹਿਆ ਹੈ। ਅੱਜ ਤੋਂ 7 ਸਾਲ ਪਹਿਲਾਂ "ਅੰਮ੍ਰਿਤਸਰ ਟਾਈਮਜ਼" ਦੇ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਦਲਜੀਤ ਸਿੰਘ ਸਰਾਂ ਨੂੰ ਸੰਪਾਦਕੀ ਸਬੰਧੀ ਕਦੇ ਸਾਡੇ ਨਾਲ ਰਾਇ ਕਰਨ ਜਾਂ ਇਜ਼ਾਜ਼ਤ ਲੈਣ ਦੀ ਲੋੜ ਨਹੀਂ ਪਈ ਤੇ ਨਾ ਹੀ ਸਾਡੇ ਅਦਾਰੇ ਨੂੰ ਕਦੇ ਕੋਈ ਇਤਰਾਜ਼ ਹੋਇਆ ਹੈ। ਇੱਥੋਂ ਤੱਕ ਕਿ ਸੰਪਾਦਕੀਆਂ ਵਿੱਚ ਅਕਸਰ ਹੀ ਅਕਾਲੀ ਦਲ (ਬਾਦਲ), ਕਾਂਗਰਸ ਪਾਰਟੀ, ਖੱਬੇ ਪੱਖੀ ਧਿਰਾਂ, ਹੋਰਨਾਂ ਰਾਜਸੀ, ਧਾਰਮਿਕ, ਸਭਿਆਚਾਰਕ ਸੰਸਥਾਵਾਂ, ਜਥੇਬੰਦੀਆਂ ਅਤੇ ਸਖ਼æਸ਼ੀਅਤਾਂ ਸਬੰਧੀ ਸਖ਼ਤ ਆਲੋਚਨਾਤਮਕ ਟਿਪਣੀਆਂ ਕੀਤੀਆਂ ਹੁੰਦੀਆਂ ਹਨ, ਪਰ ਕਦੇ ਕਿਸੇ ਨੇ ਇਸ ਤਰ੍ਹਾਂ ਬੂ ਪਾਹਰਿਆ ਨਹੀਂ ਕੀਤੀ ਜਿਵੇਂ ਮਾਨ ਦਲੀਏ ਅਕਸਰ ਕਰਦੇ ਹਨ। ਅਮ੍ਰਿਤਸਰ ਟਾਈਮਜ਼ ਦੀਆਂ ਵਿਸ਼ੇਸ਼ ਰਿਪੋਰਟਾਂ, ਆਰਟੀਕਲਾਂ ਅਤੇ ਖ਼ਬਰਾਂ ਵਿੱਚ ਵੀ ਬੜਾ ਕੁਝ ਆਲੋਚਨਾਤਮਕ ਹੁੰਦਾ ਹੈ, ਪਰ ਫਿਰ ਵੀ ਸਾਰੇ ਇਸ ਅਖ਼ਬਾਰ ਦੇ ਮਿਆਰ ਅਤੇ ਜੁੰਮੇਵਾਰੀ ਵਾਲੀ ਪਹੁੰਚ ਕਾਰਨ ਇਸਨੂੰ ਹੋਰਨਾਂ ਅਖ਼ਬਾਰਾਂ ਦੇ ਮੁਕਾਬਲੇ ਸਭ ਤੋਂ ਪਹਿਲਾਂ ਪੜ੍ਹਦੇ ਹਨ। ਇੱਥੋਂ ਤੱਕ ਕਿ  ਰਾਜਸੀ ਮੱਤਭੇਦਾਂ ਦੇ ਬਾਵਜੂਦ ਅਪਣੀਆਂ ਰਾਜਸੀ ਅਤੇ ਹੋਰਨਾਂ ਸਰਗਰਮੀਆਂ ਸਬੰਧੀ ਖ਼ਬਰਾਂ ਭੇਜਦੇ ਅਤੇ ਇਸ਼ਤਿਹਾਰ ਵੀ ਦਿੰਦੇ ਹਨ। ਹਾਂ ਕਈ ਵਾਰ ਅਪਣਾ ਪੱਖ ਦਸਣ ਜਾਂ ਇਤਰਾਜ਼ ਵਜੋਂ ਸਾਨੂੰ ਲਿਖਦੇ ਵੀ ਹਨ ਅਤੇ ਅਸੀਂ ਬਿਨ੍ਹਾਂ ਕਿਸੇ ਕਾਂਟ ਛਾਂਟ ਦੇ ਉਸਨੂੰ ਛਾਪਦੇ ਵੀ ਹਾਂ। ਸਿਰਫ਼ ਮਾਨ ਦਲ ਵਾਲੇ ਹੀ ਹਨ ਜਿਹੜੇ ਜਦੋਂ ਵੀ ਕੋਈ ਟਿਪਣੀ ਇਨ੍ਹਾਂ ਬਾਰੇ ਕੀਤੀ ਜਾਵੇ ਤਾਂ ਇਉਂ ਤੜਫ਼ ਉਠਦੇ ਹਨ। ਇਹ ਇੰਨਾ ਭੜਕ ਜਾਂਦੇ ਹਨ ਕਿ ਅਪਣਾ ਇਤਰਾਜ਼ ਸਾਨੂੰ ਲਿਖਕੇ ਭੇਜਣ ਦਾ ਸਭਿਅਕ ਤਰੀਕਾ ਅਪਨਾਉਣ ਦੀ ਥਾਂ ਇਸ਼ਤਿਹਾਰਾਂ ਰਾਹੀਂ ਸਾਡੇ ਵਿਰੁਧ ਉਹੀ ਘਸਿਆ ਪਿਟਿਆ ਤੇ ਬੇਸਿਰ ਪੈਰ ਦੂਸ਼ਣਾਂ ਨਾਲ ਭਰਿਆ ਮਸਾਲਾ ਛਪਵਾ ਕੇ ਅਜੀਬ ਖ਼ੁਸ਼ੀ ਤੇ ਸੰਤੁਸ਼ਟੀ ਹਾਸਲ ਕਰਦੇ ਹਨ। ਇਹ ਬੀਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ। ਅਜਿਹਾ ਪਿੱਟ ਪਟਊਆ ਇਨ੍ਹਾਂ ਕਈ ਵਾਰ ਕੀਤਾ ਹੈ । ਇਨ੍ਹਾਂ ਦੀ ਇਸ ਬੀਮਾਰ ਮਾਨਸਿਕਤਾ ਸਬੰਧੀ ਮੇਰਾ ਕਈ ਵਾਰ ਲਿਖਣ ਨੂੰ ਮਨ ਬਣਿਆ ਪਰ ਹਰ ਵਾਰ ਮੈਂਂ ਇਸ ਤੋਂ ਗੁਰੇਜ਼ ਕਰਦਾ ਰਿਹਾ।
ਪਰ ਮੈਨੂੰ ਮਜ਼ਬੂਰਨ ਅੱਜ ਇਹ ਲਿਖਣ ਦੀ ਲੋੜ ਮਹਿਸੂਸ ਹੋਈ ਹੈ, ਕਿਉਂਕਿ ਮਾਨ ਸਾਹਿਬ ਸਿੱਖਾਂ ਦੇ ਨਹੀਂ ਜਿਸ 'ਤੇ ਕਿੰਤੂ ਨਹੀਂ ਹੋ ਸਕਦਾ। ਹਰ ਸਿੱਖ ਲੀਡਰ ਦੇ ਕੰਮਾਂ ਕਾਜ਼ਾਂ ਬਾਰੇ ਵਿਸ਼ਲੇਸ਼ਣ ਹੋ ਸਕਦਾ ਹੈ। ਹਾਂ ਜੇ ਇਨ੍ਹਾਂ ਤੋਂ ਇਹ ਜ਼ਰਿਆ ਨਹੀਂ ਜਾਂਦਾ ਤਾਂ ਸਿਆਸਤ ਦਾ ਖੇਤਰ ਛੱਡ ਦੇਣ। ਵੈਸੇ ਸਮਝ ਨਹੀਂ ਆਉਂਦੀ ਕਿ ਜਿੰਨਾ ਝੂਠ ਤੂਫ਼ਾਨ ਤੇ ਮੰਦੇ ਵਚਨ ਇਨ੍ਹਾਂ ਨੇ ਭਾਈ ਦਲਜੀਤ ਸਿੰਘ ਬਿੱਟੂ ਤੇ ਉਸ ਦੀ ਸਮੁੱਚੀ ਜਥੇਬੰਦੀ ਬਾਰੇ ਬੋਲੇ ਹਨ, ਤਾਂ ਇਨ੍ਹਾਂ ਨੂੰ ਆਪਣੇ ਬਾਰੇ ਸੁਣਨ ਲੱਗਿਆਂ ਦੌਰੇ ਕਿਉਂ ਪੈਂਦੇ ਹਨ?
ਮਾਨ ਦਾ ਚਿੱਤਰ-ਮਿਤਰਾ ਰਾਜਸੀ ਸਫ਼ਰ
ਮੈਨੂੰ ਨਿੱਜੀ ਤੌਰ 'ਤੇ ਮਾਨ ਸਾਹਿਬ ਨਾਲ ਬਹੁਤ ਪਹਿਲਾਂ ਤੋਂ ਸ਼ੰਕੇ ਹਨ ਪਰ ਗਰੁੱਪ ਨੇ ਸਦਾ ਹੀ ਕੁਝ ਲਿਖਣ ਤੋਂ ਰੋਕੀ ਰੱਖਿਆ। ਖਾਸ ਕਰਕੇ ਭਾਈ ਅਜਮੇਰ ਸਿੰਘ ਇਸ ਮਾਮਲੇ 'ਚ ਹਮੇਸ਼ਾ ਵਰਜਦੇ ਰਹੇ। ਇਹ ਨਹੀਂ ਕਿ ਸਾਡੇ ਕੋਲ ਬੋਲਣ ਲਈ ਗੱਲਾਂ ਨਹੀਂ ਸਨ। ਅਸੀ ਇਹੀ ਸੋਚਦੇ ਰਹੇ ਕਿ ਸਿੱਖ ਨੂੰ ਅਜਿਹਾ ਆਚਾਰ ਸ਼ੋਭਦਾ ਨਹੀਂ। ਪਰ ਜੀਹਨਾਂ ਨੂੰ ਆਚਾਰ ਤੇ 'ਅਚਾਰ' ਵਿਚਲੇ ਅੰਤਰ ਦਾ ਵੀ ਨਹੀਂ ਪਤਾ ਉਹ ਇਹਨਾਂ ਗੱਲਾਂ ਦੀ ਕੀ ਕਦਰ ਕਰ ਸਕਦੇ ਹਨ। ਅਸੀ ਹਮੇਸ਼ਾ ਇਹੀ ਸੋਚਕੇ ਚੁੱਪ ਕਰ ਜਾਂਦੇ ਰਹੇ ਕਿ ਕਦੇ ਤਾਂ ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖ਼ਸ਼ੇਗਾ! ਪਰ ਕਿਥੇ?
ਇਸ ਕਰਕੇ ਮੈਂ ਹੁਣ ਅੱਕਿਆ ਹੋਇਆ ਆਪਣੀ, ਆਪਣੇ ਨਾਲੋਂ ਵੱਧ ਆਪਣੇ  ਗਰੁੱਪ ਦੀ ਮਰਿਯਾਦਾ ਤੋੜਨ ਲਈ ਮਜ਼ਬੂਰ ਹੋ ਗਿਆ ਹਾਂ, ਜੀਹਦੇ ਲਈ ਮੈਂ ਆਪਣੇ ਸਮੁੱਚੇ ਗਰੁੱਪ ਕੋਲੋਂ ਅਗਾਊਂ ਹੀ ਮੁਆਫ਼ੀ ਮੰਗਦਾ ਹਾਂ। ਮੈਂ ਪਿਛਲੇ ਕੁੱਝ ਸਮੇਂ ਪੂਰਾ ਸ਼ਾਂਤ  ਰਹਿ ਕੇ ਮਾਨ ਗਰੁੱਪ ਨਾਲ ਕਿਸੇ ਕਲੇਸ਼ ਵਿਚ ਪੈਣ ਤੋਂ ਸੁਚੇਤ ਰੂਪ ਵਿਚ ਟਾਲਾ ਹੀ ਨਹੀਂ ਵੱਟਿਆ, ਸਗੋਂ ਤਾਲਮੇਲ ਵਧਾਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ। ਪਰ ਮੈਨੂੰ ਲਗਦਾ ਹੈ ਇਨ੍ਹਾਂ ਦੇ 'ਬੇਦਾਗ ਲੀਡਰ' ਨੇ ਸਿੱਖ ਸੰਸਥਾਵਾਂ ਤੇ ਸ਼ਖਸੀਅਤਾਂ ਨੂੰ ਦਾਗ਼ੀ ਕਰਨ ਦਾ ਠੇਕਾ ਲਿਆ ਹੋਇਆ ਹੈ।
ਮੈਂ ਮਾਨ ਸਾਹਿਬ ਬਾਰੇ ਆਪਣੀ ਗੱਲ 18 ਜੂਨ 1984 ਤੋਂ, ਜਿਸ ਦਿਨ ਇਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ, ਉਦੋਂ ਤੋਂ ਹੀ ਸ਼ੁਰੂ ਕਰਾਂਗਾ।  ਐਸਐਸਪੀ ਹੁੰਦੇ ਲਾਇਸੰਸ ਦੇਣ ਬਾਰੇ ਮਾਨ ਸਾਹਿਬ ਦੁਆਰਾ ਅਪਣਾਈ ਨੀਤੀ ਦੀ ਪਰਖ ਪੜਚੋਲ ਹਾਲ ਦੀ ਘੜੀ ਮੈਂ ਨਹੀਂ ਕਰਨਾ ਚਾਹੁੰਦਾ,  ਉਸ ਵੱਲੋਂ ਗੁਰੂ ਅੰਗਦ ਪਾਤਸ਼ਾਹ ਦੇ ਗੁਰਦੁਆਰੇ 'ਤੇ ਚਲਵਾਈਆਂ ਗਈਆਂ ਗੋਲੀਆਂ ਦੀ ਗੱਲ ਵੀ ਨਹੀਂ ਛੇੜਨੀ ਚਾਹੁੰਦਾ, ਅਤੇ ਇਸੇ ਹੀ ਤਰ੍ਹਾਂ ਸਰਾਏ ਨਾਗਾ ਵਿਖੇ ਨਿਹੱਥੇ ਨਿਹੰਗਾਂ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਸ਼ਰਮਨਾਕ ਘਟਨਾ ਨੂੰ ਵੀ ਮੈਂ ਹਾਲ ਦੀ ਘੜੀ ਬਹਿਸ ਦਾ ਵਿਸ਼ਾ ਨਹੀਂ ਬਣਾਉਣਾ ਚਾਹੁੰਦਾ।
ਭਾਵੇਂ ਕਿ ਮਾਨ ਸਾਹਿਬ ਨੂੰ ਇਹਨਾਂ ਗੱਲਾਂ ਲਈ ਇਤਿਹਾਸ ਅੱਗੇ ਕਦੇ ਨਾ ਕਦੇ ਜੁਆਬਦੇਹ ਹੋਣਾ ਹੀ ਪੈਣਾ ਹੈ। ਇਤਿਹਾਸ ਅੱਗੇ ਨਾ ਸਹੀ, ਉਹਨਾਂ ਨੂੰ ਆਪਣੀ ਜ਼ਮੀਰ ਅੱਗੇ ਤਾਂ ਜੁਆਬਦੇਹ ਹੋਣਾ ਹੀ ਪੈਣਾ ਹੈ। ਖੈਰ, ਹਾਲ ਦੀ ਘੜੀ ਇਸ ਗੱਲ ਨੂੰ ਮਾਨ ਸਾਹਿਬ ਦੀ ਜ਼ਮੀਰ ਲਈ ਛੱਡਦੇ ਹੋਏ, ਜੂਨ 1984 ਤੋਂ ਬਾਅਦ ਦੇ ਸਮੇਂ ਵੱਲ ਆਉਂਦੇ ਹਾਂ।
ਮਾਨ ਸਾਹਿਬ ਨੇ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦੇ ਰੋਸ ਵਜੋਂ 18 ਜੂਨ ਨੂੰ ਆਪਣਾ ਅਸਤੀਫ਼ਾ ਦਿੱਤਾ ਅਤੇ 29 ਨਵੰਬਰ 1984 ਨੂੰ ਉਹਨਾਂ ਨੂੰ ਨੇਪਾਲ ਬਾਰਡਰ ਤੋਂ ਗ੍ਰਫਤਾਰ ਕਰ ਲਿਆ ਗਿਆ। ਭਾਗਲਪੁਰ ਜੇਲ੍ਹ ਵਿਚ ਇਨ੍ਹਾਂ ਨੂੰ 5 ਸਾਲ ਰੱਖਿਆ ਗਿਆ। ਮਾਨ ਸਾਹਿਬ 'ਤੇ ਦੇਸ਼ ਧ੍ਰੋਹ ਦੇ ਕੇਸ ਪਾਏ ਗਏ ਅਤੇ ਅਪ੍ਰੈਲ 8, 1989 ਨੂੰ ਇੰਦਰਾ ਕਤਲ ਦੀ ਸਾਜ਼ਸ਼ ਵਿਚ ਸ਼ਾਮਲ ਹੋਣ ਦਾ ਕੇਸ ਪਾਇਆ ਗਿਆ। 1985 ਤੋਂ ਹੀ ਖਾੜਕੂ ਸੰਘਰਸ਼ ਨੇ ਬੁਲੰਦੀਆਂ ਛੁਹਣੀਆਂ ਸ਼ੁਰੂ ਕੀਤੀਆਂ ਅਤੇ ਤਕਰੀਬਨ 1991 ਤੱਕ ਸਿਖ਼ਰਾਂ 'ਤੇ ਰਿਹਾ ਅਤੇ ਉਸ ਤੋਂ ਬਾਅਦ ਇਸ ਦਾ ਡਾਊਨਫਾਲ ਸ਼ੁਰੂ ਹੋਇਆ। ਆਓ ਇਸ ਸਮੇਂ 'ਤੇ ਜ਼ਰਾ ਝਾਤ ਮਾਰੀਏ।
ਇਕ ਜ਼ਰੂਰੀ ਬੇਨਤੀ
ਮੈਂ ਇਹ ਲਿਖਤ ਮਨ ਦੀ ਭੜਾਸ ਕੱਢਣ ਲਈ ਨਹੀਂ ਲਿਖੀ, ਜਿਹਾ ਕਿ ਮਾਨ ਦਲੀਆਂ ਦਾ ਦਸਤੂਰ ਹੈ। ਮੇਰੀ ਮਨਸ਼ਾ ਮਾਨ ਸਾਹਿਬ ਦੀ ਰਾਜਨੀਤੀ ਤੇ ਰਾਜਨੀਤਕ ਅਮਲ ਬਾਰੇ ਗਹਿਰ-ਗੰਭੀਰ ਬਹਿਸ ਤੋਰਨ ਦੀ ਹੈ। ਮੈਂ ਚਾਹਾਂਗਾ ਕਿ ਮਾਨ ਸਾਹਿਬ ਮੇਰੇ ਵੱਲੋਂ ਉਠਾਏ ਨੁਕਤਿਆਂ ਬਾਰੇ ਆਪਣਾ ਪੱਖ ਨਿਝੱਕ ਹੋ ਕੇ ਰੱਖਣ। 'ਅੰਮ੍ਰਿਤਸਰ ਟਾਈਮਜ਼' ਉਨ੍ਹਾਂ ਦੇ ਵਿਚਾਰਾਂ ਨੂੰ ਇੰਨ-ਬਿੰਨ ਛਾਪਣ ਦਾ ਵਾਅਦਾ ਕਰਦਾ ਹੈ। ਜੇਕਰ ਕਿਸੇ ਵੀ ਮੁੱਦੇ ਬਾਰੇ ਮੈਨੂੰ ਆਪਣਾ ਪੱਖ ਗਲਤ ਜਾਪਿਆ ਤਾਂ ਮੈਂ ਖੁਲ੍ਹ ਕੇ ਕਬੂਲ ਕਰ ਲਵਾਂਗਾ। ਪਰ ਬਹਿਸ ਤਹਿਜ਼ੀਬ-ਯਾਫ਼ਤਾ ਹੋਣੀ ਚਾਹੀਦੀ ਹੈ। ਝੂਠੀ ਤੇ ਹੋਛੀ ਦੂਸ਼ਣਬਾਜ਼ੀ ਤੋਂ ਪੱਕਾ ਗੁਰੇਜ਼ ਕਰਕੇ ਚੱਲਣਾ ਚਾਹੀਦਾ ਹੈ। ਜੇਕਰ ਮਾਨ ਸਾਹਿਬ ਬਹਿਸ ਲਈ ਅਜਿਹਾ ਉਸਾਰੂ ਰਵੱਈਆ ਅਖਤਿਆਰ ਕਰ ਲੈਣ ਤਾਂ ਇਹ ਉਹਨਾਂ ਲਈ ਨਿੱਜੀ ਤੌਰ 'ਤੇ ਮਾਣ ਵਾਲੀ ਤੇ ਪੰਥ ਲਈ ਸਮੂਹਕ ਤੌਰ 'ਤੇ ਭਲੇ ਵਾਲੀ ਗੱਲ ਹੋਵੇਗੀ। ਬਹਿਸ ਲਈ ਮੇਰੀ ਇਹ ਸ਼ਰਤ ਹੈ ਕਿ ਇਸ ਲਈ ਸ਼ ਮਾਨ ਖੁਦ ਅੱਗੇ ਆਉਣ। ਉਨ੍ਹਾਂ ਦੇ ਕਿਸੇ ਵੀ ਸ਼ਰਧਾਲੂ ਅੰਦਰ ਗੰਭੀਰ ਬਹਿਸ ਕਰਨ ਦੀ ਸਮਰੱਥਾ ਨਹੀਂ ਹੈ। ਉਹ ਕਲੇਸ਼ ਕਰਨਾ ਜਾਣਦੇ ਹਨ, ਚਿੱਕੜ ਉਛਾਲਣਾ ਤੇ ਇਸ ਵਿਚ ਆਪ ਲਿਬੜਨਾ ਤੇ ਹੋਰਾਂ ਨੂੰ ਲਿਬੇੜਨਾ ਜਾਣਦੇ ਹਨ। ਉਨ੍ਹਾਂ ਨੂੰ ਬਹਿਸ ਕਰਨ ਦਾ ਸਲੀਕਾ ਨਹੀਂ ਆਉਂਦਾ, ਬਹਿਸ ਗੰਧਾਲਣ ਦਾ ਤਰੀਕਾ ਬਥੇਰਾ ਆਉਂਦਾ ਹੈ। ਇਸ ਕਰਕੇ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ ਇਸ ਲਿਖਤ ਦਾ ਜੁਆਬ ਕੋਈ ਹੋਰ ਦੇਣ ਦੀ ਕੋਸ਼ਿਸ਼ ਕਰੇਗਾ, ਤਾਂ ਮੈਂ ਇਸ ਦਾ ਕੋਈ ਵੀ ਨੋਟਿਸ ਨਾ ਲੈਣ ਦਾ ਅਗਾਊਂ ਹੀ ਐਲਾਨ ਕਰਦਾ ਹਾਂ। ਇਸ ਬਾਰੇ ਕੋਈ ਜਿਵੇਂ ਮਰਜ਼ੀ ਬੋਲੀ ਜਾਵੇ, ਮੇਰਾ ਕੋਈ ਪ੍ਰਤੀਕਰਮ ਨਹੀਂ ਹੋਣਾ। ਜੇਕਰ ਇਸ ਨੂੰ ਕਿਸੇ ਨੇ ਮੇਰੀ 'ਹਾਰ' ਕਹਿਕੇ ਖੁਸ਼ ਹੋਣਾ ਹੈ ਤਾਂ ਹੁਣ ਹੀ ਹੋ ਲਵੇ। ਮੇਰਾ ਇਹ ਫੈਸਲਾ ਅਟੱਲ ਹੈ।

ਜਨਵਰੀ 1986 ਨੂੰ ਤਕਰੀਬਨ ਸਾਰੀਆਂ ਹੀ ਖਾੜਕੂ ਧਿਰਾਂ ਨੇ ਇਕੱਠੇ ਹੋ ਕੇ ਪੰਥਕ ਕਮੇਟੀ ਬਣਾਈ ਜਿਸ ਦਾ ਕੰਮ ਸਿੱਖਾਂ ਨੂੰ ਰਾਜਸੀ ਸੇਧ ਦੇਣਾ ਸੀ। ਅਕਾਲੀਆਂ ਨੂੰ ਪੂਰੀ ਤਰ੍ਹਾਂ ਇਸ ਵਿਚੋਂ ਪਾਸੇ ਰੱਖਿਆ ਗਿਆ। ਇਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿਤਾ ਨੂੰ ਵੀ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਮੇਰੇ ਖਿਆਲ ਮੁਤਾਬਕ ਮਾਨ ਸਾਹਿਬ ਉਸ ਵੇਲੇ ਤੋਂ ਹੀ ਖਾੜਕੂਆਂ ਨਾਲ ਖਾਰ ਖਾਣ ਲੱਗ ਪਏ ਸਨ। ਇਹ ਗੱਲ ਵੱਖਰੀ ਹੈ ਕਿ ਖਾੜਕੂਆਂ ਨੂੰ ਇਹ ਗੱਲ ਪਤਾ ਨਹੀਂ ਲੱਗ ਸਕੀ। ਮਾਨ ਸਾਹਿਬ ਨੂੰ ਜੇਲ੍ਹ ਅੰਦਰ ਉਸ ਵੇਲੇ ਕੌਣ ਕੌਣ ਮਿਲਣ ਗਏ, ਬਾਰੇ ਵਿਚਾਰ ਫਿਰ ਕਦੇ ਕੀਤੀ ਜਾਵੇਗੀ ਪਰ ਅਗਲੇ ਹੀ ਸਾਲ ਮਾਨ ਸਾਹਿਬ ਨੇ ਪੰਥਕ ਕਮੇਟੀ ਦੇ ਬਰਾਬਰ ਅਕਾਲੀ ਦਲ ਤੇ ਸਾਰੇ ਧੜੇ ਇਕੱਠੇ ਕਰਕੇ ਯੂਨਾਈਟਿਡ ਸ਼੍ਰੋਮਣੀ ਅਕਾਲੀ ਦਲ ਕੱਢ ਮਾਰਿਆ। ਮਾਨ ਸਾਹਿਬ ਜੇਲ੍ਹ ਵਿਚ ਬੈਠੇ ਹੀ 1 ਜੂਨ 1987 ਨੂੰ ਇਸ ਦੇ ਪ੍ਰਧਾਨ ਥਾਪ ਦਿਤੇ ਗਏ ਅਤੇ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਗੁਰਚਰਨ ਸਿੰਘ ਟੌਹੜਾ ਵੀ ਇਸੇ ਹੀ ਦਲ ਵਿਚ ਸ਼ਾਮਲ ਹੋਏ। ਇਹ ਸਾਰੀ ਕਲਾ ਕਿਵੇਂ ਵਰਤੀ? ਇਹ ਸੁਆਲ ਡੂੰਘੀ ਵਿਚਾਰ ਦੀ ਮੰਗ ਕਰਦਾ ਹੈ। ਪਰ ਲਗਦਾ ਹੈ ਕਿਸੇ ਨੇ ਵੀ ਅਜੇ ਤਕ ਇਸ ਬਾਰੇ ਬਹੁਤਾ ਨਹੀਂ ਸੋਚਿਆ। ਪਰ ਗੱਲ ਸੋਚਣ ਵਾਲੀ ਹੈ। ਖਾੜਕੂਆਂ ਦੀ ਪੰਥਕ ਕਮੇਟੀ ਦੇ ਮੁਕਾਬਲੇ ਵਿਚ ਸਰਕਾਰ ਨੂੰ ਕੋਈ ਖਾੜਕੂ ਦਿੱਖ ਵਾਲਾ ਸਿੱਖ ਲੀਡਰ ਹੀ ਚਾਹੀਦਾ ਸੀ। ਕਿਸੇ ਨਰਮਦਲੀਏ ਸਿੱਖ ਲੀਡਰ ਦੀ ਦਾਲ ਨਹੀਂ ਗਲ ਸਕਦੀ ਸੀ। ਅਤੇ ਸਿਮਰਨਜੀਤ ਸਿੰਘ ਮਾਨ ਤੋਂ ਸਿਵਾ ਖਾੜਕੂ ਦਿੱਖ ਵਾਲਾ ਸਿੱਖ ਲੀਡਰ ਹੋਰ ਕੌਣ ਹੋ ਸਕਦਾ ਸੀ?
1989 ਵਿਚ ਖਾੜਕੂ ਲਹਿਰ ਪੂਰੇ ਜੋਬਨ 'ਤੇ ਪਹੁੰਚ ਗਈ ਸੀ। ਰਵਾਇਤੀ ਸਿੱਖ ਲੀਡਰਸ਼ਿੱਪ ਸਿੱਖ ਜਨਤਾ ਦੇ ਮਨਾਂ ਉਤੋਂ ਪੂਰੀ ਤਰ੍ਹਾਂ ਲੱਥ ਗਈ ਸੀ। ਉਸ ਸਥਿਤੀ ਵਿਚ ਸਿੱਖ ਕਿਸੇ ਵੀ ਰਵਾਇਤੀ ਅਕਾਲੀ ਆਗੂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਕੇਂਦਰ ਸਰਕਾਰ ਇਸ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਤੇ ਘੋਖ ਰਹੀ ਸੀ। ਇਸ ਕਰਕੇ ਖਾੜਕੂ ਲਹਿਰ ਦੇ ਵਿਰੋਧ ਵਿਚ ਸਿੱਖਾਂ ਸਾਹਮਣੇ ਅਜਿਹਾ ਰਾਜਸੀ ਆਗੂ ਸ਼ਿੰਗਾਰ ਕੇ ਪੇਸ਼ ਕਰਨ ਦੀ ਲੋੜ ਸੀ ਜਿਹੜਾ ਸਾਰੇ ਸਿੱਖਾਂ ਨੂੰ ਪਰਵਾਨ ਹੋਵੇ। ਇੰਦਰਾ ਗਾਂਧੀ ਦੇ ਕਤਲ ਨੂੰ ਸਾਰੇ ਹੀ ਸਿੱਖਾਂ ਨੇ ਸਲਾਹਿਆ ਸੀ। 8 ਅਪ੍ਰੈਲ 1989 ਨੂੰ ਭਾਈ ਸਿਮਰਨਜੀਤ ਸਿੰਘ ਮਾਨ 'ਤੇ ਇੰਦਰਾ ਕਤਲ ਕਰਨ ਦੀ ਸਾਜ਼ਿਸ਼ ਦੇ ਕੇਸ ਪਾਏ ਗਏ। ਸਿੱਖ ਜਨਤਾ ਦੀਆਂ ਨਜ਼ਰਾਂ ਵਿਚ ਮਾਨ ਸਾਹਿਬ ਹੋਰ ਉਚੇ ਹੋ ਗਏ। ਇਥੇ ਇਹ ਗੱਲ ਖਿਆਲ ਰੱਖਣਯੋਗ ਹੈ ਕਿ ਇਹ ਕੇਸ ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਨੂੰ 6 ਜਨਵਰੀ 1989 ਨੂੰ ਫਾਂਸੀ ਦੇਣ ਤੋਂ ਬਾਅਦ ਪਾਇਆ ਗਿਆ। ਇਸ ਦੇ ਕੀ ਕਾਰਨ ਹਨ, ਹਾਲ ਦੀ ਘੜੀ ਵਿਚਾਰਨ ਦੀ ਲੋੜ ਨਹੀਂ। ਆਪਣੇ ਮੁੱਦੇ 'ਤੇ ਹੀ ਕੇਂਦਰਤ ਹੁੰਦੇ ਹਾਂ।
ਪੰਥਕ ਕਮੇਟੀ ਸਿੱਧੇ ਤੌਰ 'ਤੇ ਖਾੜਕੂਆਂ ਦੀ ਨੁਮਾਇੰਦਗੀ ਕਰਦੀ ਸੀ ਅਤੇ ਖਾਲਿਸਤਾਨ ਦੀ ਮੰਗ ਕਰਦੀ ਸੀ। ਭਾਰਤ ਸਰਕਾਰ ਨੂੰ ਇਕ ਅਜਿਹਾ ਲੀਡਰ ਚਾਹੀਦਾ ਸੀ ਜਿਸ ਨੂੰ ਖਾੜਕੂ ਸਵੀਕਾਰ ਵੀ ਕਰ ਲੈਣ, ਪਰ ਉਹ ਖਾਲਿਸਤਾਨ ਨਾ ਮੰਗਦਾ ਹੋਵੇ ਅਤੇ ਭਾਰਤੀ ਪ੍ਰਣਾਲੀ ਅਧੀਨ ਚੋਣਾਂ ਵਿਚ ਭਾਗ ਲੈਣ ਲਈ ਤਿਆਰ ਹੋਵੇ। ਭਾਵ ਇਹ ਕਿ ਸਿੱਖਾਂ ਅੰਦਰ ਉਸਦਾ ਖਾੜਕੂ ਅਕਸ ਵੀ ਹੋਵੇ ਤੇ ਉਸ ਦੇ ਮਨ ਅੰਦਰ ਕੁਰਸੀ ਦੀ ਭੁੱਖ ਵੀ ਵਸੀ ਹੋਵੇ। ਉਨ੍ਹਾਂ ਨੇ ਆਪਣੇ ਲੰਮੇ ਰਾਜਸੀ ਤਜਰਬੇ 'ਚੋਂ ਇਹ ਗੱਲ ਸਿੱਖ ਲਈ ਸੀ ਕਿ ਕੁਰਸੀ ਦਾ ਭੁੱਖਾ ਲੀਡਰ ਕਦੇ ਭੁੱਲ ਕੇ ਵੀ ਇਲੈਕਸ਼ਨ ਦਾ ਬਾਈਕਾਟ ਨਹੀਂ ਕਰੇਗਾ, ਸਗੋਂ ਬਾਈਕਾਟ ਕਰਨ ਵਾਲਿਆਂ ਦੇ ਗਲ ਨੂੰ ਪਵੇਗਾ। ਪੰਥਕ ਕਮੇਟੀ ਨੇ ਭਾਰਤੀ ਸਿਸਟਮ ਨੂੰ ਮੁਕੰਮਲ ਤੌਰ 'ਤੇ ਰੱਦ ਕਰਨ ਦੀ ਅਡੋਲ ਪੋਜ਼ੀਸ਼ਨ ਲੈ ਰੱਖੀ ਹੋਈ ਸੀ। ਪਰ ਮਾਨ ਸਾਹਿਬ ਨੇ ਇਸ ਗੱਲ ਦੀ ਪਰਵਾਹ ਨਾ ਕਰਦਿਆਂ, ਜੇਲ੍ਹ ਵਿਚ ਬੈਠਿਆਂ ਹੀ 1989 ਦੀਆਂ ਚੋਣਾਂ ਵਿਚ ਆਪਣੀ ਪਾਰਟੀ ਸ਼ਾਮਲ ਹੋਣ ਦਾ ਬਿਗ਼ਲ ਵਜਾ ਦਿਤਾ।
ਇਥੇ ਇਹ ਧਿਆਨਯੋਗ ਹੈ ਕਿ ਪੰਥਕ ਕਮੇਟੀ ਨੇ ਇਸ ਚੋਣ ਵਿਚ ਚੁੱਪ ਵੱਟੀ ਰੱਖੀ ਅਤੇ ਮਾਨ ਸਾਹਿਬ ਨੂੰ ਚੋਣਾਂ ਲੜਨ ਤੋਂ ਨਹੀਂ ਰੋਕਿਆ। ਪੰਥਕ ਕਮੇਟੀ ਦਾ ਇਹ ਪੈਂਤੜਾ ਸਿਧਾਂਤਕ ਪੱਖੋਂ ਕਿੰਨਾ ਕੁ ਸਹੀ ਜਾਂ ਵਾਜਿਬ ਸੀ, ਇਹ ਡੂੰਘੀ ਬਹਿਸ ਦੀ ਮੰਗ ਕਰਦਾ ਹੈ। ਮਾਨ ਸਾਹਿਬ ਨੇ ਉਸ ਇਲੈਕਸ਼ਨ ਵਿਚ ਖਾਲਿਸਤਾਨ ਦਾ ਨਾਮ ਨਹੀਂ ਲਿਆ । ਜ਼ਾਹਰ ਹੈ ਕਿ ਉਦੋਂ ਤਕ ਅਜੇ ਖਾਲਿਸਤਾਨ ਮਾਨ ਸਾਹਿਬ ਦਾ ਰਾਜਸੀ ਨਿਸ਼ਾਨਾ ਨਹੀਂ ਬਣਿਆ ਸੀ।
ਮਾਨ ਸਾਹਿਬ ਨੇ ਇਕ ਚਿੱਠੀ ਭਾਰਤ ਸਰਕਾਰ ਨੂੰ ਲਿਖੀ ਜੋ ਗੁਰਤੇਜ ਸਿੰਘ ਸਾਬਕਾ ਆਈਏਐਸ ਨੇ ਆਪਣੀ ਕਿਤਾਬ 'ਚੱਕਰਵਿਊ' ਦੇ ਪੰਨਾ 185 'ਤੇ ਛਾਪੀ ਹੈ। ਮਾਨ ਸਾਹਿਬ ਨੇ ਅਜੇ ਤਕ ਇਸਦੀ ਤਰਦੀਦ ਨਹੀਂ ਕੀਤੀ। ਉਸ ਚਿੱਠੀ ਵਿਚ ਮਾਨ ਸਾਹਿਬ ਨੇ ਭਾਰਤ ਸਰਕਾਰ ਨੂੰ ਇਹ ਸਪਸ਼ਟ ਯਕੀਨ ਦੁਆਇਆ ਕਿ ਉਹ ਭਾਰਤ ਦੀ ਏਕਤਾ ਅਤੇ ਅਖੰਡਤਾ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਪੰਜਾਬ ਵਿਚ ਸ਼ਾਂਤੀ ਬਹਾਲ ਕਰਨ ਲਈ ਯਤਨਸ਼ੀਲ ਹੋਣਗੇ। ਇਥੇ ਪੰਥਕ ਕਮੇਟੀ ਅਤੇ ਮਾਨ ਸਾਹਿਬ ਦੇ ਅਲੱਗ ਅਲੱਗ ਰਾਜਸੀ ਨਿਸ਼ਾਨੇ ਸਾਫ ਉਘੜਕੇ ਸਾਹਮਣੇ ਆਉਂਦੇ ਹਨ।
ਮਾਨ ਸਾਹਿਬ ਨਵੰਬਰ 1989 ਦੀਆਂ ਇਲੈਕਸ਼ਨਾਂ ਜਿੱਤਦੇ ਹਨ ਅਤੇ ਇੰਦਰਾ ਕਤਲ ਕੇਸ ਦੀ ਸਾਜਿਸ਼ ਦਾ ਕੇਸ ਵੀ ਸਰਕਾਰ ਉਸੇ ਮੌਕੇ ਡਰਾਪ ਕਰ ਦਿੰਦੀ ਹੈ। ਜਿਸ ਦਿਨ ਵੀ ਪੀ ਸਿੰਘ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਦਾ ਹੈ, ਉਸੇ ਦਿਨ ਹੀ ਇਹ ਕੇਸ ਡਰੌਪ ਹੋ ਜਾਂਦਾ ਹੈ। ਇਸ ਚੋਣ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਮਨਜੀਤ ਸਿੰਘ ਕਲਕੱਤਾ ਵੀ ਚੋਣ ਲੜਦੇ ਹਨ। ਕ੍ਰਿਪਾਨ ਦੇ ਮਸਲੇ ਨੂੰ ਲੈ ਕੇ ਲੋਕ ਸਭਾ ਅੰਦਰ ਨਾ ਜਾਣ ਦੀ ਗੱਲ ਨੂੰ ਪਾਸੇ ਰੱਖਦੇ ਹੋਏ ਆਪਾਂ ਮਾਨ ਸਾਹਿਬ ਦੇ 7 ਮਾਰਚ 1990 ਨੂੰ ਰਾਜੀਵ ਗਾਂਧੀ ਬਾਰੇ ਦਿੱਤੇ ਬਿਆਨ ਬਾਰੇ ਗੱਲ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ 'ਰਾਜੀਵ ਗਾਂਧੀ ਦੇ ਇੰਦਰਾ ਗਾਂਧੀ ਦਾ ਪੁੱਤ ਹੋਣ ਕਾਰਨ ਮੈਂ ਇਸ ਪ੍ਰਤੀ ਕੋਈ ਮੰਦਭਾਵਨਾ ਨਹੀਂ ਰੱਖਦਾ। ਮੈਂ ਹਮੇਸ਼ਾ ਹੀ ਜ਼ਖ਼ਮਾਂ 'ਤੇ ਮਲ੍ਹਮ ਲਾਉਣ ਵਿਚ ਯਕੀਨ ਰੱਖਦਾ ਹਾਂ'। ਇਸ ਵੇਲੇ ਤੱਕ ਖਾਲਿਸਤਾਨ ਦੇ ਰਾਜਸੀ ਨਿਸ਼ਾਨੇ ਬਾਰੇ ਮਾਨ ਸਾਹਿਬ ਇਸੇ ਬਿਆਨ ਵਿਚ ਕਹਿੰਦੇ ਹਨ ਕਿ Ḕਹਜ਼ਾਰਾਂ ਹੀ ਸਿੱਖ ਪੰਜਾਬ ਤੋਂ ਬਾਹਰ ਦੇਸ਼ ਦੇ ਹੋਰ ਰਾਜਾਂ ਵਿਚ ਖੁਸ਼ਹਾਲੀ ਦੀ ਜ਼ਿੰਦਗੀ ਜੀਅ ਰਹੇ ਹਨ। ਜੇ ਖਾਲਿਸਤਾਨ ਬਣ ਜਾਂਦਾ ਹੈ ਤਾਂ ਉਨ੍ਹਾਂ ਦੀ ਕਿਸਮਤ ਕੀ ਹੋਵੇਗੀ' ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ ਸੀ ਅਤੇ ਉਹ ਖੁਲ੍ਹ ਕੇ, ਪੂਰੇ ਧੜੱਲੇ ਨਾਲ, ਖਾਲਿਸਤਾਨ ਦੀ ਖਾਲੀ ਮੰਗ ਹੀ ਨਹੀਂ ਕਰ ਰਹੇ ਸਨ, ਇਸ ਮੰਗ ਲਈ ਆਪਣੀਆਂ ਜਾਨਾਂ ਵਾਰ ਰਹੇ ਸਨ।
ਖਾੜਕੂ ਧਿਰਾਂ ਨੇ ਪਹਿਲੀ ਵਾਰ 31 ਮਈ 1990 ਨੂੰ ਮਾਨ ਦੇ ਇਲੈਕਸ਼ਨ ਵਿਚ ਭਾਗ ਲੈਣ ਦੀ ਆਲੋਚਨਾ ਕੀਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪੀ ਸਿੰਘ ਨਾਲ ਗੁਪਤ ਡੀਲ ਬਣਾਉਣ ਦੀ ਵੀ ਨੁਕਤਾਚੀਨੀ ਕੀਤੀ। ਇਸ ਵੇਲੇ ਤੋਂ ਹੀ ਸਿੱਖ ਖਾੜਕੂ ਲਹਿਰ ਦਾ ਡਾਊਨਫਾਲ ਸ਼ੁਰੂ ਹੁੰਦਾ ਹੈ। ਵੀ ਪੀ ਸਿੰਘ ਅਤੇ ਮਾਨ ਸਾਹਿਬ ਦੇ 'ਨਿੱਘੇ' ਸਬੰਧਾਂ ਬਾਰੇ ਆਪਾਂ ਸਾਰੇ ਜਾਣਦੇ ਹੀ ਹਾਂ। ਨਵੰਬਰ 1990 ਵਿਚ ਚੰਦਰ ਸ਼ੇਖਰ ਭਾਰਤ ਦਾ ਪ੍ਰਧਾਨ ਮੰਤਰੀ ਬਣਦਾ ਹੈ ਅਤੇ ਉਸ ਨੇ ਕਸ਼ਮੀਰੀਆਂ ਤੇ ਸਿੱਖਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ। ਕਸ਼ਮੀਰੀਆਂ ਨੇ ਕੋਈ ਵੀ ਗੱਲਬਾਤ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ, ਪਰ ਮਾਨ ਸਾਹਿਬ ਨੇ ਗੱਲਬਾਤ ਦੀ ਪੇਸ਼ਕਸ਼ ਭੂੰਜੇ ਨਹੀਂ ਪੈਣ ਦਿਤੀ, ਝੱਟ ਮੰਨ ਲਈ। ਇਹ ਗੱਲ 26 ਦਸੰਬਰ 1990 ਦੀ ਹੈ। ਮਾਨ ਸਾਹਿਬ ਨੇ ਕਿਹਾ ਕਿ ਉਹ ਖਾੜਕੂਆਂ ਨੂੰ ਵੀ ਗੱਲਬਾਤ ਵਿਚ ਸ਼ਾਮਲ ਕਰਨਗੇ। ਚੰਦਰ ਸ਼ੇਖਰ ਨੇ ਇਹ ਸ਼ਰਤ ਰੱਖੀ ਕਿ ਗੱਲਬਾਤ ਅੰਦਰ ਵੱਖਰੇ ਸਿੱਖ ਰਾਜ ਦੀ ਗੱਲ ਨਹੀਂ ਹੋਵੇਗੀ ਅਤੇ ਇਸ ਅਧਾਰ ਤੇ ਹੀ ਉਹ ਖਾੜਕੂਆਂ ਨਾਲ ਮਿਲ ਸਕਦਾ ਹੈ। ਮਾਨ ਸਾਹਿਬ ਨੇ ਇਹ ਸ਼ਰਤ ਵੀ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਈ ਅਤੇ 29 ਦਸੰਬਰ 1990 ਨੂੰ ਚੰਦਰ ਸ਼ੇਖਰ ਨਾਲ ਉਹਨਾਂ ਦੀ ਭੇਦਭਰੀ ਗੱਲਬਾਤ ਹੋਈ। ਇਸ ਵੇਲੇ ਤੱਕ ਵੀ ਮਾਨ ਸਾਹਿਬ ਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ। ਹੁਣ ਮਾਨ ਸਾਹਿਬ ਹੀ ਦੱਸ ਸਕਦੇ ਹਨ ਕਿ ਕਿਹੜੇ ਖਾੜਕੂ ਇਨ੍ਹਾਂ ਦੀ ਗੱਲਬਾਤ ਵਿਚ ਸ਼ਾਮਲ ਸਨ। ਪਰ ਮੇਰੀ ਇਤਲਾਹ ਮੁਤਾਬਕ ਖਾੜਕੂ ਧਿਰਾਂ ਨੇ ਚੰਦਰ ਸ਼ੇਖਰ ਦੀ ਇਸ ਪੇਸ਼ਕਸ਼ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ। ਪਰ ਮਾਨ ਸਾਹਿਬ ਨਹੀਂ ਸਨ ਮੰਨੇ। ਇਹ ਸਾਰਾ ਘਾਲਾ ਮਾਲਾ ਕੀ ਸੀ? ਪੜਦਿਆਂ ਪਿੱਛੇ, ਉਹਲੇ ਵਿਚ, ਕੀ ਰਿੱਝ ਪੱਕ ਰਿਹਾ ਸੀ? ਇਹਨਾਂ ਸੁਆਲਾਂ ਉਤੇ ਬਹੁਤ ਚਿਰ ਪਹਿਲਾਂ ਬਹਿਸ ਛਿੜੇਨੀ ਚਾਹੀਦੀ ਸੀ। ਅਤੇ ਭਵਿੱਖ ਵਿਚ ਕਦੇ ਤਾਂ ਮਾਨ ਸਾਹਿਬ ਨੂੰ ਇਹਨਾਂ ਸੁਆਲਾ ਦੇ ਰੂ-ਬ-ਰੂ ਹੋਣਾ ਪੈਣਾ ਹੈ।  ਦੂਸਰਿਆਂ ਨੂੰ ਬਾਰ ਬਾਰ ਅਤੇ ਬੇਵਜ੍ਹਾ ਕਟਿਹਿਰੇ ਵਿਚ ਖੜ੍ਹੇ ਕਰਨਾ ਪਰ ਆਪਣੀ ਵਾਰੀ ਅੱਗ ਬਬੂਲਾ ਹੋ ਉਠਣਾ, ਇਹ ਕਿਧਰ ਦੀ ਸਟੇਟਸਮੈਨਸ਼ਿੱਪ ਹੈ? ਇਹ ਕਿਧਰ ਦਾ ਸਦਾਚਾਰ ਹੈ?
ਜਦੋਂ ਖਾੜਕੂ ਧਿਰਾਂ ਖਾਸ ਕਰ ਪੰਥਕ ਕਮੇਟੀ ਨਾਲ ਸਬੰਧਤ ਫੋਰਸਾਂ ਵੱਲੋਂ ਸਰਕਾਰ ਨਾਲ ਓਹਲੇ ਵਿਚ ਗੱਲਬਾਤ ਕਰਨ ਦਾ ਕੋਈ ਹੁੰਗਾਰਾ ਨਾ ਮਿਲਿਆ ਤਾਂ 15 ਦਿਨ ਦੇ ਅੰਦਰ ਹੀ (13 ਜਨਵਰੀ 1991) ਤਿੰਨ ਅਕਾਲੀ ਦਲ -ਜਿਨ੍ਹਾਂ ਵਿਚ ਮਾਨ ਦਲ, ਲੌਂਗੋਵਾਲ ਦਲ ਤੇ ਬਾਦਲ ਸੀ- ਨਾਟਕੀ ਢੰਗ ਨਾਲ ਇਕੱਠੇ ਹੋ ਗਏ ਅਤੇ ਚੰਦਰ ਸ਼ੇਖਰ ਨਾਲ ਗੱਲ ਤੋਰਨ ਲਈ ਸਹਿਮਤੀ ਪ੍ਰਗਟਾਈ। ਇਸ ਵੇਲੇ ਸੁਰਜੀਤ ਸਿੰਘ ਬਰਨਾਲਾ 'ਬਲੈਕ ਥੰਡਰ' ਦੀ ਕਰਤੂਤ ਕਰ ਚੁੱਕਾ ਸੀ। ਇਨ੍ਹਾਂ ਤਿੰਨਾਂ ਜੋਟੀਦਾਰਾਂ (ਸਿਮਰਨਜੀਤ ਸਿੰਘ ਮਾਨ, ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ) ਨੇ 1991 ਦੀਆਂ ਚੋਣਾਂ ਲੜਨ ਦਾ ਫੈਸਲਾ ਕਰ ਲਿਆ, ਜਿਸ ਦਾ ਖਾੜਕੂ ਧਿਰਾਂ ਨੇ ਬਾਈਕਾਟ ਕਰਨ ਦਾ ਸੱਦਾ ਦਿੱਤਾ।
1991 ਦੀਆਂ ਚੋਣਾਂ ਦੇ ਬਾਈਕਾਟ ਕਰਨ ਬਾਰੇ ਖਾੜਕੂ ਧਿਰਾਂ ਜਾਂ ਪੰਥਕ ਕਮੇਟੀ ਦੀ ਤਿੱਖੀ ਨੁਕਤਾਚੀਨੀ ਕੀਤੀ ਜਾਂਦੀ ਹੈ। ਸਰਕਾਰ ਨਾਲ ਗੱਲਬਾਤ ਕਰਨ ਦੀ ਉਪਰ ਦੱਸੀ ਕਹਾਣੀ ਨੂੰ ਜੇ ਧਿਆਨ ਵਿਚ ਰੱਖੀਏ ਅਤੇ ਹੁਣ ਮੈਂ ਥੋੜ੍ਹਾ ਚੋਣਾਂ ਤੋਂ ਪਹਿਲਾਂ ਦੀ ਸਥਿਤੀ ਸਪੱਸ਼ਟ ਕਰਨੀ ਚਾਹੁੰਦਾ ਹਾਂ, ਤਾਂ ਜੋ ਬਾਈਕਾਟ ਕਿਉਂ ਹੋਇਆ, ਇਸ ਬਾਰੇ ਸਪੱਸ਼ਟ ਹੋ ਸਕੇ। ਸਾਰਾ ਜੱਗ ਜਾਣਦਾ ਹੈ ਕਿ ਚੋਣਾਂ ਲਈ ਮਾਨ ਸਾਹਿਬ ਪੂਰੇ ਉਤਾਵਲੇ ਸਨ ਅਤੇ ਵੀ ਪੀ ਸਿੰਘ ਨੇ ਇਨ੍ਹਾਂ ਨੂੰ ਪੰਜਾਬ ਦੇ ਚੀਫ਼ ਮਨਿਸਟਰ ਦੇ ਸੁਪਨੇ ਦਿਖਾ ਦਿੱਤੇ ਸਨ।
ਇਕ ਪਾਸੇ ਇਹ ਤਿੰਨੇ ਅਕਾਲੀ ਗਰੁੱਪ ਸਨ। ਭਾਈ ਮਨਜੀਤ ਸਿੰਘ ਦੀ ਫੈਡਰੇਸ਼ਨ ਨੇ ਖਾਲਿਸਤਾਨ ਦੇ ਮੁੱਦੇ 'ਤੇ ਚੋਣ ਲੜਨ ਦਾ ਫੈਸਲਾ ਕਰ ਲਿਆ ਸੀ ਅਤੇ ਅੰਦਰ ਖਾਤੇ ਕੁੱਝ ਖਾੜਕੂਆਂ ਨਾਲ ਨਾਪਾਕ ਗੰਢ-ਤੁੱਪ ਵੀ ਕਰ ਲਈ ਸੀ। ਬੱਬਰ ਖਾਲਸਾ ਨੇ ਆਪਣਾ ਵੱਖਰਾ 'ਬੱਬਰ ਅਕਾਲੀ ਦਲ' ਹੋਂਦ ਵਿਚ ਲੈ ਆਂਦਾ ਸੀ। ਭਾਈ ਵੱਸਣ ਸਿੰਘ ਜਫ਼ਰਵਾਲ ਨੇ ਵੀ ਚੋਣਾਂ ਵਿਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਸੀ ਅਤੇ ਆਪਣੇ ਉਮੀਦਵਾਰਾਂ ਦੀ ਬਕਾਇਦਾ ਲਿਸਟ ਬਣਾ ਲਈ ਸੀ। ਜਦੋਂ ਭਾਰਤ ਸਰਕਾਰ ਦੇ ਮਿਲਵਰਤਨ ਨਾਲ ਇਲੈਕਸ਼ਨਾਂ ਦੀ ਇਹ ਕਵਾਇਦ ਜਾਰੀ ਸੀ ਤਾਂ ਪੰਥਕ ਕਮੇਟੀ ਨੇ ਮਸਲੇ ਦੇ ਸਾਰੇ ਪਹਿਲੂਆਂ ਉਤੇ ਵਿਚਾਰ ਕਰਨ ਲਈ ਪਾਕਿਸਤਾਨ ਵਿਚ ਇਕ ਮੀਟਿੰਗ ਕੀਤੀ, ਜਿਸ ਵਿਚ ਤਕਰੀਬਨ ਸਾਰੀਆਂ ਹੀ ਖਾੜਕੂ ਧਿਰਾਂ ਸ਼ਾਮਲ ਕੀਤੀਆਂ ਗਈਆਂ। ਇਹ ਗੱਲ ਨਿੱਤਰ ਕੇ ਸਾਹਮਣੇ ਆਈ ਕਿ ਇਨ੍ਹਾਂ ਇਲੈਕਸ਼ਨਾਂ ਵਿਚ ਖਾਲਿਸਤਾਨੀ ਧਿਰਾਂ ਦਾ ਪੂਰਾ ਜਲੂਸ ਨਿਕਲਣ ਦੇ ਚਾਂਸ ਦਿਖਾਈ ਦੇਣ ਲੱਗ ਪਏ ਸਨ। ਕਿਉਂਕਿ ਮਾਨ ਸਾਹਿਬ, ਭਾਈ ਮਨਜੀਤ ਸਿੰਘ, ਬੱਬਰ, ਅਤੇ ਪੰਥਕ ਕਮੇਟੀ ਦੇ ਇਕ ਹਲਕੇ ਲਈ 5-5 ਉਮੀਦਵਾਰ ਡੰਡ ਪੇਲ ਰਹੇ ਸਨ। ਐਮ ਕੇ ਧਰ ਦੀ ਕਿਤਾਬ ਤੋਂ ਸਾਫ਼ ਇਹ ਸਿੱਟਾ ਨਿਕਲਦਾ ਹੈ ਕਿ ਉਸ ਵੇਲੇ ਖਾੜਕੂ ਲਹਿਰ ਨੂੰ ਢਾਹ ਲਾਉਣ ਲਈ ਸਰਕਾਰ ਦੀ ਪੂਰੀ ਘੁਸਪੈਠ ਹੋ ਚੁੱਕੀ ਸੀ। ਸਰਕਾਰ ਨਾਲ ਗੱਲਬਾਤ ਤੇ ਇਲੈਕਸ਼ਨਾਂ ਦੀ ਕਵਾਇਦ ਵੱਡੇ ਜੋੜ ਤੋੜ (ਮਅਨਪੁਲਅਟਿਨ) ਦਾ ਪਾਰਟ ਸੀ। ਮਾਨ ਸਾਹਿਬ ਨੇ ਆਪਣੇ ਸਾਰੇ ਉਮੀਦਵਾਰ ਖੜ੍ਹੇ ਕਰਨ ਦੇ ਇਰਾਦੇ ਜੱਗ ਜ਼ਾਹਰ ਕਰ ਦਿਤੇ ਸਨ। ਅਜਿਹੀ ਪਾਟੋ-ਧਾੜ ਦੀ ਹਾਲਤ ਵਿਚ ਖਾੜਕੂ ਧਿਰਾਂ ਦੇ ਜਿੱਤਣ ਦੀ ਕੋਈ ਵੀ ਉਮੀਦ ਨਜ਼ਰ ਨਹੀਂ ਆਉਂਦੀ ਸੀ, ਅਤੇ ਇਲੈਕਸ਼ਨ ਵਿਚ ਹੋਣ ਵਾਲੀ ਹਾਰ ਨੂੰ ਖਾਲਿਸਤਾਨ ਦੇ ਮੁੱਦੇ ਦੀ ਹਾਰ ਵਜੋਂ ਪੇਸ਼ ਕੀਤਾ ਜਾਣਾ ਸੀ। ਅਕਾਲੀ ਆਗੂ, ਜਿਹਨਾਂ ਵਿਚ ਉਦੋਂ ਮਾਨ ਸਾਹਿਬ ਵੀ ਸ਼ਾਮਲ ਸਨ, ਇਹੋ ਚਾਹੁੰਦੇ ਸਨ। ਇਸ ਨਾਲ ਉਹਨਾਂ ਦੀ ਵੱਡੀ ਸਿਰਦਰਦੀ ਖਤਮ ਹੁੰਦੀ ਸੀ। ਹਾਰ ਨਾਲੋਂ ਵੀ ਵੱਧ, ਖਾੜਕੂ ਸਫਾਂ ਅੰਦਰ ਭਰਾ-ਮਾਰੂ ਜੰਗ ਦੇ ਛਿੜ ਪੈਣ ਦਾ ਖਤਰਾ ਸਾਫ਼ ਦਿਸ ਰਿਹਾ ਸੀ। ਜਿਹਨਾਂ ਨੂੰ ਉਹਨਾਂ ਦਿਨਾਂ ਦੇ ਹਾਲਾਤਾਂ ਦਾ ਪਤਾ ਹੈ, ਉਹਨਾਂ ਕੋਲੋਂ ਇਹ ਗੱਲਾਂ ਗੁੱਝੀਆਂ ਨਹੀਂ ਹਨ, ਪਰ ਜਿਹਨਾਂ ਨੂੰ ਉਹਨਾਂ ਹਾਲਤਾਂ ਦਾ ਗਿਆਨ ਨਹੀਂ, ਉਹ ਸੌਖ ਨਾਲ ਗੁਮਰਾਹ ਹੋ ਸਕਦੇ ਹਨ। ਮਾਨ ਦਲੀਏ ਅੱਜ ਇਹੋ ਕਰਨ ਵਿੱਚ ਲੱਗੇ ਹੋਏ ਹਨ। ਸਮਾਂ ਬਹੁਤ ਹੀ ਘੱਟ ਸੀ ਅਤੇ ਇਲੈਕਸ਼ਨ ਦੇ ਬਾਈਕਾਟ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਪਰ ਜਿਹਨਾਂ ਅੰਦਰ ਚੀਫ਼ ਮਨਿਸਟਰੀ ਦੀ ਭੁੱਖ ਜਾਗ ਉਠੀ ਸੀ, ਉਹਨਾਂ ਨੂੰ ਬਾਈਕਾਟ ਦੀ ਗੱਲ ਵਿਹੁ ਵਰਗੀ ਲਗਦੀ ਸੀ। ਸੋ ਮਾਨ ਸਾਹਿਬ ਨੇ ਬਾਈਕਾਟ ਨਹੀਂ ਮੰਨਿਆ ਅਤੇ ਇਲੈਕਸ਼ਨਾਂ ਵਿਚ ਕੁੱਦ ਪਏ। ਇਨ੍ਹਾਂ ਦਾ ਏਜੰਡਾ ਕੁਝ ਇਸ ਪ੍ਰਕਾਰ ਸੀ :- ਪੰਜਾਬ ਤੋਂ ਆਰਮੀ ਬਾਹਰ ਕੱਢੀ ਜਾਵੇਗੀ ਅਤੇ ਵਪਾਰ ਲਈ ਪਾਕਿਸਤਾਨ, ਅਫ਼ਗਾਨਿਸਤਾਨ ਤੇ ਇਰਾਨ ਦੇ ਬਾਰਡਰ ਖੋਲ੍ਹੇ ਜਾਣਗੇ। ਖਾਲਿਸਤਾਨ ਦਾ ਨਾਂ ਕਿਧਰੇ ਨਹੀਂ ਸੀ। ਖੈਰ ਸਰਕਾਰ ਨੇ ਐਨ ਆਖਰੀ ਮੌਕੇ ਜੰਮੂ ਕਸ਼ਮੀਰ ਤੇ ਪੰਜਾਬ ਵਿਚ ਇਲੈਕਸ਼ਨਾਂ ਮਨਸੂਖ਼ ਕਰ ਦਿਤੀਆਂ। ਬਾਕੀ ਸਾਰੇ ਦੇਸ਼ ਵਿਚ ਇਲੈਕਸ਼ਨਾਂ ਹੋਈਆਂ ਜਿਹਨਾਂ ਵਿਚ ਕਾਂਗਰਸ ਜਿੱਤ ਗਈ ਅਤੇ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਬਣਿਆ।
ਉਸ ਤੋਂ ਬਾਅਦ ਪੰਜਾਬ ਵਿਚ ਇਹ ਇਲੈਕਸ਼ਨਾਂ 1992 ਵਿਚ ਹੋਈਆਂ। ਉਦੋਂ ਤਕ ਜਾ ਕੇ ਅਕਾਲੀ ਆਗੂਆਂ ਨੇ ਮਾਨ ਸਾਹਿਬ ਦੇ ਸਾਰੇ ਤੌਰ-ਤਰੀਕੇ ਵੇਖ ਲਏ ਸਨ। ਉਸਦਾ ਮਨਾਂ ਉਤੇ ਨੈਤਿਕ ਪਰਭਾਵ ਤੇ ਰੋਹਬ-ਦਾਬ, ਉਸਦੇ ਆਪਣੇ ਲੱਛਣੀਂ ਖਤਮ ਹੋ ਗਿਆ ਸੀ। ਇਸ ਕਰਕੇ ਉਹ ਉਸ ਨਾਲੋਂ ਅਲੱਗ ਹੋ ਗਏ। ਪਰ ਮਾਨ ਸਾਹਿਬ ਨੇ ਇਕੱਲਿਆਂ ਇਲੈਕਸ਼ਨ ਲੜਨ ਦਾ ਨਿਰਣਾ ਕਰ ਲਿਆ। ਉਸ ਨੂੰ ਚੀਫ਼ ਮਨਿਸਟਰੀ ਦਾ ਲੁਭਾਉਣਾ ਖਿਆਲ ਤੜਫਾਈ ਜਾ ਰਿਹਾ ਸੀ। ਪਰ ਉਧਰ ਖਾੜਕੂ ਧਿਰਾਂ ਨੇ ਫਿਰ, ਯੁਧਨੀਤਕ ਅਧਾਰ 'ਤੇ, ਇਲੈਕਸ਼ਨ ਦੇ ਬਾਈਕਾਟ ਦੀ ਅਡੋਲ ਪੋਜ਼ੀਸ਼ਨ ਲੈ ਰੱਖੀ ਸੀ। ਮਾਨ ਸਾਹਿਬ ਲਈ ਸੰਕਟ ਖੜ੍ਹਾ ਹੋ ਗਿਆ। ਚੀਫ਼ ਮਨਿਸਟਰੀ ਬਿਲਕੁਲ ਨੇੜੇ ਆਈ ਖੁਸਦੀ ਪਰਤੀਤ ਹੋਣ ਲੱਗੀ ਤਾਂ ਮਨ ਅੰਦਰ ਖਾੜਕੂਆਂ ਉਤੇ ਗੁੱਸੇ ਦਾ ਉਬਾਲ ਉਠਿਆ। ਪਰ ਉਸ ਵੇਲੇ ਖਾੜਕੂਆਂ ਦੇ ਹੱਥਾਂ ਵਿਚ ਨਿਰੇ ਝੰਡੇ ਨਹੀਂ ਸਨ, ਹੋਰ ਵੀ ਬਹੁਤ ਕੁੱਝ ਸੀ। ਇਸ ਕਰਕੇ ਗੁੱਸੇ ਨੂੰ ਵਕਤੀ ਤੌਰ 'ਤੇ ਦਬਾਉਣਾ ਪੈ ਗਿਆ। ਪਰ ਮਨ ਵਿਚੋਂ ਘਰੋੜ ਨਹੀਂ ਗਈ। ਥੋੜ੍ਹੀ ਚੁਸਤੀ ਤੇ ਚਲਾਕੀ ਨਾਲ ਇਲੈਕਸ਼ਨ ਵਿਚ ਸ਼ਾਮਲ ਹੋਣ ਦਾ ਯਤਨ ਵੀ ਕੀਤਾ। ਰੋਪੜ ਤੋਂ ਕਿਸੇ 'ਸੋਨਾ ਰਾਮ' ਨੂੰ ਟਿਕਟ ਦੇਣ ਦਾ ਐਲਾਨ ਬਕਾਇਦਾ ਅਕਬਾਰਾਂ ਵਿਚ ਪ੍ਰਕਾਸ਼ਤ ਹੋ ਗਿਆ। ਪਰ  ਚੋਣਾਂ ਵਿਚ ਆਪ ਸਿੱਧਾ ਖੜ੍ਹੇ ਹੋਣ ਦੀ ਜ਼ੁਰਅਤ ਨਹੀਂ ਕੀਤੀ। ਕੁੱਝ ਉਮੀਦਵਾਰ ਖੜ੍ਹੇ ਕੀਤੇ ਜੋ ਜਾਂ ਤਾਂ ਬੁਰੀ ਤਰ੍ਹਾਂ ਹਾਰ ਗਏ (ਜਿਵੇਂ ਮਨਜੀਤ ਸਿੰਘ ਖਹਿਰਾ ਪਟਿਆਲਾ ਤੋਂ ਬੁਰੀ ਤਰ੍ਹਾਂ ਹਾਰਿਆ) ਅਤੇ ਕੁੱਝ ਖਾੜਕੂਆਂ ਦੇ ਦਬਾਅ ਹੇਠ ਬੈਠ ਗਏ (ਜਿਵੇਂ ਲਖਮੀਰ ਸਿੰਘ ਫਿਰੋਜ਼ਪੁਰ ਤੋਂ ਆਪ ਹੀ ਬੈਠ ਗਿਆ ਸੀ)।
ਇਸ ਇਲੈਕਸ਼ਨ ਤੋਂ ਬਾਅਦ ਹੀ ਅਸਲ ਵਿਚ ਮਾਨ ਸਾਹਿਬ ਨੂੰ ਖਾਲਿਸਤਾਨ ਦਾ ਮੋਹ ਜਾਗਿਆ। ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਨਹੀਂ ਬੋਲੇ, ਪਰ ਇਕਦਮ ਬਾਅਦ 21 ਫਰਵਰੀ 1992 ਨੂੰ ਇਨ੍ਹਾਂ ਦੇ ਸਪੋਕਸਮੈਨ ਮਨਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਦੇ ਆਜ਼ਾਦੀ ਲਈ ਸਾਫ਼ ਫਤਵਾ ਹੈ।
ਇਸ ਵੇਲੇ ਤੱਕ ਪੰਥਕ ਕਮੇਟੀ ਵਿਚੋਂ ਬੱਬਰ ਅਲੱਗ ਹੋ ਚੁੱਕੇ ਸਨ ਅਤੇ ਖਾੜਕੂ ਸੰਘਰਸ਼ ਮੱਠਾ ਪੈਣ ਲੱਗ ਪਿਆ ਸੀ। ਨੌਜਵਾਨਾਂ ਦੇ ਸ਼ਰੇਆਮ ਮੁਕਾਬਲੇ ਬਣਾਏ ਜਾ ਰਹੇ ਸਨ। ਸਿੱਖ ਲੀਡਰ 3 ਫੁੱਟੀ ਕਿਰਪਾਨ ਲੈ ਕੇ ਖਾੜਕੂਆਂ ਦੀਆਂ ਹੀ ਅੰਦਰਖਾਤੇ ਜੜ੍ਹਾਂ ਖੋਦਣ ਲੱਗੇ ਹੋਏ ਸਨ। ਜਦੋਂ ਇਕ ਪਾਸੇ ਗਰੀਬ ਸਿੱਖਾਂ ਦੇ ਮੁੰਡੇ ਧੜਾਧੜ ਸ਼ਹੀਦ ਹੋ ਰਹੇ ਸਨ ਤਾਂ ਮਾਨ ਸਾਹਿਬ, ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਸੁਰੱਖਿਅਤ ਥਾਵਾਂ 'ਤੇ ਅਮਰੀਕਾ ਵਿਚ ਆਪਣੀਆਂ ਪੜ੍ਹਾਈਆਂ ਕਰ ਰਹੇ ਸਨ। ਇਹ ਹੈ ਮਾਨ ਸਾਹਿਬ ਦੀ ਕੁਰਬਾਨੀ, ਕਿ ਲੋਕਾਂ ਦੇ ਪੁੱਤਾਂ ਨੂੰ ਬਲਦੀ ਦੇ ਬੂਥੇ ਦੇ ਦੇਵੋ ਅਤੇ ਆਪਣੇ ਲਾਡਲੇ ਨੂੰ ਅਮਰੀਕਾ ਭੇਜ ਕੇ ਪੜ੍ਹਨੇ ਪਾ ਦੇਵੋ! ਇਹ ਯਾਦ ਰਹੇ ਕਿ ਦੂਜਿਆਂ ਨੂੰ ਸਵਾਲ ਕਰਨ ਵਾਲੇ ਖੁਦ ਯਾਦ ਰੱਖਣ ਕਿ ਮਾਨ ਸਾਹਿਬ ਦਾ ਭੁਝੰਗੀ 1991-1994 ਤਕ ਗੇਲਸਬਰਗ ਦੇ ਨਾਕਸ ਕਾਲਜ ਵਿਚ ਬੀæਏæ ਦੀ ਉਚ ਵਿਦਿਆ ਪ੍ਰਾਪਤ ਕਰ ਰਿਹਾ ਸੀ।
ਹੁਣ ਮਾਨ ਸਾਹਿਬ ਦੀ ਰਾਜਸੀ ਸੂਝ ਬੂਝ ਤੇ ਕਾਰਜ-ਸ਼ੈਲੀ ਦੀ ਗੱਲ ਕਰਦੇ ਹਾਂ, ਜਿਸਦਾ ਨਕਸ਼ਾ ਇਸ ਤਰ੍ਹਾਂ ਹੈ। ਭਾਈ ਕਮਿਕਰ ਸਿੰਘ ਤੋਂ ਲੈ ਕੇ ਭਾਈ ਰਾਮ ਸਿੰਘ ਦੇ 2011 ਵਿਚ ਮਾਨ ਨਾਲੋਂ ਤੋੜ ਵਿਛੋੜਾ ਕਰਨ ਵਾਲਿਆਂ ਦੀ ਲਾਈਨ ਬਹੁਤ ਲੰਮੀ ਹੈ। ਜੇਕਰ ਕੋਈ ਜੁੜਿਆ ਹੈ ਤਾਂ ਥੋੜੇ ਸਮੇਂ ਲਈ ਪਰ ਨਜ਼ਦੀਕ ਆ ਕੇ ਸਭ ਦਾ ਮੋਹ ਭੰਗ ਹੋਇਆ ਹੈ। ਹੁਣ ਆਪਾਂ ਸਿਰਫ਼ ਇਲੈਕਸ਼ਨਾਂ ਦੇ ਨਤੀਜਿਆਂ ਬਾਰੇ ਹੀ ਚਰਚਾ ਕਰਾਂਗੇ ਤਾਂ ਜੋ ਪਤਾ ਲੱਗ ਸਕੇ ਕਿ ਮਾਨ ਸਾਹਿਬ ਦਾ ਗਰਾਫ਼ ਕਿੱਧਰ ਨੂੰ ਗਿਆ ਹੈ।
1997 ਦੀਆਂ ਅਸੰਬਲੀ ਚੋਣਾਂ ਵਿਚ ਮਾਨ ਸਾਹਿਬ ਨੇ 30 ਬੰਦੇ ਖੜ੍ਹੇ ਕੀਤੇ ਅਤੇ ਸਿਰਫ਼ ਇਕ ਅਜੀਤਇੰਦਰ ਸਿੰਘ ਮੋਫ਼ਰ ਹੀ ਜਿੱਤਿਆ। 2002 ਵਿਚ 'ਪੰਥਕ ਮੋਰਚੇ' ਦੇ ਝੰਡੇ ਹੇਠ 84 ਉਮੀਦਵਾਰ ਖੜ੍ਹੇ ਕੀਤੇ, 76 ਦੀਆਂ ਜਮਾਨਤਾਂ ਜ਼ਬਤ ਹੋਈਆਂ ਤੇ ਇਕ ਵੀ ਸੀਟ ਨਹੀਂ ਜਿੱਤੀ। ਵੈਸੇ ਉਮੀਦਵਾਰਾਂ ਵਿਚ ਮਨਜੀਤ ਸਿੰਘ ਕਲਕੱਤਾ, ਬਲਦੇਵ ਸਿੰਘ ਸਿਰਸਾ, ਮਹੇਸ਼ਇੰਦਰ ਸਿੰਘ, ਰਾਮ ਸਿੰਘ, ਰਵੀਇੰਦਰ ਸਿੰਘ, ਹਰਮੇਲ ਸਿੰਘ ਟੌਹੜਾ, ਗੁਰਦੀਪ ਸਿੰਘ ਬਠਿੰਡਾ ਅਤੇ ਈਮਾਨ ਸਿੰਘ ਮਾਨ, ਰਜਿੰਦਰ ਕੌਰ ਬੁਲਾਰਾ, ਹੀਰਾ ਸਿੰਘ ਗਾਬੜੀਆ, ਰਾਜਦੇਵ ਸਿੰਘ ਵਕੀਲ ਅਤੇ ਸੰਤ ਟੇਕ ਸਿੰਘ ਆਦਿ ਸ਼ਾਮਲ ਸਨ। ਹੁਣ ਦੱਸੋ ਆਪਣੇ ਭੁਝੰਗੀ ਤੋਂ ਬਿਨਾਂ ਹੁਣ ਮਾਨ ਦਲ ਵਿਚ ਇਹਨਾਂ ਵਿਚੋਂ ਕੋਈ ਇਕ ਵੀ ਹੈ?
ਮਾਨ ਸਾਹਿਬ ਦੀ ਇਲੈਕਸ਼ਨ ਵਿਚ ਸਿਰਫ ਇਕੋ ਵਾਰ ਹੀ ਜਿੱਤ ਹੋਈ ਹੈ ਜਦੋਂ 1999 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਸੰਗਰੂਰ ਤੋਂ ਜਿਤੇ ਸਨ। ਉਸ ਜਿੱਤ ਵਿਚ ਉਸਦਾ ਆਪਣਾ ਯੋਗਦਾਨ ਕਿੰਨਾ ਕੁ ਸੀ, ਇਹ ਬਾਅਦ ਦੀਆਂ ਸਾਰੀਆਂ ਇਲੈਕਸ਼ਨਾਂ ਦੇ ਨਤੀਜਿਆਂ ਤੋਂ ਪਤਾ ਲੱਗ ਜਾਂਦਾ ਹੈ। ਉਹ ਉਦੋਂ ਹੀ ਜਿੱਤ ਸਕੇ ਜਦੋਂ ਸਾਰੀਆਂ ਪੰਥਕ ਸਫਾਂ ਉਨ੍ਹਾਂ ਨਾਲ ਡਟਕੇ ਖੜ੍ਹੀਆਂ ਸਨ ਅਤੇ ਰਹਿੰਦੀ ਕਸਰ ਸੁਖਦੇਵ ਸਿੰਘ ਢੀਂਡਸਾ ਨੇ ਪੂਰੀ ਕਰ ਦਿਤੀ ਸੀ, ਜਿਸਨੇ ਸੁਰਜੀਤ ਸਿੰਘ ਬਰਨਾਲਾ ਧੜੇ ਨਾਲ ਆਪਣੀ ਪੁਰਾਣੀ ਕਿੜ ਕੱਢਣ ਲਈ ਸਿਮਰਨਜੀਤ ਸਿੰਘ ਮਾਨ ਦੀ ਖੁਲ੍ਹੇਆਮ ਮੱਦਦ ਕੀਤੀ ਸੀ। ਉਨ੍ਹਾਂ ਇਲੈਕਸ਼ਨਾਂ ਵਿਚ ਕਾਮਰੇਡਾਂ ਨੇ ਵੀ, ਪਤਾ ਨਹੀਂ ਕਿਸ ਭੁਲੇਖੇ ਵਿਚ, ਮਾਨ ਦੀ ਮੱਦਦ ਕੀਤੀ ਸੀ। ਉਸ ਤੋਂ ਬਾਅਦ ਮਾਨ ਸਾਹਿਬ ਆਪਣੀ ਅੱਖੜ ਤੇ ਉਜੱਡ ਰਾਜਨੀਤੀ ਦੀ ਵਜ੍ਹਾ ਕਰਕੇ ਕਦੇ ਵੀ ਖਾੜਕੂ ਸਫਾਂ ਦੀ ਭਰਪੂਰ ਮੱਦਦ ਹਾਸਲ ਨਹੀਂ ਕਰ ਸਕੇ, ਅਤੇ ਨਾ ਕਿਸੇ ਹੋਰ ਰਾਜਸੀ ਤਾਕਤ ਦੀ ਹਮਾਇਤ ਤੇ ਹਮਦਰਦੀ ਹਾਸਲ ਕਰ ਸਕੇ। ਸਾਰੇ ਪਾਸਿਓਂ ਅਲੱਗ-ਥਲੱਗ ਹੋ ਗਏ। ਇਹ ਗੱਲ ਉਹਨਾਂ ਦੀ ਰਾਜਸੀ ਅਯੋਗਤਾ ਦਾ ਪ੍ਰਮਾਣ ਹੈ।
ਖਾਲਿਸਤਾਨ ਦੇ ਪੜਦੇ ਪਿੱਛੇ      
ਖਾੜਕੂਵਾਦ ਦੇ ਖਾਤਮੇ ਦੇ ਨਾਲ ਹੀ ਸਿੱਖਾਂ ਦੀ ਖਾਲਿਸਤਾਨ ਲਹਿਰ ਕਮਜ਼ੋਰ ਪੈ ਗਈ ਸੀ। ਇਸ ਨੂੰ ਹਥਿਆਰਾਂ ਦੇ ਜ਼ੋਰ ਨਾਲ ਤਾਂ ਕੁਚਲ ਦਿਤਾ ਗਿਆ ਸੀ, ਪਰ ਕਿਸੇ ਹੋਰ ਰੂਪ ਵਿਚ ਇਸ ਦੇ ਮੁੜ ਉਠ ਪੈਣ ਦਾ ਭੈਅ ਭਾਰਤੀ ਹਾਕਮਾਂ ਦਾ ਲਗਾਤਾਰ ਪਿੱਛਾ ਕਰ ਰਿਹਾ ਸੀ। ਸ਼ਾਤਰ ਹਾਕਮਾਂ ਨੇ ਸੋਚਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਲੋਕਤੰਤਰੀ ਮੁਲਕ ਵਿਚ ਇਸ ਲਹਿਰ ਦਾ ਬੀਜ ਲੋਕਤੰਤਰ ਨਾਲ ਹੀ ਖਤਮ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਸ ਡਰ ਤੋਂ ਸਦੀਵੀ ਰਾਹਤ ਮਿਲ ਸਕੇ। ਸੋ ਮਾਨ ਵੱਲੋਂ ਖਾਲਿਸਤਾਨ ਦੇ ਮੁੱਦੇ 'ਤੇ ਚੋਣਾਂ ਲੜਨਾ ਤੇ ਬੁਰੀ ਤਰ੍ਹਾਂ ਹਾਰ ਜਾਣਾ, ਭਾਰਤੀ ਸਰਕਾਰ ਲਈ ਬਹੁਤ ਹੀ ਲਾਹੇਬੰਦਾ ਰਾਜਸੀ ਕਾਰੋਬਾਰ ਸਾਬਿਤ ਹੋਇਆ ਹੈ। ਹੁਣ ਉਹ ਦੁਨੀਆਂ ਸਾਹਮਣੇ ਹਿੱਕ ਥਾਪੜ ਕੇ ਕਹਿ ਸਕਦੇ ਹਨ ਕਿ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ। ਇਸ ਪੱਖੋਂ ਮੈਂ ਸਿੱਧੇ ਤੌਰ 'ਤੇ ਮਾਨ ਸਾਹਿਬ ਨੂੰ ਖਾਲਿਸਤਾਨੀ ਲਹਿਰ ਦੀ ਖੁੰਬ ਠੱਪੇ ਜਾਣ ਦਾ ਜ਼ਿੰਮੇਵਾਰ ਸਮਝਦਾ ਹਾਂ। ਆਜ਼ਾਦੀ ਦੇ ਨਾਅਰੇ ਲਾਉਣੇ ਅਤੇ ਸੰਜੀਦਾ ਤੇ ਜੁੰਮੇਵਾਰ ਢੰਗ ਨਾਲ ਆਜ਼ਾਦੀ ਲਈ ਸੰਘਰਸ਼ ਲੜਨਾ, ਦੋ ਅਲੱਗ ਅਲੱਗ ਗੱਲਾਂ ਹਨ। ਮੈਂ ਸਮਝਦਾ ਹਾਂ ਕਿ ਮਾਨ ਸਾਹਿਬ ਨੇ ਸਿਰਫ਼ ਨਾਅਰੇ ਲਾਏ ਹਨ, ਪਰ ਸੰਜੀਦਗੀ, ਸੁਹਿਰਦਤਾ ਤੇ ਜੁੰਮੇਵਾਰੀ ਨਾਲ ਸੰਘਰਸ਼ ਲੜਨ ਦੀ ਦਿਸ਼ਾ ਵਿਚ ਇਕ ਵੀ ਕਦਮ ਨਹੀਂ ਪੁੱਟਿਆ। ਇਸਦਾ ਕਾਰਨ ਕੀ ਹੋ ਸਕਦਾ ਹੈ? ਮਾਨ ਸਾਹਿਬ ਦੀ ਰਾਜਸੀ ਅਯੋਗਤਾ ਤੋਂ ਬਿਨਾ ਇਸਦੀ ਕੋਈ ਵੱਧ ਗੰਭੀਰ ਵਜ੍ਹਾ ਵੀ ਹੋ ਸਕਦੀ ਹੈ। ਪੰਥਕ ਸਫਾਂ ਨੂੰ ਇਸ ਉਤੇ ਡੂੰਘੀ ਵਿਚਾਰ ਕਰਨੀ ਚਾਹੀਦੀ ਹੈ। ਕਿਉਂਕਿ ਮਾਨ ਨੇ ਸੰਘਰਸ਼ ਲਈ ਕੋਈ ਸੁਹਿਰਦ ਉਪਰਾਲਾ ਕਰਨ ਤੋਂ ਸਿਰਫ ਟਾਲਾ ਹੀ ਨਹੀਂ ਵੱਟਿਆ, ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਦੇ ਰਾਹ ਵਿਚ ਕੰਡੇ ਖਿਲਾਰਨ ਦੀ ਕੋਈ ਕਸਰ ਨਹੀਂ ਰਹਿਣ ਦਿਤੀ। ਹਰ ਵੇਲੇ ਪੰਥਕ ਏਕਤਾ ਨੂੰ ਜਾਣ ਬੁੱਝ ਕੇ ਸਾਬੋਤਾਜ ਕੀਤਾ ਹੈ। ਖਾੜਕੂ ਲਹਿਰ ਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਦੀਆਂ ਬਦਹਵਾਸ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਇਸ ਮੰਤਵ ਲਈ ਮਣਾਂਮੂੰਹੀਂ ਝੂਠ ਬੋਲਿਆ ਹੈ, ਰੱਜ ਕੇ ਜ਼ੁਬਾਨ ਗੰਦੀ ਕੀਤੀ ਹੈ, ਅਤੇ ਇਸ ਤਰ੍ਹਾਂ ਸਿੱਖ ਸਦਾਚਾਰ ਤੇ ਮਰਿਯਾਦਾ ਨੂੰ ਭਾਰੀ ਢਾਹ ਲਾਈ ਹੈ, ਸਿੱਖ ਜਨਤਾ ਦੇ ਹੌਂਸਲੇ ਪਸਤ ਕਰਨ ਲਈ ਇਕ ਤੋਂ ਬਾਅਦ ਦੂਜੀ ਲੜਾਈ ਜ਼ਾਹਲ ਢੰਗਾਂ ਨਾਲ ਹਾਰੀ ਹੈ, ਕਿਸੇ ਵੀ ਪਛਾੜ ਵਿਚੋਂ ਸਬਕ ਹਾਸਲ ਕਰਨ ਦੀ ਰਤੀ ਭਰ ਵੀ ਕੋਸ਼ਿਸ਼ ਨਹੀਂ ਕੀਤੀ। ਇਸ ਸਾਰੇ ਕੁੱਝ ਦਾ ਨਤੀਜਾ ਇਹ ਹੈ ਕਿ ਕਿਸੇ ਮੌਕੇ ਸਮੁੱਚੀ ਕੌਮ ਦੇ ਮਾਣ ਤੇ ਸਤਿਕਾਰ ਦੇ ਪਾਤਰ ਰਹੇ ਮਾਨ ਸਾਹਿਬ, ਹੁਣ ਕੌਮ ਅੰਦਰ ਮਜ਼ਾਕ ਦਾ ਪਾਤਰ ਬਣ ਗਏ ਹਨ। ਖਾਲਿਸਤਾਨ ਦੇ ਵਿਚਾਰ ਨੂੰ ਸੰਗਤਾਂ ਅੰਦਰ ਹਰਮਨਪਿਆਰਾ ਬਣਾਉਣ ਦੀ ਬਜਾਇ, ਇਸ ਪਵਿਤਰ ਸੰਕਲਪ ਦਾ ਜਲੂਸ ਕੱਢ ਕੇ ਰੱਖ ਦਿਤਾ ਹੈ।
ਅਖੀਰ ਵਿਚ ਮਾਨ ਸਾਹਿਬ ਨੂੰ ਕੁਝ ਸਵਾਲ :
1.ਪਹਿਲੀ ਵਾਰ ਖਾਲਿਸਤਾਨ ਦੀ ਮੰਗ ਤੁਸੀਂ ਕਦੋ ਤੇ ਕਿੱਥੇ ਕੀਤੀ?
2.ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਅਕਾਲੀ ਆਗੂਆਂ, ਜਿਨ੍ਹਾਂ ਵਿਚ ਸੁਰਜੀਤ ਸਿੰਘ ਬਰਨਾਲਾ ਜਾਂ ਮਨਜੀਤ ਸਿੰਘ ਕਲਕੱਤਾ ਵਰਗੇ ਆਉਂਦੇ ਹਨ, ਨਾਲ ਸਮਝੌਤੇ ਕਿਉਂ ਕੀਤੇ? ਉਨ੍ਹਾਂ ਦੀ ਕੀ ਵਿਆਖਿਆ ਹੈ ਜੋ ਹੋਰਨਾਂ ਨਾਲੋਂ ਵਿਲੱਖਣ ਹੈ?
3. ਬਾਹਰਲੇ ਮੁਲਕਾਂ ਵਿਚ ਵਸਦੇ ਸਿੱਖ ਨੌਜਵਾਨਾਂ, ਜੋ ਬੇਘਰ ਹੋ ਕੇ ਇਥੇ ਆਏ ਸਨ, ਨੇ ਟੈਕਸੀਆਂ, ਟਰੱਕ ਚਲਾ ਕੇ, ਤੁਹਾਨੂੰ ਮਣਾਂਮੂੰਹੀਂ ਮਾਇਆ ਭੇਟ ਕੀਤੀ। ਹਾਲਾਂਕਿ ਤੁਹਾਡੇ ਕੋਲ ਪੰਜਾਬ, ਹਿਮਾਚਲ ਜਾਂ ਦਿੱਲੀ ਵਿਚ ਅਰਬਾਂ ਦੀ ਜਾਇਦਾਦ ਹੈ। ਕੀ ਤੁਸੀਂ ਕਦੇ ਜੇਲ੍ਹਾਂ ਵਿਚ ਬੈਠੇ ਸਿੰਘਾਂ ਦੇ ਕੇਸਾਂ 'ਤੇ ਪੈਸਾ ਖਰਚਿਆ? ਕੀ ਖਾੜਕੂ ਸੰਘਰਸ਼ ਦੇ ਪਰਿਵਾਰਾਂ ਦੀ ਮਦਦ ਜਾਂ ਉਨ੍ਹਾਂ ਦੀਆਂ ਭੈਣਾਂ ਦੇ ਵਿਆਹ ਕੀਤੇ? ਇਸ ਬਾਰੇ ਠੋਸ ਵੇਰਵੇ ਦੇ ਸਕਦੇ ਹੋ?
4. 20 ਮਾਰਚ 2000 ਨੂੰ ਸਾਰੇ ਸਿੱਖਾਂ ਅਤੇ ਸਿੱਖ ਪਾਰਟੀਆਂ ਨੇ ਚਿੱਠੀ ਸਿੰਘਪੁਰਾ ਵਿਚ ਮਾਰੇ ਸਿੱਖਾਂ ਦਾ ਦੋਸ਼ ਭਾਰਤੀ ਸਰਕਾਰ ਤੇ ਏਜੰਸੀਆਂ 'ਤੇ ਲਾਇਆ। ਪਰ ਤੁਸੀਂ ਇਕਦਮ ਭਾਰਤ ਸਰਕਾਰ ਦੇ ਹੱਕ ਵਿਚ ਖਲੋ ਕੇ ਕਿਹਾ ਕਿ Ḕਇਹ ਕੰਮ ਪਾਕਿਸਤਾਨ ਦਾ ਹੈ'। ਇਹ ਕੀ ਮਾਜਰਾ ਸੀ? ਕੀ ਤੁਸੀ ਇਸ ਬਾਰੇ ਕਦੇ ਇਮਾਨਦਾਰੀ ਨਾਲ ਆਤਮ-ਚੀਨਣ ਕੀਤਾ ਹੈ? ਜੇ ਕੀਤਾ ਹੈ ਤਾਂ ਇਸ ਉਤੇ ਜ਼ਰੂਰ ਚਾਨਣਾ ਪਾਓ।
5. ਕਿਰਪਾਨ ਦੇ ਮੁੱਦੇ ਨੂੰ ਲੈ ਕੇ ਤੁਸੀਂ ਪਾਰਲੀਮੈਂਟ ਵਿਚ ਤਾਂ ਜਾ ਨਹੀਂ ਸਕਦੇ ਪਰ ਵਿਦੇਸ਼ ਆਉਣ ਲਈ ਛਾਲ ਮਾਰ ਕੇ ਜਹਾਜ਼ ਚੜ੍ਹ ਸਕਦੇ ਹੋ। ਕਿਉਂ?
6. ਕੀ ਦੱਸੋਗੇ ਕਿ ਤੁਹਾਡੇ 'ਤੇ ਹੁਣ ਤੱਕ ਕਿੰਨੇ ਦੇਸ਼ ਧ੍ਰੋਹ ਦੇ ਕੇਸ ਬਣੇ ਹਨ ਅਤੇ ਕਿੰਨੇ ਸਰਕਾਰ ਨੇ ਆਪੇ ਹੀ ਵਾਪਸ ਲੈ ਲਏ ਸਨ?
7. ਕੀ ਤੁਸੀਂ ਦੱਸਣਾ ਜਾਹੋਗੇ ਕਿ ਜਦੋਂ ਸਰਸੇ ਵਾਲੇ ਸਾਧ ਵਿਰੁੱਧ ਸਾਰਾ ਪੰਥ ਖਾਲਸਾ ਐਕਸ਼ਨ ਕਮੇਟੀ ਦੇ ਝੰਡੇ ਹੇਠ ਇਕੱਠਾ ਹੋ ਰਿਹਾ ਸੀ ਤਾਂ ਤੁਸੀਂ ਐਨ ਉਸੇ ਵੇਲੇ ਕਾਂਗਰਸੀ ਬੇਅੰਤ ਸਿੰਘ ਦੇ ਬੁੱਤ 'ਤੇ ਛਿੱਤਰਾਂ ਦਾ ਹਾਰ ਪਾਉਣ ਦਾ ਅਡੰਬਰ ਰਚਿਆ ਸੀ। ਐਨ ਉਸ ਮੌਕੇ ਹੀ ਇਹ ਅਡੰਬਰ ਰਚਣ ਦੀ ਕੀ ਲੋੜ ਤੇ ਮਜ਼ਬੂਰੀ ਖੜ੍ਹੀ ਹੋ ਗਈ ਸੀ? ਬੁੱਤ ਤਾਂ ਹਾਲੇ ਵੀ ਉਥੇ ਹੀ ਹੈ ਅਤੇ ਉਸ ਤੋਂ ਬਾਅਦ ਕਦੇ ਨਹੀਂ ਸੁਣਿਆ ਤੁਸੀਂ ਦੁਬਾਰਾ ਉਥੇ ਗਏ ਹੋਵੋ। ਇਹ ਸੋਸ਼ੇਬਾਜੀ ਕਿਸ ਮੰਤਵ ਲਈ, ਅਤੇ ਕਿਸਦੇ ਕਹਿਣ 'ਤੇ ਕੀਤੀ ਗਈ ਸੀ? ਕੀ ਦੱਸ ਸਕਦੇ ਹੋ?
8. ਅਮਰੀਕਾ ਵਿਚ ਪਹਿਲੀ ਵਾਰ ਪੈਸਾ ਇਕੱਠਾ ਕਰਨ ਵੇਲੇ ਤੁਸੀਂ ਹਰੇਕ ਜ਼ਿਲ੍ਹੇ ਵਿਚ ਪਾਰਟੀ ਦਫ਼ਤਰ ਖੋਲ੍ਹਣ ਦਾ ਵਚਨ ਦਿੱਤਾ ਸੀ। ਹੁਣ ਤਕ ਕਿੰਨੇ ਕੁ ਦਫਤਰ ਖੋਲ੍ਹੇ ਗਏ ਹਨ? ਇਨ੍ਹਾਂ ਦੀ ਸੂਚੀ ਦੇ ਸਕੋ ਤਾਂ ਭਾਰੀ ਮਿਹਰਬਾਨੀ ਹੋਵੇਗੀ।
9. ਜੇ ਚੋਣ ਵੇਲੇ ਤੁਸੀਂ ਆਪ ਸੰਤ ਸਮਾਜ (1998), ਅਕਾਲੀ ਆਗੂਆਂ (1991) ਜਾਂ ਕਾਮਰੇਡਾਂ/ਢੀਂਡਸਿਆਂ (2004) ਨਾਲ ਸਮਝੌਤਾ ਕਰ ਸਕਦੇ ਹੋ, ਤਾ ਜੇ ਅੱਜ ਪੰਚ ਪ੍ਰਧਾਨੀ ਨੇ ਕਰ ਲਿਆ ਤਾਂ ਕੀ ਆਖਰ ਆ ਗਈ ਹੈ? ਇਹ ਕਿਧਰ ਦੀ ਅਸੂਲਪ੍ਰਸਤੀ ਹੈ?
10. ਭਾਈ ਹਰਪਾਲ ਸਿੰਘ ਚੀਮਾ ਦੇ ਵਿਰੁੱਧ ਬਸੀ ਪਠਾਣਾਂ ਤੋਂ ਚੋਣ ਲੜਨ ਦੀ ਤੁਹਾਨੂੰ ਕੀ ਮਜ਼ਬੂਰੀ ਬਣ ਗਈ ਸੀ, ਜਦਕਿ ਤੁਸੀਂ ਚੰਨਣਵਾਲ ਦੀ ਮਜ਼ਬੂਤ ਸੀਟ ਤੋਂ ਵੀ ਚੋਣ ਲੜ ਰਹੇ ਹੋ? ਕੀ ਇਸਦਾ ਗੁੱਝਾ ਮੰਤਵ ਖਾੜਕੂ ਸੋਚ ਵਾਲਿਆਂ ਦੀ ਖੁੰਬ ਠੱਪਣਾ ਅਤੇ ਇਸ ਤਰ੍ਹਾਂ ਪੰਥ ਦੋਖੀ ਤਾਕਤਾਂ ਦੀ ਖੁਸ਼ਨੂਦੀ ਹਾਸਲ ਕਰਨਾ ਤਾਂ ਨਹੀਂ, ਜਿਵੇਂ ਪਹਿਲਾਂ 1989 ਤੋਂ ਕਰਦੇ ਆ ਰਹੇ ਹੋ? ਸੱਚ ਸੱਚ ਦੱਸਣਾ!
11. ਦਲਜੀਤ ਸਿੰਘ ਬਿੱਟੂ ਉਤੇ ਤੁਸੀਂ ਜਾਇਦਾਦ ਬਣਾਉਣ ਜਾਂ ਹੋਰ ਘਟੀਆ ਦੋਸ਼ ਲਾਉਂਦੇ ਰਹਿੰਦੇ ਹੋ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਮਾਨ ਸਾਹਿਬ ਆਪਣੀ ਜਾਇਦਾਦ ਦੱਸ ਦੇਣ ਅਤੇ ਮੈਂ ਆਪਣੀ ਦੱਸ ਦਿੰਦਾ ਹਾਂ। ਕੀ ਤੁਸੀਂ ਇਸ ਦੇ ਲਈ ਤਿਆਰ ਹੋ? ਜੇ ਸੱਚੇ ਹੋ ਤਾਂ ਇਹ ਚੁਣੌਤੀ ਸਵੀਕਾਰ ਕਰੋ। ਜਾਂ ਫਿਰ ਝੂਠ ਬੋਲਣਾ ਬੰਦ ਕਰ ਦਿਓ।
12. ਤੁਹਾਡਾ ਭੁਝੰਗੀ ਰਾਜੇ ਦੇ ਮਹਿਲਾਂ ਵਿਚ ਖੇਡੇ ਤਾਂ ਵੀ ਖਾਲਿਸਤਾਨੀ ਤੇ ਦਲਜੀਤ ਸਿੰਘ ਬਿੱਟੂ ਜੇਲ੍ਹ ਵਿਚ ਹੋ ਕੇ ਵੀ ਸਰਕਾਰੀ, ਇਹ ਕਿਹੜਾ ਪੈਮਾਨਾ ਹੈ?
ਅਖ਼ੀਰ ਵਿੱਚ ਪੰਜਾਬ ਵਿੱਚ ਇਸ ਵਕਤ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਵੀ ਸੰਖੇਪ ਵਿੱਚ ਗੱਲ ਕਰ ਲਈਏ। ਮਾਨ ਸਾਹਿਬ ਇਹ ਚੋਣਾਂ "ਖਾਲਿਸਤਾਨ" ਦੇ ਮੁੱਦੇ  ਨੂੰ ਆਧਾਰ ਬਣਾ ਕੇ ਲੜ ਰਹੇ ਹਨ। ਮਤਲਬ ਹੈ ਸਿੱਖਾਂ ਲਈ ਆਜਾਦ ਰਾਜ ਦੀ ਮੰਗ ਸਬੰਧੀ ਰਾਏ ਸ਼ੁਮਾਰੀ (੍ਰeਾeਰeਨਦੁਮ), ਜਿਸ ਸਥਿੱਤੀ ਵਿੱਚ ਇਹ ਚੋਣਾਂ ਚਾਣਚੱਕ ਕਰਵਾਉਣ ਲਈ ਦਿੱਲੀ ਅਤੇ ਬਾਦਲ ਸਰਕਾਰ ਵਿਚਾਲੇ ਅੰਦਰ ਖਾਤੇ ਸਹਿਮਤੀ ਹੋਈ, ਵੋਟਰਾਂ ਅਤੇ ਉਮੀਦਵਾਰਾਂ ਸਬੰਧੀ ਜਿਹੜਾ ਭੰਬਲਭੂਸਾ ਹੈ, ਉਸਨੂੰ ਵੇਖਦਿਆਂ ਇਸ ਸਬੰਧੀ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਦਿੱਲੀ ਤੇ ਪੰਜਾਬ ਦੇ ਹੁਕਮਰਾਨ ਇਸ ਵੱਕਾਰੀ ਸੰਸਥਾ ਦਾ ਕੰਮ ਕਾਜ਼ ਸਿੱਖਾਂ ਦੇ ਅਸਲੀ ਨੁਮਾਇੰਦਿਆਂ ਦੇ ਹੱਥਾਂ ਵਿੱਚ ਜਾਣੋਂ ਰੋਕਣ ਲਈ ਘਿਉ ਖਿਚੜੀ ਹੋ ਗਏ ਹਨ। ਤਹਿ ਹੈ ਕਿ ਬਾਦਲ ਦਲ ਅਤੇ ਉਸਦੇ ਕੌਲੀ ਚੱਟ ਸੰਤ ਸਮਾਜੀਆਂ ਨੇ ਜਿੱਤਣਾ ਹੈ। ਇਸ ਸਥਿੱਤੀ ਵਿੱਚ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਸਿੱਖਾਂ ਦੀ ਖਲਿਸਤਾਨ ਦੀ ਮੰਗ ਠੁਕਰਾ ਦੇਣੀ ਹੈ !! ਮਾਨ ਸਾਹਿਬ ਹੋਰ ਕਿਹੜੇ ਢੰਗ ਨਾਲ ਖਾਲਿਸਤਾਨ ਬਣਾ ਕੇ ਦੇਣਗੇ? ਸਵਾਲ ਇਹ ਵੀ ਉਠਦਾ ਹੈ, ਕਿ ਕਿਤੇ ਖਾਲਿਸਤਾਨ ਦੀ ਮੰਗ ਨੂੰ ਪੂਰੀ ਤਰ੍ਹਾਂ ਮਿੱਟੀ ਘੱਟੇ ਰੋਲਣ ਦੀ ਸ੍ਰੀਮਾਨ ਮਾਨ ਸਾਹਿਬ ਦੀ ਇਹ ਇੱਕ ਹੋਰ ਰਾਜਸੀ ਚਾਲ ਤਾਂ ਨਹੀਂ? ਮਾਨ ਦਲੀਆਂ ਦੇ 'ਨਿਹਕਲੰਕ ਆਗੂ' ਤੋਂ ਬਿਨ੍ਹਾਂ ਕੌਣ ਜਾਣ ਸਕਦਾ ਹੈ!!
ਇਹ ਸੱਚਾਈ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਪੰਥਕ ਧਿਰਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਤੋਂ ਬਹੁਤ ਡਰ ਲਗਦਾ ਸੀ। ਉਸ ਨੂੰ ਪਤਾ ਸੀ ਕਿ ਦਲਜੀਤ ਸਿੰਘ ਬਿੱਟੂ ਆਪਣੀ ਰਾਜਸੀ ਸੂਝ-ਬੂਝ ਤੇ ਸ਼ਖਸ਼ੀਅਤ ਦੇ ਪਰਭਾਵ ਸਦਕਾ ਪੰਥਕ ਧਿਰਾਂ ਦੀ ਏਕਤਾ ਗੰਢਣ ਵਿਚ ਅਹਿਮ ਰੋਲ ਨਿਭਾ ਸਕਦਾ ਸੀ। ਇਸ ਕਰਕੇ ਬਾਦਲ ਸਰਕਾਰ ਨੇ ਉਸ ਨੂੰ ਗਿਣ ਮਿਥ ਕੇ ਦੋ ਸਾਲਾਂ ਤੋਂ ਜੇਲ੍ਹ ਵਿਚ ਰੱਖਿਆ ਹੋਇਆ ਹੈ। ਇਸਦੇ ਉਲਟ ਪਿਛਲੇ ਦੋ ਦਹਾਕਿਆਂ ਦੇ ਰਾਜਸੀ ਤਜਰਬੇ ਚੋਂ ਬਾਦਲ ਨੇ ਇਹ ਪੱਕਾ ਅਨੁਮਾਨ ਲਾ ਲਿਆ ਹੋਇਆ ਹੈ ਕਿ ਸਿਮਰਨਜੀਤ ਸਿੰਘ ਮਾਨ ਅੰਦਰ ਪੰਥਕ ਏਕਤਾ ਦੇ ਰਾਹ ਵਿਚ ਅੜਿਕੇ ਡਾਹੁਣ ਅਤੇ ਪੰਥਕ ਸਫਾਂ ਅੰਦਰ ਆਪਸੀ ਵਿਰੋਧਾਂ ਨੂੰ ਹਵਾ ਦੇਣ ਦੀ ਅਸੀਮ ਸਮਰੱਥਾ ਹੈ। ਇਹੀ ਕਾਰਨ ਹੈ ਕਿ ਭਾਈ ਦਲਜੀਤ ਸਿੰਘ ਅੱਜ ਜੇਲ੍ਹ ਅੰਦਰ ਬੰਦ ਕੀਤਾ ਹੋਇਆ ਹੈ, 
ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੰਥਕ ਏਕਤਾ ਨੂੰ ਖੇਰੂੰ ਖੇਰੂੰ ਕਰਨ ਦੀਆਂ ਖੁਲ੍ਹੀਆਂ ਛੁੱਟੀਆਂ ਹਨ। ਮਾਨ ਸਾਹਿਬ, ਤੁਹਾਡੀ ਇਹ ਰਾਜਸੀ ਅਕਲ ਤੇ ਇਮਾਨ ਤੁਹਾਨੂੰ ਮੁਬਾਰਕ ਹੋਵੇ!  
                                                  # # #

ਨੋਟ: ਇਸ ਲਿਖਤ ਬਾਰੇ ਪ੍ਰਤੀਕਰਮ ਅਤੇ ਵਿਚਾਰਾਂ ਦੀ ਉਡੀਕ ਰਹੇਗੀ. ਵਿਚਾਰਾਂ ਦੀ ਸੁਤੰਤ੍ਰਤਾ ਵਾਲੇ ਸਿਧਾਂਤ'ਤੇ ਪਹਿਰਾ  ਦੇਂਦਿਆਂ ਉਹਨਾਂ ਜੁਆਬੀ ਲਿਖਤਾਂ ਨੂੰ ਵੀ  "ਪੰਜਾਬ ਸਕਰੀਨ" ਵਿੱਚ ਥਾਂ ਦਿੱਤੀ ਜਾਏਗੀ.

No comments: