Friday, September 30, 2011

ਕਾਲੇ ਦਿਨਾਂ ਦਾ ਸਚ

ਕਾਲੇ ਦਿਨਾਂ ਦਾ ਸਚ ਇੱਕ ਵਾਰ ਫੇਰ ਬਾਹਰ ਆ ਰਿਹਾ ਹੈ. ਇਹ ਸਚ ਉਸ ਵਿਅਕਤੀ ਨੇ ਬੋਲਿਆ ਹੈ ਜਿਸ ਨੇ ਸਾਰਾ ਜ਼ੁਲਮ ਆਪਣੀ ਅੱਖੀਂ ਦੇਖਿਆ ਸੀ. ਇਹ ਵਿਅਕਤੀ ਭਾਵੇਂ  ਉਸ ਵੇਲੇ ਵੀ ਪਿੰਡ ਦਾ ਸਰਪੰਚ ਸੀ.ਪਰ ਇੱਕਲਾ ਸੀ. ਬੇਬਸ ਸੀ, ਲਾਚਾਰ ਸੀ. ਉਸ ਵੇਲੇ ਬਿਨਾਂ ਕਿਸੇ ਹਥਿਆਰ ਦੇ ਪੂਰੀ ਤਰਾਂ ਇੱਕਲਿਆਂ ਹੋ ਕੇ ਹਾਲਾਤ ਦੇ ਖਿਲਾਫ ਜਾਣਾ ਜਾਂ ਫੇਰ  ਇਸ ਮਕਸਦ ਲਈ ਆਪਣੀ ਜਾਨ 'ਤੇ ਖੇਡਣਾ ਸਿਰਫ ਖੁਦਕੁਸ਼ੀ ਹੁੰਦਾ. ਦੂਜੇ ਪਾਸੇ ਜਨੂੰਨੀਆਂ ਦੀ ਭੀੜ. ਹੱਥਾਂ ਵਿੱਚ ਤੇਲ ਦੀਆਂ ਪੀਪੀਆਂ ਅਤੇ ਮਾਚਿਸਾਂ. ਕਹਿਣ ਲੱਗੇ ਸਰਪੰਚਾਂ ਤੂ ਪਾਸੇ ਹੀ ਜਾ ਐਵੇਂ ਕਿਤੇ ਚੌਧਰੀ ਨਾ ਬਣੀ. ਸਰਪੰਚ ਦੀ ਕੋਈ ਪੇਸ਼ ਨਾ ਗਈ. ਜੇ ਉਹ ਅੜ ਵੀ ਜਾਂਦਾ ਤਾਂ ਭੀੜ ਨੇ ਸਰਪੰਚ ਨੂੰ ਵੀ ਹਮੇਸ਼ਾਂ ਲਈ ਰਸਤੇ ਵਿੱਚੋਂ ਹਟਾ ਦੇਣਾ ਸੀ. ਜੇ ਉਸਦੀ ਜਾਨ ਵੀ ਨਾਂ ਬਚੀ ਹੁੰਦੀ ਤਾਂ ਸ਼ਾਇਦ ਸਾਨੂੰ ਕਦੇ ਵੀ ਪੂਰੀ ਹਕੀਕਤ ਪਤਾ ਨਾਂ ਲੱਗਦੀ. ਹੁਣ ਬਹੁਤ ਕੁਝ ਸਾਹਮਣੇ ਆ ਚੁੱਕਿਆ ਹੈ. ਸਰਪੰਚ ਨੇ ਸਚ ਬੋਲਿਆ ਹੈ ਪਰ ਉਸਦੇ ਬੋਲਾਂ ਵਿਚ ਕਈ ਸਵਾਲ ਨੇ. ਇਹ ਸਚਮੁਚ ਸੋਚਣ ਵਾਲੀ ਗੱਲ ਹੈ ਕਿ ਉਹਨਾਂ ਕਾਲੇ ਦਿਨਾਂ ਵਿੱਚ ਉਜਾੜੀ ਗਈ ਇਸ ਥਾਂ ਨੂੰ ਮੁੜ ਵਸਾਉਣ ਦੇ ਰਸਤੇ ਵਿਚ ਕੌਣ ਰੁਕਾਵਟ ਬਣਿਆ  ਆ ਰਿਹਾ ਹੈ ? ਉਹਨਾਂ ਕਾਲੇ ਦਿਨਾ ਵਿੱਚ ਬੜੀ ਹੀ ਬੇਰਹਿਮੀ ਨਾਲ ਜਿਊਂਦਿਆਂ ਸਾੜ ਦਿਤੀ ਗਏ  ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਇਥੇ ਗੁਰਦਵਾਰਾ ਬਣਾਉਣ ਵਿੱਚ ਕੌਣਦਹਿਲ ਮਠ ਕਰ ਰਿਹਾ ਹੈ ? ਜੇ ਇਸ ਥਾਂ ਨੂੰ ਉਸ ਅਣਮਨੁੱਖੀ  ਜ਼ੁਲਮ ਦੀ ਯਾਦਗਾਰ ਵੀ ਬਣਾਉਣਾ ਹੈ ਤਾਂ ਵੀ  ਇਸ ਦੇ ਰਸਤੇ ਵਿੱਚ ਕੌਣ ਕੌਣ ਆ ਰਿਹਾ ਹੈ ? ਅਜਿਹੇ ਕਈ ਸਵਾਲ ਆਪਣਾ ਜਵਾਬ ਉਡੀਕ ਰਹੇ ਹਨ.  

ਉਂਝ ਵੀ ਸਵਾਲ ਕਿਸੇ ਇੱਕ ਫਿਰਕੇ ਦਾ ਨਹੀਂ ਬਲਕਿ ਦੇਸ਼ ਦੀ ਸਦਭਾਵਨਾ ਦਾ ਵੀ ਹੈ, ਕਾਨੂੰਨ ਦਾ ਵੀ ਹੈ ਅਤੇ ਇਨਸਾਫ਼ ਦਾ ਵੀ. ਜੇ ਇਸ ਸਭ ਕੁਝ ਨੂੰ ਸਿਰਫ ਕੁਝ ਵਿਅਕਤੀਆਂ ਦਾ ਬਚਾਅ ਕਰਨ ਲਈ ਬਲੀਦਾਨ ਕਰ ਦਿੱਤਾ ਜਾਂਦਾ ਹੈ ਤਾਂ ਇਹ ਸਚਮੁਚ ਇੱਕ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੋਵੇਗੀ. ਇਸ ਬਾਰੇ ਅਗਲੇ ਕਦਮ ਕੀ ਹੋਣੇ ਚਾਹੀਦੇ ਹਨ. ਏਹੋ ਜਿਹੇ ਕਈ ਸੁਆਲਾਂ ਨਾਲ ਇਸ ਵੀਡੀਓ ਕਲਿੱਪ ਨੂੰ ਪੋਸਟ ਕੀਤਾ ਹੈ ਇਸ ਇਤਿਹਾਸਿਕ ਥਾਂ ਦਾ ਪਤਾ ਲਭਣ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਨੇ. ਪਰ ਇਸ ਸਾਰੇ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ ? ਕੀ ਕਹਿਣਾ ਚਾਹੁੰਦੇ ਹੋ / ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.

No comments: