Wednesday, September 14, 2011

ਸਰਨਾ ਨੇ ਬਾਦਲਾਂ ਨੂੰ ਦਿੱਤਾ ਟੀਵੀ ਚੈਨਲ 'ਤੇ ਖੁੱਲੀ ਬਹਿਸ ਦਾ ਸੱਦਾ

ਐਸਜੀਪੀਸੀ ਚੋਣਾਂ ਨੀਮ ਫੌਜੀ ਦਸਤਿਆਂ ਦੀ ਨਿਗਰਾਨੀ ਹੇਠ ਕਰਾਓ 
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ: 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਹੀ ਟੀ. ਵੀ. ਚੈਨਲ 'ਤੇ 16 ਸਤੰਬਰ ਨੂੰ ਖੁੱਲ੍ਹੀ ਬਹਿਸ 'ਚ ਹਿੱਸਾ ਲੈਣ ਦੀ ਚੁਨੌਤੀ ਦਿੱਤੀ ਹੈ. ਉਹ ਬੁਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ. ਏਸੇ ਦੌਰਾਨ ਪੰਥਕ ਮੋਰਚੇ ਦੇ ਆਗੂ ਰਘਬੀਰ ਸਿੰਘ ਰਾਜਾਸਾਂਸੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਨੂੰ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਬਜਟ ਸੰਬੰਧੀ ਬਹਿਸ ਕਰਨ ਦਾ ਸੱਦਾ ਦੇ ਕੇ ਲਲਕਾਰਦਿਆਂ ਕਿਹਾ ਹੈ ਕਿ ਹੁਣ ਸੰਗਤਾਂ ਨੂੰ ਇਸ ਗੱਲ ਦਾ ਨਿਖੇਡ਼ਾ ਕਰਨ ਲਈ ਖੁੱਲ੍ਹਾ ਮਾਹੌਲ ਦੇ ਦੇਣਾ ਚਾਹੀਦਾ ਹੈ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ? ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬਾਦਲ ਤੇ ਮੱਕਡ਼ ਸਾਡੀ ਇਸ ਚੁਣੌਤੀ ਨੂੰ ਨਹੀਂ ਕਬੂਲਦੇ ਤਾਂ ਸੰਗਤਾਂ ਨੂੰ ਲੋਕਤੰਤਰੀ ਢੰਗ ਨਾਲ ਵੋਟਾਂ ਦਾ ਮਾਹੌਲ ਦੇਣਾ ਪਵੇਗਾ ਤਾਂ ਕਿ ਇਹ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਪੂਰੀ ਹੋ ਸਕੇ. 
ਐਸਜੀਪੀਸੀ ਚੋਣਾਂ ਵਿੱਚ ਗਲਤ ਹਰਬਿਆਂ ਦੀ ਵਰਤੋਂ ਵੱਡੀ ਪਧਰ 'ਤੇ ਹੋਣ ਦਾ ਖਦਸ਼ਾ ਪਰਗਟ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਮਜੀਠਾ ਬ੍ਰਿਗੇਡ, ਜੋ ਹਰ ਹਰਬਾ ਵਰਤ ਕੇ ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ  ਦੇ ਸੁਪਨੇ ਲਈ ਬੈਠੀ ਹੈ, ਦੇ ਮਨਸੂਬਿਆਂ ਨੂੰ ਢਹਿ-ਢੇਰੀ ਕਰਨ ਲਈ ਜ਼ਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਨੀਮ ਫੌਜੀ ਦਸਤਿਆਂ ਦੀ ਨਿਗਰਾਨੀ ਹੇਠ ਕਰਵਾਈਆਂ ਜਾਣ. ਉਨ੍ਹਾਂ ਕਿਹਾ ਕਿ ਇਹ ਚੋਣਾਂ ਕੇਂਦਰ ਸਰਕਾਰ ਨੇ ਬਾਦਲ ਦੀ ਗੱਲ ਮੰਨ ਕੇ ਕਰਵਾਈਆਂ ਹਨ ਤੇ ਹੁਣ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ 'ਤੇ ਨਜ਼ਰ ਰੱਖਣ ਤੇ ਜੇ ਕੇਂਦਰ ਅਜਿਹਾ ਨਹੀਂ ਕਰਦਾ ਤਾਂ ਉਹ ਇਹ ਸਮਝਣਗੇ ਕਿ ਉਸ ਦੀ ਬਾਦਲ ਨਾਲ ਰਲਗੰਢ ਹੈ. ਕਬੀਲੇ ਜ਼ਿਕਰ ਹੈ ਕਿ ਰਘਬੀਰ ਸਿੰਘ ਰਾਜਾਸਾਂਸੀ ਵਲੋਂ ਪਹਿਲਾਂ ਸਵੇਰੇ ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਫਿਰ ਬਾਅਦ ਵਿੱਚ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਕਲਕੱਤਾ ਵਲੋਂ ਇਕ ਵੱਖਰੀ ਪ੍ਰੈੱਸ ਕਾਨਫਰੰਸ ਕੀਤੀ ਗਈ. ਸਰਨਾ ਨੇ ਕਿਹਾ ਕਿ ਪੰਥਕ ਮੋਰਚੇ ਸੰਬੰਧੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉਨ੍ਹਾਂ ਨੂੰ ਸ਼ੋਭਦੀ ਨਹੀਂ ਹੈ. ਉਨ੍ਹਾਂ ਕਿਹਾ ਕਿ ਪੰਥਕ ਮੋਰਚੇ ਨੂੰ ਕੁਝ ਨਹੀਂ ਹੋਣਾ ਤੇ ਅਸੀਂ  ਜਲਦੀ ਹੀ ਬਾਦਲ ਦਲ ਦਾ ਭੋਗ ਪਾ ਦਿਆਂਗੇ. ਉਨ੍ਹਾਂ ਕਿਹਾ ਕਿ ਪੰਥਕ ਮੋਰਚਾ 90 ਤੋਂ ਵੱਧ ਸੀਟਾਂ ਲੈ ਕੇ ਸ਼੍ਰੋਮਣੀ ਕਮੇਟੀ ਰਾਹੀਂ ਸੰਗਤਾਂ ਦੀ ਸੇਵਾ ਕਰਨ ਦਾ ਮਾਣ ਹਾਸਲ ਕਰੇਗਾ. ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਕੌਮ ਜਾਗ੍ਰਿਤ ਹੋ ਚੁੱਕੀ ਹੈ ਤੇ ਉਸ ਨੂੰ ਪਤਾ ਲੱਗ ਚੁੱਕਾ ਹੈ ਕਿ ਅੱਜ ਜੇਕਰ ਪਤਿਤਪੁਣੇ ਤੇ ਨਸ਼ਿਆਂ ਨੇ ਕੌਮ 'ਚ ਨਿਘਾਰ ਲਿਆਂਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਬਾਦਲ ਜੁੰਡਲੀ ਹੈ. ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਲੀਡਰਸ਼ਿਪ ਵੀ ਪੂਰੀ ਤਰ੍ਹਾਂ ਨੰਗੀ ਹੋ ਚੁੱਕੀ ਹੈ ਤੇ ਉਸ ਵਲੋਂ ਕੀਤਾ ਗਿਆ ਕਰੋਡ਼ਾਂ ਰੁਪਏ ਦਾ ਘਪਲਾ ਸੰਗਤਾਂ ਸਾਹਮਣੇ ਆ ਚੁੱਕਾ ਹੈ. ਉਨ੍ਹਾਂ ਕਿਹਾ ਕਿ ਬਾਦਲ ਕੋਲ ਸ਼੍ਰੋਮਣੀ ਕਮੇਟੀ ਸੰਬੰਧੀ ਕੋਈ ਵੀ ਧਾਰਮਿਕ ਏਜੰਡਾ ਨਾ ਹੋਣ ਕਾਰਨ ਉਹ ਆਪਣਾ ਸਿਆਸੀ ਏਜੰਡਾ ਲੋਕਾਂ ਨੂੰ ਦੱਸਦਾ ਹੋਇਆ ਆਟਾ-ਦਾਲ ਵੇਚ ਕੇ ਵੋਟਾਂ ਦੀ ਮੰਗ ਕਰ ਰਿਹਾ ਹੈ ਜਦੋਂ ਕਿ ਉਹ ਪੰਥਕ ਮੁੱਦਿਆਂ ਦੇ ਆਧਾਰ 'ਤੇ ਸੰਗਤਾਂ ਕੋਲੋਂ ਵੋਟਾਂ ਦੀ ਮੰਗ ਕਰ ਰਹੇ ਹਨ ਤਾਂ ਜੋ ਕੌਮ ਨੂੰ ਚਡ਼੍ਹਦੀ ਕਲਾ ਵਿਚ ਲਿਜਾਇਆ ਜਾ ਸਕੇ. ਉਨ੍ਹਾਂ ਕਿਹਾ ਕਿ ਬਾਦਲ ਨੂੰ ਸਿਆਸੀ ਹੋਂਦ ਦੀ ਤੇ ਸਾਨੂੰ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੀ ਚਿੰਤਾ ਹੈ.  ਉਨ੍ਹਾਂ ਕਿਹਾ ਕਿ ਬਾਦਲ ਨੇ ਦਮਦਮੀ ਟਕਸਾਲ ਦੇ ਉਸ ਮੁਖੀ ਹਰਨਾਮ ਸਿੰਘ ਧੁੰਮਾ ਨਾਲ ਸਮਝੌਤਾ ਕੀਤਾ ਹੈ ਜੋ ਅਕਾਲ ਤਖ਼ਤ ਨੂੰ ਹੀ ਨਹੀਂ ਮੰਨਦਾ. ਉਨ੍ਹਾਂ ਕਿਹਾ ਕਿ ਅੱਜ ਤਕ ਬਾਦਲ ਵਲੋਂ ਸਿੱਖ ਸੰਗਤਾਂ ਨੂੰ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਉਨ੍ਹਾਂ ਪਿਛਲੇ ਸਮੇਂ 'ਚ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੁੰਦਿਆਂ ਕੀ ਕੀਤਾ ਤੇ ਆਉਣ ਵਾਲੇ ਸਮੇਂ 'ਚ ਉਨ੍ਹਾਂ ਵਲੋਂ ਕੀ ਕੀਤਾ ਜਾਣਾ ਹੈ ?  ਕਾਂਗਰਸੀ ਦੱਸੇ ਜਾਣ 'ਤੇ ਉਨ੍ਹਾਂ ਕਿਹਾ ਕਿ ਬਾਦਲ ਕੋਲ ਜਾਂ ਤਾਂ ਉਸਨੂੰ ਆਪਣੀਆਂ ਸਟੇਜਾਂ 'ਤੇ ਆਟਾ-ਦਾਲ ਜਾਂ ਗਲੀਆਂ-ਨਾਲੀਆਂ ਦੀਆਂ ਗੱਲਾਂ ਕਰਨ ਜਾਂ ਉਨ੍ਹਾਂ (ਸਰਨਾ) ਨੂੰ ਕਾਂਗਰਸੀ ਏਜੰਟ ਕਹੇ ਜਾਣ ਤੋਂ ਸਿਵਾਏ ਹੋਰ ਕੋਈ ਮੁੱਦਾ ਹੀ ਨਹੀਂ ਹੈ. ਉਨ੍ਹਾਂ ਕਿਹਾ ਕਿ ਉਹ ਸ. ਫੇਰੂਮਾਨ, ਟੌਹਡ਼ਾ, ਤਲਵੰਡੀ, ਬਰਨਾਲਾ ਤੇ ਲੌਂਗੋਵਾਲ ਨੂੰ ਵੀ ਕਾਂਗਰਸ ਦਾ ਏਜੰਟ ਦੱਸਦੇ ਰਹੇ ਹਨ, ਜਦਕਿ ਇਨ੍ਹਾਂ ਸ਼ਖਸੀਅਤਾਂ ਵਲੋਂ ਪੰਥ ਦੀ ਤਰੱਕੀ 'ਚ ਪਾਏ ਯੋਗਦਾਨ ਤੋਂ ਕੋਈ ਵੀ ਮੁਨਕਰ ਨਹੀਂ ਹੈ. ਉਨ੍ਹਾਂ ਕਿਹਾ ਕਿ ਉਹ ਦੋਹਾਂ ਬਾਦਲ ਪਿਉ-ਪੁੱਤਾਂ ਨੂੰ ਉਨ੍ਹਾਂ ਦੇ ਹੀ ਟੀ.ਵੀ. ਚੈਨਲ 'ਤੇ ਸ਼ੁੱਕਰਵਾਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹਨ, ਜਿਥੇ ਉਹ ਦੱਸਣਗੇ ਕਿ ਉਨ੍ਹਾਂ ਦਾ ਧਾਰਮਿਕ ਸਟੈਂਡ ਕੀ ਹੈ ਤੇ ਕਾਂਗਰਸ ਦਾ ਏਜੰਟ ਕੌਣ ਹੈ ?   ਸਿੱਖ ਗੁਰਦੁਆਰਾ ਚੋਣ ਕਮਿਸ਼ਨ ਨੂੰ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਵਲੋਂ ਉਠਾਈਆਂ ਜਾਂਦੀਆਂ ਮੰਗਾਂ ਦੇ ਸੰਬੰਧ 'ਚ ਅਜੇ ਤਕ ਕੋਈ ਵੀ ਕਾਰਵਾਈ ਨਾ ਕਰਨ ਤੋਂ ਗੁੱਸੇ 'ਚ ਆਏ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ. ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਚੋਣਾਂ ਦੀ ਵੀਡਿਓਗ੍ਰਾਫੀ ਸਰਕਾਰ ਨੂੰ ਆਪਣੇ ਖਰਚੇ 'ਤੇ ਕਰਵਾਉਣੀ ਚਾਹੀਦੀ ਹੈ. ਉਹਨਾਂ ਇਹ ਵੀ ਕਿਹਾ ਕਿ ਅਸਲ ਵਿੱਚ ਖੁਦ ਸ੍ਰ. ਬਾਦਲ ਆਰ ਐਸ ਐਸ ਅਤੇ ਭਰਤੀ ਜਨਤਾ ਪਾਰਟੀ ਦੇ ਏਜੰਟ ਹਨ. ਸ ਬਾਦਲ ਰਾਹੀਂ ਹੀ ਇਹ ਦੋਵੇਂ ਸੰਸਥਾਵਾਂ ਐਸਜੀਪੀਸੀ ਅਤੇ ਹੋਰ ਪੰਥਕ ਅਦਾਰਿਆਂ 'ਤੇ ਆਪਣਾ ਕਬਜਾ ਮਜ਼ਬੂਤ ਕਰਨ ਵਿੱਚ ਲੱਗੀਆਂ ਹੋਈਆਂ ਹਨ. 

No comments: