Monday, September 05, 2011

ਘੋੜਾ ਘਾਹ ਨਾਲ਼ ਯਾਰੀ ਪਾਊ ਤਾਂ ਖਾਊਗਾ ਕੀ’?


ਇਸਦਾ ਜੁਆਬ ਦੇ ਰਹੇ ਹਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰ 
photo courtesy: Noehill Travals
ਅਸੀਂ ਸੱਭ ਗੁਰਦੁਆਰੇ, ਮੰਦਰ, ਮਸਜਿਦ, ਚਰਚ ਆਦਿ ਆਪੋ-ਆਪਣੇ ਧਾਰਮਿਕ ਅਸਥਾਨ ਜਾਂਦੇ ਹਾਂ । ਅਸੀਂ ਸਮਝਦੇ ਹਾਂ ਕਿ ਸਿਰਫ ਏਹੀ ਗੁਰੂ ਦਾ ਘਰ ਹੈ । ਗੁਰਦੁਆਰੇ ਦੇ ਅਰਥ ਅਸੀਂ ਏਹੀ ਕਰ ਰੱਖੇ ਨੇ ‘ਗੁਰੂ ਦਾ ਘਰ’ ਸਿਰਫ਼ ਏਹੋ ਗੁਰੂ ਦਾ ਘਰ ਹੈ । ਸਿਰਫ਼ ਤੇ ਸਿਰਫ਼ ਏਥੇ ਹੀ ਰੱਬ ਬੈਠਾ ਹੈ, ਇਸ ਕਰਕੇ ਏਥੇ ਹੀ ਅਸੀਂ ਝੂਠ ਨਹੀਂ ਬੋਲਣਾ, ਬਾਹਰ ਬੋਲ ਸਕਦੇ ਹਾਂ। ਸਿਰਫ ਏਥੇ ਹੀ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਣਾ, ਬਾਹਰ ਬੋਲ ਸਕਦੇ ਹਾਂ। ਏਥੇ ਅਸੀਂ ਲੰਗਰਾਂ ਦੇ ਪ੍ਰਵਾਹ ਚਲਾ ਦਿੰਦੇ ਹਾਂ, ਪਰ ਜਦੋਂ ਆਪਣੀ ਦੁਕਾਨ ਤੇ ਬੈਠੇ ਹੁੰਦੇ ਹਾਂ ਉਥੇ ਲਿਖ ਕੇ ਲਾਇਆ ਹੁੰਦਾ ਹੈ’ ‘ਘੋੜਾ ਘਾਹ ਨਾਲ਼ ਦੋਸਤੀ ਕਰੂ ਤਾਂ ਖਾਊਗਾ ਕੀ’ ਉਥੇ ਅਸੀਂ ਠੱਗੀ ਮਾਰਨ ਤੋਂ ਨਹੀਂ ਹਟਦੇ । ਅਸੀਂ ਮਿਲਾਵਟੀ ਮਾਲ ਖਰੀਦਦੇ ਹਾਂ ਤੇ ਉਸ ਨੂੰ ਉਚੀ ਕੀਮਤ ਤੇ ਵੇਚ ਕੇ ਖੁਸ਼ ਹੁੰਦੇ ਹਾਂ। ਮਿਲਾਵਟੀ ਤਾਂ ਖਰੀਦਦੇ ਹਾਂ ਕਿਉਂਕਿ ਚਾਰ ਪੈਸੇ ਉਸੇ ਵਿਚੋਂ ਹੀ ਬਚਦੇ ਹਨ। ਜਦੋਂ ਗੁਰੂ ਘਰ ਆਉਂਦੇ ਹਾਂ ਤਾ ਉਥੇ ਆ ਕੇ ਬੜੇ ਸ਼ਰੀਫ ਸਾਊ ਜਿਹੇ ਬਣ-ਬਣ ਕੇ ਦਿਖਾਉਂਦੇ ਹਾਂ । ਕੀ ਹੋ ਗਿਆ ਸਾਨੂੰ ? ਗੁਰਦੁਆਰੇ ਅਸੀਂ ਆਪਣੇ ਗੁਰੂ ਕੋਲੋ ਸਿਖਣ ਆਉਂਦੇ ਹਾਂ ਕਿ ਚੰਗੇ ਕੰਮ ਕਿਵੇਂ ਕਰਨੇ ਨੇ ? ਗੁਰਦੁਆਰਾ ਸਾਡਾ ਸਕੂਲ ਹੈ ਇਥੋਂ ਅਸੀਂ ਸਿਖਣਾ ਹੈ ਕਿ ਰੱਬ, ਅੱਲਾ, ਗਾਡ, ਹਰੇਕ ਦੇ ਅੰਦਰ ਹੈ ।
“ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ”
ਇਸੇ ਨੂੰ ਅਸੀਂ ਪਛਾਨਣਾ ਹੈ। ਸਕੂਲ ਵਿਚੋਂ ਸਿਖ ਕੇ ਅਸੀਂ ਉਸ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ ਹੈ, ਨਾ ਕਿ ਦਿਖਾਵੇ ਦੇ ਕਰਮਕਾਂਡੀ ਬਣ, ਸ਼ਰੀਫਤਾ ਦਾ ਨਕਾਬ ਸਿਰਫ਼ ਗੁਰਦੁਆਰੇ ਆ ਕੇ ਹੀ ਚੜਾਉਣਾ ।ਸਿਖ ਨੇ ਕੋਈ ਨਕਾਬ ਨਹੀਂ ਪਹਿਨਣਾ। “ਸਾਬਤ ਸੂਰਤ ਦਸਤਾਰ ਸਿਰਾ” ਦਾ ਵੀ ਏਹੋ ਅਰਥ ਹੈ। ਜਿਵੇਂ ਅੰਦਰੋਂ ! ਉਵੇਂ ਹੀ ਬਾਹਰੋ ! ਸਾਬਤ ਸੂਰਤ ਰਹਿਣ ਦਾ ਮਤਲਬ ਹੀ ਏਹੋ ਹੈ ਕਿ ਕੁਦਰਤ ਨਾਲ਼ ਇਕਮਿਕਤਾ।
ਅਸੀਂ ਆਪਣੀ ਹੱਟੀ ਤੇ ਗਾਹਕ ਨੂੰ ਬੱਕਰਾ ਸਮਝ ਕੇ ਝਟਕਾਉਣ ਵਿੱਚ ਖੁਸੀ ਮਹਿਸੂਸ ਕਰਦੇ ਹਾਂ ਸਾਨੂੰ ਸਿਖਾਇਆ ਹੀ ਏਹੋ ਜਾਂਦਾ ਹੈ । ਸਾਡੇ ਘਰਾਂ, ਸਕੂਲਾ ਵਿੱਚ ਜੋ ਵੀ ਵਿੱਦਿਆ ਮਿਲ਼ ਰਹੀ ਹੈ, ਸੱਭ ਪੈਸੇ ਬਣਾਉਣ ਦੀਆਂ ਮਸ਼ੀਨਾ ਬਣਾਉਣ ਤੇ ਲੱਗੇ ਹੋਏ ਹਨ । ਡਾਕਟਰ, ਇੰਜੀਨੀਅਰ, ਵਪਾਰੀ ਬਣਾਉਣ ਤੇ ਲੱਗੇ ਹੋਏ ਹਨ । ਚੰਗਾ ਮਨੁੱਖ ਬਣਾਉਣ ਦੀ ਕੋਈ ਵੀ ਗੱਲ ਨਹੀਂ ਕਰਦਾ । ਕੀ ਹੋ ਗਿਆ ਸਾਨੂੰ ?
ਅਸੀਂ ਮਨੁੱਖਾਂ ਨੇ ਵੰਡੀਆਂ ਪਾ ਰੱਖੀਆਂ ਨੇ, ਏਹ ਪੰਡਤ ਹੈ, ਇਹ ਜੱਟ ਹੈ, ਇਹ ਚਮਾਰ ਹੈ, ਇਹ ਭਾਪਾ ਹੈ, ਇਹ ਰਾਮਗੜੀਆ ਹੈ । ਅਸੀ ਆਪਣੇ ਗੁਰਦੁਆਰੇ ਵੀ ਵੰਡ ਰੱਖੇ ਨੇ, ਜੱਟਾ ਦਾ ਗੁਰਦੁਆਰਾ, ਰਵਿਦਾਸੀਆ ਦਾ ਗੁਰਦੁਆਰਾ, ਭਾਪਿਆਂ ਦਾ ਗੁਰਦੁਆਰਾ , ਰਾਮਗੜੀਆ ਦਾ ਗੁਰਦੁਆਰਾ । ਸੱਭ ਵਿੱਚ ਪ੍ਰਕਾਸ਼ ਇਕੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਹੈ ਪਰ ਅਸੀਂ ਵੰਡ ਰੱਖੇ ਨੇ, ਕਿਉਂ? ਕਿਉਂਕਿ ਸਾਨੂੰ ਵੰਡਣਾ ਆਉਦਾ ਹੈ । ਸਾਨੂੰ ਵੰਡਣ ਦੀ ਜਾਂਚ ਆ ਗਈ ਹੈ ਤਾਂ ਅਸੀ ਵੰਡ ਰੱਖੇ ਨੇ । ਅਸੀਂ ਆਪਣੇ  ਗੁਆਢੀ ਨਾਲ਼ ਵੀ ਬੋਲ ਨਹੀਂ ਸਕਦੇ । ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ ਉਥੇ ਵੀ ਅਸੀਂ ਵੰਡੇ ਹੋਏ ਹਾਂ। ਪੁੱਤਰ ਦੀ ਮਾਪਿਆਂ ਨਾਲ਼ ਨਹੀਂ ਬਣਦੀ। ਨੂੰਹ ਦੀ ਸੱਸ ਨਾਲ਼ ਨਹੀਂ ਬਣਦੀ। ਧੀ ਦੀ ਮਾ ਪਿਉ ਨਾਲ਼ ਨਹੀਂ ਬਣਦੀ ।
ਕਿਉਂ ?? ਕਿਉਂਕਿ ਸਾਡਾ ਅਹੰਕਾਰ ਹੀ ਸਾਨੂੰ ਮਿਲਣ ਨਹੀਂ ਦੇਂਦਾ । ਸਾਡਾ ਹੰਕਾਰ ਹੀ ਹੈ ਜੋ ਸਾਨੂੰ ਕਹਿੰਦਾ ਹੈ ਕਿ ਉਹ ਚਮਾਰ ਹਨ ਉਹਨਾ ਕੋਲ਼ ਨਹੀਂ ਬੈਠਣਾ, ਕਿਉਂਕਿ ਮੈਂ ਤਾਂ ਉਚੀ ਜਾਤ ਦਾ ਹਾਂ । ਸਾਡਾ ਅਹੰਕਾਰ ਸਾਡੇ ਘਰਾਂ ਵਿੱਚ ਕੰਮ ਕਰਦੀਆਂ ਮਾਵਾਂ ਭੈਣਾ ਨੂੰ ਗਾਲ਼ਾ ਨਾਲ਼ ਸੰਬੋਧਨ ਕਰਕੇ ਬੁਲਾਉਂਦਾ ਹੈ । ਦਫਤਰਾਂ ਵਿੱਚ ਆਪਣੇ ਥੱਲੇ ਕੰਮ ਕਰਨ ਵਾਲ਼ਿਆਂ ਨੂੰ ਰੋਅਬ ਨਾਲ਼ ਬੁਲਾਉਂਦੇ ਹਾਂ, ਜਦੋਂ ਪੁਛਿਆ ਜਾਵੇ ਤਾਂ ਤਰਕ ਵੀ ਅਜਿਹੇ ਦਿੰਦੇ ਹਾ, “ਅਗਰ ਇਹਨਾ ਨੂੰ ਪਿਆਰ ਨਾਲ਼ ਬੁਲਉਂਗੇ ਤਾਂ ਇਹ ਸਿਰ ਤੇ ਮੂਤਣਗੇ” । ਪਤੀ ਪਤਨੀ ਦੀ ਆਪਸੀ ‘ਈਗੋ’ ਹੀ ਇਕ ਦੂਜੇ ਨੂੰ, ਇਕ ਦੂਸਰੇ ਦੇ ਨੇੜੇ ਨਹੀਂ ਆਉਂਣ ਦਿੰਦੀ । ਪਤੀ ਕਹਿੰਦਾ ਹੈ ਮੈ ਇਸ ਤੋਂ ਸੁਪੀਰੀਅਰ ਹਾਂ, ਇਸ ਨੂੰ ਕੀ ਪਤਾ ਹੈ ਮੈਂ ਕਮਾਉਂਦਾ ਹਾਂ । ਪਤਨੀ ਸੋਚਦੀ ਹੈ ਮੈਂ ਕਿਉਂ ਬੁੱਢੇ ਬੁੱਢੀ ਦੀ ਸੇਵਾ ਕਰਾਂ ? ਮੈਂ ਕੋਈ ਇਹਨਾਂ ਦੇ ਘਰ ਦੀ ਨੌਕਰ ਹਾਂ । ਕੰਮ ਕਰਨ ਤੋਂ ਟਾਲ਼ਾ ਵੱਟਦੀ ਹੈ । ਪਰ ਉਹੀ ਜਦ ਗੁਰਦੁਆਰੇ, ਮੰਦਰ, ਮਸਜਿਦ, ਜਾਂ ਕਿਸੇ ਡੇਰੇ ਆਦਿ ਜਾਂਦੀ ਹੈ ਤਾਂ ਉਥੇ ਤਰਜੀਹ ਹੀ ਸੇਵਾ ਨੂੰ ਦਿੰਦੀ ਹੈ । ਕੀਰਤਨ ਉਸ ਤੋਂ ਸੁਣਿਆ ਨਹੀਂ ਜਾਂਦਾ । ਭਾਂਡੇ ਮਾਂਜਦੀ, ਪੋਚੇ ਮਾਰਦੀ, ਲਾਂਗੜ ਚੜਾਹ ਕੇ ਭੱਜੀ ਹੀ ਫਿਰਦੀ ਹੈ । ਧੀ ਸੋਚਦੀ ਹੈ ਕਿ ਇਸ ਬੁੱਢੇ ਮਾ ਬਾਪ ਨੂੰ ਕੀ ਪਤਾ ਮੈਂ ਸਿਰ ਖੁਦ ਕਰੂੰਗੀ । ਸਿਰਖੁਦ ਕਰਦੀ ਕਰਦੀ ‘ਖੁਦਕੁਸ਼ੀ’ ਦੀ ਨੌਬਤ ਤੱਕ ਪਹੁੰਚ ਜਾਂਦੀ ਹੈ । ਪੁੱਤਰ ਸੋਚਦਾ ਹੈ ਮੈਂ ਐਨੀ ਤਨਖਾਹ ਲੈਂਦਾ ਹਾਂ, ਐਨਾ ਕੰਮ ਕਰਦਾ ਹਾਂ, ਬੱਸ ਘਰ ਵਿੱਚ ਦਿਖਾਵਾ ਕਰਦਾ ਹੈ ਕਿ ਮੈਂ ਐਨਾ ਬਿਜੀ ਹਾਂ, ਬੁੱਢੇ ਮਾਂ ਬਾਪ ਨਾਲ਼ ਬੋਲਦਾ ਨਹੀਂ । ਘਰ ਵਿੱਚ ਬੈਠਣ ਦਾ ਵੀ ਟਾਈਮ ਨਹੀਂ । ਬੱਸ ਭੱਜਿਆ ਫਿਰਦਾ ਹੈ, ਕਦੇ ਕੋਈ ਗੱਲ ਨਹੀਂ ਕਰਦਾ ਸਾਰਾ ਦਿਨ ਕੁੜਿਆ ਰਹਿੰਦਾ ਹੈ । ਪਰ ਜਦੋਂ ਉਸ ਦੇ ਦੋਸਤ ਆਉਂਦੇ ਹਨ ਉਹਨਾ ਨਾਲ਼ ਬੜੀਆਂ ਹੱਸ-ਹੱਸ ਗੱਲਾਂ ਕਰੇਗਾ । ਬੜੇ ਜੋਸ਼-ਖਰੋਸ਼ ਨਾਲ਼ ਮਿਲੇਗਾ । ਐਦਾਂ ਲੱਗਦਾ ਜਿਵੇ ਉਸ ਨੂੰ ਉਸ ਦਾ ਘਰ ਦੰਦੀਆਂ ਵੱਢਦਾ ਹੋਵੇ ।
ਇਕ ਅੰਗਰੇਜੀ ਕਹਾਣੀ ਬੜੀ ਪਿਆਰੀ ਤੇ ਸਿਖਿਆਦਾਇਕ ਹੈ । ਇਸ ਅੰਗਰੇਜੀ ਕਹਾਣੀ ਮੁਤਾਬਕ ਇਕ ਬੱਚਾ ਆਪਣੀ ਮਾਂ ਨਾਲ਼ ਸੁਪਰਮਾਰਕੀਟ ਜਾਂਦਾ ਹੈ । ਉਸ ਬੱਚੇ ਨੂੰ ਕੁੱਤੇ (ਪੈਟਸ) ਪਾਲਣ ਦਾ ਸ਼ੌਕ ਹੈ । ਉਸ ਦੀ ਮਾਂ ਉਸ ਬੱਚੇ ਨੂੰ ਪੈਟਸ ਸਾਪ ਤੇ ਛੱਡ ਦਿੰਦੀ ਹੈ ਤੇ ਆਪ ਨਾਲ਼ ਵਾਲ਼ੀਆਂ ਦੁਕਾਨਾ ਤੋਂ ਘਰ ਦੀ ਖਰੀਦਦਾਰੀ ਲਈ ਚਲੇ ਜਾਂਦੀ ਹੈ । ਬੱਚਾ ਕੁੱਤਿਆਂ ਨੂੰ ਦੇਖਣ ਲੱਗ ਜਾਂਦਾ ਹੈ, ਉਹ ਉਸ ਨੂੰ ਬੜੇ ਪਿਆਰੇ ਲੱਗਦੇ ਹਨ । ਉਹ ਉਹਨਾ ਵਿਚੋਂ ਕਿਸੇ ਇਕ ਨੂੰ ਖਰੀਦਣ ਬਾਰੇ ਸੋਚਦਾ ਹੈ । ਬੱਚਾ ਜਦੋਂ ਉਹਨਾਂ ਪੈਟਸ ਦਾ ਰੇਟ ਪੁੱਛਦਾ ਹੈ ਉਹ ਬੜੇ ਕੀਮਤੀ ਹੁੰਦੇ ਹਨ । ਬੱਚਾ ਦੁਕਾਨਦਾਰ ਨੂੰ ਕਹਿਦਾ ਹੈਕਿ ਉਸ ਕੋਲ ਸਿਰਫ 75 ਡਾਲਰ ਹਨ,ਉਸ ਨੂੰ ਕੋਈ ਸਸਤਾ ਪੈਟਸ ਦਿਖਾਵੇ । ਦੁਕਾਨਦਾਰ ਉਸ ਨੂੰ ਇਕ ਪਿਛਿਓ ਲੁਕਿਆ ਹੋਇਆ ਛੋਟਾ ਜਿਹਾ ਕੁੱਤਾ ਦਿਖਾਉਦਾ ਹੈ ਅਤੇ ਉਸ ਦਾ ਰੇਟ 75 ਡਾਲਰ ਦੱਸਦਾ ਹੈ ਅਤੇ ਨਾਲ ਹੀ ਦੱਸਦਾ ਹੈ ਕਿ ਇਹ ਲੰਗੜਾ ਹੈ । ਇਸ ਦੀ ਇਕ ਲੱਤ ਖਰਾਬ ਹੈ । ਬੱਚੇ ਨੂੰ ਉਹ ਕੁੱਤਾ ਪਸੰਦ ਆ ਜਾਂਦਾ ਹੈ । ਉਹ ਉਸ ਨੂੰ ਖਰਿਦਣ ਲਈ ਪੈਸਿਆਂ ਲਈ ਜਦ ਅਪਣੀ ਪੈਂਟ ਵਿਚ ਹੱਥ ਮਾਰਦਾ ਹੈ ਤਾ ਕੀ ਦੇਖਦਾ ਹੈ ਕਿ ਪੈਸੇ ਉਸ ਦੀ ਜੇਬ ਵਿਚ ਹੁੰਦੇ ਹੀ ਨਹੀਂ ।
ਬੱਚਾ ਕੁੱਤੇ ਨੂੰ ਗੋਦੀ ਵਿੱਚ ਚੁੱਕ ਲੈਂਦਾ ਹੈ ਤੇ ਆਪਣੀ ਮੰਮੀ ਦਾ ਇੰਤਜਾਰ ਕਰਨ ਲੱਗਦਾ ਹੈ । ਥੋੜੀ ਦੇਰ ਬਾਅਦ ਉਸ ਦੇ ਮੰਮੀ ਵੀ ਉਸ ਪੈਟਸ ਦੀ ਦੁਕਾਨ ਤੇ ਪਹੁੰਚ ਜਾਂਦੇ ਹਨ । ਉਸ ਦੀ ਮਾਂ ਬੱਚੇ ਨੂੰ ਆਖਦੀ ਹੈ ਕਿ ਬੇਟਾ ਤੂੰ ਕੋਈ ਵੀ ਪੈਟਸ ਖਰੀਦ ਸਕਦਾ ਹੈ ਪੈਸਿਆਂ ਦੀ ਕੋਈ ਪ੍ਰਾਬਲਮ ਨਹੀਂ । ਪਰ ਬੱਚਾ ਉਸੇ ਕੁੱਤੇ ਨੂੰ ਲੈਣ ਦੀ ਜਿਦ ਕਰਨ ਲੱਗਦਾ ਹੈ । ਉਸ ਬੱਚੇ ਨੂੰ ਦੁਕਾਨਦਾਰ ਵੀ ਸਮਝਾਉਂਦਾ ਹੈ ਕਿ ਬੇਟਾ ਇਸ ਕੁੱਤੇ ਦੀ ਇੱਕ ਲੱਤ ਟੁੱਟੀ ਹੋਈ ਹੈ ਤੂੰ ਕੋਈ ਹੋਰ ਵਧੀਆ ਜਿਹਾ ਕੁੱਤਾ ਲੈ ਲਾ, ਪਰ ਉਹ ਬੱਚਾ ਉਸ ਕੁੱਤੇ ਨੂੰ ਲੈਣ ਦੀ ਜਿਦ ਤੇ ਹੀ ਅੜਿਆ ਰਹਿੰਦਾ ਹੈ । ਜਦ ਉਸ ਦੀ ਮੰਮੀ ਵੀ ਜਿਦ ਕਰਨ ਲੱਗਦੀ ਹੈ ਤਾਂ ਉਹ ਬੱਚਾ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ, ਲਿਟਣ ਲੱਗ ਜਾਂਦਾ ਹੈ । ਲਿਟਦਾ-ਲਿਟਦਾ ਲੇਰਾ ਮਾਰਦਾ ਆਪਣੀ ਪੈਂਟ ਖੋਹਲ ਦਿੰਦਾ ਹੈ ਤੇ ਰੋਦੇ-ਰੋਂਦੇ ਆਖਦਾ ਹੈ ਇਹ ਦੇਖੋ ਮੇਰੀ ਵੀ ਇੱਕ ਲੱਤ ਲੱਕੜ ਦੀ ਹੈ । ਮੈਂ ਵੀ ਲੰਗੜਾ ਹਾਂ । ਮੈਂ ਇਸ ਦੇ ਦਰਦ ਨੂੰ ਸਮਝਾਂਗਾ ਤੇ ਇਹ ਮੇਰੇ ਦਰਦ ਨੂੰ ਸਮਝੇਗਾ, ਅਸੀਂ ਵਧੀਆ ਦੋਸਤ ਬਣ ਸਕਦੇ ਹਾਂ । ਇਸ ਕਰਕੇ ਮੈਂ ਏਹੋ ਪੱਪੀ ਲੈਣਾ ਹੈ । ਸਾਰੇ ਅੱਖਾਂ ਭਰ ਲੈਂਦੇ ਹਨ ।

ਕਾਸ਼! ਅਸੀਂ ਵੀ ਉਸ ਛੋਟੇ ਬੱਚੇ ਦੀ ਤਰ੍ਹਾਂ ਇਕ ਦੂਸਰੇ ਦਾ ਦੁੱਖ ਦਰਦ ਸਮਝਦੇ ਹੁੰਦੇ । ਅਸੀਂ ਤਾਂ ਬੱਸ ਆਪਣੇ ਅੱਗੇ ਝੁੱਕੇ ਹੋਏ ਨੂੰ ਮਾਰ ਮੁਕਾ ਕੇ ਹੋਰ ਲਿਟਾ ਦੇਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਸ਼ੁਰੂ ਤੋਂ ਏਹੀ ਸਿੱਖਿਆ ਹੈ ਕਿ ਅੱਗੇ ਨਿਕਲਣ ਲਈ ਦੂਜਿਆਂ ਦੇ ਮੋਢਿਆਂ ਨੂੰ ਲਿਤਾੜਦੇ ਹੋਏ ਉਪਰ ਕਿਵੇਂ ਚੜ੍ਹਨਾ ਹੈ । ਕਾਸ਼ ਅਸੀਂ ਵੀ ਕਦੇ ਕਿਸੇ ਦੂਸਰੇ ਦੀਆਂ ਵੈਸਾਖੀਆਂ ਬਣਦੇ ।
ਇਕ ਹੋਰ ਗੱਲ ਪਿਛੇ ਜਿਹੇ ਦੇਖਣ ਵਿੱਚ ਆਈ, ਕਿ ਹੈਂਡੀਕੈਪਟ ਦਸ ਜਣਿਆਂ ਦੀ ਦੌੜ ਹੋ ਰਹੀ ਸੀ । ਪੂਰਾ ਸਟੇਡੀਅਮ ਉਹਨਾਂ ਦੀ ਦੌੜ ਦੇਖਣ ਲਈ ਖਚਾ-ਖਚ ਭਰਿਆ ਹੋਇਆ ਸੀ । ਦੌੜਦੇ-ਦੌੜਦੇ ਇਕ ਵਿਚਾਰਾ ਗਿਰ ਜਾਂਦਾ ਹੈ, ਬਾਕੀ ਦੇ ਨੌ ਅੱਗੇ ਨਿਕਲ਼ ਜਾਂਦੇ ਹਨ । ਜਦੋਂ ਦੇਖਦੇ ਹਨ ਕਿ ਸਾਡੇ ਵਿਚੋਂ ਇੱਕ ਗਿਰ ਗਿਆ ਹੈ ਤਾ ਉਸ ਨੂੰ ਚੁੱਕਣ ਲਈ ਸਾਰੇ ਪਿਛੇ ਮੁੜਦੇ ਹਨ, ਉਸ ਨੂੰ ਉਠਾਉਂਦੇ ਹਨ । ਏਥੇ ਦੌੜ ਵਿੱਚ ਇਕ ਕਮਾਲ ਦੀ ਗੱਲ ਹੋਰ ਹੁੰਦੀ ਹੈ ਕਿ ਦਸ ਦੇ ਦਸ ਇਕੱਠੇ ਹੀ ਲਾਲ ਰੀਬਨ ਨੂੰ ਕਰੌਸ ਕਰਦੇ ਹਨ । ਤਾੜੀਆਂ ਨਾਲ਼ ਪੂਰਾ ਸਟੇਡੀਅਮ ਗੂੰਜ ਉੱਠਦਾ ਹੈ । ਸਿੱਖ ਲਈਏ ਕੁਝ  ਇਹਨਾਂ ਤੋਂ ਹੀ । ਖੇਡਾਂ ਆਪਸੀ ਭਾਈਚਾਰਾ ਵਧਾਉਣ ਲਈ ਹੁੰਦੀਆਂ ਹਨ, ਪਰ ਆਹ ਕੀ ਹੋ ਗਿਆ ਅੱਜ ਸਾਨੂੰ ? ਜਦ ਕ੍ਰਿਕਟ ਵਿੱਚ ‘ਭਾਰਤ-ਪਾਕਿ’ ਦਾ ਮੈਚ ਹੁੰਦਾ ਹੈ, ਸਾਰਾ ਮੀਡੀਆ ਉਸ ਨੂੰ ਯੁੱਧ ਦਾ ਮੈਦਾਨ ਬਣਾ ਦਿੰਦਾ ਹੈ । ਅਸੀਂ ਮਰਨ ਮਾਰਨ ਤੇ ਹੀ ਉਤਾਰੂ ਹੋ ਜਾਂਦੇ ਹਾਂ । ਕਿਉਂ ਅਸੀਂ ਐਨੀ ਈਰਖਾ ਵਿੱਚ ਬੱਝੇ ਹਾਂ । ਸਾਡਾ ਹੰਕਾਰ ਹੀ ਸਾਨੂੰ ਮਿਲਣ ਨਹੀਂ ਦਿੰਦਾ । ਅਸੀਂ ਬੱਸ ਇਸੇ ਭਰਮ ਵਿੱਚ ਹਾਂ ਕਿ ਸਾਡੇ ਤੋਂ ਸੁਪੀਰੀਅਰ ਕੋਈ ਵੀ ਨਹੀਂ । ਅਸੀ ਸੋਚਦੇ ਹਾਂ ਕਿ ਪਹਿਲਾਂ ਸਤਯੁੱਗ ਸੀ, ਹੁਣ ਕਲਯੁੱਗ ਹੈ । ਇਹ ਧਰਮ ਕਰਮ ਦੀਆਂ ਗੱਲਾਂ ਸਾਡੇ ਤੋਂ ਨੀ ਹੋਣੀਆਂ ਏਨਾਂ ਕਹਿ ਅਸੀਂ ਪੱਲਾ ਝਾੜ ਦਿੰਦੇ ਹਾਂ । ਸਾਡੇ ਘਰਾਂ ਵਿੱਚ ਸਾਨੂੰ ਇਕ ਦੂਸਰੇ ਤੋਂ ਦੂਰ ਕਰਨ ਵਾਲੀਆਂ ਚੀਜਾਂ ਆ ਗਈਆਂ ਹਨ । ਟੀਵੀ ਸਾਡਾ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਅਸੀਂ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ ਹੈ । ਸਾਡੇ ਮੋਬਾਈਲ ਫੋਨ ਵੀ ਦੂਰੀ ਵਧਾਉਣ ਦਾ ਕੰਮ ਕਰਦੇ ਹਨ । ਨੂੰਹ ਸਵੇਰੇ-ਸਵੇਰੇ ਆਪਣੇ ਪੇਕੇ ਫੋਨ ਖੜਕਾ ਦਿੰਦੀ ਹੈ, ਕਿ ਸਾਰੇ ਸੁੱਤੇ ਪਏ ਹਨ, ਮੈਨੂੰ ਹੀ ਕੰਮ ਕਰਨਾ ਪੈ ਰਿਹਾ ਹੈ, ਕੋਈ ਚਾਹ ਬਣਾ ਕੇ ਦੇਣ ਵਾਲ਼ਾ ਨਹੀਂ । ਮਾਂ ਕਹਿੰਦੀ ਹੈ ਅਗਰ ਤੈਨੂੰ ਕੁਝ ਵੀ ਕਿਹਾ ਤੂੰ ਬੱਸ ਇੱਕ ਫੋਨ ਕਰੀਂ ਅਸੀਂ ਪੁਲਿਸ ਲੈ ਕੇ ਪਹੁੰਚ ਜਾਂਵਾਂਗੇ । ਡੌਰੀ ਕੇਸ ਠੋਕ ਕੇ ਸਿਧੇ ਕਰ ਦੇਵਾਂਗੇ । ਝੂਠੇ ਸੱਚੇ ਕੇਸ ਇਕ ਦੂਸਰੇ ਤੇ ਥੋਪੇ ਜਾਂਦੇ ਹਨ । ਧੀਆਂ ਨੂੰ ਜਲਾਉਣ ਦੀਆਂ ਖਬਰਾਂ ਵੀ ਨਿੱਤ ਪੜ੍ਹਦੇ ਹਾਂ । ਪੁਲਿਸ ਵਲੋਂ ਹੁੰਦੀਆਂ ਨਿਤ ਦੀਆਂ ਵਧੀਕੀਆਂ ਨੂੰ ਚੱਲ ਹੋਊ ਕਹਿ ਕੇ ਕਿਉਂ ਛੱਡ ਦਿੰਦੇ ਹਾਂ । ਕਿਉਂ ਅਸੀ ਇੱਕ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਨੀ ਸਮਝਦੇ । ਦੂਸਰੇ ਦੇ ਦੁੱਖ ਤੇ ਕਿਉਂ ਤਮਾਸਾ ਬਣਾਉਦੇ ਹਾਂ ? ਕੀ ਏਹੋ ਸਾਡਾ ਸਮਾਜ ਹੈ ।
ਜਪਾਨ ਵਿੱਚ ਇਕ ਮਾਲ ਬਣ ਰਿਹਾ ਸੀ । ਉਸ ਦੇ ਅੰਦਰ ਲੱਕੜ ਦੀ ਪਾਰਟੀਸ਼ਨ ਬਣਾਈ ਗਈ । ਜਦੋਂ ਤਿੰਨ ਮਹੀਨੇ ਬਾਅਦ ਉਸ ਲੱਕੜ ਦੀ ਪਾਰਟੀਸਨ ਨੂੰ ਖੋਹਲਣ ਲੱਗਦੇ ਹਨ ਤਾਂ ਕੀ ਦੇਖਦੇ ਹਨ ਕਿ ਇਕ ਛਿਪਕਲੀ ਉਸ ਪਾਰਟੀਸਨ ਵਿੱਚ ਫਸੀ ਹੋਈ ਹੈ । ਪਾਰਟਸ਼ਿਨ ਕਰਦੇ ਸਮੇਂ ਉਸ ਛਿਪਕਲੀ ਦੇ ਪੈਰ ਵਿੱਚ ਕਿੱਲ ਠੁਕ ਗਈ ਸੀ । ਸਾਰੇ ਹੈਰਾਨ ਹੁੰਦੇ ਹਨ ਕਿ ਇਹ ਛਿਪਕਲੀ ਤਿੰਨ ਮਹੀਨੇ ਤੱਕ ਕਿਵੇਂ ਬਚੀ ਰਹੀ ? ਉਥੇ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੁੰਦੇ ਹਨ । ਉਹ ਉਹਨਾਂ ਕੈਮਰਿਆਂ ਦੀ ਜਾਂਚ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿਸ ਤਰ੍ਹਾਂ ਬਚੀ ਰਹੀ । ਕੀ ਦੇਖਦੇ ਹਨ ਕਿ ਇਕ ਛਿਪਕਲੀ ਆਉਂਦੀ ਹੈ ਉਸ ਨੂੰ ਖਾਣਾ ਦੇ ਕੇ ਚਲੀ ਜਾਂਦੀ ਹੈ । ਉਹ ਹਰ ਰੋਜ ਇਸੇ ਤਰ੍ਹਾਂ ਕਰਦੀ ਹੈ । ਲਗਾਤਾਰ ਤਿੰਨ ਮਹੀਨੇ ਤੱਕ ਫਸੀ ਹੋਈ ਛਿਪਕਲੀ ਨੂੰ ਉਸ ਦੀ ਦੋਸਤ ਖਾਣਾ ਦਿੰਦੀ ਰਹੀ । ਯਾਰ ਅਸੀਂ ਛਿਪਕਲੀ ਤੋਂ ਹੀ ਕੁਝ ਸਿਖ ਲਈਏ । ਕਿਉਂ ਖੁਦਗਰਜ ਹੋਏ ਪਏ ਹਾਂ । ਕਿਉਂ ਅਸੀਂ ਆਪਣੇ ਘਰਾਂ ਵਿੱਚ ਵੀ ਇਕ ਦੂਜੇ ਤੋਂ ਐਨੇ ਦੂਰ ਹਾਂ । ਸਾਨੂੰ ਇਹ ਧਰਮ ਕਰਮ ਦੀਆਂ ਗੱਲਾਂ ਰਟਣੀਆਂ ਛੱਡ ਆਪਣੇ ਜੀਵਨ ਤੇ ਪ੍ਰੈਕਟੀਕਲੀ ਲਾਗੂ ਕਰਨੀਆਂ ਪੇਣਗੀਆਂ ਤਾਂ ਹੀ ਤਾਂ ਹੀ ਲੋਕ ਸੁਖੀਏ ਪ੍ਰਲੋਕ ਸੁਹੇਲਾ ਹੋ ਸਕਦਾ ਹੈ ਨਹੀਂ ਤਾਂ ਸੱਭ ਫਜੂਲ ਹੈ ।
ਇੰਜੀ. ਮਨਵਿੰਦਰ ਸਿੰਘ ਗਿਆਸਪੁਰ
9872099100
ਪਿੰਡ: ਗਿਆਸਪੁਰ
ਡਾਕ: ਲੋਹਾਰਾ

ਜਿਲ੍ਹਾ : ਲ਼ੁਧਿਆਣਾ
      

1 comment:

pumm said...

gr8 article.....There is a lot to learn & adopt only if we wish to do it.....we are just running without knowing if are on the right track.