Tuesday, September 27, 2011

ਕਿਹੋ ਜਿਹੀ ਦੂਜੀ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਦੀ ਲੋਡ਼ ਹੈ ?

ਆਰ.ਐਸ.ਐਸ.ਤੇ ਕਾਂਗਰਸ ਦੇ ਹੱਥੋਂ ਗੁਰਦੁਆਰਾ ਪ੍ਰਬੰਧ ਛੁਡਾਉਣ ਲਈ ਮੌਜੂਦਾ ਸਮੇਂ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ?
ਸਿੱਖ ਮਿਸ਼ਨਰੀ ਪੱਤਰਕਾਰ 
ਪ੍ਰਿ.ਪਰਵਿੰਦਰ ਸਿੰਘ ਖਾਲਸਾ
ਜਦੋਂ ਮੁਗਲ ਹਕੁਮਤ ਦੇ ਦੌਰ ਵਿੱਚ ਸਿੱਖਾਂ ਨੂੰ ਖਤਮ ਕਰਨ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ ਉਸ ਵੇਲੇ ਸਿੱਖੀ ਸਰੂਪੂ ਨੂੰ ਬਚਾਉਣ ਲਈ ਸਿੱਖਾਂ ਨੂੰ ਜੰਗਲਾਂ ਵਿੱਚ ਰੈਣ-ਬਸੇਰਾ ਕਰਨਾ ਪਿਆ, ਅਜਿਹੇ ਹਲਾਤਾਂ ਵਿੱਚ ਸਿੱਖ ਗੁਰਧਾਮਾਂ ਦਾ ਪ੍ਰਬੰਧ ਕੇਸ ਰਹਿਤ ਸ਼ਰਧਾਲੂਆਂ ਦੇ ਹੱਥ ਆ ਗਿਆ, ਇਹ ਘੋਨੇ-ਮੋਨੇ ਲੋਕ ਵਕਤ ਦੀ ਮਜ਼ਬੂਰੀ ਕਾਰਨ ਸਮਾਂ ਪਾ ਕੇ ਮਹੰਤ ਸ੍ਰੈਣੀ ਦਾ ਰੂਪ ਧਾਰਨ ਕਰ ਗਏ, ਗੁਰਦੁਆਰੇ ਦੀ ਅੰਦਰੂਨੀ ਮਰਿਆਦਾ ਤੇ ਪ੍ਰਬੰਧ ਠਾਕੁਰ ਦੁਆਰਿਆਂ ਤੇ ਮੰਦਰਾਂ ਦੀ ਤਰਜ ਤੇ ਹੋਣ ਲੱਗ ਪਿਆ । ਜਿਸ ਨੂੰ ਅੱਜ ਕਲ੍ਹ ਪ੍ਰਚੱਲਤ ਪੁਰਾਤਨ ਮਰਿਆਦਾ ਦੇ ਨਾਮ ਤੇ ਸਿੱਖਾਂ ਉਪਰ ਠੋਸਿਆ ਜਾ ਰਿਹਾ ਹੈ । ਸੌ ਕੁ ਸਾਲ ਦਾ ਇਹ ਸਮਾਂ ਸਿੱਖਾਂ ਦੀ ਅੰਦਰੂਨੀ ਰਹਿਤ ਮਰਿਆਦਾ ਤੇ ਸਿੱਖ ਸਿਧਾਂਤਾ ਦੀ ਚੀਰ-ਫਾਡ਼ ਦਾ ਸਮਾਂ ਸੀ।
ਮੁਗਲ ਹਕੂਮਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਗੁਰਦੁਆਰਿਆਂ ਦੀ ਆਮਦਨ ਨੂੰ ਪੱਕਿਆਂ ਕਰਨ ਲਈ ਗੁਰਦੁਆਰਿਆਂ ਦੇ ਨਾਮ ਤੇ ਬੇ-ਸ਼ੁਮਾਰ ਜਾਇਦਾਦਾਂ ਲਗਾਉਣ ਦਾ ਸਿਲਸਿਲਾ ਜਾਰੀ ਰਿਹਾ । ਜਿਸ ਨਾਲ ਗੁਰਦੁਆਰੇ ਦੀ ਆਮਦਨ ਦਾ ਪੱਕਾ ਪ੍ਰਬੰਧ ਤਾਂ ਕਰ ਦਿੱਤਾ ਗਿਆ ਪਰ ਗੁਰਦੁਆਰਿਆਂ ਦੀ ਅੰਦਰੂਨੀ ਰਹਿਤ ਮਰਿਆਦਾ ਤੇ ਸਿੱਖ ਸਿਧਾਂਤਾ ਦੀ ਹੋਈ ਚੀਰ-ਫਾਡ਼ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਉਲਟਾ ਗੁਰਦੁਆਰਾ ਸਾਹਿਬਾਨਾਂ ਤੇ ਕਾਬਜ਼ ਮਹੰਤ ਸ਼੍ਰੈਣੀ ਮਨ-ਮਾਨੀਆਂ ਕਰਦੀ ਰਹੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਬਾਅਦ ਅੰਗਰੇਜ਼ਾਂ ਨੇ ਰਾਜਭਾਗ ਸੰਭਾਲਦੇ ਹੀ ਚਾਣਕਿਆ ਨੀਤੀ ਤਹਿਤ ਗੁਰਦੁਆਰਿਆਂ ਤੇ ਕਾਬਜ਼ ਮਹੰਤਾਂ ਨੂੰ ਆਪਣੇ ਹੱਥ ਠੋਕੇ ਬਣਾ ਲਿਆ ਤੇ ਅੰਗਰੇਜ਼ ਮਹੰਤਾਂ ਰਾਹੀਂ ਸਿੱਖੀ ਮਰਿਆਦਾ ਤੇ ਸਿੱਖ ਸਿਧਾਂਤਾਂ ਦੀ ਛੇਡ਼-ਛਾਡ਼ ਕਰਦੇ ਰਹੇ, ਇਥੋਂ ਤੱਕ ਕੀ 1919 ਵਿੱਚ ਵਾਪਰੇ ਜ਼ਲਿਆਂ ਵਾਲੇ ਬਾਗ ਦੇ ਮੁੱਖ ਦੋਸ਼ੀ ਜਨਰਲ ਡਾਇਰ ਨੂੰ ਅਕਾਲ ਤਖਤ ਤੇ ਸਨਮਾਨਤ ਕੀਤਾ ਗਿਆ । ਇਥੇ ਹੀ ਬਸ ਨਹੀਂ ਅੰਮ੍ਰਿਤਧਾਰੀ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਤੇ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਣ ਦੀਆਂ ਘਟਨਾਵਾਂ ਹੋਣ ਲੱਗੀਆਂ । ਅੰਗਰੇਜ਼ਾਂ ਨੇ ਸਿੱਖਾਂ ਨੂੰ ਅੰਦਰੂਨੀ ਖਾਨਾਜੰਗੀ ਵੱਲ ਧਕੇਲ ਦਿੱਤਾ ਅਤੇ ਅੰਗਰੇਜ਼ ਦੀ ਇਹ ਨੀਤੀ ਅੱਜ ਦੀ ਭਾਰਤ ਸਰਕਾਰ ਨੇ ਇੰਨ-ਬਿੰਨ ਅਪਣਾ ਲਈ ਹੈ । ਅੰਗਰੇਜ਼ ਆਪਣੀ ਮਨ-ਮਰਜ਼ੀ ਨਾਲ ਮਹੰਤਾਂ ਨੂੰ ਸਿਆਸੀ ਹਿੱਤਾਂ ਲਈ ਸ਼ਰੇਆਮ ਵਰਤ ਰਹੇ ਸਨ, ਜਿਸ ਕਰਕੇ ਗੁਰਦੁਆਰਾ ਪ੍ਰਬੰਧ ਨੂੰ ਰਹਿਤ ਮਰਿਆਦਾ ਅਨੁਸਾਰ ਚਲਾਉਣ ਦੀ ਲੋਡ਼ ਮਹਿਸੂਸ ਕਰਦਿਆ ਗੁਰਦੁਆਰਾ ਸੁਧਾਰ ਲਹਿਰੂ ਨੇ ਜਨਮ ਲਿਆ । 15-20 ਸਾਲ ਦੀ ਜੱਦੋ-ਜਹਿਦ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ । ਅੰਗਰੇਜ਼ ਹਕੂਮਤ ਨੇ ਗੁਰਦੁਆਰਾ ਐਕਟ 1925 ਪਾਸ ਕਰਕੇ ਸਾਰੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਲੋਕਤੰਤਰ ਢੰਗ ਨਾਲ ਚੁਣੀ ਹੋਈ ਕਮੇਟੀ ਨੂੰ ਸੌਂਪਣ ਦਾ ਫੈਸਲਾ ਕਰ ਦਿੱਤਾ । ਭਾਵੇਂ ਇਸ ਗੁਰਦੁਆਰਾ ਐਕਟ 1925 ਨੂੰ ਸਿੱਖਾਂ ਨੇ ਨਾ-ਮੰਜ਼ੂਰ ਕੀਤਾ ਸੀ, ਪਰ ਗੁਰਦੁਆਰਾ ਐਕਟ ਮੁਤਾਬਿਕ 18 ਸਤੰਬਰ 2011 ਨੂੰ 13ਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਜਿਸ ਨਾਲ ਗੁਰਦੁਆਰਾ ਪ੍ਰਬੰਧ ਅਸਿੱਧੇ ਰੂਪ ਵਿੱਚ ਹਿੰਦੂ ਕੱਟਡ਼ ਜਮਾਤ ਆਰ.ਐਸ.ਐਸ. ਤੇ ਕੇਂਦਰ ਦੀ ਕਾਂਗਰਸ ਸਰਕਾਰ ਦੇ ਹੱਥ ਚਲਾ ਗਿਆ । ਹੁਣ ਇਸ ਐਕਟ ਅਨੁਸਾਰ ਹਮੇਸ਼ਾਂ ਹੀ ਕੇਂਦਰ ਦੀ ਹਕੂਮਤ ਆਪਣੀ ਮਰਜ਼ੀ ਮੰਨਣ ਵਾਲੇ ਦਲ ਜਾਂ ਧਡ਼ੇ ਨੂੰ ਗੁਰਦੁਆਰਾ ਪ੍ਰਬੰਧ ਸੌਂਪ ਸਕਦੀ ਹੈ । ਆਰ.ਐਸ.ਐਸ. ਤੇ ਕਾਂਗਰਸ ਦੇ ਹੱਥੋਂ ਗੁਰਦੁਆਰਾ ਪ੍ਰਬੰਧ ਛੁਡਾਉਣ ਲਈ ਮੌਜੂਦਾ ਸਮੇਂ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ? ਤੇ ਕਿਹੋ ਜਿਹੀ ਦੂਜੀ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਦੀ ਲੋਡ਼ ਹੈ।
ਇਸ ਬਾਰੇ ਪੰਥਕ ਦਰਦੀਆਂ ਨੂੰ ਮਿਲ ਬੈਠ ਕੇ ਉਸਾਰੂ ਭੁਮਿਕਾ ਨਿਭਾਉਣ ਲਈ ਜੱਦੋ-ਜਹਿਦ ਕਰਨੀ ਪਵੇਗੀ । ਇਸ ਕਾਜ ਲਈ ਸਮੂਹ ਪੰਥਕ ਦਰਦੀ ਆਪਣੇ ਸੁਝਾਅ ਭੇਜਣ ਦੀ ਖੇਚਲ ਕਰੋ ।

No comments: