Friday, September 09, 2011

ਚੋਣ ਜੰਗ ਦੀਆਂ ਸਰਗਰਮੀਆਂ 'ਚ ਆਈ ਤੁਫਾਨੀ ਤੇਜੀ


ਹਾਰਿਆ ਤੇ ਬੌਖਲਾਇਆ 'ਮਹਾਰਾਜਾ' ਪੰਜਾਬ ਨੂੰ ਤਬਾਹ ਕਰਨ 'ਤੇ ਤੁਲਿਆ -ਸੁਖਬੀਰ ਸਿੰਘ ਬਾਦਲਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ 
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਾਰਿਆ ਹੋਇਆ ਤੇ ਬੌਖਲਾਇਆ ਮਹਾਰਾਜਾ ਕਰਾਰ ਦਿੰਦਿਆਂ ਕਿਹਾ ਕਿ ਜਿਵੇਂ ਇਕ ਹਾਰਿਆ ਹੋਇਆ ਰਾਜਾ ਆਪਣੇ ਰਾਜ ਨੂੰ ਤਬਾਹ ਕਰ ਦਿੰਦਾ ਹੈ ਉਸੇ ਤਰ੍ਹਾਂ ਇਹ ਮਹਾਰਾਜਾ ਵੀ ਪੰਜਾਬ ਨੂੰ ਤਬਾਹ ਕਰਨ 'ਤੇ ਤੁਲਿਆ ਹੋਇਆ ਹੈ। ਸ. ਬਾਦਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਜਿੱਥੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕੁਮਾਰੀ ਸ਼ੈਲਜਾ ਨੂੰ ਮਿਲ ਕੇ ਉਸ ਪ੍ਰੋਜੈਕਟ ਨੂੰ ਰੋਕਣ ਲਈ ਕਿਹਾ ਜਿਸ ਤਹਿਤ ਸੂਬੇ ਦੇ 50 ਕਸਬਿਆਂ ਨੂੰ ਸੀਵਰੇਜ, ਜਲ ਸਪਲਾਈ, ਸੜਕਾਂ ਤੇ ਸਟਰੀਟ ਲਾਈਟਾਂ ਮੁਹੱਈਆ ਕੀਤਾ ਜਾਣਾ ਹੈ ਉਥੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਨਜ਼ੂਰ ਕਰਵਾਏ ਸਾਰੇ ਨਵੇਂ ਵਿਕਾਸ ਕਾਰਜ਼ਾਂ ਨੂੰ ਰੁਕਵਾਉਣ ਲਈ ਕੈਪਟਨ ਸਬੰਧਤ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਨ 'ਚ ਰੁੱਝੇ ਹੋਏ ਹਨ।
       ਸਬੰਧਤ ਤੱਥਾਂ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਾਲ ਵਿਚ ਹੀ ਕੇਂਦਰੀ ਮੰਤਰੀ ਸ੍ਰੀਮਤੀ ਸ਼ੈਲਜਾ ਤੋਂ ਪੰਜਾਬ ਦੇ 50 ਦੇ ਕਰੀਬ ਕਸਬਿਆਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਨ ਲਈ 750 ਕਰੋੜ ਰੁਪਏ ਦਾ ਇਕ ਪ੍ਰੋਜੈਕਟ ਮਨਜ਼ੂਰ ਕਰਵਾਇਆ ਗਿਆ ਸੀ ਅਤੇ ਇਸ ਸਬੰਧ ਵਿਚ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ  ਲੋੜੀਂਦੀ ਕਾਰਵਾਈ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਹਦਾਇਤ ਕਰਨ।
       ਸ਼੍ਰੋਮਣੀ ਅਕਾਲੀ ਦਲ-ਸੰਤ ਸਮਾਜ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਾਂਝੇ ਉਮੀਦਵਾਰਾਂ ਦੇ ਹੱਕ 'ਚ ਲੋਪੋਕੇ, ਅਜਨਾਲਾ, ਲੋਹਾਰਕਾ ਅਤੇ ਛੇਹਰਟਾ ਵਿਖੇ ਹੋਈਆਂ ਰਿਕਾਰਡ ਤੋੜ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਗਾਮੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੋਣ ਵਾਲੀ ਦੁਰਦਸ਼ਾ ਨੂੰ ਕੰਧ 'ਤੇ ਲਿਖਿਆ ਸਾਫ ਪੜ੍ਹ ਲਿਆ ਹੈ ਅਤੇ ਹੁਣ ਉਹ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਲਈ ਲਿਆਂਦੇ ਜਾਣ ਵਾਲੇ ਨਵੇਂ ਪ੍ਰੋਜੈਕਟਾਂ ਨੂੰ ਰੁਕਵਾਉਣ ਲਈ ਸਬੰਧਤ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਪਹਿਲਾਂ ਆਪਣੇ ਰਾਜਕਾਲ ਦੌਰਾਨ ਬਠਿੰਡਾ ਰਿਫਾਇਨਰੀ ਦਾ ਕੰਮ ਰੁਕਵਾਈ ਰੱਖਿਆ ਅਤੇ ਪੰਜ ਸਾਲ ਤੱਕ ਇਕ ਵੀ ਯੂਨਿਟ ਬਿਜਲੀ ਪੈਦਾ ਕਰਨ 'ਚ ਅਸਫਲ ਰਹਿਣ ਉਪਰੰਤ ਹੁਣ ਉਹ ਅਕਾਲੀ-ਭਾਜਪਾ ਸਰਕਾਰ ਵੱਲੋਂ ਆਰੰਭੇ ਗਏ ਬਿਜਲੀ ਪ੍ਰੋਜੈਕਟਾਂ ਦੇ ਕੰਮ 'ਚ ਰੁਕਾਵਟ ਪਾਉਣ ਲਈ ਤਰਲੋਮੱਛੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਸੂਬੇ 'ਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਕੀਤਾ ਹੈ ਅਤੇ ਲੋਕ ਇਸ ਦੌਰ ਨੂੰ ਅੱਗੇ ਲਿਜਾਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਪੂਰਾ ਸਮੱਰਥਨ ਦੇ ਰਹੇ ਹਨ।
       ਸ. ਬਾਦਲ ਨੇ ਕਿਹਾ ਕਿ ਪੰਜਾਬ 'ਚ ਬੀਤੇ ਚਾਰ ਸਾਲਾਂ ਤੋਂ ਤੇਜੀ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਕੈਪਟਨ ਅਮਰਿੰਦਰ ਸਿੰਘ ਲਈ ਹੌਊਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੇ ਤੇਜੀ ਨਾਲ ਮੁਕੰਮਲ ਹੋਣ ਦੀ ਗਵਾਹੀ ਭਰਦਿਆਂ ਬਹੁਤ ਤਕਲੀਫ ਹੋ ਰਹੀ ਹੈ ਅਤੇ ਉਹ ਚੱਲ ਰਹੇ ਪ੍ਰੋਜੈਕਟਾਂ ਨੂੰ ਰੋਕਣ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।
       ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਗਾਮੀ ਵਿਧਾਨ ਸਭਾ ਚੋਣਾਂ ਵਿਕਾਸ ਤੇ ਪ੍ਰਸ਼ਾਸਕੀ ਸੁਧਾਰਾਂ ਨੂੰ ਮੁੱਦਾ ਬਣਾ ਕੇ ਲੜੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਹਾਲਤ 'ਚ ਨਹੀਂ ਹਨ ਕਿ ਉਹ ਇਸ ਮੁੱਦੇ ਦਾ ਟਾਕਰਾ ਕਰ ਸਕਣ, ਇਸ ਦੇ ਚੱਲਦਿਆਂ ਹੀ ਉਹ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਮਿਲ ਕੇ ਚੱਲ ਰਹੇ ਪ੍ਰੋਜੈਕਟਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।
       ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਅਮਰਿੰਦਰ ਨੂੰ ਪੰਜਾਬ ਦੀ ਇੰਨੀ ਹੀ ਫਿਕਰ ਹੈ ਤਾਂ ਉਸ ਨੂੰ ਆਪਣੇ ਸਾਥੀ ਸੰਸਦ ਮੈਂਬਰਾਂ ਨਾਲ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਤੱਕ ਪਹੁੰਚ ਕਰਕੇ ਕੇਂਦਰੀ ਕਰਾਂ ਵਿਚ ਪੰਜਾਬ ਦੇ ਹਿੱਸੇ ਨੂੰ ਮਹਿਜ 1.2 ਫੀਸਦੀ ਤੋਂ ਵਧਾ ਕੇ ਘੱਟੋਘਟ 50 ਫੀਸਦੀ ਕਰਨ ਦੀ ਵਕਾਲਤ ਕਰਨੀ ਚਾਹੀਦੀ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਦੋਂ ਕਿਉਂ ਚੁੱਪ ਰਹੇ ਜਦੋਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਨਾਲ ਮਤਰਈ ਮਾਂ ਵਾਲਾ ਸਲੂਕ ਕਰਦਿਆਂ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ 70000 ਕਰੋੜ ਰੁਪਏ ਦੇ ਪ੍ਰੋਜਕਟ 'ਚੋਂ ਸੂਬੇ ਦੇ ਕਿਸਾਨਾਂ ਦੀ ਝੋਲੀ 'ਚ ਇਕ ਫੀਸਦੀ ਤੋਂ ਵੀ ਘੱਟ ਪਾਇਆ।

No comments: