Saturday, September 24, 2011

ਜਦੋਂ ਪਾਕਿਸਤਾਨੀ ਲੋਕ ਗਾਇਕਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ

ਮੁਨੀਰ ਹੁਸੈਨ ਸ਼ਾਕਰ ਦੀ ਅਗਵਾਈ ਹੇਠ ਆਏ ਪਾਕਿਸਤਾਨੀ ਗਾਇਕ
  ਅੰਮ੍ਰਿਤਸਰ 24  ਸਤੰਬਰ: (ਗਜਿੰਦਰ ਸਿੰਘ ਕਿੰਗ)- 
ਅੱਜ ਸਥਾਨਿਕ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦੌਰਾਨ ਨਾਮਵਾਰ ਪਾਕਿਸਤਾਨੀ ਲੋਕ ਗਾਇਕ ਮੁਨੀਰ ਹੁਸੈਨ ਸ਼ਾਕਰ ਦੀ ਅਗਵਾਈ ਹੇਠ ਆਏ ਪਾਕਿਸਤਾਨੀ ਗਾਇਕਾਂ ਨੇ ਲੋਕ ਗਾਇਕੀ, ਕਵਾਲੀਆਂ, ਸੂਫ਼ੀਆਨਾ ਕਲਾਮ ਅਤੇ ਰਵਾਇਤੀ ਕਿੱਸਾ ਗਾਇਨ ਆਦਿ ਵਨਗੀਆਂ ਦਾ ਮੁਜ਼ਾਹਰਾ ਕਰਦਿਆਂ 2 ਘੰਟੇ ਤੋਂ ਵੱਧ ਸਮੇਂ ਤੱਕ ਹਾਜ਼ਰ ਸਰੋਤਿਆਂ ਨੂੰ ਮੰਤਰ ਮੁਕਤ ਕਰੀ ਰੱਖਿਆ। ਆਬਦ ਅਲੀ ਆਬਦ, ਆਸਿਫ਼ ਅਲੀ ਖ਼ਾਨ ਅਤੇ ਗੁਲਾਮ ਸਾਬਰ ਮਹਿੰਦੀ ਨੇ ਇਸ ਗਾਇਕੀ ਦੇ ਪਿੜ ਵਿੱਚ ਆਪਣੀ ਕਲ੍ਹਾ ਦੇ ਜ਼ੋਹਰ ਵਿਖਾਉਂਦਿਆਂ ਵਿਦਿਆਰਥੀਆਂ, ਕਾਲਜ ਸਟਾਫ ਅਤੇ ਹੋਰ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰੀ ਰੱਖਿਆ।
ਇਨ੍ਹਾਂ ਕਲਾਕਾਰਾਂ ਨੇ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਫ਼ਨ ਦਾ ਮੁਜ਼ਹਰਾ ਕਰ ਕੇ ਬਹੁਤ ਖੁਸ਼ ਹਨ ਅਤੇ ਇਹ ਵੇਖ ਕੇ ਉਨ੍ਹਾਂ ਦਾ ਉਤਸ਼ਾਹ ਹੋਰ ਵੀ ਵੱਧਿਆ ਹੈ ਕਿ ਇੱਥੋਂ ਦੇ ਸਰੋਤੇ ਰਵਾਇਤੀ ਸੰਗੀਤ ਨਾ ਪੂਰੀ ਤਰ੍ਹਾਂ ਜੁੜੇ ਹੋਏ ਹਨ। ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੌਜੂਦਾ ਵੀਜ਼ਾ ਪ੍ਰਣਾਲੀ ਨੂੰ ਨਰਮ ਕਰਦਿਆਂ ਦੋਹਾਂ ਦੇਸ਼ਾਂ ਦੇ ਕਲਾਕਾਰਾਂ ਨੂੰ ਇੱਕ ਦੂਸਰੇ ਕੋਲ ਜਾ ਕੇ ਪ੍ਰੋਗਰਾਮ ਪੇਸ਼ ਕਰਨ ਦੀ ਖੁਲ੍ਹ ਦਿੱਤੇ ਜਾਣ ਦੀ ਵਕਾਲਤ ਕੀਤੀ। 
ਇਸ ਉਪਰੰਤ ਮੁਨੀਰ ਹੁਸੈਨ ਦੁਆਰਾ ਹੀਰ ਗਾਇਨ ਅਤੇ ਆਬਾਦ ਅਲੀ ਦੀ ਕਵਾਲੀ ਨੇ ਲੋਕਾਂ ਨੂੰ ਗੁਆਂਢ 'ਚ ਵਸਦੇ ਇੱਕ ਹੋਰ ਪੰਜਾਬ ਦੇ ਦਰਸ਼ਨ ਕਰਵਾਏ। ਇਸ ਮੌਕੇ 'ਤੇ ਕਾਲਜ ਦੇ ਪ੍ਰਿੰਸੀਪਲ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਲਜ ਵੱਲੋਂ ਇਨ੍ਹਾਂ ਕਲਾਕਾਰਾਂ ਨੂੰ ਸ਼ਾਮ 84 ਘਰਾਨੇ ਦੇ ਸ੍ਰੀ ਤਰਲੋਚਨ ਲਾਲ ਲੋਚੀ ਦੇ ਰਾਹੀਂ ਸਦਿਆ ਗਿਆ ਹੈ। ਡਾ: ਢਿੱਲੋਂ ਨੇ  ਕਿਹਾ ਸ਼ਾਮ 84 ਘਰਾਨਾ ਪਾਕਿਸਤਾਨ ਅਤੇ ਭਾਰਤ ਦੋਹਾਂ ਮੁਲਕਾ ਵਿੱਚ ਹੀ ਬੇਹੱਦ ਸੁਣਿਆ ਅਤੇ ਪਸੰਦ ਕੀਤਾ ਜਾਂਦਾ ਹੈ। 
ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਖ਼ੁਰ ਰਹੇ ਰਵਾਇਤੀ ਸੰਗੀਤ ਨੂੰ ਬਚਾਉਣ ਲਈ ਇਨ੍ਹਾਂ ਪਾਕਿਸਤਾਨੀ ਲੋਕ ਗਾਇਕਾਂ ਵੱਲੋਂ ਕੀਤੇ ਜਾ ਰਹੇ ਯਤਨ ਬੇਹੱਦ ਖੁਸ਼ੀ ਦੇ ਰਹੇ ਹਨ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰਮੋਹਰਨ ਸਿੰਘ ਛੀਨਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਜਿੱਥੇ ਪਾਕਿਸਤਾਨੀ ਗਾਇਕਾਂ ਨੂੰ ਜੀ ਆਇਆਂ ਕਿਹਾ ਉੱਥੇ ਹੀਰ ਗਾਇਨ ਅਤੇ ਕਿੱਸਾ ਗਾਇਨ ਨੂੰ ਪਾਕਿਸਤਾਨੀ ਪੰਜਾਬ ਦੀ ਪੰਜਾਬੀ ਗਾਇਕੀ ਦਾ ਸ਼ਿੰਗਾਰ ਦੱਸਿਆ। ਇਸ ਮੌਕੇ 'ਤੇ ਕਲਾਕਾਰਾਂ ਵੱਲੋ ਪੇਸ਼ ਕੀਤੇ ਗਏ ਤਬਲਾ ਵਾਦਨ ਅਤੇ ਹਾਸ-ਵਨਗੀਆਂ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਮੰਚ ਸੰਚਾਲਨ ਪ੍ਰੋਫੈਸਰ ਜਗਨੂਪ ਕੌਰ ਅਤੇ ਨਵਨੀਤ ਕੌਰ ਨੇ ਬਾਖੁਬੀ ਨਿਭਾਇਆ।

No comments: