Monday, September 19, 2011

ਵਾਗਡੋਰ ਮੁਡ਼ ਸੱਤਾਧਾਰੀ ਪਾਰਟੀ ਦੇ ਹੱਥ

ਖ਼ਦਸ਼ਿਆਂ ਦੇ ਬਾਵਜੂਦ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨਿਰਵਿਘਨ ਸਮਾਪਤ ਹੋਣ ਤੋਂ ਬਾਅਦ ਨਤੀਜਿਆਂ ਦਾ ਰੁਝਾਨ ਆਸ ਮੁਤਾਬਕ ਕਾਬਜ਼ ਧਿਰ ਦੇ ਹੱਕ ਵਿੱਚ ਹੀ ਭੁਗਤਿਆ ਹੈ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਗਠਬੰਧਨ ਲਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੱਕਾਰ ਦਾ ਸਵਾਲ ਸਨ। ਅਣਅਧਿਕਾਰਤ ਸੂਤਰਾਂ  ਅਨੁਸਾਰ ਇਨ੍ਹਾਂ ਚੋਣਾਂ ਲਈ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗਡ਼੍ਹ ਦੀਆਂ ਕੁੱਲ 170 ਸੀਟਾਂ ਵਾਸਤੇ  ਖਡ਼ੇ ਉਮੀਦਵਾਰਾਂ ਵਿੱਚੋਂ ਕਾਬਜ਼ ਧਿਰ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਗਈ ਹੈ। ਸਹਿਜਧਾਰੀ ਸਿੱਖਾਂ ਨੂੰ ਵੋਟ ਦੇਣ ਦਾ ਮੁੱਦਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਚੋਣ ਨਤੀਜਿਆਂ ਦੇ ਨਸ਼ਰ ਹੋਣ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗੁਰਦੁਆਰਾ ਕਮਿਸ਼ਨ ਨੇ ਵੀ ਚੋਣ ਨਤੀਜਿਆਂ ਦਾ ਰਸਮੀ ਐਲਾਨ 22 ਸਤੰਬਰ ਨੂੰ ਕਰਨ ਦਾ ਫ਼ੈਸਲਾ ਕੀਤਾ ਸੀ।
ਚੋਣਾਂ ਦੇ ਐਲਾਨ ਤੋਂ ਬਾਅਦ ਲਗਾਤਾਰ ਵੋਟਾਂ ਪੈਣ ਜਾਂ ਪੂਰੀ ਕਾਰਵਾਈ ਦੇ ਸੁੱਖੀ-ਸਾਂਦੀ ਨੇਪਰੇ ਚਡ਼੍ਹ ਸਕਣ ਸਬੰਧੀ ਕਿਆਸਅਰਾਈਆਂ ਦਾ ਮਾਹੌਲ ਬਣਿਆ ਰਿਹਾ। ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੇ ਮਾਮਲੇ ਨੂੰ ਲੈ ਕੇ ਛਿਡ਼ੇ ਵਿਵਾਦ ਨੇ ਵੀ ਰਾਜਨੀਤਕ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ ਅਤੇ ਇਹ ਮਾਮਲਾ ਲੋਕ ਸਭਾ ਤਕ ਗੂੰਜਿਆ ਸੀ। ਸਹਿਜਧਾਰੀਆਂ ਤੋਂ ਇਲਾਵਾ ਪਤਿਤ ਅਤੇ ਗ਼ੈਰ-ਸਿੱਖਾਂ ਦੀਆਂ ਵੋਟਾਂ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਵਾਲੀ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਪ੍ਰਿੰਟ ਤੇ ਬਿਜਲਈ ਮੀਡੀਆ ਵਿੱਚ ਲਗਾਤਾਰ ਛਾਈਆਂ ਰਹੀਆਂ। ਹਾਕਮ ਧਿਰ ਵੱਲੋਂ ਵਿਰੋਧੀ ਉਮੀਦਵਾਰਾਂ ਵਿਰੁੱਧ ਕਥਿਤ ਤੌਰ ‘ਤੇ ਝੂਠੇ ਕੇਸ ਦਰਜ ਕਰਨ ਅਤੇ ਡਰਾ-ਧਮਕਾ ਤੇ ਕਾਗਜ਼ ਵਾਪਸ ਲੈਣ ਜਾਂ ਬੈਠਾਉਣ ਦੇ ਇਲਜ਼ਾਮ ਵੀ ਲਗਦੇ ਰਹੇ। ਇਸੇ ਤਰ੍ਹਾਂ ਵਿਰੋਧੀ ਗਰੁੱਪਾਂ ਵੱਲੋਂ ਹਾਕਮ ਧਿਰ ‘ਤੇ ਅਤੇ ਹਾਕਮ ਧਿਰ ਵੱਲੋਂ ਵਿਰੋਧੀ ਗਰੁੱਪਾਂ ਉੱਤੇ ਪ੍ਰਸਪਰ ਇੱਕ-ਦੂਜੇ ਵਿਰੁੱਧ ਘਟੀਆ ਕਿਸਮ ਦੀ ਤੁਹਮਤਬਾਜ਼ੀ ਵੀ ਚਲਦੀ ਰਹੀ। ਸਾਰੇ ਗਰੁੱਪਾਂ ਵੱਲੋਂ ਇੱਕ-ਦੂਜੇ ਨੂੰ ਨਿੰਦਣ ਅਤੇ ਭੰਡਣ ਦਾ ਕਾਰਜ ਜ਼ੋਰ-ਸ਼ੋਰ ਨਾਲ ਚਲਦਾ ਰਿਹਾ ਪਰ ਇਸ ਸਭ ਕੁਝ ਵਿੱਚ ਧਾਰਮਿਕ ਸੰਸਥਾ ਪ੍ਰਤੀ ਫ਼ਰਜਾਂ ਅਤੇ ਜ਼ਿੰਮੇਵਾਰੀਆਂ ਦਾ ਏਜੰਡਾ ਲਗਪਗ ਸਾਰੇ ਉਮੀਦਵਾਰਾਂ ਦੇ ਹਾਸ਼ੀਏ ‘ਤੇ ਹੀ ਰਿਹਾ। ਕੁਝ ਧਿਰਾਂ ਵੱਲੋਂ ਇਸ ਧਾਰਮਿਕ ਸੰਸਥਾ ਦੀਆਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦੇ ਫਾਈਨਲ ਮੈਚ ਤੋਂ ਪਹਿਲਾਂ ਸੈਮੀਫਾਈਨਲ ਮੈਚ ਕਹਿਣ ਨਾਲ ਜਿੱਥੇ ਇਸ ਦੇ ਧਾਰਮਿਕ ਵੱਕਾਰ ਨੂੰ ਢਾਅ ਲੱਗੀ, ਉੱਥੇ ਨਾਲ ਹੀ ਇਸ ਦਾ ਪੂਰੀ ਤਰ੍ਹਾਂ ਰਾਜਸੀਕਰਨ ਵੀ ਹੁੰਦਾ ਨਜ਼ਰ ਆਇਆ। ਧਾਰਮਿਕ ਅਤੇ ਰਾਜਸੀ ਤਿਕਡ਼ਮਬਾਜ਼ੀ ਵਧਣ ਕਾਰਨ ਚੋਣਾਂ ਦਾ ਦਿਨ ਨੇਡ਼ੇ ਆਉਣ ਨਾਲ ਮਾਹੌਲ ਵਿੱਚ ਗਰਮੀ ਅਤੇ ਕੁਡ਼ੱਤਣ ਵਧਣੀ ਸੁਭਾਵਕ ਸੀ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਚੋਣਾਂ ਅਮਨ-ਅਮਾਨ ਨਾਲ ਕਰਵਾਏ ਜਾਣ ਲਈ ਪੂਰੇ ਬੰਦੋਬਸਤ ਕੀਤੇ ਗਏ ਸਨ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਲਗਪਗ 45 ਫ਼ੀਸਦੀ ਪੋਲਿੰਗ ਬੂਥ ਨਾਜ਼ੁਕ ਐਲਾਨੇ ਗਏ ਸਨ। ਸਰਕਾਰ ਵੱਲੋਂ ਇਨ੍ਹਾਂ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਕਮਿਸ਼ਨ ਨੇ ਜਾਅਲੀ ਅਤੇ ਗ਼ੈਰ-ਸਿੱਖਾਂ ਦੀਆਂ ਵੋਟਾਂ ਦਾ ਭੁਗਤਾਨ ਰੋਕਣ ਲਈ ਸਬੰਧਤ ਅਧਿਕਾਰੀਆਂ ਨੂੰ ਲੋਡ਼ੀਂਦੇ ਦਿਸ਼ਾ-ਨਿਰਦੇਸ਼ ਦੇਣ ਦੇ ਨਾਲ-ਨਾਲ ਉਮੀਦਵਾਰਾਂ ਨੂੰ ਆਪਣੇ ਖਰਚੇ ‘ਤੇ ਵੀਡੀਉ ਰਿਕਾਰਡਿੰਗ ਕਰਵਾਉਣ ਦੀ ਵੀ ਖੁੱਲ੍ਹ ਦਿੱਤੀ ਸੀ ਤਾਂ ਜੋ ਲੋਡ਼ ਪੈਣ ‘ਤੇ ਕੰਮ ਆ ਸਕੇ। ਕਮਿਸ਼ਨ ਵੱਲੋਂ ਚੋਣਾਂ ਨਿਰਪੱਖ ਕਰਵਾਉਣ ਦੇ ਪੂਰੇ ਯਤਨ ਕੀਤੇ ਗਏ ਸਨ ਭਾਵੇਂ ਕਿ ਕੁਝ ਬੁੱਧੀਜੀਵੀਆਂ ਵੱਲੋਂ ਵੋਟਾਂ ਦੀ ਗੁਪਤਤਾ ਕਾਇਮ ਨਾ ਰਹਿ ਸਕਣ ਦੇ ਸ਼ੰਕੇ ਵੀ ਪ੍ਰਗਟ ਕੀਤੇ ਗਏ ਸਨ। ਵੱਖ-ਵੱਖ ਥਾਵਾਂ ਉੱਤੇ ਹਜ਼ਾਰਾਂ ਹੀ ਪਤਿਤ ਸਿੱਖਾਂ ਅਤੇ ਗ਼ੈਰ-ਸਿੱਖਾਂ ਵੱਲੋਂ ਵੋਟਾਂ ਪਾਏ ਜਾਣ ਦੀਆਂ ਖ਼ਬਰਾਂ ਨਾਲ ਸਿੱਖ ਹਿਰਦਿਆਂ ਦਾ ਵਲੂੰਧਰੇ ਜਾਣਾ ਸੁਭਾਵਿਕ ਹੈ ਭਾਵੇਂ ਕਿ ਅਜਿਹਾ ਚੋਣ ਲਡ਼ ਰਹੇ ਗਰੁੱਪਾਂ ਅਤੇ ਸਰਕਾਰੀ ਮਸ਼ੀਨਰੀ ਦੀ ਮਿਲੀਭੁਗਤ ਨਾਲ ਹੀ ਹੋਇਆ ਹੈ। ਪੋਲਿੰਗ ਸਮੇਂ ਕੁਝ ਥਾਵਾਂ ‘ਤੇ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਭਾਵੇਂ ਦੁਖਦਾਈ ਹਨ ਪਰ ਫਿਰ ਵੀ ਕੁੱਲ ਮਿਲਾ ਕੇ ਵੋਟਾਂ ਪੈਣ ਦਾ ਵਡੇਰਾ ਕਾਰਜ ਸ਼ਾਂਤਮਈ ਢੰਗ ਨਾਲ ਨੇਪਰੇ ਚਡ਼੍ਹ ਜਾਣਾ ਤਸੱਲੀਬਖ਼ਸ਼ ਕਿਹਾ ਜਾ ਸਕਦਾ ਹੈ।
ਪੋਲਿੰਗ ਅਮਲ ਦੀ ਸਮਾਪਤੀ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਣ ਨਾਲ ਅਣਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਨਤੀਜਿਆਂ ਦਾ ਜੋ ਰੁਝਾਨ ਸਾਹਮਣੇ ਆਇਆ ਹੈ, ਉਸ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਮੁਡ਼ ਪਹਿਲਾਂ ਹੀ ਕਾਬਜ਼ ਧਿਰ ਦੇ ਹੱਥ ਆਉਣੀ ਤੈਅ ਹੈ ਭਾਵੇਂ ਕਿ ਵਿਰੋਧੀ ਗਰੁੱਪ ਵੀ ਆਪਣੇ ਕੁਝ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਸਫ਼ਲ ਹੋ ਗਏ ਹਨ। ਸਮੁੱਚੇ ਚੋਣ ਅਮਲ ਦੀ ਸਮਾਪਤੀ ਉਪਰੰਤ ਚੁਣੇ ਹੋਏ ਮੈਂਬਰਾਂ ਦੁਆਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਕੀਤੀ ਜਾਣੀ ਹੈ। ਪ੍ਰਧਾਨਗੀ ਦਾ ਤਾਜ ਤਾਂ ਭਾਰੂ ਧਡ਼ੇ ਦੇ ਉਮੀਦਵਾਰ ਦੇ ਸਿਰ ‘ਤੇ ਬੱਝਣਾ ਹੀ ਹੈ ਪਰ ਚੰਗਾ ਹੋਵੇਗਾ ਜੇ ਇਹ ਚੋਣ ਲਿਫ਼ਾਫ਼ਾ ਕਲਚਰ ਦੀ ਥਾਂ ਜਨਰਲ ਹਾਊਸ ਵਿੱਚ ਜਮਹੂਰੀ ਢੰਗ ਨਾਲ ਹੋਵੇ ਅਤੇ ਅਹੁਦੇਦਾਰ ਉੱਚੀਆਂ-ਸੁੱਚੀਆਂ ਧਾਰਮਿਕ ਕਦਰਾਂ-ਕੀਮਤਾਂ ਦੇ ਧਾਰਨੀ, ਗੁਰਮੁਖ ਤੇ ਈਮਾਨਦਾਰ ਵਿਅਕਤੀ ਹੋਣ। ਉਨ੍ਹਾਂ ਵਿੱਚ ਵਿਸ਼ਵ ਭਰ ਦੇ ਸਿੱਖਾਂ ਦੀ ਤਰਜਮਾਨੀ ਤੇ ਅਗਵਾਈ ਵਾਲੇ ਗੁਣ ਹੋਣ। ਚੋਣਾਂ ਸਮੇਂ ਭਾਵੇਂ ਕਿਸੇ ਵੀ ਗਰੁੱਪ ਨੇ ਗੁਰਦੁਆਰਾ ਪ੍ਰਬੰਧ ਵਿੱਚ ਪਾਰਦਰਸ਼ਤਾ ਅਤੇ ਹੋਰ ਮਹੱਤਵਪੂਰਨ ਪ੍ਰਬੰਧਕੀ ਮੁੱਦਿਆਂ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਨਹੀਂ ਬਣਾਇਆ ਪਰ ਚੁਣੇ ਹੋਏ ਮੈਂਬਰਾਂ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਅਨੁਸਾਰ ਅਤੇ ਵਿਸ਼ਵ ਭਰ ਵਿੱਚ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦਾ ਵਕਾਰ ਉੱਚਾ ਕਰਨ ਲਈ ਇਨ੍ਹਾਂ ਮੁੱਦਿਆਂ ਉੱਤੇ ਗੰਭੀਰਤਾ ਅਤੇ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋਡ਼ ਜ਼ਰੂਰ ਰਹੇਗੀ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ

No comments: