Tuesday, September 27, 2011

ਨਵਜੋਤ ਸਿੰਘ ਸਿੱਧੂ ਨੇ ਫਿਰ ਤੇਜ਼ ਕੀਤੇ ਖੇਡ ਜਗਤ ਦੀ ਭਲਾਈ ਦੇ ਉਪਰਾਲੇ

*ਅੰਮ੍ਰਿਤਸਰ ਵਿਖੇ ਸਪੋਰਟਸ ਅਕੈਡਮੀ ਸਥਾਪਤ ਕਰਨ ਲਈ  ਕੀਤੀ ਕੇਂਦਰ ਸਰਕਾਰ ਤੋਂ ਮੰਗ
*450 ਖੇਡ ਕਲੱਬਾਂ ਨੂੰ ਕੀਤਾ ੨੫-25  ਹਜ਼ਾਰ ਰੁਪਏ ਪ੍ਰਤੀ ਕਲੱਬ ਦੇਣ ਦਾ ਐਲਾਨ

ਅੰਮ੍ਰਤਿਸਰ - (ਗਜਿੰਦਰ ਸਿੰਘ ਕਿੰਗ):
ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੇ ਨਹਿਰੂ ਯੁਵਾ ਕੇਂਦਰ  ਵੱਲੋਂ ਆਯੋਜਤ ਜਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਦੌਰਾਨ 49 ਖੇਡ ਕਲੱਬਾਂ ਨੂੰ ਸਪੋਰਟਸ ਕਿੱਟਾਂ  ਵੰਡੀਆਂ ਅਤੇ ਨੌਜਵਾਨਾਂ ਵਿੱਚ ਖੇਡ ਸਮੱਗਰੀ ਵੰਡਣ ਦੇ ਨਹਿਰੂ ਯੁਵਾ ਕੇਂਦਰ ਵੱਲੋਂ ਕੀਤੇ ਉਪਰਾਲੇ ਦੀ  ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ  ਨਹਿਰੂ ਯੁਵਾ ਕੇਂਦਰ ਵੱਲੋਂ ਨੌਜਵਾਨਾਂ ਨੂੰ ਖੇਡ ਸਮੱਗਰੀ ਮੁਹੱਈਆ ਕਰਵਾਉਣ ਦੇ ਨੇਕ ਕਾਰਜ ਵਿ ੱਚ ਉਹ ਆਪਣਾ ਸਹਿਯੋਗ ਵੀ ਪ੍ਰਦਾਨ ਕਰਨਗੇ ਅਤੇ ਉਨ੍ਹਾਂ ਨੇ ਮੌਕੇ ਤੇ ਹੀ  ਜਿਲ੍ਹੇ ਦੇ ਸਮੁੱਚੇ (ਤਕਰੀਬਨ 450) ਸਪੋਰਟਸ ਕਲੱਬਾਂ ਲਈ 25 ਹਜ਼ਾਰ ਰੁਪਏ ਪ੍ਰਤੀ ਕਲੱਬ ਦੇਣ ਦਾ ਐਲਾਨ ਕੀਤਾ ਤਾਂ ਜੋ ਨੌਜਵਾਨਾਂ  ਨੂੰ ਖੇਡਾਂ ਲਈ ਲੋੜੀਂਦਾ ਸਮਾਨ ਉਪਲਬੱਧ ਕਰਵਾਇਆ ਜਾ ਸਕੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰ ਸਿੱਧੂ ਨੇ ਮਿਆਰੀ ਸਿਖਿਆ ਅਤੇ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਦੱਸਦਿਆਂ ਕਿਹਾ ਕਿ  ਬਦਕਿਸਮਤੀ ਨਾਲ ਪੰਜਾਬ ਦਾ ਨੌਜਵਾਨ ਤਕਨੀਕੀ ਸਿਖਿਆ ਹਾਸਲ ਕਰਨ ਦੀ ਦਿਸ਼ਾ ਵੱਲ ਨਹੀਂ ਵੱਧ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੇਵਲ 0.6 ਫੀਸਦੀ ਨੌਜਵਾਨ ਹੀ ਤਕਨੀਕੀ ਸਿਖਿਆ ਦੇ ਖੇਤਰ ਨੂੰ ਅਪਣਾ ਰਹੇ ਹਨ ਜਦ ਕਿ 80 ਫੀਸਦੀ ਬੱਚੇ 8ਵੀਂ ਤੋਂ 10 ਵੀ ਜਮਾਤ ਤੱਕ ਹੀ ਸੀਮਤ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਖਿਆ ਦੀ ਘਾਟ ਕਾਰਨ ਨੌਜਵਾਨ ਨਿਰਾਸ਼ ਅਤੇ ਹਤਾਸ਼ ਹੋ ਜਾਂਦੇ ਹਨ ਅਤੇ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਭਾਲ ਲਈ ਭਟਕਦੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿਖਿਆ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸੇਧ ਪ੍ਰਦਾਨ ਕੀਤੀ ਜਾਵੇ ਅਤੇ  ਉਨ੍ਹਾਂ ਦੀ ਸਰੀਰਕ ਊਰਜਾ ਦਾ ਸਹੀ ਉਪਯੋਗ ਕਰਨ ਲਈ ਉਨ੍ਹਾਂ ਨੂੰ ਖੇਡਣ ਦਾ ਵਧੀਆ ਮਾਹੌਲ ਸਿਰਜ ਕੇ ਦਿੱਤਾ ਜਾਵੇ। ਸ੍ਰ ਸਿੱਧੂ ਨੇ ਕਿਹਾ ਕਿ ਜੇਕਰ ਨਸ਼ਿਆਂ ਦੇ ਗੈਰ ਕਾਨੂੰਨੀ ਵਪਾਰ ਦੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਸਮਗਲਿੰਗ ਰਾਹੀਂ ਆਉਣ  ਵਾਲੀਆਂ ਨਸ਼ੀਲੀਆਂ ਵਸਤੂਆਂ ਵਿੱਚੋਂ 45 ਫੀਸਦੀ ਨਸ਼ੀਲੇ ਪਦਾਰਥ ਵਾਹਗਾ ਸਰਹੱਦ ਰਾਹੀਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਪੰਜਾਬ ਦਾ ਨੌਜਵਾਨ ਨਸ਼ੀਲੇ ਪਦਾਰਥਾਂ ਦੇ ਖਤਰਿਆਂ ਵਿੱਚ ਘਿਰਿਆ ਹੋਇਆ ਹੈ ਅਤੇ ਉਸ ਨੂੰ ਸੇਧ ਦੇਣਾ ਅਤਿ ਲਾਜਮੀ ਹੈ। ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦੀ ਦੁਰਦਸ਼ਾ ਲਈ ਸਮਾਜ ਅਤੇ ਵਿਸ਼ੇਸ਼ ਤੌਰ ਤੇ ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਜਿੰਮੇਵਾਰ ਠਹਿਰਾਉਂਦਿਆਂ ਸ੍ਰ ਸਿੱਧੂ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਸਮਾਂ ਰਹਿੰਦੇ ਹੀ ਸਹੀ ਸਿਖਿਆ, ਸੇਧ, ਰੁਜਗਾਰ ਅਤੇ ਖੇਡਾਂ ਦਾ ਮਾਹੌਲ ਮਿਲਦਾ ਤਾਂ ਬੱਚੇ ਕਦੇ ਵੀ ਆਪਣੇ ਰਾਹ ਤੋਂ ਨਾ ਭਟਕਦੇ।
ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਨੂੰ ਉਤਸਾਹਤ ਕਰਨ ਲਈ ਅਨੇਕ ਉਪਰਾਲੇ ਕਰ ਰਹੀ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਕੇਂਦਰ ਸਰਕਾਰ ਨੂੰ ਸ੍ਰੀ ਅਜੇ ਮਾਕਨ ਕੇਂਦਰੀ ਖੇਡ ਮੰਤਰੀ ਦੇ ਰਾਹੀਂ ਅੰਮ੍ਰਿਤਸਰ ਵਿਖੇ ਸਪੋਰਟਸ ਅਥਾਰਟੀ ਆਫ ਇੰਡੀਆ (ਐਸ:ਏ:ਆਈ) ਦੀ ਖੇਡ ਅਕੈਡਮੀ ਸਥਾਪਤ ਕਰਨ ਦੀ ਤਜਵੀਜ ਭੇਜੀ ਹੈ। ਸ੍ਰ ਸਿੱਧੂ ਨੇ ਦੱਸਿਆ  ਕਿ ਇਸ ਖੇਡ ਅਕੈਡਮੀ ਨੂੰ ਸਥਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ 20 ਏਕੜ ਭੂਮੀਂ ਕੇਂਦਰ ਸਰਕਾਰ ਨੂੰ ਬਿਲਕੁਲ ਮੁਫ਼ਤ ਮੁਹੱਈਆ  ਕਰਵਾਏਗੀ ਅਤੇ ਉਸ ਵਿੱਚ ਖੇਡਾਂ ਨਾਲ ਸਬੰਧਤ  ਮੁੱਢਲਾ ਢਾਂਚਾ ਕੇਂਦਰ ਸਰਕਾਰ ਵੱਲੋਂ ਤਿਆਰ ਕਰਵਾਇਆ ਜਾਵੇ।  ਸ੍ਰ ਸਿੱਧੂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਖਿਡਾਰੀਆਂ ਦੀ ਨਰਸਰੀ ਬਣੇਗਾ ਅਤੇ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਣ ਦੀ ਥਾਂ ਖੇਡਾਂ ਵਿੱਚ ਨਾਮਣਾ ਖੱਟੇਗਾ।
         ਇਸ ਮੌਕੇ ਡਾ: ਬਲਦੇਵ ਰਾਜ ਚਾਵਲਾ, ਚੇਅਰਮੈਨ ਜਲ ਸਪਲਾਈ ਵਿਭਾਗ, ਪੰਜਾਬ ਨੇ ਵੀ ਨੌਜਵਾਨਾਂ ਨੂੰ ਭਰੂਣ ਹੱਤਿਆ, ਨਸ਼ਾਖੋਰੀ ਆਦਿ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਪ੍ਰੇਰਿਆ ਅਤੇ ਕਿਹਾ ਕਿ ਜੇਕਰ ਨੌਜਵਾਨ ਪੀੜੀ ਧਹੀਆ ਧਾਰ ਲਏ ਤਾਂ ਪੰਜਾਬ ਦੇਸ਼ ਦੇ ਨੰਬਰ ਇਕ ਸੂਬੇ ਵਜੋਂ ਉਭਰੇਗਾ।
         ਸ੍ਰੀ ਤੇਜਿੰਦਰ ਸਿੰਘ ਰਾਜਾ, ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਨੇ ਸਮੂਹ ਪਤਵੰਤਿਆਂ ਨੂੰ ਜੀ ਆਇਆ ਕਿਹਾ ਅਤੇ ਨੌਜਵਾਨਾਂ ਦੀ ਹੌਸਲਾ ਅਫਜਾਈ ਲਈ ਸਮਾਂ ਕੱਢਣ ਲਈ ਧੰਨਵਾਦ ਕੀਤਾ।
         ਇਸ ਮੌਕੇ ਵੱਖ ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ, ਯੂਥ ਕਲੱਬਾਂ ਦੇ ਮੈਂਬਰਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਜੁਗਲ ਕਿਸ਼ੋਰ ਗੁੰਮਟਾਲਾ, ਸ੍ਰੀ ਸੋਮਦੇਵ ਅਤੇ ਸ੍ਰੀ ਰਾਹੁਲ ਮਹੇਸ਼ਵਰੀ ਨੇ ਸ਼ਿਰਕਤ ਕੀਤੀ।
ਕਾਬਿਲੇ ਜ਼ਿਕਰ ਹੈ ਕਿ ਇਸ ਮੌਕੇ 'ਤੇ ਮਿਸ਼ਨ ਆਗਾਜ ਵੱਲੋਂ ਸਮੂਹ ਕਲੱਬਾਂ ਨੂੰ ਮੁਫ਼ਤ ਬੂਟੇ ਵੀ ਵੰਡੇ ਗਏ।
       

          

No comments: