Saturday, September 24, 2011

ਸਮੁੱਚੇ ਵਿਕਾਸ ਲਈ ਸੈਰ ਸਪਾਟਾ ਉਤਸ਼ਾਹਤ ਕਰਨਾ ਬਹੁਤ ਹੀ ਜਰੂਰੀ

*ਪੰਜਾਬ ਦੇਸ਼ ਦੇ ਮੋਹਰੀ ਸੈਰ ਸਪਾਟਾ ਕੇਂਦਰ ਵਜੋਂ ਉਭਰ ਕੇ ਸਾਹਮਣੇ ਆਵੇਗਾ-ਸੁਖਬੀਰ ਸਿੰਘ ਬਾਦਲ
*ਕੇਂਦਰ ਸਰਕਾਰ  ਵੱਲੋਂ ਸੈਰ ਸਪਾਟਾ ਖੇਤਰ ਵਿਕਸਤ ਕਰਨ ਦੀ ਲੋੜ 'ਤੇ ਦਿੱਤਾ ਜੋਰ
*ਨਵੇਂ ਉਸਾਰੇ ਮੁਹਾਲੀ ਹਵਾਈ ਅੱਡੇ ਤੋਂ ਪਹਿਲੀ ਅੰਤਰਾਸ਼ਟਰੀ ਉਡਾਣ ਅਕਤੂਬਰ ਦੇ ਆਖਰੀ ਹਫ਼ਤੇ 'ਚ
        ਅੰਮ੍ਰਿਤਸਰ 23  ਸਤੰਬਰ (ਗਜਿੰਦਰ ਸਿੰਘ ਕਿੰਗ) 
ਅੰਤਰਰਾਸ਼ਟਰੀ ਮਿਆਰ ਦੇ ਮੁੱਢਲੇ ਢਾਂਚੇ ਦੀ ਉਸਾਰੀ ਸਦਕਾ ਆਉਣ ਵਾਲੇ ਦੋ ਸਾਲਾਂ ਦੇ ਅੰਦਰ ਅੰਦਰ ਪੰਜਾਬ ਦੇਸ਼ ਵਿੱਚ ਨੰਬਰ 1 ਸੈਰ ਸਪਾਟਾ ਮੰਜ਼ਿਲ ਵਜੋਂ ਵਿਕਸਤ ਹੋ ਜਾਵੇਗਾ। ਇਹ ਪ੍ਰਗਟਾਵਾ ਉਤਰੀ ਭਾਰਤ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਦੀ ਤਿੰਨ ਰੋਜਾ ਕਨਵੈਨਸ਼ਨ ਦੇ ਉਦਘਾਟਨੀ ਸਮਾਰੋਹ ਦੇ ਮੌਕੇ ਸ੍ਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਕੀਤਾ। ਸ੍ਰ ਬਾਦਲ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਸਮੁੱਚੇ ਵਿਕਾਸ ਲਈ ਸੈਰ ਸਪਾਟਾ ਉਤਸ਼ਾਹਤ ਕਰਨਾ ਇਕ ਮਹੱਤਵਪੂਰਨ ਅੰਗ ਹੈ ਪਰ ਬਦਕਿਸਮਤੀ ਨਾਲ ਸਾਡੇ ਦੇਸ਼ ਵਿੱਚ ਇਸ ਦਿਸ਼ਾ ਵੱਲ ਲੋੜੀਂਦੇ  ਕਦਮ ਨਹੀਂ ਪੁੱਟੇ ਜਾ ਰਹੇ। 
ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਯੁੱਗ ਵਿੱਚ ਬਹੁਤ ਸਾਰੇ ਦੇਸ਼ ਕੇਵਲ ਸੈਰ ਸਪਾਟਾ ਉਦਯੋਗ ਦੇ ਬਲਬੂਤੇ 'ਤੇ ਆਪਣਾ ਅਰਥਚਾਰਾ ਚਲਾ ਹੀ ਨਹੀਂ ਰਹੇ ਸਗੋਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਜਦ ਭਾਰਤ ਤੇ ਚੀਨ ਏਸ਼ੀਆ ਦੀਆਂ ਵੱਡੀਆਂ ਸ਼ਕਤੀਆਂ ਵਜੋਂ ਆਪਣੀ ਛਵੀ ਸਥਾਪਤ ਕਰ ਚੁੱਕੇ ਹਨ ਉਥੇ ਭਾਰਤ ਚੀਨ ਦੇ ਮੁਕਾਬਲੇ  ਕੇਵਲ1/10 ਯਾਤਰੂ ਆਪਣੇ ਦੇਸ਼ ਵਿੱਚ ਆਕਰਸ਼ਿਤ ਕਰਨ ਵਿੱਚ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਲੰਕਾ, ਸਿੰਗਾਪੁਰ, ਮਲੇਸ਼ੀਆ ਅਤੇ ਇੰਡੋਨੇਸ਼ੀਆ ਵਰਗੇ ਛੋਟੇ ਛੋਟੇ ਮੁਲਕ ਵੀ ਭਾਰਤ ਨਾਲੋਂ ਜਿਆਦਾ ਯਾਤਰੂ ਆਕਰਸ਼ਿਤ ਕਰਨ ਵਿੱਚ ਸਫਲ ਰਹੇ ਹਨ। 
         ਬਿਜਲੀ ਦੀ ਪੈਦਾਵਰ, ਸੜਕੀ ਮੁੱਢਲਾ ਢਾਂਚਾ ਖੇਤਰ ਆਦਿ ਵਿੱਚ ਅੰਤਰਾਸ਼ਟਰੀ ਮਿਆਰ ਦਾ ਮੁੱਢਲਾ ਢਾਂਚਾ ਉਸਾਰਨ ਸਬੰਧੀ ਪੰਜਾਬ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਸ੍ਰ ਬਾਦਲ ਨੇ ਕਿਹਾ ਕਿ ਤਿੰਨ ਤਾਪ ਬਿਜਲੀ ਘਰਾਂ ਦੇ ਸ਼ੁਰੂ ਹੋਣ ਜਾਣ ਉਪਰੰਤ ਇਕ-ਡੇਢ ਸਾਲ ਦੇ ਅੰਦਰ ਅੰਦਰ ਪੰਜਾਬ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਹੋ ਜਾਵੇਗਾ ਅਤੇ ਉਹ ਦੂਜੇ ਸੂਬਿਆਂ ਨੂੰ ਵੀ ਬਿਜਲੀ ਮੁਹੱਈਆ ਕਰਵਾਉਣ ਦੇ ਸਮਰਥ ਹੋਵੇਗਾ। ਐਨਾ ਹੀ ਨਹੀਂ ਪੰਜਾਬ ਵਿੱਚ ਸਾਰੇ ਵੱਡੇ ਸ਼ਹਿਰ 4/6 ਮਾਰਗੀ ਸੜਕਾਂ ਨਾਲ ਜੋੜੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਹਨੇਵਾਲ, ਪਠਾਨਕੋਟ ਅਤੇ ਬਠਿੰਡਾ ਦੇ ਘਰੇਲੂ ਹਵਾਈ ਅੱਡੇ ਅਤੇ ਤਿੰਨ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਉਸਾਰੀ ਸਦਕਾ ਪੰਜਾਬ ਦੇਸ਼ ਦਾ ਸਭ ਤੋਂ ਵਧੀਆ ਹਵਾਈ ਲਿੰਕ ਵਾਲਾ ਰਾਜ ਬਣੇਗਾ। ਉਨ੍ਹਾਂ ਦੱਸਿਆ ਕਿ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪਹਿਲੀ ਅੰਤਰਰਾਸ਼ਟਰੀ ਉਡਾਣ ਅਗਲੇ ਮਹੀਨੇ ਦੀ 25 ਤੋਂ 30 ਤਰੀਕ ਦੇ ਅੰਦਰ ਅੰਦਰ ਆਬੂਧਾਬੀ ਲਈ ਰਵਾਨਾ ਹੋਵੇਗੀ। ਐਨਾ ਹੀ ਨਹੀਂ ਅੰਮ੍ਰਿਤਸਰ, ਲੁਧਿਆਣਾ, ਮੁਹਾਲੀ ਵਿੱਚ ਵਪਾਰੀਆਂ ਦੀ ਸੁਵਿਧਾ ਲਈ ਤਿੰਨ ਵੱਡੇ ਕਨਵੈਨਸ਼ਨ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੁਨਿਆਦੀ ਢਾਂਚਾ ਵਿਕਾਸ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਇਸ ਜਿਲ੍ਹੇ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਜਲਦੀ ਹੀ ਇਥੇ ਪ੍ਰਦੂਸ਼ਣ ਰਹਿਤ ਪੌਡਜ ਚਲਾਈਆਂ ਜਾਣਗੀਆਂ ਜਿੰਨਾਂ ਰਾਹੀਂ ਯਾਤਰੂਆਂ ਨੂੰ ਸ੍ਰੀ ਦਰਬਾਰ ਸਾਹਿਬ ਜਾਣ ਦਾ ਸੁਭਾਗ ਪ੍ਰਾਪਤ ਹੋਵੇਗਾ। 
ਸੈਰ ਸਪਾਟਾ ਉਦਯੋਗ ਨੂੰ ਪ੍ਰਫੁੱਲਤ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਉਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸੈਰ ਸਪਾਟਾ ਇਕ ਅਜਿਹਾ ਖੇਤਰ ਹੈ ਜਿਸ ਵਿੱਚ ਇਕ ਆਮ ਰਿਕਸ਼ਾ ਚਾਲਕ ਤੋਂ ਲੈ ਕੇ ਵੱਡੇ ਵੱਡੇ ਹੋਟਲਾਂ ਦੇ ਮਾਲਕਾਂ ਨੂੰ ਆਮਦਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਖੇਤਰ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। 
         ਇਸ ਤੋਂ ਪਹਿਲਾਂ ਸ੍ਰੀ ਐਸ:ਐਚ:ਸ਼ੇਰਵਾਨੀ ਪ੍ਰਧਾਨ ਉਤਰ ਭਾਰਤ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਨੇ ਕੂੰਜੀਵਤ ਭਾਸ਼ਣ ਦਿੱਤਾ ਅਤੇ ਸ੍ਰੀ ਪਰਮਜੀਤ ਸਿੰਘ ਚੇਅਰਪੈਨ ਕਨਵੈਨਸ਼ਨ ਕਮੇਟੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
         ਉਤਰੀ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਆਏ ਹੋਟਲ ਉਦਯੋਗ ਨਾਲ ਸਬੰਧਤ ਵਿਅਕਤੀਆਂ ਤੋਂ ਇਲਾਵਾ ਸ੍ਰ ਨਵਜੋਤ ਸਿੰਘ ਸਿੱਧੂ , ਮੈਂਬਰ ਪਾਰਲੀਮੈਂਟ, ਸ੍ਰੀ ਹੀਰਾ ਸਿੰਘ ਗਾਬੜੀਆ, ਸੈਰ ਸਪਾਟਾ ਮੰਤਰੀ ਪੰਜਾਬ, ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਪਾਰਲੀਮਾਨੀ ਸਕੱਤਰ, ਮੇਅਰ ਸ਼ਵੇਤ ਮਲਿਕ, ਸ੍ਰੀਮਤੀ ਗੀਤਿਕਾ ਕੱਲ੍ਹਾ ਪ੍ਰਿੰਸੀਪਲ ਸਕੱਤਰ ਸੈਰ ਸਪਾਟਾ ਵਿਭਾਗ ਪੰਜਾਬ, ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸ੍ਰੀ ਆਰ:ਪੀ: ਮਿੱਤਲ, ਕਮਿਸ਼ਨਰ ਪੁਲਿਸ ਇਸ ਮੌਕੇ ਹਾਜਰ ਸਨ।

No comments: