Wednesday, September 21, 2011

ਐਸਜੀਪੀਸੀ ਚੋਣ ਨਤੀਜੇ ਮੀਡੀਆ ਦੇ ਝਰੋਖੇ ਚੋਂ

ਪੰਜਾਬ 'ਚ ਕੁੱਲ ਵੋਟਰ 1.8 ਕਰੋਡ਼, ਅਕਾਲੀਆਂ ਨੂੰ ਮਿਲੀਆਂ 15 ਲੱਖ ਵੋਟਾਂ : ਅਮਰਿੰਦਰ
ਰੋਜ਼ਾਨਾ ਜਗਬਾਣੀ 'ਚ ਛਪੀ ਖਬਰ
ਜਲੰਧਰ, 20 ਸਤੰਬਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਰ ਵੀ ਪ੍ਰੇਸ਼ਾਨ ਹੋ ਗਏ ਹਨ, ਜਿਹਡ਼ੀਆਂ ਸਿਰਫ 5 ਮਹੀਨਿਆਂ ਬਾਅਦ ਹੋਣੀਆਂ ਹਨ। ਸੁਖਬੀਰ 'ਚ ਸਵੈ-ਭਰੋਸੇ ਦੀ ਕਮੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦੀ ਹਾਲਤ ਇਸ ਸਮੇਂ  ਉਸ ਟੁੱਟਦੇ ਹੋਏ ਵਿਅਕਤੀ ਵਰਗੀ ਹੈ, ਜਿਹਡ਼ਾ ਕਿਸੇ ਤਰ੍ਹਾਂ ਦੇ ਸਹਾਰੇ ਦੀ ਭਾਲ ਵਿਚ ਬੈਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਦਲ ਤੇ ਸੁਖਬੀਰ ਦੋਵਾਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾਡ਼ ਬੰਦ ਕਰ ਦੇਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਨੇ ਇਕ ਬਿਆਨ 'ਚ ਕਿਹਾ ਕਿ ਸੁਖਬੀਰ ਗੁਰਦੁਆਰਾ ਚੋਣਾਂ ਦੇ ਨਤੀਜਿਆਂ ਨੂੰ ਇਸ ਤਰ੍ਹਾਂ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਉਨ੍ਹਾਂ ਨੂੰ ਅਸਲ 'ਚ ਪੰਜਾਬ ਦੇ ਲੋਕਾਂ ਦਾ ਫਤਵਾ ਮਿਲ ਗਿਆ ਹੈ ਪਰ ਸੱਚਾਈ ਇਹ ਹੈ ਕਿ ਸੁਖਬੀਰ ਦੀ ਪਾਰਟੀ ਨੂੰ ਪੰਜਾਬ ਦੀਆਂ ਕੁੱਲ ਵੋਟਾਂ ਦਾ 10 ਫੀਸਦੀ ਤੋਂ ਵੀ ਘੱਟ ਹਿੱਸਾ ਗੁਰਦੁਆਰਾ ਚੋਣਾਂ 'ਚ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਚੋਣਾਂ ਲਈ ਜੋ ਵੋਟਾਂ ਤਿਆਰ ਕੀਤੀਆਂ ਗਈਆਂ ਸਨ, ਉਹ ਅਕਾਲੀਆਂ ਦੀਆਂ ਸਿਫਾਰਿਸ਼ਾਂ 'ਤੇ ਅਧਿਕਾਰੀਆਂ ਨੇ ਬਣਾਈਆਂ ਸਨ। ਅਜਿਹੀਆਂ ਵੋਟਾਂ ਮਿਲਣ ਤੋਂ ਇਹ ਦਾਅਵਾ ਕਰਨਾ ਬਿਲਕੁਲ ਗਲਤ ਹੈ ਕਿ ਉਨ੍ਹਾਂ ਚੋਣ ਜੰਗ ਜਿੱਤ ਲਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਕੁੱਲ 1.8 ਕਰੋਡ਼ ਵੋਟਰ ਹਨ, ਜਿਨ੍ਹਾਂ 'ਚ 57 ਲੱਖ ਨੂੰ ਗੁਰਦੁਆਰਾ ਚੋਣਾਂ 'ਚ ਵੋਟਿੰਗ ਦਾ ਅਧਿਕਾਰ ਮਿਲਿਆ ਹੋਇਆ ਸੀ। ਇਨ੍ਹਾਂ 'ਚੋਂ 30 ਲੱਖ ਵੋਟਰਾਂ ਨੇ ਗੁਰਦੁਆਰਾ ਚੋਣਾਂ 'ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਜੇ ਅਕਾਲੀਆਂ ਨੂੰ ਇਨ੍ਹਾਂ ਚੋਣਾਂ 'ਚ 50 ਫੀਸਦੀ ਵੋਟਾਂ ਵੀ ਮਿਲੀਆਂ ਹੋਣ ਤਾਂ ਇਹ ਗਿਣਤੀ 15 ਲੱਖ ਵੋਟਾਂ ਦੀ ਬਣਦੀ ਹੈ, ਜੋ ਕੁਲ ਵੋਟਾਂ ਦਾ ਮੁਸ਼ਕਲ ਨਾਲ 10 ਫੀਸਦੀ ਹਿੱਸਾ ਹਨ।   
ਕੈਪਟਨ ਨੇ ਕਿਹਾ ਕਿ ਜਿਸ ਤਰ੍ਹਾਂ ਗੁਰਦੁਆਰਾ ਚੋਣਾਂ 'ਚ ਗੁੰਡਾਗਰਦੀ ਹੋਈ ਅਤੇ ਬੂਥਾਂ 'ਤੇ ਕਬਜ਼ੇ ਕੀਤੇ ਗਏ, ਉਸ ਤੋਂ ਸਿਆਸਤ 'ਚ ਅਪਰਾਧੀਕਰਨ ਨੂੰ ਉਤਸ਼ਾਹ ਮਿਲੇਗਾ। ਅੱਧੇ ਸਿੱਖਾਂ ਨੂੰ ਇਨ੍ਹਾਂ ਚੋਣਾਂ 'ਚ ਹਿੱਸਾ ਲੈਣ ਨਹੀਂ ਦਿੱਤਾ ਗਿਆ। ਇਥੋਂ ਤੱਕ ਕਿ ਪ੍ਰਵਾਸੀ ਮਜ਼ਦੂਰਾਂ ਅਤੇ ਫਾਰਮਹਾਊਸ ਵਿਖੇ ਕੰਮ ਕਰਨ ਵਾਲੇ ਹੋਰਨਾਂ ਲੋਕਾਂ ਦੀਆਂ ਵੋਟਾਂ ਬਾਦਲ ਪਰਿਵਾਰ ਵਲੋਂ ਬਣਾਈਆਂ ਗਈਆਂ, ਜਿਸ ਕਾਰਨ ਪਵਿੱਤਰ ਗੁਰਦੁਆਰਿਆਂ ਦੀ ਚੋਣਾਂ ਦਾ ਅਰਥ ਹੀ ਧੁੰਦਲਾ ਹੋ ਗਿਆ।   
ਸੁਖਬੀਰ ਵਲੋਂ ਕਾਂਗਰਸ ਵਿਰੁੱਧ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਤਾਂ ਸੁਖਬੀਰ ਕਹਿੰਦੇ ਹਨ ਕਿ ਕਾਂਗਰਸ ਗੁਰਦੁਆਰਾ ਚੋਣਾਂ ਵਿਚ ਦਖਲ ਦੇ ਰਹੀ ਹੈ ਤਾਂ ਦੂਜੇ ਪਾਸੇ ਉਹ ਹਰਿਆਣਾ ਵਿਚ ਕਾਂਗਰਸ ਸ਼ਾਸਤ ਸੂਬੇ 'ਚ ਆਪਣੀ ਪਾਰਟੀ ਦੀ ਜਿੱਤ ਦਾ ਦਾਅਵਾ ਕਰਦੇ ਹਨ। ਜੇ ਕਾਂਗਰਸ ਨੇ ਦਖਲ ਦੇਣਾ ਹੁੰਦਾ ਤਾਂ ਅਕਾਲੀ ਹਰਿਆਣਾ 'ਚ ਜਿੱਤ ਨਾ ਸਕਦੇ। ਉਨ੍ਹਾਂ ਸੁਖਬੀਰ ਨੂੰ ਕਿਹਾ ਕਿ ਉਨ੍ਹਾਂ ਪੰਥ ਦਾ ਠੇਕਾ ਨਹੀਂ ਲਿਆ ਹੋਇਆ ਅਤੇ ਬਾਦਲ ਤੇ ਸੁਖਬੀਰ ਨੂੰ ਇਨ੍ਹਾਂ ਚੋਣਾਂ 'ਚ ਹੋਈ ਹਿੰਸਾ ਲਈ ਮੁਆਫੀ ਮੰਗਣੀ ਚਾਹੀਦੀ ਹੈ।

No comments: