Sunday, September 18, 2011

ਸ਼੍ਰੋਮਣੀ ਸਿੱਖ ਸੰਸਥਾ // ਰੂਪ ਸਿੰਘ

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀਡ਼ ਤਿਆਰ ਹੋਣ ਤੇ ਧਰਮਸ਼ਾਲਾਵਾਂ ’ਚ ਪ੍ਰਕਾਸ਼ ਹੋਣ ਨਾਲ ਇਨ੍ਹਾਂ ਨੂੰ ਗੁਰਦੁਆਰੇ ਦੀ ਸੰਗਿਆ ਮਿਲੀ, ਜਿਸਦਾ ਸ਼ਾਬਦਿਕ ਅਰਥ ਹੈ, ਗੁਰੂ ਦਾ ਘਰ, ਗੁਰੂ ਦੇ ਰਾਹੀਂ, ਗੁਰੂ ਦੀ ਮਾਰਫ਼ਤ ਆਦਿ। ਗੁਰਦੁਆਰਾ ਸ਼ਬਦ ਸ਼ਾਬਦਿਕ ਅਰਥਾਂ ਤੀਕ ਹੀ ਸੀਮਿਤ ਨਹੀਂ। ਸਿੱਖ ਧਰਮ ਵਿੱਚ ਇਹ ਸੰਕਲਪ ਵੀ ਹੈ, ਸਿਧਾਂਤ ਤੇ ਸੰਸਥਾ ਵੀ। ਗੁਰਦੁਆਰਾ ਆਪਣੇ ਆਪ ਵਿੱਚ ਇੱਕ ਮੁਕੰਮਲ ਸੰਸਥਾ ਹੈ, ਜਿਸ ਦਾ ਨਿਸ਼ਚਤ ਵਿਧੀ-ਵਿਧਾਨ, ਕਾਰਜ ਖੇਤਰ ਤੇ ਮਰਯਾਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਦੁਆਰੇ ਦੀ ਪ੍ਰੀਭਾਸ਼ਾ ਤੇ ਸਰੂਪ ਬਾਰੇ ਲਿਖਿਆ ਹੈ: ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸੂਆਂ ਲਈ ਗਿਆਨ ਉਪਦੇਸ਼ਕ, ਰੋਗੀਆਂ ਲਈ ਸਫ਼ਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤ ਦੀ ਪਤ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ  ਅਸਥਾਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਸ਼੍ਰੋਮਣੀ ਸੰਸਥਾ ਹੈ।
ਗੁਰੂ ਸਾਹਿਬਾਨ ਦੀ ਸਿੱਖਿਆ ਗ੍ਰਹਿਣ ਕਰਨ ਵਾਲਾ ਸਿੱਖ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਧਾਰਨੀ ਹੋ ਜਾਦਾਂ ਹੈ। ਇਨ੍ਹਾਂ ਅਸੂਲਾਂ ਨੂੰ ਮਨ-ਬਚਨ-ਕਰਮ ਤੋਂ ਧਾਰਣ ਕਰਕੇ ਸਿੱਖ ਬ੍ਰਹਿਮੰਡੀ    ਸ਼ਹਿਰੀ ਸਦਵਾਏ। ਪਰ ਅਫ਼ਸੋਸ ਸਮਾਂ ਬੀਤਣ ਨਾਲ  ਮੁੱਢਲੀ ਸਿੱਖ ਸੰਸਥਾ ਦੇ ਗੁਰਦੁਆਰਾ ਪ੍ਰਬੰਧ ’ਚ ਭਾਰੀ ਗਿਰਾਵਟ ਆਈ।
ਸਿੱਖ ਮਿਸਲਾਂ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਦਾ ਨਿਰਮਾਣ ਕਾਰਜ ਵੱਡੇ ਪੱਧਰ ’ਤੇ ਹੋਇਆ। ਇਸ ਸਮੇਂ ਦੌਰਾਨ ਵੀ ਗੁਰਦੁਆਰਾ ਪ੍ਰਬੰਧ ਠੀਕ-ਠਾਕ ਚਲਦਾ ਰਿਹਾ ਪਰ 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅਖ਼ੀਰ 1849 ਈ. ਵਿੱਚ ਸਿੱਖ ਰਾਜ ਦਾ ਸੂਰਜ ਅਸਤ ਹੋ ਗਿਆ। ਇਸ ਨਾਲ ਗੁਰਦੁਆਰਾ ਪ੍ਰਬੰਧ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਪ੍ਰਬੰਧਕ ਸਰਬਰਾਹ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਨਿਯੁਕਤ ਕੀਤਾ। ਅੰਗਰੇਜ਼ ਰਾਜ ਕਾਲ ਸਮੇਂ ਗੁਰਦੁਆਰਾ ਪ੍ਰਬੰਧ ਦੀ ਈਸਾਈ ਮਤ ਦੇ ਪ੍ਰਚਾਰ ਤੇ ਸਿੱਖਾਂ ਦੇ ਵਿਰੁੱਧ ਖ਼ੂਬ ਵਰਤੋਂ ਹੋਈ। ਹੌਲੀ-ਹੌਲੀ ਸ਼ਰਧਾਲੂ ਸਿੱਖ ਨਾਕਸ ਗੁਰਦੁਆਰਾ ਪ੍ਰਬੰਧ ਕਾਰਨ ਗੁਰੂ ਘਰਾਂ ਤੋਂ ਟੁੱਟਣੇ ਸ਼ੁਰੂ ਹੋ ਗਏ। ਅੰਗਰੇਜ਼ੀ ਰਾਜ ਸਮੇਂ ਹੀ ਗੁਰਦੁਆਰਿਆਂ ਦੇ ਧਾਰਮਿਕ ਮੁਖੀ ਮਹੰਤ, ਪੁਜਾਰੀ ਥਾਪਣ ਦੀ ਪਿਰਤ ਪਈ। ਇਸ ਨਾਲ ਗੁਰਦੁਆਰਾ ਪ੍ਰਬੰਧ ਸੰਗਤੀ ਪ੍ਰਬੰਧ ਦੀ ਥਾਂ ਵਿਅਕਤੀ ਵਿਸ਼ੇਸ਼ਾਂ ਦੇ ਪ੍ਰਬੰਧ ਅਧੀਨ ਆਉਣਾ ਸ਼ੁਰੂ ਹੋ ਗਿਆ। ਮਹੰਤ-ਪੁਜਾਰੀ ਦੀ ਮੌਤ ਮਗਰੋਂ ਉਸਦਾ ਉਤਰਾਧਿਕਾਰੀ ਵਿਅਕਤੀ ਵਿਸ਼ੇਸ਼ ਪ੍ਰਬੰਧਕ ਬਣ ਜਾਂਦਾ, ਭਾਵੇਂ ਗੁਰਮਤਿ ਦਾ ਧਾਰਨੀ ਹੁੰਦਾ ਜਾਂ ਨਾਂ। ਗੁਰੂ-ਘਰ ਦੇ ਪ੍ਰਬੰਧਕ, ਚਡ਼੍ਹਤ ਚਡ਼੍ਹਾਵੇ ਤੇ ਜਾਇਦਾਦਾਂ ਦੇ ਪ੍ਰਬੰਧਕ ਬਣ ਗਏ। ਗੁਰੂ ਘਰਾਂ ਦੇ ਨਿਵਾਸ ਅਸਥਾਨ ਐਸ਼ੋ-ਅਰਾਮ ਦੇ ਅੱਡੇ ਬਣ ਗਏ। ਇਸ ਤਰ੍ਹਾਂ ਇਤਿਹਾਸਕ ਗੁਰਦੁਆਰੇ ਮਨਮਤਿ ਦਾ ਪ੍ਰਚਾਰ ਕੇਂਦਰ ਬਣ ਗਏ। ਦੁਨੀਆਂ ਦੇ ਸਾਰੇ ਕੁਕਰਮ ਇਨ੍ਹਾਂ ਧਰਮ ਮੰਦਰਾਂ ’ਚ ਮਹੰਤਾਂ-ਪੁਜਾਰੀਆਂ ਤੇ ਸਰਬਰਾਹਾਂ ਦੀ ਸਰਪਰਸਤੀ ਹੇਠ ਹੋਏ। ਗੁਰਮਤਿ ਅਨੁਸਾਰ ਜਾਤ, ਧਰਮ ਅਤੇ ਨਸਲ ਆਦਿ ਕਾਰਨ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ ਪਰ ਮਹੰਤਾਂ ਦੀ ਬੁਰਛਾਗਰਦੀ ਸਮੇਂ ਗੁਰਦੁਆਰਿਆਂ ’ਚ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਆਉਣ ਦੀ ਸਖ਼ਤ ਮਨਾਹੀ ਸੀ। ਕਡ਼ਾਹ ਪ੍ਰਸਾਦਿ, ਅਰਦਾਸ ਤੇ ਲੰਗਰ-ਪੰਗਤ ਦੀ ਸਾਂਝ ਵੀ ਖੇਰੂੰ ਖੇਰੂੰ ਹੋ ਗਈ।
ਲੇਖਕ ਰੂਪ ਸਿੰਘ
ਮੋਬਾਈਲ: 98146-37979
ਇਨ੍ਹਾਂ ਗ਼ੈਰ-ਇਖ਼ਲਾਕੀ ਕੁਕਰਮਾਂ ਨੂੰ ਠੱਲ੍ਹ ਪਾਉਣ ਲਈ ਚੇਤਨ ਗੁਰਸਿੱਖਾਂ ਨੇ ਜਥੇਬੰਦਕ ਰੂਪ ਧਾਰਨਾ ਸ਼ੁਰੂ ਕੀਤਾ। ਸਿੰਘ ਸਭਾ ਲਹਿਰ, ਚੀਫ਼ ਖ਼ਾਲਸਾ ਦੀਵਾਨ ਸਥਾਪਤ ਹੋਏ ਜਿਨ੍ਹਾਂ ਦੁਰਮਤਿ ਤੇ ਅਗਿਆਨਤਾ ਨੂੰ ਦੂਰ ਕਰਨ ਦਾ ਬੀਡ਼ਾ ਚੁੱਕਿਆ। 12 ਅਕਤੂਬਰ, 1920 ਨੂੰ ਖ਼ਾਲਸਾ ਬਰਾਦਰੀ ਦਾ ਸਾਲਾਨਾ ਦੀਵਾਨ ਅੰਮ੍ਰਿਤਸਰ ’ਚ ਹੋਇਆ ਜਿਸ ਵਿੱਚ ਹੋਰ ਜਾਤਾਂ ਦੇ ਬਹੁਤ ਸਾਰੇ ਵਿਅਕਤੀਆਂ ਨੇ ਅੰਮ੍ਰਿਤ ਛਕਿਆ। ਨਵੇਂ ਸਜੇ ਸਿੰਘ ਸਰਬ-ਸਾਂਝੇ ਧਰਮ ਅਸਥਾਨ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਪੁਜਾਰੀ ਨੱਕ-ਮੂੰਹ ਵੱਟਣ ਲੱਗੇ। ਥੋਡ਼੍ਹੀ ਨੋਕ-ਝੋਕ ਤੋਂ ਬਾਅਦ ਪੁਜਾਰੀ ਅਰਦਾਸ ਕਰਨ ਤੇ ਹੁਕਮਨਾਮਾ ਲੈਣ ਲਈ ਸਹਿਮਤ ਹੋ ਗਏ। ਹੁਕਮਨਾਮੇ ਦੇ ਬੋਲ ਸਨ:
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ (ਪੰਨਾ 638)

ਇਨ੍ਹਾਂ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਲਈ ਹਾਜ਼ਰ ਹੋਣ ’ਤੇ ਅਕਾਲ ਤਖ਼ਤ ਦੇ ਪੁਜਾਰੀ ਹਰਨ ਹੋ ਗਏ। ਸਿੰਘਾਂ ਨੇ ਫ਼ੈਸਲਾ ਕੀਤਾ ਕਿ ਗੁਰੂ ਦਾ ਤਖ਼ਤ ਸੁੰਝਾ ਨਹੀਂ ਰਹਿਣਾ ਚਾਹੀਦਾ ਤੇ ਸੇਵਾ-ਸੰਭਾਲ ਵਾਸਤੇ 25 ਸਿੰਘਾਂ ਦਾ ਜਥਾ ਨਿਯਤ ਕਰ ਦਿੱਤਾ। ਦੂਜੇ ਪਾਸੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਹਾਲਾਤ ਦੇਖਦਿਆਂ ਨੌਂ ਮੈਂਬਰੀ ਕਮੇਟੀ ਬਣਾਈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਹਾਮੀ ਤੇ ਹਮਾਇਤੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਕਿ 15 ਨਵੰਬਰ, 1920 ਨੂੰ ਸਿੱਖਾਂ ਦਾ ਪ੍ਰਤੀਨਿਧ ਇਕੱਠ ਬੁਲਾਇਆ ਜਾਵੇ। ਪ੍ਰਤੀਨਿਧ ਇਕੱਠ ਵਿੱਚ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਰੱਖਿਆ ਗਿਆ। ਇਸ ਕਮੇਟੀ ਦੀ ਪਲੇਠੀ ਮੀਟਿੰਗ 12 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ। ਸਭ ਤੋਂ ਪਹਿਲਾਂ ਪੰਜ ਪਿਆਰੇ ਚੁਣੇ ਗਏ, ਜਿਨ੍ਹਾਂ ਨੇ ਸਾਰੇ ਮੈਂਬਰਾਂ ਦੀ ਸੋਧ ਦੀ ਅਰਦਾਸ ਕੀਤੀ ਤੇ ਅਹੁਦੇਦਾਰ ਚੁਣੇ ਗਏ। ਸੁਧਾਈ ਲਈ ਚੁਣੇ ਗਏ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਵਿੱਦਿਅਕ ਯੋਗਤਾ ਕਰਕੇ ਉਸ ਵੇਲੇ ਐਮ.ਏ. ਸਨ, ਭਾਈ ਤੇਜਾ ਸਿੰਘ ਐਮ. ਏ. (ਮਸਤੂਆਣਾ), ਭਾਈ ਜੋਧ ਸਿੰਘ ਐਮ.ਏ. ਤੇ ਬਾਵਾ ਹਰਕ੍ਰਿਸ਼ਨ ਸਿੰਘ ਐਮ.ਏ.। ਸ. ਸੁੰਦਰ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਹਾਸਲ ਹੋਇਆ। ਪਹਿਲੀ ਇਕੱਤਰਤਾ ਸਮੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਵਿਧਾਨ ਬਣਾਉਣ ਲਈ ਇੱਕ ਸਬ-ਕਮੇਟੀ ਬਣਾਈ ਗਈ। 30 ਅਪਰੈਲ, 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਰਜਿਸਟਰੇਸ਼ਨ ਕਰਵਾਈ ਗਈ। ਚੁਣੀ ਹੋਈ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਪ੍ਰਬੰਧ ਲੈਣ ਲਈ ਮਹੰਤਾਂ ਨਾਲ 
ਗੱਲਬਾਤ ਚੱਲ ਰਹੀ ਸੀ ਤਾਂ ਪੁਜਾਰੀਆਂ ਨੇ ਗੋਲੀ ਚਲਾ ਦਿਤੀ, ਜਿਸ ਵਿੱਚ ਭਾਈ ਹਜ਼ਾਰਾ ਸਿੰਘ ਜੀ ਸ਼ਹੀਦ ਹੋ ਗਏ, ਜੋ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਸਨ।
20 ਫਰਵਰੀ, 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ ਜਿਸ ਵਿੱਚ ਅਨੇਕਾਂ ਸਿੰਘ, ਮਹੰਤ ਨਰੈਣ ਦਾਸ ਦੇ ਗੰੁਡਿਆਂ ਦੀਆਂ ਗੋਲੀਆਂ, ਗੰਡਾਸੀਆਂ, ਛਵੀਆਂ ਤੇ ਡਾਂਗਾਂ ਦੇ ਸ਼ਿਕਾਰ ਹੋਏ। 8 ਅਗਸਤ, 1921 ਨੂੰ ਗੁਰੂ ਕੇ ਬਾਗ਼, ਘੂਕੇ ਵਾਲੀ ਅੰਮ੍ਰਿਤਸਰ ਦਾ ਮਾਮਲਾ ਮੋਰਚੇ ਦਾ ਰੂਪ ਧਾਰਨ ਕਰ ਗਿਆ। ਅੰਗਰੇਜ਼ ਹਾਕਮ ਅਸਲ ਵਿੱਚ ਪੂਰੀ ਤਰ੍ਹਾਂ ਮਹੰਤਾਂ ਤੇ ਪੁਜਾਰੀਆਂ ਦੀ ਪਿੱਠ ’ਤੇ ਸਨ। ਅਕਾਲੀ ਲਹਿਰ ਨੇ ਅੰਗਰੇਜ਼ ਸਾਮਰਾਜ ਤੇ ਭ੍ਰਿਸ਼ਟ ਮਹੰਤਾਂ-ਪੁਜਾਰੀਆਂ ਦੇ ਖ਼ਿਲਾਫ਼ ਲੰਮੀ ਲਡ਼ਾਈ ਲਡ਼ਦਿਆਂ ਅਨੇਕਾਂ ਕੁਰਬਾਨੀਆਂ ਤੇ ਤਸੀਹੇ ਝੱਲ ਕੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ। ਚਾਬੀਆਂ ਦਾ ਮੋਰਚਾ, ਗੁਰਦੁਆਰਾ ਫੇਰੂ ਦਾ ਮੋਰਚਾ, ਜੈਤੋ ਦਾ ਮੋਰਚਾ, ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਬਿਆਨਦੇ ਹਨ ਪਰ ਅੰਗਰੇਜ਼ ਸਾਮਰਾਜ ਨੂੰ ਸੰਗਠਿਤ ਸਿੱਖ ਸ਼ਕਤੀ ਅੱਗੇ ਗੋਡੇ ਟੇਕਣੇ ਪਏ। 1925 ਈ. ’ਚ ਸਿੱਖ ਗੁਰਦੁਆਰਾ ਕਾਨੂੰਨ ਬਣ ਜਾਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਿਸ਼ਵ ਦੀ ਪਹਿਲੀ ਲੋਕਤੰਤਰੀ ਢੰਗ ਦੁਆਰਾ ਚੁਣੀ ਹੋਈ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਸੰਸਥਾ ਬਣ ਗਈ।
ਗੁਰਦੁਆਰਾ ਐਕਟ ਬਣਨ ਨਾਲ ਸ਼੍ਰੋਮਣੀ ਕਮੇਟੀ ਨੇ ਵਿਧੀਵਤ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੀ ਚੋਣ ਪੰਜ ਸਾਲਾਂ ਬਾਅਦ ਬਾਲਗ ਸਿੱਖ ਵੋਟਰਾਂ ਦੁਆਰਾ ਕੀਤੀ ਜਾਂਦੀ ਹੈ ਪਰ ਇਹ ਚੋਣ ਕੇਂਦਰ ਸਰਕਾਰ ਕਰਵਾਉਂਦੀ ਹੈ। ਮੌਜੂਦਾ ਹਾਊਸ ਵਿੱਚ ਕੁਲ 190 ਮੈਂਬਰ ਹਨ। ਇਨ੍ਹਾਂ ’ਚੋਂ 120 ਚੋਣ ਹਲਕਿਆਂ ਵਿੱਚੋਂ ਚੁਣ ਕੇ ਆਉਂਦੇ ਹਨ। 30 ਸੀਟਾਂ ਬੀਬੀਆਂ ਅਤੇ 20 ਸੀਟਾਂ ਪੱਛਡ਼ੀਆਂ ਸ਼੍ਰੇਣੀਆਂ ਵਾਸਤੇ ਰਾਖਵੀਆਂ ਹਨ।  ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਚੋਣ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗਡ਼੍ਹ ਤੋਂ ਹੁੰਦੀ ਹੈ। 15 ਮੈਂਬਰ ਦੇਸ਼ ਭਰ ਵਿੱਚੋਂ ਕੋਆਪਟ ਕੀਤੇ ਜਾਂਦੇ ਹਨ। ਆਮ ਚੋਣ ਤੋਂ ਬਾਅਦ ਹਰ ਸਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ, ਅੰਮ੍ਰਿਤਸਰ ਵਿਖੇ ਹੈ। ਇੱਥੇ ਹਰ ਸਾਲ ਜਨਰਲ ਤੇ ਬੱਜਟ ਅਜਲਾਸ ਹੁੰਦੇ ਹਨ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੇ ਗੁਰਦੁਆਰਾ ਚੋਣਾਂ ਵਿੱਚ ਪਹਿਲੀ ਵਾਰ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿਵਾਇਆ।
ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੋਣ ਦਾ ਮਾਣ ਹਾਸਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਕਾਰਜ ਖੇਤਰ ਬਹੁਤ ਵਿਸ਼ਾਲ ਹੈ। ਇਸ ਨੇ ਬਹੁਤ ਸਾਰੇ ਇਤਿਹਾਸਕ ਕਾਰਜ ਤੇ ਫ਼ੈਸਲੇ ਕੀਤੇ ਹਨ। ਗੁਰਦੁਆਰਾ ਪ੍ਰਬੰਧ ਦੀ ਆਮਦਨ-ਖਰਚ ਦੇ ਹਿਸਾਬ ਕਿਤਾਬ ਨੂੰ ਪਾਰਦਰਸ਼ੀ ਬਣਾਉਣ ਲਈ 1927 ਤੋਂ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਜੋ ਨਿਰੰਤਰ ਜਾਰੀ ਹੈ। ਜਾਤ ਆਧਾਰਿਤ ਭੇਦ ਭਾਵ ਨੂੰ ਮਿਟਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਕੋਈ ਸਿੱਖ ਕਿਸੇ ਨਾਲ ਜਾਤੀ ਆਧਾਰਿਤ ਭੇਦ ਭਾਵ ਨਹੀਂ ਕਰੇਗਾ ਤੇ ਨਾ ਹੀ ਕਿਸੇ ਦੀ ਜਾਤ ਬਰਾਦਰੀ ਪੁੱਛੇਗਾ। ਸਾਰੇ ਗੁਰਦੁਆਰਿਆਂ ਦੀ ਮਰਯਾਦਾ ਨੂੰ ਇਕਸੁਰ ਤੇ ਇਕਸਾਰ ਕਰਨ ਲਈ ‘ਸਿੱਖ ਰਹਿਤ ਮਰਯਾਦਾ’ ਨਿਸ਼ਚਿਤ ਕੀਤੀ ਗਈ ਜਿਸ ਨੂੰ ‘ਗੁਰੂ ਪੰਥ’ ਦੀ ਪ੍ਰਵਾਨਗੀ ਹਾਸਲ ਹੈ। ਸਿੱਖ ਰਹਿਤ ਮਰਯਾਦਾ ਛਾਪ ਕੇ ਮੁਫ਼ਤ ਵੰਡੀ ਜਾਂਦੀ ਹੈ। 17 ਜੂਨ, 1923 ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਕਰਵਾਈ ਗਈ।
ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰਿਸਰਚ ਬੋਰਡ, ਐਜੂਕੇਸ਼ਨ ਕਮੇਟੀ, ਟ੍ਰਸਟ ਵਿਭਾਗ, ਸੈਕਸ਼ਨ 85, ਸੈਕਸ਼ਨ 87 ਆਦਿ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿੰਗ ਅਤੇ ਵਿਭਾਗ ਹਨ। ਸ਼੍ਰੋਮਣੀ ਕਮੇਟੀ ਅਧੀਨ ਸੈਕਸ਼ਨ 85 ’ਚ ਵੱਡੇ 80 ਦੇ ਕਰੀਬ ਇਤਿਹਾਸਕ ਗੁਰਦੁਆਰੇ ਆਉਂਦੇ ਹਨ ਤੇ ਸੈਕਸ਼ਨ 87 ਅਧੀਨ ਛੋਟੇ ਇਤਿਹਾਸਕ ਗੁਰਦੁਆਰੇ ਸ਼ਾਮਲ ਹਨ। ਧਰਮ ਪ੍ਰਚਾਰ ਕਮੇਟੀ ਅਧੀਨ ਵੱਖ-ਵੱਖ ਰਾਜਾਂ ’ਚ 11 ਸਿੱਖ ਮਿਸ਼ਨ ਸਥਾਪਤ ਹਨ ਤੇ 10 ਮਿਸ਼ਨਰੀ ਕਾਲਜ ਚਲਾਏ ਜਾ ਰਹੇ ਹਨ। ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਰੇਡੀਓ, ਟੀ. ਵੀ. ’ਤੇ ਕੀਰਤਨ ਸ਼ਬਦ-ਵਿਚਾਰ ਦਾ ਪ੍ਰੋਗਰਾਮ ਨਿਰੰਤਰ ਪ੍ਰਸਾਰਤ ਹੋ ਰਿਹਾ ਹੈ। ਟ੍ਰਸਟ ਵਿਭਾਗ ਰਾਹੀਂ ਦੋ ਮੈਡੀਕਲ ਕਾਲਜ਼, ਦੋ ਇੰਜਨੀਅਰਿੰਗ ਕਾਲਜ, ਅਨੇਕਾਂ ਡਿਗਰੀ ਕਾਲਜ ਤੇ ਸਕੂਲ ਚਲਾਏ ਜਾ ਰਹੇ ਹਨ। ਵਿੱਦਿਆ  ਦੇ ਪ੍ਰਚਾਰ ਵਾਸਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫਤਿਹਗਡ਼੍ਹ ਸਾਹਿਬ ਵਿਖੇ ਸਥਾਪਤ ਹੋ ਚੁੱਕੀ ਹੈ।
ਗੁਰਦੁਆਰਿਆਂ ਦੀ ਨਵ-ਉਸਾਰੀ ਤੇ ਨਵ-ਨਿਰਮਾਣ, ਸਰਾਵਾਂ ਦਾ ਢੁੱਕਵਾਂ ਪ੍ਰਬੰਧ ਕਰਨਾ, ਸਿੱਖ ਵਿਰਸੇ ਤੇ ਵਿਰਾਸਤ ਨੂੰ ਸੰਭਾਲਣਾ ਤੇ ਸਿੱਖ ਧਰਮ ਪ੍ਰਚਾਰ-ਪ੍ਰਸਾਰ ਇਸ ਦੇ ਕੰਮ ਹਨ। ਰਹਿਤ ਮਰਯਾਦਾ ਅਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਆਪਣੇ ਵਿਸ਼ੇਸ਼ ਛਾਪੇਖਾਨੇ ਲਾਏ ਗਏ ਹਨ, ਜਿਨ੍ਹਾਂ ਵਿੱਚ ਗੁਰਬਾਣੀ ਦੀ ਪ੍ਰਕਾਸ਼ਨ ਸੇਵਾ, ਅਦਬ-ਸਤਿਕਾਰ ਅਤੇ ਮਰਿਯਾਦਾ ਨਾਲ ਕੀਤੀ ਜਾਂਦੀ ਹੈ।
ਲੋਕ ਕਲਿਆਣਕਾਰੀ ਕਾਰਜਾਂ ਲਈ ਸ਼੍ਰੋਮਣੀ ਕਮੇਟੀ ਪਿੰਗਲਵਾਡ਼ਾ ਭਗਤ ਪੂਰਨ ਸਿੰਘ, ਯਤੀਮਖਾਨਾ, ਬਿਰਧ ਘਰ ਆਦਿ ਨੂੰ ਸਾਲਾਨਾ ਸਹਾਇਤਾ ਦਿੰਦੀ ਹੈ। ਇਸ ਤੋਂ ਇਲਾਵਾ ਹਡ਼੍ਹ, ਭੂਚਾਲ, ਸੁਨਾਮੀ ਅਤੇ ਜੂਨ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੀਡ਼ਤਾਂ ਦੇ ਨਾਲ ਸ਼੍ਰੋਮਣੀ ਕਮੇਟੀ ਧਰਮੀ ਫ਼ੌਜੀਆਂ ਦੀ ਮਦਦ ਵੀ ਕਰਦੀ ਹੈ।
ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਕਾਨੂੰਨੀ ਅਧਿਕਾਰ ਖੇਤਰ ਗੁਰਦੁਆਰਾ ਪ੍ਰਬੰਧ ਸਬੰਧੀ ਭਾਵੇਂ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗਡ਼੍ਹ ਤੀਕ ਸੀਮਤ ਹੈ ਪਰ ਵਿਸ਼ਵ ਭਰ ਵਿੱਚ ਵਸੇ ਸਿੱਖਾਂ ਦੀ ਪ੍ਰਤੀਨਿਧਤਾ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ। ਵਿਸ਼ਵ ਭਰ ਦੇ ਸਿੱਖਾਂ ਨਾਲ ਸਬੰਧਿਤ ਮਸਲੇ ਸ਼੍ਰੋਮਣੀ ਕਮੇਟੀ ਪਾਸ ਹੀ ਆਉਂਦੇ ਹਨ, ਮਸਲਾ ਭਾਵੇਂ ਪ੍ਰਬੰਧਕੀ ਹੋਵੇ, ਦਸਤਾਰ ਜਾਂ ਕੱਕਾਰਾਂ ਨਾਲ ਸਬੰਧਤ।
ਸਿੱਖਾਂ ਦੀ ਇਸ ਸ਼੍ਰੋਮਣੀ ਸੰਸਥਾ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਸ. ਸੁੰਦਰ ਸਿੰਘ ਮਜੀਠੀਆ ਨੂੰ ਪ੍ਰਾਪਤ ਹੋਇਆ। ਸਮੇਂ-ਸਮੇਂ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖਡ਼ਕ ਸਿੰਘ, ਪੰਥ ਰਤਨ ਮਾਸਟਰ ਤਾਰਾ ਸਿੰਘ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ, ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ, ਬੀਬੀ ਜਗੀਰ ਕੌਰ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਆਦਿ ਇਸ ਸੰਸਥਾ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਰਹੇ।
ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਨੇ ਸਭ ਤੋਂ ਵੱਧ ਸਮੇਂ ਲਈ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ।  ਪਿਛਲੇ ਛੇ ਸਾਲਾਂ ਤੋਂ ਨਿਰੰਤਰ ਜਥੇਦਾਰ ਅਵਤਾਰ ਸਿੰਘ (ਮੱਕਡ਼) ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ। ਹੁਣ ਦੇਖੋ ਪ੍ਰਧਾਨਗੀ ਦੀ ਸੇਵਾ ਗੁਰੂ-ਪੰਥ ਕਿਸ ਨੂੰ ਬਖਸ਼ਿਸ਼ ਕਰਦਾ ਹੈ? ਪੰਜਾਬੀ ਟ੍ਰੀਬਿਊਨ ਚੋਂ ਧੰਨਵਾਦ ਸਹਿਤ  No comments: