Thursday, September 15, 2011

ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨ:ਹੁਣ ਕਮਰਿਆਂ ਦੀ ਬੁਕਿੰਗ ਆਨਲਾਈਨ


ਇਕ ਹਜ਼ਾਰ ਨਵੇਂ ਕਮਰੇ ਬਣਾਉਣ ਦਾ ਵੀ ਹੋਇਆ ਫੈਸਲਾ 
ਲੁਧਿਆਣਾ: ਮੈਂ ਖੁਦ ਜਦ ਵੀ ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਜਾਂਦਾ ਹਾਂ ਤਾਂ ਆਮ ਤੌਰ ਤੇ ਪਰਿਕ੍ਰਮਾ ਵਿੱਚ ਰਹਿ ਕੇ ਉਸ ਅਲੌਕਿਕ ਨਜ਼ਾਰੇ ਦਾ ਆਨੰਦ ਮਾਣਦਾ ਹਾਂ. ਜੇ ਨੀਂਦ ਆ ਵੀ ਜਾਏ ਤਾਂ ਪਰਿਕ੍ਰਮਾ ਦਾ ਹੀ ਇੱਕ ਚੱਕਰ ਲਗਾ ਕੇ ਜਾਂ ਫੇਰ ਜਲ ਦਾ ਕੌਲਾ ਪੀ ਕੇ ਨਵੀਂ ਤਾਜ਼ਗੀ ਆ ਜਾਂਦੀ ਹੈ. ਪਰ ਸਾਰਿਆਂ ਦੇ ਤਨ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਨਹੀਂ ਹੁੰਦੀ.  ਕਈ ਸ਼ਰਧਾਲੂ ਬਹੁਤ ਹੀ ਦੂਰੋਂ ਆਉਂਦੇ ਹਨ. ਥਕਾਵਟ ਹੋ ਜਾਂਦੀ ਹੈ ਤੇ ਉਹਨਾਂ ਰਾਤ ਨੂੰ ਝੱਟ ਘੜੀ ਸੌਣਾ ਵੀ ਹੁੰਦਾ ਹੈ. ਕਈ ਸ਼ਰਧਾਲੂ ਸਫ਼ਰ ਵਿੱਚ ਬੀਮਾਰ ਹੋ ਜਾਂਦੇ ਹਨ. ਜਦੋਂ ਉਹ ਕਮਰਾ ਲੈਣ ਲੈ ਜਾਂਦੇ ਹਨ ਤਾਂ ਕਮਰੇ ਦੇ ਮਾਮਲੇ ਵਿੱਚ ਕਾਫੀ ਦਿੱਕਤ ਆਉਂਦੀ ਹੈ. ਹਾਲਾਂਕਿ ਇਥੇ ਕਈ ਸਰਾਵਾਂ ਹਨ, ਕਈ ਨਿਵਾਸ ਹਨ ਅਤੇ ਕਮਰੇ ਵੀ ਬਹੁਤ ਵਧੀਆ ਹਨ. ਵਿਦੇਸ਼ੀ ਸ਼ਰਧਾਲੂਆਂ ਲਈ ਏਅਰ ਕੰਡੀਸ਼ੰਡ ਕਮਰੇ ਵੀ ਹਨ. ਇਹਨਾਂ ਸਾਰੇ ਪ੍ਰਬੰਧਾਂ ਦੇ ਬਾਵਜੂਦ ਕਮੀਆਂ ਵੀ ਸਾਹਮਣੇ ਆਉਂਦੀਆਂ ਹਨ ਕਿਓਂਕਿ ਸ਼ਰਧਾਲੂ ਬਹੁਤ ਵੱਡੀ ਗਿਣਤੀ ਵਿੱਚ ਉਥੇ ਪੁੱਜਦੇ ਹਨ. ਇਸ ਲਈ ਕਮੀਆਂ ਰਹਿ ਜਣਿਆਂ ਕੋਈ ਵੱਡੀ ਗੱਲ ਨਹੀਂ. ਫਿਰ ਵੀ ਬਹੁਤ ਕੁਝ ਹੋਣ ਵਾਲਾ ਹੈ ਜੋ ਹੋਣਾ ਚਾਹੀਦਾ ਹੈ. ਐਸਜੀਪੀਸੀ ਚੋਣਾਂ ਦੇ ਇਸ ਇਤਿਹਾਸਿਕ ਮੌਕੇ 'ਤੇ ਫਿਲਹਾਲ ਕਮਰਿਆਂ ਦੇ ਮਾਮਲੇ ਵਿੱਚ ਇੱਕ ਨਵੀਂ ਸਹੂਲਤ ਮਿਲਣ ਲੱਗੀ ਹੈ. ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਹੁਣ ਕਮਰਿਆਂ ਦੀ ਬੁਕਿੰਗ ਇੰਟਰਨੈਟ ਰਾਹੀਂ ਵੀ ਹੋ ਸਕੇਗੀ.  ਪੰਜਾਬ 'ਚ ਵਿਕਾਸ ਦੀ ਗੱਲ ਅਤੇ ਐਸਜੀਪੀਸੀ ਚੋਣਾਂ ਵਿੱਚ ਰਿਕਾਰਡ ਤੋੜ ਜਿੱਤ ਮਿਲਣ ਦੀ ਪੇਸ਼ੀਨਗੋਈ ਕਰਦਿਆਂ ਉਹਨਾਂ ਮੰਗਲਵਾਰ ਨੂੰ ਜਲੰਧਰ 'ਚ ਕਿਹਾ ਕਿ ਹੁਣ ਇਹਨਾਂ ਕਮਰਿਆਂ ਦੀ ਬੁਕਿੰਗ ਆਨ ਲਾਈਨ ਹੋ ਸਕੇਗੀ. 
ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਫੈਸਲਾ ਲਿਆ ਗਿਆ ਹੈ ਕਿ ਦਰਬਾਰ ਸਾਹਿਬ ਕੰਪਲੈਕਸ 'ਚ ਹੁਣ ਕਮਰਿਆਂ ਦੀ ਬੁਕਿੰਗ ਆਨ ਲਾਈਨ ਸ਼ੁਰੂ ਕਰ ਦਿੱਤੀ ਜਾਏਗੀ. ਦੂਰੋਂ-ਦੁਰਾਡਿਓਂ ਤੇ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਆਨ ਲਾਈਨ ਆਪਣੇ ਲਈ ਰੂਮ ਬੁੱਕ ਕਰਵਾ ਸਕਣਗੇ. ਸ਼ਰਧਾਲੂਆਂ ਦੀ ਵਾਹ ਰਹੀ ਗਿਣਤੀ ਨੂੰ ਧਿਆਨ ਵਿੱਚ ਰਖਦਿਆਂ ਉਹਨਾਂ ਕਿਹਾ ਕਿ ਇਸ ਮਕਸਦ ਲਈ ਇਕ ਹਜ਼ਾਰ ਨਵੇਂ ਕਮਰੇ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ. ਦਰਬਾਰ ਸਾਹਿਬ ਦਾ ਸਾਰਾ ਹਿਸਾਬ ਕਿਤਾਬ ਵੀ ਆਨ ਲਾਈਨ ਕਰ ਕੇ ਵੈਬਸਾਈਟ 'ਤੇ ਪਾ ਦਿੱਤਾ ਜਾਏਗਾ. ਲੋਕ ਹੁਣ ਇਕ ਕਲਿੱਕ ਨਾਲ ਦਰਬਾਰ ਸਾਹਿਬ ਦਾ ਸਾਰਾ ਹਿਸਾਬ-ਕਿਤਾਬ ਦੇਖ ਸਕਣਗੇ. ਇਸਦਾ ਵੇਰਵਾ ਦੇਂਦਿਆਂ ਉਹਨਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਦੀ ਐੱਸ. ਜੀ. ਪੀ. ਸੀ. ਪ੍ਰਧਾਨ ਨਾਲ ਵੀ ਗੱਲਬਾਤ ਹੋ ਚੁੱਕੀ ਹੈ. ਇਸ 'ਤੇ ਕੰਮ-ਕਾਜ ਸ਼ੁਰੂ ਕਰ ਦਿੱਤਾ ਗਿਆ ਹੈ.
ਉਹਨਾਂ ਹਿਸਾਬ ਕਿਤਾਬ ਬਾਰੇ ਪੰਥਕ ਮੋਰਚੇ ਦੇ ਬਿਆਨਾਂ ਨੂੰ ਵੀ ਲੰਮੇ ਹਥੀਂ ਲਿਆ ਅਤੇ ਕਿਹਾ ਕਿ ਇਹਨਾਂ ਆਗੂਆਂ ਨੇ ਹਿਸਾਬ-ਕਿਤਾਬ ਨੂੰ ਲੈ ਕੇ ਪਿਛਲੇ ਦਿਨੀਂ ਕਾਫੀ ਸ਼ੋਰ-ਸ਼ਰਾਬਾ ਮਚਾਇਆ ਸੀ ਅਤੇ ਇਥੋਂ ਤੱਕ ਕਿਹਾ ਸੀ ਕਿ ਦਰਬਾਰ ਸਾਹਿਬ ਘਾਟੇ 'ਚ ਚੱਲ ਰਿਹਾ ਹੈ. ਸਿੱਖ ਵਿਦਵਾਨਾਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਐਲਾਨ ਕਰਕੇ ਜਿੱਥੇ ਪਾਰਦਰਸ਼ਿਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਉਧਰ ਹੁਣ  ਐੱਸ. ਜੀ. ਪੀ. ਸੀ. ਚੋਣਾਂ 'ਚ ਪੰਥਕ ਏਜੰਡੇ ਨੂੰ ਵੀ ਅਪਣਾ ਲਿਆ ਹੈ. ਕਾਬਿਲੇ ਜ਼ਿਕਰ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਮਰਿਆਂ ਦੀ ਉਸਾਰੀ ਕਾਫੀ ਲੰਮੇ ਅਰਸੇ ਤੋਂ ਕਰਨ ਦੇ ਐਲਾਨ ਕਰ ਰਹੀ ਹੈ.ਇਸ ਜੰਗ ਵਿੱਚ ਕਮਰਿਆਂ ਦੀ ਉਸਾਰੀ ਅਤੇ ਆਨਲਾਈਨ ਬੁਕਿੰਗ ਸਿੱਖ ਜਗਤ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ.ਫਿਰ ਵੀ ਇਹ ਦੇਖਣਾ ਅਜੇ ਬਾਕੀ ਹੈ ਕਿ ਇਹਨਾਂ ਸਹੂਲਤਾਂ ਦੇ ਫਾਇਦੇ ਆਮ ਭਾਈ ਲਾਲੋ ਵਰਗੇ ਗਰੀਬ ਸਿੱਖ ਨੂੰ ਵੀ ਮਿਲਦੇ ਹਨ ਜਾਂ ਸਿਰਫ ਮਲਕ ਭਾਗੋਆਂ ਤੱਕ ਹੀ ਰਹਿੰਦੇ ਹਨ ! --ਰੈਕਟਰ ਕਥੂਰੀਆ 

No comments: