Monday, September 26, 2011

ਏਥੇ ਸਜਦਾ ਕਰਕੇ ਬਹੁਤ ਸਕੂਨ ਮਿਲਿਆ-ਕਿਹਾ ਆਰ ਐੱਚ ਖਵਾਜ਼ਾ ਨੇ

ਕੇਂਦਰੀ ਟੂਰਿਜ਼ਮ ਸੈਕਟਰੀ ਪੁੱਜੇ ਸ੍ਰੀ ਦਰਬਾਰ ਸਾਹਿਬ ਵਿਖੇ
 ਅੰਮ੍ਰਤਿਸਰ 25 ਸਤੰਬਰ:(ਗਜਿੰਦਰ ਸਿੰਘ ਕਿੰਗ):
ਸੀਨੀਅਰ ਆਈ. ਏ. ਐੱਸ. ਅਧਿਕਾਰੀ ਅਤੇ ਟੂਰਿਜ਼ਮ ਸੈਕਟਰੀ ਭਾਰਤ ਸਰਕਾਰ, ਸ੍ਰੀ ਆਰ. ਐੱਚ. ਖਵਾਜ਼ਾ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਪਹੁੰਚੇ।
ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਆਪਣੀਆਂ ਭਾਵਨਾਵਾਂ  ਪ੍ਰਗਟ ਕਰਦੇ ਹੋਏ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਇੱਕ ਐਸੀ ਜਗ੍ਹਾ ਹੈ, ਜਿੱਥੇ ਪੂਰੀ ਦੁਨੀਆਂ ਆ ਕੇ ਨਤਮਸਤਕ ਹੁੰਦੀ ਹੈ 
ਉਹਨਾਂ ਕਿਹਾ ਕਿ ਅੱਜ ਇਸ ਜਗ੍ਹਾ ਦੇ ਦਰਸ਼ਨ ਕਰਕੇ ਅਤੇ ਮੱਥਾ ਟੇਕ ਕੇ ਦਿਲ ਨੂੰ ਬੜਾ ਸਕੂਨ ਮਹਿਸੂਸ ਹੋਇਆ ਅਤੇ ਇਸ ਪਵਿੱਤਰ ਸਥਾਨ ਤੋਂ ਇਹੀ ਸੰਦੇਸ਼ ਜਾਂਦਾ ਹੈ ਕਿ ਪੂਰੀ ਮਨੁੱਖਤਾ ਨੂੰ ਮੁਹੱਬਤ ਅਤੇ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ। ਸ੍ਰੀ ਆਰ. ਐੱਚ. ਖਵਾਜ਼ਾ ਅੰਮ੍ਰਿਤਸਰ ਵਿਖੇ ਚਲ ਰਹੀ, ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਉੱਤਰੀ ਭਾਰਤ ਦੀ ਤਿੰਨ ਰੋਜ਼ਾ ਕਨਵੈਨਸ਼ਨ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ ਤੌਰ 'ਤੇ ਪਹੁੰਚੇ ਹੋਏ ਹਨ।
ਇਸ ਤੋਂ ਪਹਿਲਾ ਸ੍ਰੀ ਖਵਾਜ਼ਾ ਨੇ ਕੱਲ੍ਹ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਣ ਰਹੇ ਵਿਰਾਸਤੀ ਪਿੰਡ, ਬਾਘਾ ਬਾਰਡਰ ਅਤੇ ਪੁਲ ਕੰਜਰੀ ਆਦਿ ਥਾਵਾਂ ਵੀ ਦੇਖਣ ਗਏ।
ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਡਾਇਰੈਕਟਰ ਟੂਰਿਜ਼ਮ ਪੰਜਾਬ, ਸ੍ਰੀ ਚਰਚਲ ਕੁਮਾਰ, ਚੀਫ਼ ਜਨਰਲ ਮੇਨੈਜਰ ਪੰਜਾਬ ਟੂਰਿਜ਼ਮ, ਰਿਟਾਇਰਡ ਬ੍ਰਿਗੇਡੀਅਰ ਸ੍ਰੀ ਚਰਨਜੀਤ ਸਿੰਘ ਅਤੇ ਜ਼ਿਲ੍ਹਾ ਟੂਰਿਜ਼ਮ ਅਫ਼ਸਰ, ਸ੍ਰ. ਬਲਰਾਜ ਸਿੰਘ ਵੀ ਸ੍ਰੀ ਖਵਾਜ਼ਾ ਦੇ ਨਾਲ ਸਨ।

No comments: