Saturday, September 17, 2011

ਜੋਸ਼ ਅਤੇ ਜਲਵਾ ਰਗਬੀ ਦਾ !


  ਸੱਤਵਾਂ ਰਗਬੀ ਫ਼ੁਟਬਾਲ ਵਿਸ਼ਵ ਕੱਪ     ਰਣਜੀਤ ਸਿੰਘ ਪ੍ਰੀਤ
                            ਖਿੱਚ-ਧੂਹ ਅਤੇ ਜ਼ੋਰ ਅਜਮਾਈ ਵਾਲੀ,ਅੰਡਾਕਾਰ ਗੇਂਦ ਨਾਲ., ਉੱਚੇ ਗੋਲ ਪੋਸਟਾਂ ,ਅਤੇ ਹਮੇਸ਼ਾਂ ਪਿੱਛੇ ਵੱਲ ਹੀ ਪਾਸ ਦੇਣ ਅਤੇ ਜ਼ਬਰਦਸਤੀ ਢਾਹ ਕਿ ਗੇਂਦ ਖੋਹਣ ਵਾਲੀ, ਇਸ ਖੇਡ ਦਾ ਪਹਿਲਾ ਕੌਮੀ ਮੁਕਾਬਲਾ 1883 ਵਿੱਚ 4 ਮੁਲਕਾਂ ਇੰਗਲੈਂਡ,ਸਕਾਟਲੈਂਡ,ਵੇਲਜ਼,ਆਇਰਲੈਂਡ ਨੇ ਖੇਡਿਆ, ਫਿਰ 1910 ਵਿੱਚ ਫਰਾਂਸ,ਅਤੇ 2000 ਵਿੱਚ ਛੇਵੇਂ ਮੁਲਕ ਵਜੋਂ ਇਟਲੀ ਨੇ ਹਿੱਸਾ ਲਿਆ । ਪਰ ਫਰਾਂਸ ਨੇ 1931 ਤੋਂ 1939 ਤੱਕ  ਸ਼ਮੂਲੀਅਤ ਹੀ ਨਾਂ ਕੀਤੀ। ਰਗਬੀ ਸੰਸਥਾ ਦੇ ਯਤਨਾਂ ਨਾਲ ਇਹ ਖੇਡ 1900 (ਪੈਰਿਸ),1908 (ਲੰਡਨ),1920 (ਐਟਵਰਪ),ਅਤੇ 1924 (ਪੈਰਿਸ) ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਰਹੀ ਹੈ,ਪਹਿਲਾ ਜੇਤੂ ਫਰਾਂਸ ,ਫਿਰ ਆਸਟਰੇਲੀਆਂ,ਅਤੇ ਦੋ ਵਾਰ ਅਮਰੀਕਾ ਨੇ ਜਿੱਤ ਦਰਜ ਕੀਤੀ । ਤਿੰਨ ਮੁਲਕੀ ਰਗਬੀ ਮੁਕਾਬਲੇ ਦਾ ਅਗਾਜ਼ 1996 ਵਿੱਚ ਆਸਟਰੇਲੀਆ,ਨਿਊਜ਼ੀਲੈਂਡ,ਅਤੇ ਦੱਖਣੀ ਅਫ਼ਰੀਕਾ ਦਰਮਿਆਂਨ ਸ਼ੁਰੂ ਹੋਇਆ।
ਇੰਟਰਨੈਸ਼ਨਲ ਰਗਬੀ ਬੋਰਡ( ਆਈ ਆਰ ਬੀ ) ਨੇ ਡਬਲਿਨ ਵਿਖੇ ਲਏ 17 ਨਵੰਬਰ 2005 ਦੇ ਫ਼ੈਸਲੇ ਅਨੁਸਾਰ ਸੱਤਵਾਂ ਰਗਬੀ ਫ਼ੁਟਬਾਲ ਵਿਸ਼ਵ ਕੱਪ ਨਿਊਜ਼ੀਲੈਂਡ ਵਿੱਚ 9 ਸਤੰਬਰ ਤੋਂ 23 ਅਕਤੂਬਰ 2011 ਤੱਕ ਕਰਵਾਉਣਾ ਮਿਥਿਆ ਹੈ ਅਤੇ ਇਹ ਸ਼ੁਰੂ ਹੋ ਚੁੱਕਿਆ ਹੈ।ਨਿਊਜ਼ੀਲੈਂਡ ਨੇ ਸਾਰੇ ਪ੍ਰਬੰਧਾਂ ਤੋਂ ਰਗਬੀ ਸੰਸਥਾ ਨੂੰ 19 ਫ਼ਰਵਰੀ 2008 ਵਾਲੇ ਦਿਨ ਜਾਣੂ ਕਰਵਾਇਆ । ਪਹਿਲਾ ਮੁਕਾਬਲਾ 22 ਮਈ ਤੋਂ 20 ਜੂਨ 1987 ਤੱਕ ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਸਾਂਝੀ ਮੇਜ਼ਬਾਨੀ ਤਹਿਤ ਕਰਵਾਇਆ ,ਸ਼ਾਮਲ ਹੋਈਆਂ 16 ਟੀਮਾਂ ਨੇ 32 ਮੈਚ ਖੇਡੇ, ਇਹ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਨੇ 29-9 ਅੰਕਾਂ ਨਾਲ ਫਰਾਂਸ ਨੂੰ ਹਰਾਕੇ ਜਿੱਤਿਆ,ਵੇਲਜ਼ ਨੇ ਸਿਰਫ਼ ਇੱਕ ਅੰਕ ਅੰਤਰ 22-21 ਨਾਲ ਆਸਟਰੇਲੀਆ ਨੂੰ ਮਾਤ ਦੇ ਕੇ ਤੀਜਾ ਸਥਾਨ ਹਾਸਲ ਕੀਤਾ। ਸਭ ਤੋਂ ਵੱਧ 126ਅੰਕ ਗਰਾਂਟ ਫੌਕਸ ਨੇ ਬਣਾਏ, ਜੋ ਅੱਜ ਤੱਕ ਦਾ ਰਿਕਾਰਡ ਹੈ। ਦੂਜਾ ਵਿਸ਼ਵ ਕੱਪ 3 ਅਕਤੂਬਰ ਤੋਂ 2 ਨਵੰਬਰ 1991 ਤੱਕ   ਇੰਗਲੈਂਡ,ਫਰਾਂਸ,ਆਇਰਲੈਂਡ,ਸਕਾਟਲੈਂਡ ਅਤੇ ਵੇਲਜ਼ ਨੇ ਕਰਵਾਇਆ,ਪਿਛਲੇ ਮੁਕਾਬਲੇ ਵਾਂਗ ਹੀ 16 ਟੀਮਾਂ ਨੇ 32 ਮੈਚ ਖੇਡੇ, ਆਸਟਰੇਲੀਆ –ਇੰਗਲੈਂਡ ਨੂੰ 12-6 ਨਾਲ ਹਰਾਕੇ ਖ਼ਿਤਾਬ ਜੇਤੂ ਬਣਿਆ,ਨਿਊਜ਼ੀਲੈਂਡ ਨੇ 13-6 ਨਾਲ ਸਕਾਟਲੈਂਡ ਨੂੰ ਸ਼ਿਕੱਸ਼ਤ ਦੇ ਕੇ ਤੀਜਾ ਸਥਾਨ ਮੱਲਿਆ । ਟਾਪ ਸਕੋਰਰ 68 ਅੰਕ ਬਣਾਕੇ ਰਾਲਫ ਕਿਆਸ ਰਿਹਾ। ਦੱਖਣੀ ਅਫ਼ਰੀਕਾ ਨੇ 25 ਮਈ ਤੋਂ 24 ਜੂਨ  1995 ਤੱਕ ਮੇਜ਼ਬਾਨੀ ਸੰਭਾਲੀ,ਪਹਿਲਾਂ ਜਿੰਨੀਆਂ ਟੀਮਾਂ ਅਤੇ ਪਹਿਲਾਂ ਜਿੰਨੇ ਹੀ ਮੈਚ ਹੋਏ । ਮੇਜ਼ਬਾਨੀ ਦਾ ਲਾਹਾ ਲੈਂਦਿਆਂ ਫ਼ਾਈਨਲ ਵਿੱਚ ਨਿਊਜ਼ੀਲੈਂਡ ਨੂੰ 15-12 ਨਾਲ ਹਰਾਕੇ ਕੱਪ ਜਿੱਤਿਆ।ਜਦੋਂ ਕਿ ਫਰਾਂਸ ਨੇ ਇੰਗਲੈਂਡ ਨੂੰ 19-9 ਅੰਕਾਂ ਨਾਲ ਹਰਾਕੇ ਤੀਜਾ ਸਥਾਨ ਲਿਆ। ਥੈਰੇ ਲੈਕਰੋਇਕਸ 112 ਅੰਕਾਂ ਨਾਲ ਟਾਪਰ ਅਖਵਾਇਆ । ਵੇਲਜ਼ ਨੇ ਪਹਿਲੀ ਅਕਤੂਬਰ ਤੋਂ 6 ਨਵੰਬਰ 1999 ਤੱਕ ਤੀਜਾ ਮੁਕਾਬਲਾ ਕਰਵਾਇਆ,ਇਸ ਵਾਰੀ 20 ਟੀਮਾਂ ਨੇ 41 ਮੈਚ ਖੇਡੇ। ਆਸਟਰੇਲੀਆ –ਫਰਾਂਸ ਨੂੰ 35-12 ਨਾਲ ਹਰਾਕੇ ਮੀਰੀ ਬਣਿਆਂ। ਨਿਊਜ਼ੀਲੈਂਡ –ਦੱਖਣੀ ਅਫ਼ਰੀਕਾ ਤੋਂ 22-18 ਨਾਲ ਹਾਰ ਕੇ ਚੌਥੀ ਪੁਜ਼ੀਸ਼ਨ ਹੀ ਲੈ ਸਕਿਆ। ਇਸ ਵਾਰੀ ਗੌਨਜ਼ਾਲੋ ਕੁਇਸਡਾ 102 ਅੰਕਾਂ ਨਾਲ ਟੀਸੀ ਉੱਤੇ ਰਿਹਾ। ਚੌਥੇ ਮੁਕਾਬਲੇ ਦੀ ਮੇਜ਼ਬਾਨੀ 10 ਅਕਤੂਬਰ ਤੋਂ 22 ਨਵੰਬਰ 2003 ਤੱਕ ਆਸਟਰੇਲੀਆ ਨੇ ਨਿਭਾਈ, ਟੀਮਾਂ ਦੀ ਗਿਣਤੀ ਤਾਂ 20 ਹੀ ਰਹੀ ,ਪਰ ਮੈਚਾਂ ਦੀ ਗਿਣਤੀ 41 ਤੋਂ ਵਧ ਕੇ 48 ਹੋ ਗਈ।ਪਰ ਮੇਜ਼ਬਾਨ ਫ਼ਾਈਨਲ ਵਿੱਚ ਇੰਗਲੈਂਡ ਤੋਂ 17-20 (ਵਾਧੂ ਸਮੇਂ ਤੱਕ) ਨਾਲ ਹਾਰਿਆ,ਨਿਊਜ਼ੀਲੈਂਡ ਨੇ ਫਰਾਂਸ ਦੇ ਪੱਬ ਹੀ ਨਾ ਲੱਗਣ ਦਿੱਤੇ ਧਡ਼ਾ-ਧਡ਼ ਅੰਕ ਬਟੋਰਦਿਆਂ 40-13 ਨਾਲ ਹਰਾਕੇ ਤੀਜੀ ਪੁਜ਼ੀਸ਼ਨ ਉੱਤੇ ਕਬਜ਼ਾ ਕੀਤਾ। ਜੌਨੀ ਵਿਲਕਿਨਸਨ 113 ਅੰਕ ਬਣਾਕੇ ਉਪਰਲੀ ਪਾਇਦਾਨ ਉੱਤੇ ਰਿਹਾ । ਛੇਵਾਂ 2007 ਵਾਲਾ ਮੁਕਾਬਲਾ 7 ਸਤੰਬਰ ਤੋਂ 20 ਅਕਤੂਬਰ ਤੱਕ ਫਰਾਂਸ ਨੇ ਕਰਵਾਇਆ,ਪਿਛਲੇ ਮੁਕਾਬਲੇ ਵਾਂਗ ਹੀ ਟੀਮਾਂ ਸ਼ਾਮਲ ਹੋਈਆਂ ,ਅਤੇ ਉਤਨੇ ਹੀ ਮੈਚ ਹੋਏ। ਇਸ ਵਾਰੀ ਦਾ ਫਾਈਨਲ ਦੱਖਣੀ ਅਫ਼ਰੀਕਾ ਨੇ ਇੰਗਲੈਂਡ ਨੂੰ 15-6 ਨਾਲ ਮਾਤ ਦੇ ਕੇ ਜਿੱਤਿਆ,ਤੀਜਾ ਸਥਾਨ ਪਹਿਲੀ ਵਾਰੀ ਸੈਮੀਫ਼ਾਈਨਲ ਤੱਕ ਪਹੁੰਚੇ ਅਰਜਨਟੀਨਾ ਨੇ ਫਰਾਂਸ ਨੂੰ 34-10 ਨਾਲ ਹਰਾਕੇ ਹਾਸਲ ਕੀਤਾ। ਪਰਸੀ ਮੌਨਟਗੋਮਰੀ 105 ਅੰਕ ਸਕੋਰ ਕਰਕੇ ਟਾਪਰ ਰਿਹਾ। ਹੁਣ ਤੱਕ ਇਸ ਟੂਰਨਾਮੈਂਟ ਵਿੱਚ ਦੱਖਣੀ ਅਫ਼ਰੀਕਾ ਨੇ 4 ਵਾਰੀ, ਆਸਟਰੇਲੀਆਂ,ਨਿਊਜ਼ੀਲੈਂਡ,ਇਂਗਲੈਂਡ ਨੇ ਸਾਰੇ ਦੇ ਸਾਰੇ 6 ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਹੈ।ਜੇਕਰ ਵੱਧ ਟੀਮ ਸਕੋਰ ਦਾ ਕਿੱਸਾ ਫਰੋਲੀਏ ਤਾਂ ਇਹ ਰਿਕਾਰਡ 4 ਜੂਨ 1995 ਨੂੰ ਨਿਊਜ਼ੀਲੈਂਡ ਨੇ ਜਪਾਨ ਨੂੰ 145-17 ਅੰਕਾਂ ਨਾਲ ਹਰਾਕੇ ਬਣਾਇਆ ਸੀ,24 ਅਕਤੂਬਰ 2003 ਦੇ ਦਿਨ ਆਸਟਰੇਲੀਆ ਨੇ ਨਾਮੀਬੀਆਂ ਨੂੰ 142-0 ਨਾਲ ਰਿਕਾਰਡ ਹਾਰ ਦਿੱਤੀ ਸੀ ।ਹੁਣ ਤੱਕ ਦਾ ਕੁੱਲ ਮਿਲਾਕੇ ਟਾਪ ਸਕੋਰਰ ਇੰਗਲੈਂਡ ਦਾ ਜੌਨੀ ਵਿਲਕਿਨਸਨ 243 ਅੰਕਾਂ ਨਾਲ ਰਿਕਾਰਡ ਹੋਲਡਰ ਹੈ,ਜਿਸ ਨੇ ਇਹ ਰਿਕਾਰਡ 1999,2003,ਅਤੇ 2007 ਦੇ ਮੁਕਾਬਲਿਆ ਨਾਲ ਬਣਾਇਆ ਹੈ। ਪਰ ਇਸ ਖਿਡਾਰੀ ਦੇ ਨਾਂ ਹੀ ਸਭ ਤੋਂ ਵੱਧ 13 (1999-2007) ਗੋਲ ਡਰਾਪ ਕਰਨ ਦਾ ਇੱਕ ਹੋਰ ਰਿਕਾਰਡ ਵੀ ਦਰਜ ਹੈ, ਇੱਕ ਮੁਕਾਬਲੇ ਵਿੱਚ 8 (2003)ਗੋਲ ਡਰਾਪ ਕਰਨ ਦਾ ਰਿਕਾਰਡ ਵੀ ਇਸ ਦੇ ਨਾਂ ਬੋਲਦਾ ਹੈ। ਦੂਜਾ ਸਥਾਨ 227 ਅੰਕਾਂ ਨਾਲ ਸਕਾਟਲੈਂਡ ਦੇ ਗੈਵਿਨ ਹਾਸਟਿੰਗਜ਼ (1987,1991,1995) ਦੇ ਹਿੱਸੇ ਦਰਜ ਹੈ। ਇੱਕ ਮੁਕਾਬਲੇ ਦੇ ਇੱਕ ਮੈਚ ਵਿੱਚ 45 ਅੰਕ ਜੋਡ਼ਨ ਦਾ ਰਿਕਾਰਡ ਨਿਊਜ਼ੀਲੈਂਡ ਦੇ ਸਾਈਮਨ ਕੁਲਹਾਨੇ ਦਾ ਜਪਾਨ ਵਿਰੁੱਧ ਬਣਿਆਂ ਹੋਇਆ ਹੈ। ਰਗਬੀ ਵਿਸ਼ਵ ਫ਼ੁਟਬਾਲ ਕੱਪ ਵਿੱਚ ਵਡੇਰੀ ਉਮਰ ਦਾ ਖਿਡਾਰੀ ਇੰਗਲੈਂਡ ਵੱਲੋਂ ਮਾਈਕ ਕੈੱਟ ਦੱਖਣੀ ਅਫ਼ਰੀਕਾ ਵਿਰੁੱਧ ਜਦ 2007 ਨੂੰ ਖੇਡਿਆ ,ਤਾਂ ਉਸਦੀ ਉਮਰ 36 ਸਾਲ 33 ਦਿਨ ਸੀ। ਏਵੇਂ ਹੀ ਛੋਟੀ ਉਮਰ ਦੇ ਖਿਡਾਰੀ ਦੀ ਗੱਲ ਕਰੀਏ ਤਾਂ ਇਹ ਅਮਰੀਕੀ ਖਿਡਾਰੀ ਥਿਰੌਟਿਨ ਪਲਾਮੋ ਜਦੋਂ ਦੱਖਣੀ ਅਫ਼ਰੀਕਾ ਵਿਰੁੱਧ ਖੇਡਿਆ ਤਾਂ ਇਸ ਦੀ ਉਮਰ 19 ਸਾਲ 8 ਦਿਨ ਦੀ ਸੀ.।ਇਹ ਦੋਨੋਂ ਖਿਡਾਰੀ ਦੱਖਣੀ ਅਫ਼ਰੀਕਾ ਵਿਰੁੱਧ 2007 ਦੇ ਮੁਕਾਬਲੇ ਸਮੇਂ ਹੀ ਖੇਡੇ।2015 ਵਾਲਾ ਵਿਸ਼ਵ ਕੱਪ ਇੰਗਲੈਂਡ ਨੇ ਅਤੇ 2019 ਵਾਲਾ ਜਪਾਨ ਨੇ ਕਰਵਾਉਣਾ ਹੈ।   ਇਸ ਵਾਰੀ ਕੁਆਲੀਫਾਈਂਗ ਗੇਡ਼ ਦੀਆਂ 91 ਟੀਮਾਂ ਵਿੱਚੋਂ 20 ਟੀਮਾਂ ਦਾਖ਼ਲਾ ਪਾਉਣ ਵਿੱਚ ਸਫ਼ਲ ਹੋਈਆਂ ਹਨ,ਜਿਨਾਂ ਨੇ 48 ਮੈਚ ਖੇਡਣੇ ਹਨ। ਮੈਚ ਖਿਡਾਉਣ ਲਈ 8 ਫਰਵਰੀ 2011 ਦੇ ਫ਼ੈਸਲੇ ਅਨੁਸਾਰ ਆਈ ਆਰ ਬੀ ਨੇ 10 ਰੈਫ਼ਰੀ,7 ਸਹਾਇਕ ਰੈਫ਼ਰੀ ,4 ਟੀਵੀ ਰੈਫ਼ਰੀ, ਸੱਤ ਸਹਾਇਕ ਰੈਫ਼ਰੀਆਂ ਵਿੱਚੋਂ 2 ਨੂੰ ਲੋਡ਼ ਅਨੁਸਾਰ ਰਿਜ਼ਰਵ ਰੈਫ਼ਰੀ ਲਾਇਆ ਗਿਆ ਹੈ। ਸ਼ਾਮਲ ਟੀਮਾਂ ਨੂੰ 4 ਗਰੁੱਪਾਂ ਵਿੱਚ ਵੰਡਿਆ ਗਿਆ ਹੈ; ਗਰੁੱਪ ਏ; ਕੈਨੇਡਾ,ਫਰਾਂਸ,ਜਪਾਨ,ਨਿਊਜ਼ੀਲੈਂਡ,ਟੌਂਗਾ, ਇਸ ਗਰੁੱਪ ਦਾ ਪਹਿਲਾ ਮੈਚ 9 ਸਤੰਬਰ ਨੂੰ ਈਡਨ ਪਾਰਕ ਵਿੱਚ,ਨਿਊਜ਼ੀਲੈਂਡ ਬਨਾਮ ਟੌਂਗਾ ਹੋਣਾ ਹੈ,ਇਸ ਗਰੁੱਪ ਦਾ ਆਖ਼ਰੀ ਮੈਚ 2 ਅਕਤੂਬਰ ਨੂੰ ਰੀਜ਼ਨਲ ਸਟੇਡੀਅਮ ਵਲਿੰਗਟਨ ਵਿੱਚ ਨਿਊਜ਼ੀਲੈਂਡ ਬਨਾਮ ਕੈਨੇਡਾ ਹੋਵੇਗਾ। ਗਰੁੱਪ ਬੀ ਵਿੱਚ ਅਰਜਨਟੀਨਾ, ਇੰਗਲੈਂਡ, ਜੌਰਜੀਆ,ਰੋਮਾਨੀਆਂ,ਸਕਾਟਲੈਂਡ ਦੀਆਂ ਟੀਮਾਂ ਹਨ।ਪਹਿਲਾ ਮੈਚ 10 ਸਤੰਬਰ ਨੂੰ ਰਗਬੀ ਪਾਰਕ ਸਟੇਡੀਅਮ ਵਿੱਚ ਸਕਾਟਲੈਂਡ ਬਨਾਮ ਰੋਮਾਨੀਆਂ ਹੋਣਾ ਹੈ,ਜਦੋ ਕਿ ਪੂਲ ਦਾ ਆਖ਼ਰੀ ਮੈਚ 2 ਅਕਤੂਬਰ ਨੂੰ ਅਰੀਨਾਵੱਟੂ ਵਿੱਚ ਅਰਜਨਟੀਨਾਂ ਨੇ ਜੌਰਜੀਆ ਵਿਰੁੱਧ ਖੇਡਣਾਂ ਹੈ। ਗਰੁੱਪ ਸੀ ਵਿੱਚ ਆਸਟਰੇਲੀਆ, ਆਇਰਲੈਂਡ,ਇਟਲੀ,ਰਸ਼ੀਆ,ਅਮਰੀਕਾ ਸ਼ਾਮਲ ਹੈ,ਇਸ ਪੂਲ ਦਾ ਪਹਿਲਾ ਮੈਚ ਨੌਰਥ ਹਰਬੌਰ ਸਟੇਡੀਅਮ ਦੇ ਮੈਦਾਨ ਵਿੱਚ 11 ਸਤੰਬਰ ਨੂੰ ਇਟਲੀ ਬਨਾਮ ਆਸਟਰੇਲੀਆ ਦਾ ਮੈਚ ਹੋਵੇਗਾ, ਅਤੇ ਆਖ਼ਰੀ ਮੈਚ 2 ਅਕਤੂਬਰ ਦੇ ਦਿਨ ਫੋਰਸਥ ਬਾਡ ਸਟੇਡੀਅਮ ਵਿੱਚ ਆਇਰਲੈਂਡ ਬਨਾਮ ਇਟਲੀ ਦਰਸ਼ਕਾਂ ਦਾ ਮਨੋਰੰਜਨ ਬਣੇਗਾ। ਪੂਲ ਡੀ ਵਿੱਚ ਵੀ ਫਿਜੀ,ਨਾਮੀਬੀਆ,ਸਾਮੋਆ,ਦੱਖਣੀ ਅਫ਼ਰੀਕਾ,ਅਤੇ ਵੇਲਜ਼ ਦੀਆਂ ਟੀਮਾਂ ਨੇ ਜਿੱਤ ਲਈ ਸੰਘਰਸ਼ ਕਰਨਾ ਹੈ। ਇਹਨਾਂ ਦਾ ਪਹਿਲਾ ਮੈਚ 10 ਸਤੰਬਰ ਨੂੰ ਰੌਟੋਰੁਆ ਕੌਮਾਂਤਰੀ ਸਟੇਡੀਅਮ ਵਿੱਚ ਨਾਮੀਬੀਆ ਬਨਾਮ ਫਿਜੀ ਨੇ ਖੇਡ ਦੇ ਜੌਹਰ ਦਿਖਾਉਣੇ ਹਨ।ਜਦੋਂ ਕਿ ਆਖ਼ਰੀ ਮੈਚ ਵੈਕਾਟੋ ਵਿੱਚ 2 ਅਕਤੂਬਰ ਨੂੰ ਵੇਲਜ਼ ਅਤੇ ਫਿਜੀ ਨੇ ਖੇਡਣਾਂ ਹੈ।
    ਚਾਰਾਂ ਗਰੁੱਪਾਂ ਵਿੱਚੋਂ ਸਿਖਰਲੀਆ ਦੋ-ਦੋ ਟੀਮਾਂ ਨਾਕ-ਆਊਟ ਸਟੇਜ ਵਿੱਚ ਦਾਖ਼ਲ ਹੋਣਗੀਆਂ,ਇਹਨਾਂ ਵਿੱਚੋਂ ਜੇਤੂ ਚਾਰ ਟੀਮਾਂ ਸੈਮੀਫ਼ਾਈਨਲ ਲਈ ਕੁਆਲੀਫਾਈ ਕਰਕੇ ਫਿਰ ਫ਼ਾਈਨਲ ਗੇਡ਼ ਲਈ ਜੋਰ ਅਜਮਾਈ ਕਰਨਗੀਆਂ। ਕੁਆਟਰਫਾਈਨਲ ਵਿੱਚ 8 ਅਕਤੂਬਰ ਨੂੰ ਵੈਸਟਪਿਕ ਸਟੇਡੀਅਮ ਵਿੱਚ ਪੂਲ ਸੀ ਦੀ ਜੇਤੂ ਟੀਮ ਬਨਾਮ ਉਪ-ਵਿਜੇਤਾ ਪੂਲ ਡੀ ਦਾ ਮੈਚ ਹੋਵੇਗਾ। ਏਸੇ ਦਿਨ ਈਡਨ ਪਾਰਕ ਵਿੱਚ ਪੂਲ ਬੀ ਦੀ ਜੇਤੂ ਬਨਾਮ ਪੂਲ ਏ ਦੀ ਉਪ-ਜੇਤੂ ਦੀ ਭਿਡ਼ਤ ਹੋਣੀ ਹੈ,9 ਅਕਤੂਬਰ ਨੂੰ ਵੈਸਟਪਿਕ ਸਟੇਡੀਅਮ ਦੇ ਮੈਦਾਨ ਵਿੱਚ ਪੂਲ ਡੀ ਦੀ ਜੇਤੂ ਬਨਾਮ ਪੂਲ ਸੀ ਦੀ ਉਪ-ਵਿਜੇਤਾ ਦਾ ਮੁਕਾਬਲਾ ਹੋਵੇਗਾ, ਏਸੇ ਦਿਨ ਈਡਨ ਪਾਰਕ ਵਿੱਚ ਪੂਲ ਏ ਦੀ ਜੇਤੂ ਬਨਾਮ ਪੂਲ ਬੀ ਦੀ ਉਪ-ਜੇਤੂ ਦੀ ਟੱਕਰ ਹੋਵੇਗੀ। ਈਡਨ ਪਾਰਕ ਵਿੱਚ 15 ਅਕਤੂਬਰ ਨੂੰ ਪਹਿਲੇ ਅਤੇ ਦੂਜੇ ਕੁਆਰਟਰ ਫ਼ਾਈਨਲ ਦੀਆਂ ਜੇਤੂ ਟੀਮਾਂ ਦਾ ਪਹਿਲਾ ਸੈਮੀਫ਼ਾਈਨਲ ਹੋਵੇਗਾ,ਜਦੋਂ ਕਿ ਏਸੇ ਹੀ ਖੇਡ ਮੈਦਾਨ ਵਿੱਚ 16 ਅਕਤੂਬਰ ਨੂੰ ਤੀਜੇ ਅਤੇ ਚੌਥੇ ਕੁਆਰਟਰ ਫ਼ਾਈਨਲ ਦੀਆਂ ਜੇਤੂ ਟੀਮਾਂ ਦਾ ਦੂਜਾ   ਸੈਮੀਫ਼ਾਈਨਲ ਹੋਵੇਗਾ। ਇਹਨਾਂ ਸੈਮੀਫ਼ਾਈਨਲਾਂ ਵਿੱਚੋਂ ਹਾਰਨ ਵਾਲੀਆਂ ਟੀਮਾਂ ਦਾ ਤੀਜੇ ਅਤੇ ਚੌਥੇ ਸਥਾਨ ਲਈ ਮੁਕਾਬਲਾ ਈਡਨ ਪਾਰਕ ਵਿੱਚ ਹੀ 21 ਅਕਤੂਬਰ ਨੂੰ ਹੋਵੇਗਾ,ਜਦੋਂ ਕਿ ਏਸੇ ਹੀ ਮੈਦਾਨ ਵਿੱਚ 23 ਅਕਤੂਬਰ ਨੂੰ ਸੈਮੀਫ਼ਾਈਨਲ ਜੇਤੂਆਂ ਦੀ ਖ਼ਿਤਾਬੀ ਟੱਕਰ ਦਾ ਦਰਸ਼ਕ ਭਰਪੂਰ ਨਜ਼ਾਰਾ ਮਾਨਣਗੇ।                          
              

No comments: