Thursday, September 15, 2011

ਭਾਰਤ ਬਣਿਆਂ ਪਹਿਲਾ ਏਸ਼ੀਅਨਜ਼ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਚੈਂਪੀਅਨ

ਪਰ------ ਚੈਂਪੀਅਨਜ਼ ਟਰਾਫ਼ੀ ਦੀ ਖੁੱਸੀ ਮੇਜ਼ਬਾਨੀ
   ਰਣਜੀਤ ਸਿੰਘ ਪ੍ਰੀਤ 

ਭਾਰਤ ਲਈ ਹਾਕੀ ਦੇ ਖ਼ੇਤਰ ਵਿੱਚ ਇੱਕ ਖ਼ੁਸ਼ੀ ,ਇੱਕ ਗ਼ਮ ਵਾਲੀ ਗੱਲ ਬਣ ਗਈ ਹੈ,ਇੱਕ ਪਾਸੇ ਆਸਟਰੇਲਿਆਈ ਕੋਚ ਮਾਈਕਲ ਨੌਬਸ ਦੀ ਅਗਵਾਈ ਵਿੱਚ ਭਾਰਤ ਨੇ ਪਹਿਲਾ ਮਰਦ ਏਸ਼ੀਅਨਜ਼ ਹਾਕੀ ਚੈਂਪੀਅਨਜ਼ ਟਰਾਫ਼ੀ  ਮੁਕਾਬਲਾ ਜੋ ਚੀਨ ਦੇ ਸ਼ਹਿਰ ਓਰਡੋਸ  ਵਿੱਚ 3 ਸਤੰਬਰ ਤੋਂ 11 ਸਤੰਬਰ ਤੱਕ ਚੱਲਿਆ ,ਪਾਕਿਸਤਾਨ ਨੂੰ ਹਰਾਕੇ ਪਹਿਲਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ । ਔਰਤਾਂ ਦੀ ਇਹੀ ਟਰਾਫ਼ੀ ਇਹਨਾਂ ਹੀ ਤਾਰੀਖਾਂ ਨੂੰ ਏਥੇ ਹੀ ਖੇਡੀ ਗਈ ,ਪਿਛਲੀ ਬੁਸਾਨ (ਦੱਖਣੀ ਕੋਰੀਆ) ਟਰਾਫੀ ਸਮੇ ਭਾਰਤੀ ਟੀਮ ਤੀਜੇ ਸਥਾਨ’ਤੇ ਰਹੀ ਸੀ,ਪਰ ਸਬਾ ਅੰਜ਼ਮ ਕਰੀਮ ਦੀ ਅਗਵਾਈ ਵਾਲੀ ਭਾਰਤੀ ਟੀਮ ਇਸ ਵਾਰੀ ਹਿੱਸਾ ਲੈ ਰਹੀਆਂ 4 ਟੀਮਾਂ ਦੇ ਅਖ਼ੀਰ ਵਿੱਚ, ਅਰਥਾਤ ਚੌਥੇ ਸਥਾਨ ’ਤੇ ਰਹੀ। ਦੂਜੇ ਬੰਨੇ ਇੱਕ ਹੋਰ ਦੁੱਖ ਦੀ ਗੱਲ ਇਹ ਬਣ ਗਈ ਕਿ ਭਾਰਤੀ ਹਾਕੀ ਸੰਘ ਅਤੇ ਹਾਕੀ ਇੰਡੀਆ ਦੀ ਤਕਰਾਰਬਾਜ਼ੀ ਨੂੰ ਮੁੱਖ ਰਖਦਿਆਂ ਅਤੇ ਇਹਨਾਂ ਸੰਸਥਾਵਾਂ ਦਰਮਿਆਨ ਹੋਏ ਸਮਝੌਤੇ ਨੂੰ ਦਰ-ਕਿਨਾਰ ਕਰਦਿਆਂ ਕੌਮਾਂਤਰੀ ਹਾਕੀ ਸੰਘ ਦੇ ਪ੍ਰਧਾਨ ਲਿਏਡਰ ਨੇਗਰੋ ਨੇ 3 ਦਸੰਬਰ ਤੋਂ 11 ਦਸੰਬਰ 2011 ਤੱਕ ਨਵੀਂ ਦਿੱਲੀ ਵਿਖੇ ਹੋਣ ਵਾਲੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਭਾਰਤ ਕੋਲੋਂ ਖੋਹ ਕਿ ਆਕਲੈਂਡ (ਵਿਸ਼ਵ ਵਿੱਚ 7ਵਾਂ ਦਰਜਾ ਪ੍ਰਾਪਤ ਨਿਊਜ਼ੀਲੈਂਡ) ਨੂੰ ਸੌਂਪ ਦਿੱਤੀ ਹੈ।,ਪਰ ਚੈਂਪੀਅਨਜ਼ ਚੈਲੇਂਜ ਟੂਰਨਾਮੈਂਟ ਦੇ ਜੇਤੂ ਵਜੋਂ ਭਾਰਤ ਨੂੰ ਇਹ ਟਰਾਫ਼ੀ ਖੇਡਣ ਦਾ ਮੌਕਾ ਦੇ ਦਿੱਤਾ ਗਿਆ ਹੈ। ਇਸ ਫ਼ੈਸਲੇ ‘ਤੇ ਖੇਡ ਮੰਤਰੀ ਅਜੇ ਮਾਕਨ ਨੇ ਟਿਪਣੀ ਕਰਦਿਆਂ ਕਿਹਾ ਕਿ “ਸਾਡੇ ਨਾਲ ਬਗੈਰ ਕੋਈ ਸਲਾਹ-ਮਸ਼ਵਰਾ ਕਰਿਆਂ,ਅਜਿਹਾ ਫ਼ੈਸਲਾ ਲੇਣਾ ਦੁਖਦਾਇਕ ਹੈ”। ਪਰ ਹੁਣ ਤਾਂ ਇਹ ਗੱਲ ਇਹ ਸੋਚ ਕਿ ਹੀ ਛੱਡਣੀ ਪਵੇਗੀ ਕਿ” ਅਬ ਪਛਤਾਇਆ ਕਿਆ ਹੋਤ,ਜਬ ਚਿਡ਼ੀਆਂ ਚੁਗ ਗਈਂ ਖੇਤ”।
                                    ਓਰਡੋਸ (ਚੀਨ) ਟਰਾਫ਼ੀ ਵਿੱਚ  6 ਟੀਮਾਂ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ, ਚੀਨ,ਅਤੇ ਭਾਰਤ ਨੇ ਸ਼ਿਰਕਤ ਕੀਤੀ । ਭਾਰਤ ਦੇ ਕਈ ਨਾਮੀ ਖਿਡਾਰੀ ਟੀਮ ਵਿੱਚ ਸ਼ਾਮਲ ਨਹੀਂ ਸਨ। ਭਾਰਤੀ ਟੀਮ ਦੀ ਕਪਤਾਨੀ ਇੱਕ ਵਾਰ ਫਿਰ ਫਾਰਵਰਡ ਲਾਈਨ ਦੇ ਖਿਡਾਰੀ ਅਤੇ ਅਰਜੁਨਾ ਐਵਾਰਡੀ  ਰਾਜਪਾਲ ਸਿੰਘ ਨੂੰ ਸੌਂਪੀ ਗਈ ਸੀ,ਰਾਊਂਡ ਰੌਬਿਨ ਲੀਗ ਅਤੇ ਪਲੇਆਫ਼ ਦੇ ਅਧਾਰ ‘ਤੇ ਖੇਡੇ ਗਏ ਇਸ ਮੁਕਾਬਲੇ ਲਈ ਚੁਣੀ ਟੀਮ ਨੇ ਆਪਣਾ ਪਹਿਲਾ ਮੈਚ 3 ਸਤੰਬਰ ਨੂੰ ਚੀਨ ਵਿਰੁੱਧ ਟੂਰਨਾਂਮੈਂਟ ਦੇ ਰਿਕਾਰਡ ਗੋਲ ਅੰਤਰ 5-0 ਨਾਲ ਜਿੱਤਿਆ । ਜਪਾਨ ਨਾਲ 1-1, ਮਲੇਸ਼ੀਆਂ ,ਪਾਕਿਸਤਾਨ ਨਾਲ 2-2 ਗੋਲ ਕਰਦਿਆਂ ਬਰਾਬਰੀ ਹਾਸਲ ਕੀਤੀ,ਪਰ ਦੱਖਣੀ ਕੋਰੀਆ ਨੂੰ 5-3 ਨਾਲ,ਹਰਾਇਆ,ਇਸ ਤਰ੍ਹਾਂ ਤਿੰਨ ਬਰਾਬਰੀਆਂ ,ਅਤੇ ਦੋ ਜਿੱਤਾਂ ਨਾਲ 9 ਅੰਕ ਪ੍ਰਾਪਤ ਕੀਤੇ। ਪਰ ਫ਼ਾਈਨਲ ਤੱਕ ਅਪਡ਼ਾਉਣ ਦਾ ਰਸਤਾ ਮਲੇਸ਼ੀਆ ਨੇ ਦਿਖਾਇਆ ।ਜੇਕਰ ਜਪਾਨੀ ਟੀਮ ਮਲੇਸ਼ੀਆ ਨੂੰ ਹਰਾ ਦਿੰਦੀ ,ਤਾਂ ਜਪਾਨ ਦੇ 10 ਅੰਕ ਹੋ ਜਾਣੇ ਸਨ,ਅਤੇ ਭਾਰਤੀ ਟੀਮ ਨੂੰ ਤੀਜੇ-ਚੌਥੇ ਸਥਾਨ ਲਈ ਮਲੇਸ਼ੀਆ ਨਾਲ ਮੈਚ ਖੇਡਣਾ ਪੈਣਾ ਸੀ । ਜਪਾਨ 2-0 ਨਾਲ ਅੱਧੇ ਸਮੇ ਤੱਕ ਅੱਗੇ ਚੱਲ ਰਿਹਾ ਸੀ,ਪਰ ਮਲੇਸ਼ੀਆ ਨੇ ਮੈਚ ਵਿੱਚ ਵਾਪਸੀ ਕਰਦਿਆਂ ਇਹ ਮੈਚ 3-2 ਨਾਲ ਜਿੱਤ ਕਿ ਭਾਰਤ ਲਈ ਫ਼ਾਈਨਲ ਖੇਡਣ ਦਾ ਮੌਕਾ ਲਿਆ ਦਿੱਤਾ। 
                         ਪਾਕਿਸਤਾਨ 10 ਅੰਕਾਂ ਨਾਲ ਸਿਖ਼ਰ’ਤੇ ਰਿਹਾ। ਉਸ ਨੇ ਮਲੇਸ਼ੀਆ ਨੂੰ 3-2 ਨਾਲ,ਚੀਨ ਨੂੰ 4-1 ਨਾਲ, ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੰਦਿਆਂ ਜਪਾਨ ਤੋਂ 1-3 ਨਾਲ ਹਾਰ ਖਾਧੀ ਅਤੇ ਭਾਰਤ ਨਾਲ 2-2’ਤੇ ਬਰਾਬਰ ਰਿਹਾ। ਉਧਰ ਮੁਕਾਬਲੇ ਦੇ ਆਖ਼ਰੀ ਦਿਨ ਚੀਨ ਅਤੇ ਕੋਰੀਆ ਵੀ 1-1 ਨਾਲ ਬਰਾਬਰ ਰਹੇ। ਸੂਰਤੇਹਾਲ ਅਜਿਹੀ ਬਣੀ ਕਿ ਇਹਨਾਂ ਹੀ ਟੀਮਾਂ ਨੂੰ ਪੰਜਵੇਂ –ਛੇਵੇਂ ਸਥਾਨ ਲਈ,ਜਪਾਨ-ਮਲੇਸ਼ੀਆ ਨੂੰ ਤੀਜੇ –ਚੌਥੇ ਸਥਾਨ ਲਈ,ਅਤੇ ਭਾਰਤ –ਪਾਕਿਸਤਾਨ ਨੂੰ ਟੀਸੀ ਦੇ ਬੇਰ ਲਈ ਭਿਡ਼ਨ ਦਾ ਮੌਕਾ ਮਿਲਿਆ । 11 ਸਤੰਬਰ ਦੇ ਦਿਨ ਤਿੰਨ ਮੈਚ ਖੇਡੇ ਗਏ । ਦੱਖਣੀ ਕੋਰੀਆ ਨੇ ਚੀਨ ਨੂੰ 2-1 ਨਾਲ ਹਰਾਕੇ 5ਵਾਂ ਸਥਾਨ ਮੱਲਿਆ,ਮਲੇਸ਼ੀਆ ਦੀ ਟੀਮ ਜਪਾਨ ਨੂੰ 1-0 ਨਾਲ ਮਾਤ ਦੇ ਕੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਿੱਚ ਸਫ਼ਲ ਰਹੀ।ਟੀਸੀ ਦੇ ਬੇਰ ਲਈ ਭਾਰਤ ਅਤੇ ਪਾਕਿਸਤਾਨ ਨੇ ਸੰਘਰਸ਼ਮਈ ਮੈਚ ਖੇਡਿਆ। ਵਾਧੂ ਸਮੇ ਦੀ ਸਮਾਪਤੀ ਤੱਕ ਮੈਚ 0-0 ਨਾਲ ਬਰਾਬਰ ਰਿਹਾ। ਫਿਰ ਪਨੈਲਟੀ ਸ਼ੂਟ ਆਊਟ ਰਾਹੀਂ ਭਾਰਤ ਦੇ ਰਾਜਪਾਲ ਸਿੰਘ,ਦਾਨਿਸ਼ ਮੁਜ਼ਤਬਾ, ਯੁਵਰਾਜ ਬਾਲਮੀਕੀ,ਅਤੇ ਸਰਵਨਜੀਤ ਸਿੰਘ ਗੋਲ ਕਰਨ ਵਿੱਚ ਸਫ਼ਲ ਹੋਏ,ਜਦੋਂ ਕਿ ਚੰਦੀ ਨੂੰ ਸਫ਼ਲਤਾ ਨਾ ਮਿਲੀ। ਪਰ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ,ਅਤੇ ਵਸੀਮ ਅਹਿਮਦ ਹੀ ਗੋਲ ਕਰ ਸਕੇ,ਇਸ ਤਰ੍ਹਾਂ ਭਾਰਤੀ ਟੀਮ 4-2 ਨਾਲ ਫ਼ਾਈਨਲ ਜਿੱਤਣ ਵਿੱਚ ਸਫ਼ਲ ਰਹੀ।
                          ਇਸ ਮੁਕਾਬਲੇ ਵਿੱਚ ਖੇਡੇ ਗਏ 18 ਮੈਚਾਂ ਵਿੱਚ 81 ਗੋਲ ਹੋਏ । ਸਭ ਤੋਂ ਵੱਧ 19 ਗੋਲ ਭਾਰਤ ਨੇ ਕੀਤੇ,ਅਤੇ 10 ਗੋਲ ਕਰਵਾਏ । ਸਭ ਤੋ ਵੱਡਾ ਜਿੱਤ ਗੋਲ ਅੰਤਰ ਭਾਰਤ ਦਾ 5-0 ਚੀਨ ਵਿਰੁੱਧ 3 ਸਤੰਬਰ ਨੂੰ ਰਿਹਾ।ਇੱਕ ਮੈਚ ਵਿੱਚ ਸਭ ਤੋਂ ਵੱਧ 8 ਗੋਲ 6 ਸਤੰਬਰ ਨੂੰ ਭਾਰਤ –ਕੋਰੀਆਂ ਮੈਚ ਦੌਰਾਨ ਹੋਏ ।ਇਸ ਪਹਿਲੀ ਟਰਾਫ਼ੀ ਵਿੱਚ 4 ਮੈਚ ਬਰਾਬਰ ਰਹੇ । ਕੁੱਲ 12 ਅੰਕ ਲੈ ਕੇ ਭਾਰਤੀ ਟੀਮ ਟਾਪਰ ਰਹੀ। ਦੁਜੇ ਸਥਾਨ ‘ਤੇ ਰਹਿਣ ਵਾਲੇ ਪਾਕਿਸਤਾਨ ਨੇ 10 ਅੰਕ ਲੈਂਦਿਆਂ 15 ਗੋਲ ਕੀਤੇ,14 ਗੋਲ ਕਰਵਾਏ। ਤੀਜੀ ਪੁਜ਼ੀਸ਼ਨ ਲੈਣ ਵਾਲੇ ਮਲੇਸ਼ੀਆ ਨੇ 15 ਗੋਲ ਕਰਦਿਆਂ ,13 ਗੋਲ ਖਾਧੇ । ਚੌਥੇ ਦਰਜੇ ‘ਤੇ ਰਹੀ ਜਪਾਨ ਦੀ ਟੀਮ ਨੇ ਇਹ ਅੰਕਡ਼ਾ 11 ਗੋਲ ਅਤੇ 10 ਗੋਲ ਰੱਖਿਆ । ਪੰਜਵੀਂ ਸਥਿੱਤੀ ਧਾਰਨ ਕਰਨ ਵਾਲੀ ਦੱਖਣੀ ਕੋਰੀਆ ਦੀ ਟੀਮ ਦਾ ਇਹ ਅੰਕਡ਼ਾ 15-15 ਹੀ ਰਿਹਾ। ਮੇਜ਼ਬਾਨ ਚੀਨ ਨੇ ਸਿਰਫ਼ 6 ਗੋਲ ਕੀਤੇ,ਅਤੇ 19 ਗੋਲ ਕਰਵਾਏ । ਭਾਰਤੀ ਟੀਮ ਦੀ ਭਾਰਤ ਵਾਪਸੀ’ਤੇ ਭਰਵਾਂ ਸੁਆਗਤ ਕੀਤਾ ਗਿਆ। ਹਰੇਕ ਟੀਮ ਮੈਂਬਰ ਨੂੰ 25000-25000 ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਪਰ ਅਸਲ ਪਰਖ਼ ਦੀ ਘਡ਼ੀ ਏਸੇ ਸਾਲ ਦੇ ਆਖ਼ਰੀ ਮਹੀਨੇ ਹੋਣ ਵਾਲੀ ਆਕਲੈਂਡ ਚੈਂਪੀਅਨਜ਼ ਟਰਾਫ਼ੀ ਬਣੇਗੀ । ਫਰਵਰੀ 2012 ਨੂੰ ਭਾਰਤ ਵਿੱਚ ਹੀ ਉਲੰਪਿਕ ਕੁਆਲੀਫਾਇਰ ਮੁਕਾਬਲਾ ਹੋਣਾਂ ਹੈ । ਜਿੱਤ ਦੇ ਜਸ਼ਨਾਂ ਦੌਰਾਨ ਅਗਲੇ ਨਿਸ਼ਾਨਿਆਂ ਦੀ ਵੀ ਅਣਦੇਖੀ ਨਹੀਂ ਹੋਣੀ ਚਾਹੀਦੀ,ਨਹੀਂ ਤਾਂ ਇਸ ਜਿੱਤ ਦਾ ਸੁਆਦ ਥੋਡ਼ਚਿਰੀ ਅਤੇ ਵਕਤੀ ਬਣਕੇ ਹੀ ਰਹਿ ਜਾਵੇਗਾ ।
       ਏਸ਼ੀਅਨਜ਼ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਪੂਰਾ ਟੇਬਲ

No comments: