Tuesday, September 27, 2011

ਕੇਂਦਰੀ ਡਿਪਟੀ ਕਮਿਸ਼ਨਰ ਟੀਕਾਕਰਣ ਨੇ ਕੀਤਾ ਵਿਸ਼ੇਸ਼ ਦੌਰਾ

ਭਾਰਤ-ਪਾਕਿ ਸਰਹੱਦ 'ਤੇ ਲਿਆ ਪੋਲੀਓ ਰੋਕੂ ਪ੍ਰਬੰਧਾਂ ਦਾ  ਜਾਇਜ਼ਾ 
ਅੰਮ੍ਰਿਤਸਰ 27 ਸਤੰਬਰ: (ਗਜਿੰਦਰ ਸਿੰਘ ਕਿੰਗ): 
ਪਾਕਿਸਤਾਨ ਵਿੱਚ ਬੀਤੇ ਦਿਨੀਂ ਵੱਡੀ ਤਾਦਾਦ ਵਿੱਚ ਪੋਲੀਓ ਦੇ ਨਵੇਂ ਕੇਸਾਂ  ਦੀ ਸ਼ਨਾਖਤ ਸਬੰਧੀ ਰਿਪੋਰਟਾਂ ਆਉਣ ਉਪਰੰਤ ਭਾਰਤ ਵਿੱਚ ਗੁਆਂਢੀ ਮੁਲਕ ਰਾਹੀਂ ਪੋਲੀਓ ਦੇ ਵਾਇਰਸ ਦੀ ਆਮਦ ਰੋਕਣ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜਾ ਲੈਣ ਹਿੱਤ ਅੱਜ ਡਾ: ਪ੍ਰਦੀਪ ਹਲਦਰ, ਕੇਂਦਰੀ ਡਿਪਟੀ ਕਮਿਸ਼ਨਰ ਟੀਕਾਕਰਣ, ਭਾਰਤ ਸਰਕਾਰ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ।
ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਡਿਪਟੀ ਕਮਿਸ਼ਨਰ ਟੀਕਾਕਰਣ ਨੇ ਵਾਹਗਾ ਸਰਹੱਦ 'ਤੇ ਸਥਿਤ ਇਮੀਗਰੇਸ਼ਨ ਕੇਂਦਰ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੂਆਂ ਦੀ ਸਿਹਤ ਚੈਕਅਪ ਲਈ ਕੀਤੇ ਪ੍ਰਬੰਧਾਂ ਅਤੇ ਵਿਸ਼ੇਸ਼ ਤੌਰ ਤੇ 0 ਤੋਂ 5 ਸਾਲ ਦੀ ਉਮਰ ਤੱਕ ਦੇ ਪਾਕਿਸਤਾਨੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ। 
ਇਸ ਮੌਕੇ ਡਾ: ਅਵਤਾਰ ਸਿੰਘ ਜਰੇਵਾਲ, ਸਿਵਲ ਸਰਜਨ ਅੰਮ੍ਰਿਤਸਰ, ਡਾ: ਬਲਵਿੰਦਰ ਸਿੰਘ, ਸਟੇਟ ਪ੍ਰੋਗਰਾਮ ਅਫਸਰ, ਟੀਕਾਕਰਣ, ਡਾ: ਮਹਿਤਾਬ ਸਿੰਘ, ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਸਰਵੀਲੈਂਸ ਮੈਡੀਕਲ ਅਫਸਰ, ਡਾ: ਪਵਨ ਵਰਮਾ, ਜਿਲ੍ਹਾ ਟੀਕਾਕਰਣ ਅਫਸਰ ਅਤੇ ਡਾ: ਰਸ਼ਮੀ ਵਿੱਜ, ਬੀ:ਸੀ:ਜੀ ਅਫਸਰ ਵੀ ਉਨ੍ਹਾਂ ਦੇ ਨਾਲ ਸਨ।
ਸਮੂਹ ਪ੍ਰਬੰਧਾਂ ਦੀ ਸਮੀਖਿਆ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਪ੍ਰਦੀਪ ਹਲਦਰ ਨੇ ਦੱਸਿਆ ਕਿ ਗੁਆਂਢੀ ਮੁਲਕ ਪਾਕਿਸਤਾਨ ਵਿੱਚ 21 ਸਤੰਬਰ, 2011 ਤੱਕ ਪੋਲੀਓ ਦੇ 89 ਨਵੇਂ ਕੇਸ ਸ਼ਨਾਖਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਬਹੁਤੇ ਕੇਸ ਤਾਂ ਪਾਕਿਸਤਾਨ ਦੇ ਉਤਰ - ਪੱਛਮੀ ਫਰੰਟੀਅਰ ਇਲਾਕੇ ਵਿੱਚ ਪਾਏ ਗਏ ਹਨ ਪਰ ਕੁਝ ਦਿਨ ਪਹਿਲਾਂ ਹੀ ਇਕ ਕੇਸ ਅਟਾਰੀ- ਵਾਹਗਾ ਸਰਹੱਦ ਦੇ ਨਜਦੀਕ ਸ਼ਨਾਖਤ ਕੀਤਾ ਗਿਆ ਹੈ।  ਐਨਾ ਹੀ ਨਹੀਂ ਸ਼ਨਾਖਤ ਕੀਤਾ ਗਿਆ ਪੋਲੀਓ ਵਾਇਰਸ ਪੀ-1 ਕਿਸਮ ਦਾ ਹੈ ਜੋ ਕਿ ਪੋਲੀਓ ਵਾਇਰਸਾਂ ਵਿੱਚੋਂ ਸਭ ਨਾਲੋਂ ਘਾਤਕ ਹੈ ਅਤੇ ਉਸ ਨੂੰ ਰੋਕਣਾ ਕਾਫੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਪ੍ਰਾਪਤ ਇਨ੍ਹਾਂ ਰਿਪੋਰਟਾਂ ਦੇ ਮੱਦੇ ਨਜ਼ਰ ਭਾਰਤ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਯਤਾਰੂਆਂ ਦਾ ਮੈਡੀਕਲ ਚੈਕਅਪ ਕੀਤਾ ਜਾ ਰਿਹਾ ਹੈ ਅਤੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਬਿਮਾਰੀ ਭਾਰਤ ਵਿੱਚ ਫੈਲਣ ਤੋਂ ਰੋਕੀ ਜਾ ਸਕੇ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਵੱਲੋਂ ਸਥਾਨਕ ਡਾਕਟਰੀ ਟੀਮਾਂ ਦੇ ਸਹਿਯੋਗ ਨਾਲ ਵਾਹਗਾ ਬਾਰਡਰ ਤੇ ਸਥਿਤ ਇਮੀਗਰੇਸ਼ਨ ਸੈਂਟਰ ਵਿੱਚ ਵਿਸ਼ੇਸ਼ ਬੂਥ ਸਥਾਪਤ ਕੀਤਾ ਗਿਆ ਹੈ ਜਿਥੇ ਪਾਕਿਸਤਾਨ ਤੋਂ ਆਉਣ ਵਾਲੇ ਯਤਾਰੂਆਂ ਦਾ ਮੈਡੀਕਲ ਚੈਕਅਪ ਕੀਤਾ ਜਾਂਦਾ ਹੈ। ਇਸ ਬੂਥ ਤੇ ਪੋਲੀਓ ਦੀਆਂ ਬੂੰਦਾਂ ਪਿਲਾਉਣ ਤੋਂ ਇਲਾਵਾ ਡੇਂਗੂ ਬੁਖਾਰ ਦੇ ਚੈਕਅਪ ਦਾ ਵੀ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਡੇਂਗੂ ਦੀ ਪਹਿਲੇ ਦਿਨ ਹੀ ਸ਼ਨਾਖਤ ਕਰਨ ਦੀਆਂ ਸਮਰੱਥ ਵਿਸ਼ੇਸ਼ ਐਨ:ਐਸ-1 ਕਿੱਟਾਂ ਮੈਡੀਕਲ ਟੀਮ ਨੂੰ ਵਾਹਗਾ ਸਰਹੱਦ ਤੇ ਮੁਹਈਆ ਕਰਵਾਈਆਂ ਗਈਆਂ ਹਨ। ਬੁਖਾਰ, ਅੱਖਾਂ ਦਾ ਦਰਦ ਆਦਿ ਡੇਂਗੂ ਬੁਖਾਰ ਦੇ ਲੱਛਣ ਨਜ਼ਰ ਆਉਣ ਤੇ ਯਾਤਰੂ ਦਾ ਡੇਂਗੂ ਬੁਖਾਰ ਸ਼ਨਾਖਤ ਕਰਨ ਲਈ ਟੈਸਟ ਕੀਤਾ ਜਾਂਦਾ ਹੈ। ਸ੍ਰੀ ਪ੍ਰਦੀਪ ਹਲਦਰ ਨੇ ਦੱਸਿਆ ਕਿ ਹੁਣ ਤੱਕ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੂਆਂ ਵਿੱਚੋਂ ਕੋਈ ਵੀ ਡੇਂਗੂ ਦਾ ਕੇਸ ਸ਼ਨਾਖਤ ਨਹੀਂ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਇਮੀਗਰੇਸ਼ਨ ਕੇਂਦਰ ਵਿੱਚ ਸਥਾਪਤ ਇਸ ਮੈਡੀਕਲ ਬੂਥ ਰਾਹੀਂ ਹੁਣ ਤੱਕ 74 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ।
         ਸ੍ਰੀ ਪ੍ਰਦੀਪ ਹਲਦਰ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੂਆਂ ਵੱਲੋਂ ਭਾਰਤ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁਝ ਮਾਤਾ ਪਿਤਾ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਭਾਰਤ ਫੇਰੀ ਕਾਰਨ ਉਨ੍ਹਾਂ ਦੇ ਬੱਚੇ ਪਾਕਿਸਤਾਨ ਵਿੱਚ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਸਨ ਪਰ ਭਾਰਤ ਆਮਦ ਉਪਰੰਤ ਸਰਹੱਦ 'ਤੇ ਹੀ ਪੋਲੀਓ ਦੀ ਦਵਾਈ ਪਿਲਾਏ ਜਾਣ ਕਾਰਨ ਉਹ ਆਪਣੇ ਬੱਚਿਆਂ ਪ੍ਰਤੀ ਚਿੰਤਾ ਮੁਕਤ ਹੋ ਗਏ ਹਨ। ਸ੍ਰੀ ਹਲਦਰ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਭਾਰਤ-ਚੀਨ, ਭਾਰਤ-ਪਾਕਿ ਅਤੇ ਭਾਰਤ-ਨੇਪਾਲ ਸਰਹੱਦ ਤੇ ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਬੀਤੇ ਦਿਨੀਂ ਚੀਨ ਪੋਲੀਓ ਤੋਂ ਮੁਕਤ ਹੋਣ ਤੋਂ ਬਾਅਦ ਇਸ ਘਾਤਕ ਬਿਮਾਰੀ ਦੀ ਮੁੜ ਆਮਦ ਹੋ ਚੁੱਕੀ ਹੈ ਅਤੇ ਉਥੇ ਪੋਲੀਓ ਦੇ 9 ਕੇਸ ਰਿਪੋਰਟ ਕੀਤੇ ਜਾ ਚੁੱਕੇ ਹਨ, ਜਿੰਨਾਂ ਵਿੱਚੋਂ ਬਹੁਤੇ ਕੇਸ ਜੰਮੂ ਕਸ਼ਮੀਰ ਦੇ ਨੇੜੇ ਪੈਂਦੇ ਚੀਨ ਦੇ ਸ਼ਹਿਰ ਗੋਆਓਜੰਗ ਵਿੱਚ ਸ਼ਨਾਖਤ ਕੀਤੇ ਗਏ ਹਨ। ਇਸੇ ਤਰ੍ਹਾਂ ਨੇਪਾਲ ਵਿੱਚ ਵੀ ਇਹ ਬਿਮਾਰੀ ਮੌਜੂਦ ਹਨ। ਜਦ ਕਿ ਭਾਰਤ ਵਿੱਚ ਸਾਲ 2009 ਦੌਰਾਨ 741, 2010 ਦੌਰਾਨ 42 ਅਤੇ ਇਸ ਸਾਲ ਜਨਵਰੀ ਮਹੀਨੇ ਦੌਰਾਨ ਪੋਲੀਓ ਦਾ ਕੇਵਲ ਇਕ ਕੇਸ ਰਿਪੋਰਟ ਹੋਇਆ ਹੈ ਅਤੇ ਉਸ ਉਪਰੰਤ ਹੁਣ ਤੱਕ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪੋਲੀਓ ਰੋਕਥਾਮ ਲਈ ਚਲਾਈ ਮੁਹਿੰਮ ਸਫਲਤਾ ਦੇ ਨੇੜੇ ਹੈ  ਪਰ ਮਹੀਨਾ ਜੁਲਾਈ ਤੋਂ ਨਵੰਬਰ ਦੌਰਾਨ ਪੋਲੀਓ  ਵਾਇਰਸ ਫੈਲਣ ਦੀ ਸੰਭਾਵਨਾ  ਵਧੇਰੇ ਹੁੰਦੀ ਹੈ ਇਸ ਲਈ ਗੁਆਂਢੀ ਮੁਲਕਾਂ ਤੋਂ ਇਸ ਵਾਇਰਸ ਦੀ ਆਮਦ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
         ਇਸ ਮੌਕੇ ਰਾਜ ਟੀਕਾਕਰਣ ਅਫਸਰ ਡਾ: ਬਲਵਿੰਦਰ ਸਿੰਘ ਨੇ ਅੰਤਰ ਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਅਤੇ ਇਮੀਗਰੇਸ਼ਨ ਸੈਂਟਰ ਵਾਹਗਾ ਸਰਹੱਦ 'ਤੇ ਤਾਇਨਾਤ ਮੈਡੀਕਲ ਟੀਮਾਂ ਬਾਰੇ ਮੀਡੀਆ ਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਯਾਤਰੂ ਬਾਰੇ ਅਚਾਨਕ ਸਰੀਰਕ ਕਮਜੋਰੀ ਦੀ ਸ਼ਿਕਾਇਤ ਪ੍ਰਾਪਤ ਹੋਣ ਤੇ ਫਲੈਸਿਡ ਪੈਰਾਲਾਇਸਜ (ਏ:ਐਫ:ਪੀ)  ਸਬੰਧੀ ਚੈਕਅਪ ਕੀਤੀ ਜਾਂਦੀ ਹੈ ਕਿਉਂਕਿ ਕਈ ਏ:ਐਫ:ਪੀ ਕੇਸ ਪੋਲੀਓ ਕਾਰਨ ਹੁੰਦੇ ਹਨ। ਉਨ੍ਹਾਂ ਨੇ ਸਮੂਹ ਡਾਕਟਰਾਂ ਨੂੰ ਅਪੀਲ ਕੀਤੀ ਕਿ ਆਪਣੇ ਦੇਸ਼ ਵਿੱਚੋਂ ਇਸ ਨਾ-ਮੁਰਾਦ ਬਿਮਾਰੀ ਦਾ ਖਾਤਮਾ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ ਇਸ ਲਈ ਹਰੇਕ ਡਾਕਟਰ ਅਤੇ ਮੈਡੀਕਲ ਅਫਸਰ ਪੋਲੀਓ ਸਬੰਧੀ ਕੋਈ ਵੀ ਕੇਸ ਸ਼ਨਾਖਤ ਹੋਣ ਤੇ ਜਾਂ ਪੋਲੀਓ ਬਾਰੇ ਸ਼ੱਕ ਹੋਣ ਤੇ ਟੀਕਾਕਰਣ ਅਧਿਕਾਰੀਆਂ ਨਾਲ ਤਾਲਮੇਲ ਕਰਨ ਅਤੇ ਕੇਸਾਂ ਸਬੰਧੀ ਸਹੀ ਰਿਪੋਰਟ ਕਰਨ। ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ  ਸਰਹੱਦੀ ਸੂਬਿਆਂ ਨੂੰ ਪੋਲੀਓ ਦੀ ਰੋਕਥਾਮ ਸਬੰਧੀ ਭਾਰਤ ਸਰਕਾਰ ਪਾਸੋਂ ਹਦਾਇਤਾਂ ਜਾਰੀ ਹੋਈਆਂ ਸਨ ਪਰ ਮਾਣ ਦੀ ਗੱਲ ਹੈ ਕਿ ਪਜੰਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਦਿਸ਼ਾ ਵਿੱਚ ਪੁਖਤਾ ਪ੍ਰਬੰਧ ਕੀਤੇ ਹਨ।
         ਡਾ ਅਵਤਾਰ ਸਿੰਘ ਜਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੋਲੀਓ ਤੋਂ  ਬਚਾਓ ਲਈ ਜਿਲ੍ਹਾ ਅੰਮ੍ਰਿਤਸਰ ਵਿੱਚ ਤਿੰਨ ਰੋਜਾ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੇ ਚਲਦਿਆਂ ਅੰਦਰੂਨੀ ਸ਼ਹਿਰ ਵਿੱਚ 26  ਤੋਂ 28 ਸਤੰਬਰ, 2011 ਤੱਕ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।

No comments: