Wednesday, September 14, 2011

ਕਿਤੇ ਪੰਜਾਬ ਦੀਆਂ ਜਮੀਨੀ ਸਚਾਈਆਂ ਅਣਗੋਲੀਆਂ ਨਾਂ ਰਹਿ ਜਾਣ

ਕੁਲਵੰਤ ਸਿੰਘ ਢੇਸੀ,
ਕਾਵੈਂਟਰੀ, ਯੂ ਕੇ
*ਸਿੱਖ ਮੈਰਿਜ ਐਕਟ ਤੋਂ ਮੁੱਕਰੀ ਸਰਕਾਰ
*ਭਾਰਤ ਵਿਚ ਕੀ ਹੈ ਸਿੱਖਾਂ ਦਾ ਧਾਰਮਕ ਰੁਤਬਾ?
*ਕੀ ਭਾਰਤੀ ਆਜ਼ਾਦੀ ਨੇ ਸਿੱਖਾਂ ਨੂੰ ਗੁਲਾਮ ਬਣਾ ਦਿਤਾ?
*ਬੰਸਰੀ ਵਜਾ ਰਹੇ ਨੇ ਪੰਜਾਬ ਦੇ ਨੀਰੋ

ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਭਾਰਤ ਸਰਕਾਰ ਦੀ ਦਖਲ ਅੰਦਾਜੀ ਹਰ ਸਿੱਖ ਨੂੰ ਦੁੱਖ ਦੇਣ ਵਾਲੀ ਹੈ। ਪਹਿਲਾਂ ਸਰਕਾਰ ਵਲੋਂ ਸਿੱਖ ਮੈਰਿਜ ਐਕਟ ਨੂੰ ਪ੍ਰਵਾਨ ਕਰਨ ਤੋਂ ਲਗਾਤਾਰ ੬੦ ਵਰ੍ਹੇ ਘੇਸਲ ਵੱਟੀ ਰੱਖਣਾਂ ਅਤੇ ਹੁਣ ਕੇਂਦਰੀ ਕਾਨੂੰਨ ਮੰਤ੍ਰੀ ਖੁਰਸ਼ੀਦ ਆਲਮ ਵਲੋਂ ਰਾਜ ਸਭਾ ਵਿਚ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਕਹਿਣਾਂ ਕਿ ਸਰਕਾਰ ਨੇ ਅਨੰਦ ਕਾਰਜ ਐਕਟ ੧੯੦੯ ਵਿਚ ਸੋਧ ਕਰਕੇ ਇਸ ਨੂੰ ਲਾਗੂ ਕਰਨ ਪ੍ਰਤੀ ਮਨ ਬਦਲ ਲਿਆ ਹੈ ਕੁਝ ਐਸੀ ਖਬਰ ਸੀ ਜਿਸ ਨੇ ਸਿੱਖਾਂ ਨੂੰ ਇਹ ਮਹਿਸੂਸ ਕਰਨ ਲਈ ਮਜ਼ਬੂਰ ਕੀਤਾ ਹੈ ਕਿ ਭਾਰਤ ਵਿਚ ਉਹਨਾਂ ਦੇ ਧਾਰਮਕ ਰੁਤਬੇ ਦੀ ਕੀ ਅਹਿਮੀਅਤ ਹੈ?
ਆਮ ਆਦਮੀਂ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਜਦੋਂ ਹਰ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਅਨੰਦ ਕਾਰਜ ਕਰਨ ਦਾ ਹੱਕ ਹੈ ਤਾਂ ਅਨੰਦ ਕਾਰਜ ਐਕਟ ਦੀ ਅਪ੍ਰਵਾਨਗੀ ਦਾ ਕੀ ਮਸਲਾ ਹੈ।

ਮਸਲਾ ਇਹ ਹੈ ਕਿ ਇੱਕ ਸਿੱਖ ਵਿਅਕਤੀ ਵਿਆਹ ਭਾਵੇਂ ਅਨੰਦ ਕਾਰਜ ਦੀ ਰਸਮ ਅਨੁਸਾਰ ਹੀ ਕਰੇ ਪਰ ਉਸ ਦੀ ਰਜਿਸਟਰੇਸ਼ਨ ਹਿੰਦੂ ਮੈਰਿਜ ਐਕਟ ਅਨੁਸਾਰ ਹੁੰਦੀ ਹੈ। ਸਿੱਖ ਦਾ ਵਿਆਹ ਹਿੰਦੂ ਮੈਰਿਜ ਐਕਟ ਅਨੁਸਾਰ ਇਸ ਕਰਕੇ ਹੁੰਦਾ ਹੈ ਕਿਓਂਕਿ ਵਿਧਾਨ ਅਨੁਸਾਰ ਉਸ ਦਾ ਧਰਮ ਹਿੰਦੂ ਧਰਮ ਤੋਂ ਕੋਈ ਵਖਰਾ ਧਰਮ ਨਹੀਂ ਹੈ ਸਗੋਂ ਭਾਰਤੀ ਸੰਵਿਧਾਨ ਦੀ ਧਾਰਾ ੨੫ (੨) ਅਨੁਸਾਰ ਸਿੱਖ ਧਰਮ ਹਿੰਦੂਆਂ ਦਾ ਹੀ ਇੱਕ ਫਿਰਕਾ ਹੈ। ਭਾਰਤੀ ਸੰਵਿਧਾਨ ਵਿਚ ਸਿੱਖ ਧਰਮ ਦਾ ਰੁਤਬਾ ਹਿੰਦੂਆਂ , ਮੁਸਲਮਾਨਾਂ ਜਾਂ ਇਸਾਈਆਂ ਵਾਂਗ ਵਖਰੇ ਧਰਮ ਜਾਂ ਅਜ਼ਾਦ ਧਰਮ ਦਾ ਨਹੀਂ ਹੈ ਸਗੋਂ ਧਾਰਮਕ ਤੌਰ ਤੇ ਉਹ ਹਿੰਦੂਆਂ ਦਾ ਹੀ ਹਿੱਸਾ ਹਨ। ਹੁਣ ਜੇਕਰ ਸਿੱਖਾਂ ਦੇ ਅਨੰਦ ਕਾਰਜ ਐਕਟ ਨੂੰ ਪ੍ਰਵਾਨਗੀ ਮਿਲਦੀ ਹੈ ਤਾਂ ਇਸ ਨਾਲ ਸਿੱਖ ਇੱਕ ਵੱਖਰਾ ਧਰਮ ਵੀ ਮੰਨਣਾਂ ਪੈਂਦਾ ਹੈ ਅਤੇ ਸਿੱਖਾਂ ਦੇ ਵਖਰੇ ਧਾਰਮਕ ਰੁਤਬੇ ਤੋਂ ਭਾਰਤੀ ਆਗੂਆਂ ਨੂੰ ਸਿੱਖਾਂ ਦੀ ਆਜ਼ਾਦੀ ਦੀ ਬੋ ਆਉਂਦੀ ਹੋਣ ਕਾਰਨ ਉਹ ਸਿੱਖਾਂ ਨਾਲ ਸਰਾਸਰ ਨਿਹੱਕ ਅਤੇ ਸਰਾਸਰ ਧੱਕਾ ਕਰਨ ਲਈ ਬਜ਼ਿਦ ਹਨ। ਇਹ ਧੱਕਾ ਪਿਛਲੇ ੬੪ ਸਾਲਾਂ ਤੋਂ ਭਾਰਤੀ ਸਟੇਟ ਵਲੋਂ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਅਨੇਕਾਂ ਵਧੀਕੀਆਂ ਦਾ ਹੀ ਇੱਕ ਹਿੱਸਾ ਹੈ। 
ਅਜੇਹੇ ਹਾਲਾਤਾਂ ਵਿਚ ਇੱਕ ਆਮ ਸਿੱਖ ਨੂੰ ਇਹ ਸਮਝ ਨਹੀਂ ਲੱਗਦੀ ਕਿ ਉਹ ਜਾਵੇ ਤਾਂ ਕਿਥੇ ਜਾਵੇ ਕਰੇ ਤਾਂ ਕੀ ਕਰੇ। ਸਾਡੀ ਆਪਣੀ ਨਰਮ ਜਾਂ ਗਰਮ ਲੀਡਰਸ਼ਿਪ ਆਪਣੇ ਤੰਗ ਹਿੱਤਾਂ ਤੋਂ ਉਪਰ ਉਠ ਕੇ ਸਮੁੱਚੀ ਕੌਮ ਦੇ ਹਿੱਤਾਂ ਲਈ ਜੂਝਣ ਲਈ ਸੁਹਿਰਦ ਨਹੀਂ ਹੈ। ਸਿੱਖ ਹਿੱਤਾਂ ਲਈ ਜੂਝਣ ਦਾ ਇਤਹਾਸ ਸਿਰਜਣ ਵਾਲਾ ਅਕਾਲੀ ਦਲ ਹੁਣ ਆਪਣੇ ਰਾਜਨੀਤਕ ਲਾਹੇ ਲਈ ਭਾਰਤੀ ਜਨਤਾ ਪਾਰਟੀ ਨਾਲ ਬਗਲਗੀਰ ਹੋਣ ਦੇ ਨਾਲ ਨਾਲ ਉਸ ਅਖੌਤੀ ਸੰਤ ਸਮਾਜ ਨਾਲ ਵੀ ਜੋਟੀ ਪਾ ਬੈਠਾ ਹੈ ਜਿਸ ਦਾ ਅਸਲਾ ( ਰਹਿਤ ਮਰਿਯਾਦਾ ਦੇ ਪ੍ਰਸੰਗ ਵਿਚ) ਮਹੰਤਾਂ ਵਾਲਾ ਹੈ ਅਤੇ ਹੁਣ ਬਹੁਤ ਸਾਰਾ ਸੰਤ ਸਮਾਜ ਬਾਦਲ ਅਕਾਲੀ ਦਲ ਦੇ ਬੇੜੇ ਵਿਚ ਛਾਲਾਂ ਮਾਰ ਚੁੱਕਾ ਹੈ। ਉਹਨਾਂ ਦੇ ਮੁਕਾਬਲੇ ਪੰਥਕ ਆਖੇ ਜਾਣ ਵਾਲੇ ਦਲ ਕੋਈ ਖਾਸ ਰਾਜਨੀਤਕ ਅਧਾਰ ਨਾਂ ਰੱਖਦੇ ਹੋਣ ਕਾਰਨ ਅਤੇ ਆਪਸੀ ਖਿਚੋਤਾਣ ਕਾਰਨ ਕੋਈ ਅਹਿਮ ਭੂਮਿਕਾ ਅਦਾ ਕਰਨ ਦੇ ਸਮਰੱਥ ਨਹੀਂ ਦਿਸਦੇ।

ਅੱਜ ਸੰਸਾਰ ਭਰ ਦਾ ਸਿੱਖ ਕਿਰਦਾਰ ਪੰਥਕ ਤੌਰ ਤੇ ਹੀਣਾਂ ਹੀਣਾਂ ਅਤੇ ਦੁਖੀ ਦੁਖੀ ਮਹਿਸੂਸ ਕਰ ਰਿਹਾ ਹੈ ਭਾਵੇਂ ਕਿ ਰਾਜਨੀਤਕ ਅਤੇ ਧਾਰਮਕ ਪਿੜ ਵਿਚ ਉਸ ਦਲ ਦਾ ਬੋਲਬਾਲਾ ਹੈ ਜੋ ਆਪਣੇ ਆਪ ਨੂੰ ਅਕਾਲੀ ਦਲ ਹੀ ਅਖਵਾਉਂਦਾ ਹੈ ਅਤੇ ਉਸ ਦੇ ਸਹਿਯੋਗੀ ਉਸ ਟਕਸਾਲ ਵਾਲੇ ਹਨ ਜੋ ਖੁਦ ਨੂੰ ਸੰਤ ਭਿੰਡਰਾਂਵਾਲਿਆਂ ਦੇ ਵਾਰਸ ਦੱਸਦੀ ਹੈ। ਪੰਜਾਬ ਦੇ ਇਹਨਾਂ ਰਾਜਨੀਤਕ ਅਤੇ ਧਾਰਮਕ ਅਮਲਾਂ ਨੂੰ ਲੈ ਕੇ ਅੱਜ ਕੌਮਾਂਤਰੀ ਪੱਧਰ ਦਾ ਸਿੱਖ ਭਾਈਚਾਰਾ ਗੁਲਾਮੀ ਅਤੇ ਗਿਲਾਨੀ ਭਾਵ ਪੀੜਤ ਹੈ । ਭਾਰਤੀ ਕਾਨੂੰਨ ਦੀ ਕਿਤਾਬ ਵਿਚ ਸਿੱਖਾਂ ਦੀ ਆਪਣੀ ਕੋਈ ਨਿਵੇਕਲੀ ਹੋਂਦ ਨਹੀਂ ਹੈ ਅਤੇ ਆਲਮੀ ਪੱਧਰ ਤੇ ਸਿੱਖਾਂ ਨੇ ਆਪਣੀ ਨਿਰਾਲੀ ਹੋਂਦ ਅਤੇ ਸਿਧਾਂਤਕ ਉਚਤਾ ਦਾ ਆਪਸੀ ਖਹਿ ਬਾਜੀ ਅਤੇ ਜਥੇਬੰਦਕ ਟਕਰਾਓ ਕਾਰਨ ਸ਼ਮਲਾ ਉਚਾ ਨਹੀਂ ਹੋਣ ਦਿੱਤਾ। ਇਹ ਹੀ ਕਾਰਨ ਹੈ ਕਿ ਅੱਜ ਸਭ ਕੁਝ ਹੁੰਦੇ ਹੋਏ ਵੀ ਸਿੱਖਾਂ ਵਿਚ ਨਿਰਾਸ਼ਾ ਅਤੇ ਆਤਮਕ ਪੀੜਾ ਦਾ ਪ੍ਰਛਾਵਾਂ ਬਹੁਤ ਦੁੱਖ ਦੇਣ ਵਾਲਾ ਹੈ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ ਹੁਣੇ ਹੁਣੇ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਹਿਜਧਾਰੀ ਸਿੱਖ ਵੋਟਰਾਂ ਦੇ ਮੁੱਦੇ ਤੇ ਭਾਰਤ ਦੇ ਸਿੱਖ ਪ੍ਰਧਾਂਨ ਮੰਤ੍ਰੀ ਨੂੰ ਤਲਬ ਕੀਤੇ ਜਾਣ ਦਾ ਬਿਆਨ ਦਿੱਤਾ ਤਾਂ ਕੇਂਦਰ ਨੇ ਕਿਸੇ ਹਰਭਗਵਾਨ ਨਾਮੀ ਵਕੀਲ ਦੇ ਸਿਰ ਭਾਂਡਾ ਭੰਨ ਕੇ ਮੌਜੂਦਾ ਪ੍ਰਸਿਥਤੀ ਚੋਂ ਭੱਜਣਾਂ ਹੀ ਠੀਕ ਸਮਝਿਆ। ਹੁਣ ਤਕ ਦੀ ਖਬਰ ਇਹ ਹੈ ਕਿ ਚੋਣਾਂ ਮਿਥੇ ਸਮੇਂ ਤੇ ਹੀ ਹੋਣਗੀਆਂ ਅਤੇ ਸਹਿਜਧਾਰੀ ਵਾਲਾ ਨੋਟੀਫਿਕੇਸ਼ਨ ਪਹਿਲਾਂ ਦੀ ਤਰਾਂ ਜਾਰੀ ਰਹੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਟੈਂਡ ਤੋਂ ਯਰਕ ਕੇ ਕੇਂਦਰ ਵਲੋਂ ਲਏ ਗਏ ਯੂ ਟਰਨ ਨੇ ਇੱਕ ਆਮ ਸਿੱਖ ਨੂੰ ਇਹ ਸੋਚਣ ਤੇ ਮਜਬੂਰ ਕੀਤਾ ਹੈ ਕਿ ਕਾਸ਼ ਸਾਡੇ ਜਥੇਦਾਰ ਪੰਜਾਬ ਦੀ ਰਾਜਨਿਤੀ ਅਤੇ ਸਿੱਖ ਧਰਮ ਵਿਚ ਮੁਖ ਮੰਤ੍ਰੀ ਪੰਜਾਬ ਵਲੋਂ ਕੀਤੀਆਂ ਜਾਂਦੀਆਂ ਬੇਨਿਯਮੀਆਂ ਸਬੰਧੀ ਵੀ ਦ੍ਰਿੜ ਸਟੈਂਡ ਲੈ ਸਕਣ ਤਾਂ ਸਾਡੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਹਨ। ਅੱਜ ਸਿੱਖਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਖੌਤੀ ਅਕਾਲੀ ਰਾਜਨੀਤਕ ਦਾਬੇ ਤੋਂ ਮੁਕਤ ਕਰਨ ਦੀ ਲੋੜ ਮੁੜ ਤੋਂ ਮਹਿਸੂਸ ਹੋਣ ਲੱਗੀ ਹੈ ਕਿਓਂਕਿ ਸ੍ਰੀ ਅਕਾਲ ਤਖਤ ਤੋਂ ਆਏ ਹੁਕਮਾਂ ਨਾਲ ਸਿੱਖ ਭਾਈਚਾਰਾ ਨਾਂ ਕੇਵਲ ਪੰਜਾਬ ਦੇ ਹਿੱਤਾਂ ਲਈ ਹੀ ਸਗੋਂ ਸਮੁੱਚੇ ਹਿੰਦੋਸਤਾਨ ਅਥਵਾਂ ਮਨੁੱਖਤਾ ਦੇ ਹਿੱਤਾਂ ਲਈ ਸੰਘਰਸ਼ ਬੜੀ ਕਾਮਯਾਬੀ ਨਾਲ ਕਰ ਸਕਦਾ ਹੈ।

*ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕੌਣ ਕਿੰਨੇ ਪਾਣੀ ਵਿਚ
*ਬਾਦਲ ਦਾ ਬਾਬਿਆਂ ਤੇ ਚਲ ਗਿਆ ਜਾਦੂ
*ਸਿੱਖ ਕੌਮ ਹੁਣ ਦੋ, ਦਸ ਅਤੇ 108 ਨੰਬਰੀਆਂ ਦੇ ਰਹਿਮ ਤੇ

ਸ: ਗੁਰਿੰਦਰ ਸਿੰਘ ਕੋਟਕਪੁਰਾ ਦੇ ਸਪੈਕਟਰਮ ਵਿਚ ਹੁਣੇ ਹੁਣੇ ਛਪੇ ਲੇਖ ਵਿਚ ਉਹਨਾਂ ਸਨਸਨੀ ਖੇਜ਼ ਇੰਕਸ਼ਾਂਫ ਕੀਤੇ ਹਨ। ਉਹ ਕਹਿੰਦੇ ਹਨ-'ਇਹ ਸੱਚਾਈ ਹੈ ਕਿ ਆਉਣ ਵਾਲੀ 18 ਸਤੰਬਰ ਨੂੰ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੈਦਾਨ 'ਚ ਉਤਾਰੇ ਦਾੜ੍ਹੀ ਰੰਗਣ ਵਾਲੇ 14 ਉਮੀਦਵਾਰ, ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ 17 ਉਮੀਦਵਾਰ, ਬਿਨਾਂ ਅੰਮ੍ਰਿਤ ਛਕੇ ਬਾਹਰੋਂ ਗਾਤਰੇ ਪਾਉਣ ਵਾਲੇ 14 ਉਮੀਦਵਾਰ, ਪਤਿੱਤ ਔਲਾਦ ਦੇ ਮਾਤਾ-ਪਿਤਾ 68 ਉਮੀਦਵਾਰ ਤੇ ਕਿਸੇ ਵੀ ਢੰਗ ਨਾਲ ਨਸ਼ਾ ਕਰਦੇ ਰਹੇ 32 ਉਮੀਦਵਾਰਾਂ ਨੂੰ ਗੁੰਮਰਾਹ ਹੋਏ ਜਾਂ ਨਿੱਜੀ ਗਰਜਾਂ 'ਚ ਫਸੇ ਵੋਟਰ ਵੋਟਾਂ ਪਾ ਦੇਣਗੇ ਪਰ ਸਾਫ-ਸੁਥਰੇ ਕਿਰਦਾਰ ਵਾਲੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਰੀ ਆਸਥਾ ਰੱਖਣ ਵਾਲੇ ਪੰਥਕ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ---। ਸ: ਗੁਰਿੰਦਰ ਸਿੰਘ ਅੱਗੇ ਜਾ ਕੇ ਬੜੇ ਹੈਰਾਨੀਜਨਕ ਤੱਥ ਬਿਆਨ ਕਰਦੇ ਲਿਖਦੇ ਹਨ---'ਉਕਤ ਵਰਤਾਰੇ ਦਾ ਦਿਲਚਸਪ, ਦੁਖਦਾਇਕ ਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਬਾਦਲ ਦਲ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ, ਜੋ ਦੇਹਧਾਰੀਆਂ ਦੇ ਸਮਾਗਮਾਂ 'ਚ ਸ਼ਾਮਲ ਹੋਣ, ਅੰਮ੍ਰਿਤਧਾਰੀ ਹੋ ਕੇ ਸ਼ਿਵਲਿੰਗ ਦੀ ਪੂਜਾ, ਹਵਨ ਕਰਾਉਣ ਤੇ ਜਗਰਾਤਿਆਂ, ਝੰਡਿਆਂ ਆਦਿ 'ਚ ਸ਼ਾਮਲ ਹੋ ਕੇ ਗੁਰਮਤਿ ਸਿਧਾਂਤ ਨਾਲ ਸ਼ਰੇਆਮ ਖਿਲਵਾੜ ਕਰਨ 'ਚ ਮੋਹਰੀ ਰੋਲ ਨਿਭਾਉਂਦੇ ਰਹੇ ਹਨ'।
ਸੱਚ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸੰਤ ਸਮਾਜ ਦੇ ਵਡੇਰੇ ਹਿੱਸੇ ਨੂੰ ਆਪਣੇ ਨਾਲ ਗੰਢ ਕੇ ਸ: ਬਾਦਲ ਨੇ ਇੱਕ ਕਰਿਸ਼ਮਾਂ ਕਰ ਵਿਖਾਇਆ ਹੈ। ਇਹ ਕਰਿਸ਼ਮਾਂ ਇਸ ਕਰਕੇ ਵੀ ਹੈ ਕਿ ਸੰਤ ਜਰਨੈਲ ਸਿੰਘ ਦੇ ਵਾਰਸਾਂ ਤੋਂ ਤਾਂ ਇਹ ਉਮੀਦ ਉਕਾ ਨਹੀਂ ਸੀ ਕੀਤੀ ਜਾਂਦੀ ਕਿ ਉਹ ਖਾਲਿਸਤਾਨ ਦੇ ਨਾਅਰੇ ਮਾਰਦੇ ਮਾਰਦੇ ਅਤੇ ਨੌਜਵਾਨਾਂ ਨੂੰ ਸ਼ਹੀਦੀਆਂ ਲਈ ਉਕਸਾਉਂਦੇ ਇੱਕ ਦਿਨ ਬਾਦਲ ਦੀ ਝੋਲੀ ਵਿਚ ਵੀ ਡਿੱਗ ਸਕਦੇ ਹਨ। ਕਦੀ ਸਿੱਖ ਨੌਜਵਾਨ ਭਾਈ ਜਸਵੀਰ ਸਿੰਘ ਚੋਂ ਸੰਤਾਂ ਦਾ ਅਕਸ ਦੇਖਿਆ ਕਰਦੇ ਸਨ ਜਿਸ ਦੇ ਨਾਮ ਤੇ ਬਣੀ ਜਥੇਬੰਦੀ ਖੁਦ ਨੂੰ ਅੱਜ ਵੀ ਇੱਕੋ ਇੱਕ ਟਕਸਾਲੀ ਖਾਲਿਸਤਾਨੀ ਜਥੇਬੰਦੀ ਐਲਾਨ ਕਰ ਰਹੀ ਹੈ। ਸੰਤ ਕਿਹਾ ਕਰਦੇ ਸਨ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਏਗਾ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਅਤੇ ਉਹ ਕਹਿੰਦੇ ਸਨ ਕਿ ਸ਼ਰੀਰਕ ਮੌਤ ਨੂੰ ਉਹ ਮੌਤ ਨਹੀਂ ਮੰਨਦੇ ਪਰ ਜ਼ਮੀਰ ਦੀ ਮੌਤ ਵਾਕਈ ਮੌਤ ਹੈ। ਹੁਣ ਸੰਤਾਂ ਦੇ ਪੈਰੋਕਾਰ ਕੀ ਇਹਨਾਂ ਗੱਲਾਂ ਦਾ ਕੋਈ ਮਤਲਬ ਸਮਝਦੇ ਹਨ?
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਧਰਮ ਯੁੱਧ ਮੋਰਚੇ ਦੌਰਾਨ ਕਰੜਾ ਸਟੈਂਡ ਕੇਵਲ ਕੇਂਦਰ ਸਰਕਾਰ ਦੇ ਖਿਲਾਫ ਹੀ ਨਹੀਂ ਸੀ ਲਿਆ ਸਗੋਂ ਸੰਤਾਂ ਦਾ ਸਟੈਂਡ ਪੰਜਾਬ ਦੇ ਉਹਨਾਂ ਅਕਾਲੀ ਅਖਵਾਉਂਦੇ ਆਗੂਆਂ ਖਿਲਾਫ ਵੀ ਸੀ ਜਿਹਨਾਂ ਨੂੰ ਸੰਤ ਨਿਕਰਧਾਰੀ ਕਿਹਾ ਕਰਦੇ ਸਨ ਅਤੇ ਜਿਹਨਾਂ ਦੀ ਮੋਰਚਾ ਲਾਉਣ ਦੀ ਹਿਰਸ ਪੰਜਾਬ ਜਾਂ ਪੰਥ ਦੇ ਹਿੱਤਾਂ ਲਈ ਘੱਟ ਅਤੇ ਕੁਰਸੀ ਲਈ ਵਧੇਰੇ ਸੀ। ਬਾਦਲ ਵਲੋਂ ਟਕਸਾਲੀਆਂ ਨੂੰ ਵਲਣ ਦਾ ਇਹ ਕਰਿਸ਼ਮਾਂ ਇਸ ਕਰਕੇ ਵੀ ਹੈ ਕਿ ਸੰਤਾਂ ਦੇ ਵਾਰਸ ਅਖਵਾਉਣ ਵਾਲੇ ਇਹ ਲੋਕ ਇਹ ਜਾਣਦੇ ਹੋਏ ਵੀ ਕਿ ਬਾਦਲ ਨਾਲ ਜੋਟੀ ਪਾ ਕੇ ਟੁਰਨ ਦਾ ਮਤਲਬ ਉਹਨਾਂ ਭਾਜਪਾਈਆਂ ਦੇ ਥੱਲੇ ਲਗ ਕੇ ਜਿਊਣਾਂ ਹੈ ਜਿਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਅਤੇ ਸੰਤਾਂ ਦੀ ਸ਼ਹੀਦੀ ਤੇ ਲੱਡੂ ਵੰਡੇ ਸਨ ਅਤੇ ਇੰਦਰਾਂ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ। ਅੱਜ ਭਾਜਪਾਈਆਂ ਦੇ ਚੇਲੇ ਬਾਲਕੇ ਇਹ ਗੱਲ ਸ਼ਰੇਆਮ ਕਹਿ ਰਹੇ ਹਨ ਕਿ ਜੇਕਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੇਣ ਲਈ ਕੋਈ ਕਸਾਈ ਨਹੀਂ ਮਿਲਦਾ ਤਾਂ ਉਹਨਾਂ ਦੇ ਆਗੂ ਇਹ ਕੰਮ ਕਰਨ ਲਈ ਤਿਆਰ ਹਨ। ਹੁਣ ਟਕਸਾਲੀ ਅਤੇ ਭਾਜਪਾਈ ਇੱਕੋ ਸਟੇਜ ਤੇ ਰੱਬ ਜਾਣੇ ਕਿਹੜਾ ਮੂੰਹ ਲੈ ਕੇ ਬੈਠਿਆ ਕਰਨਗੇ ਅਤੇ ਆਪਣੇ ਆਪ ਨੂੰ ਇਹ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਲੀ ਦਮਦਮੀ ਟਕਸਾਲ ਦੇ ਵਾਰਸ ਜਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਵਾਰਸ ਪਤਾ ਨਹੀਂ ਕਿਹੜੇ ਮੂੰਹ ਨਾਲ ਅਖਵਾਉਣਗੇ!! ਬਾਦਲ ਦਾ ਇੱਕ ਕਰਿਸ਼ਮਾਂ ਇਹ ਵੀ ਹੈ ਕਿ ਉਸ ਨੇ ਬਾਬਿਆਂ ਨੂੰ ਸ਼੍ਰੋਮਣੀ ਕਮੇਟੀ ਲਈ 30 ਸੀਟਾਂ ਦੀ ਗਾਜਰ ਵਿਖਾ ਕੇ ਕੇਵਲ ਪੰਜ ਸੱਤ ਸੀਟਾਂ ਨਾਲ ਹੀ ਉਹਨਾਂ ਦਾ ਮੂੰਹ ਧੋ ਦਿੱਤਾ ਹੈ। ਇਹ ਗੱਲ ਹਰਗਿਜ਼ ਹੀ ਕਰਿਸ਼ਮੇ ਤੋਂ ਘੱਟ ਨਹੀਂ ਹੈ ਕਿ ਬਾਬਿਆਂ ਦੇ ਕੋਟੇ ਵਿਚ ਅਨੇਕਾਂ ਥਾਂਈਂ ਉਮੀਦਵਾਰ ਬਾਦਲ ਦੇ ਹਨ ਅਤੇ ਚੋਣਾਂ ਦਾ ਡੌਰੂ ਬਾਬਿਆਂ ਨੇ ਖੜਕਾਉਣਾਂ ਹੈ। ਇਹ ਡੌਰੂ ਖੜਕਾ ਕੇ ਬਾਬਿਆਂ ਨੇ ਸੀਟਾਂ ਦੀ ਝੂਠੀ ਦਾਅਵੇਦਾਰੀ ਨਾਲ ਹੀ ਪਰਚ ਜਾਣਾਂ ਹੈ। ਇਸ ਵੇਰ ਦੀਆਂ ਚੋਣਾਂ ਨੇ ਸਿੱਖ ਭਾਈਚਾਰੇ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜਿਵੇਂ ਕਦੀ ਮਸੰਦ ਸੰਸਥਾ ਦਾ ਹਾਲ ਹੋਇਆ ਸੀ ਕੀ ਹੁਣ ਰਾਜਨੀਤੀ ਦੀ ਹਿਰਸ ਵਿਚ ਉਹਨਾਂ ਦੇ ਆਗੂ ਨਾਮੀ ਗਿਰਾਮੀ ਸੰਸਥਾਵਾਂ ਨੂੰ ਉਸੇ ਪਾਸੇ ਵੱਲ ਤਾਂ ਨਹੀਂ ਧੱਕ ਰਹੇ? ਪਹਿਲਾਂ ਲਗਾਤਾਰ ਵੀਹ ਸਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਸਬੰਧੀ ਸੰਗਤਾਂ ਨੂੰ ਗੁਮਰਾਹ ਕਰਨ ਵਾਲੇ, ਫਿਰ ਹਿੰਦੂ ਸਾਧਣੀਆਂ ਨਾਲ ਹਵਨਾਂ ਵਿਚ ਸ਼ਾਮਲ ਹੋਣ ਵਾਲਿਆਂ ਨੇ ਅਖੀਰ ਸਭ ਪੜਦੇ ਲਾਹ ਦਿੱਤੇ ਹਨ। ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਜਿਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਇੱਕ ਟਰਮ ਵਿਚ ਪੌਣੇ ਦੋ ਕਰੋੜ ਰੁਪਏ ਦਾ ਤੇਲ ਛਕਦੀ ਹੈ ਉਥੇ ਹੋਰ ਅਨੇਕਾਂ ਧਾਂਦਲੀਆਂ ਪ੍ਰਤੀ ਇਹ ਟਕਸਾਲੀ ਅਤੇ ਸੰਤ ਬਾਬੇ ਕੀ ਸਟੈਂਡ ਲੈਂਦੇ ਹਨ? 

ਇਸ ਵਿਚ ਕੋਈ ਛੱਕ ਨਹੀਂ ਕਿ ਪੰਜਾਬ ਦੇ ਘਾਗ ਸਿਆਸਤਦਾਨ ਸ: ਬਾਦਲ ਨੇ ਦੇਹਧਾਰੀਆਂ ਅਤੇ ਡੇਰੇਦਾਰਾਂ ਅਤੇ ਟਕਸਾਲੀਆਂ ਨੂੰ ਕੁਝ ਇਸ ਤਰਾਂ ਆਪਣੇ ਕਲਾਵੇ ਵਿਚ ਲਿਆ ਹੈ ਕਿ ਉਸ ਦੀ ਬੁੱਕਲ ਵਿਚ ਨਾਂ ਤਾਂ ਸਿੱਖ ਸਿਧਾਂਤ ਸਾਹ ਲੈ ਸਕਦਾ ਹੈ ਅਤੇ ਨਾਂ ਹੀ ਇਸ ਜੱਫੇ ਅੱਗੇ ਕਿਸੇ ਹੋਰ ਜਥੇਬੰਦੀ ਦੀ ਕੋਈ ਵੁੱਕਤ ਹੈ। ਅੱਜ ਧਰਮ ਦੇ ਨਾਮ ਤੇ ਕੀਤੀ ਜਾ ਰਹੀ ਸਿਆਸਤ ਦੋ ਨੰਬਰੀਆਂ, ਦਸ ਨੰਬਰਆਂ ਅਤੇ ੧੦੮(ਅਖੌਤੀ) ਨੰਬਰੀਆਂ ਦੇ ਵਸ ਦਾ ਰੋਗ ਹੀ ਰਹਿ ਗਿਆ ਹੈ ਕਿਓਂਕਿ ਇਹਨਾਂ ਕੋਲ ਧਰਮ ਦੇ ਨਾਮ ਤੇ ਸਿਆਸਤ ਕਰਨ ਲਈ ਲੋਹੜੇ ਦਾ ਪੈਸਾ ਹੈ ਅਤੇ ਚੋਣਾਂ ਦਾ ਡੌਰੂ ਖੜਕਾਉਣ ਲਈ ਚੇਲੇ ਬਾਲਕਿਆਂ ਦੀ ਭੀੜ ਹੈ। ਕਈ ਦੂਰ ਅੰਦੇਸ਼ ਸਿਖ ਚਿੰਤਕ ਇਸ ਮੋੜ ਨੂੰ ਸ਼੍ਰੋਮਣੀ ਕਮੇਟੀ ਦਾ ਮਹੰਤਾਂ ਦੇ ਦੌਰ ਵਲ ਸਰਕ ਜਾਣਾਂ ਕਹਿ ਰਹੇ ਹਨ ਕਿਓਂਕਿ ਇਹਨਾਂ ਚੋਣਾਂ ਤੋਂ ਬਾਅਦ ਬੜੀਆਂ ਕੁਰਬਾਨੀਆਂ ਪਿਛੋਂ ਬਣਾਈ ਹੋਈ ਸਿੱਖ ਰਹਿਤ ਮਰਿਯਾਦਾ ਨੂੰ ਮੌਕਾ ਪ੍ਰਸਤਾਂ ਮੁਤਾਬਿਕ ਬਦਲ ਦਿੱਤਾ ਜਾਏਗਾ ਅਤੇ ਸਿੱਖ ਕੌਮ ਦੇ ਆਜਾਦ ਅਤੇ ਨਿਰਾਲੇ ਧਾਰਮਕ ਰੁਤਬੇ ਦਾ ਹਿੰਦੂਕਰਨ ਕਰ ਦਿੱਤਾ ਜਾਵੇਗਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਅਸਿੱਧੇ ਤਰੀਕੇ ਨਾਲ ਚੈਲੰਜ ਕਰਨ ਲਈ ਇਹ ਲੋਕ ਪਹਿਲਾਂ ਹੀ ਮਰਨ ਮਾਰਨ ਤੇ ਹੋਏ ਫਿਰਦੇ ਹਨ ਅਤੇ ਹੁਣ ਇਹਨਾਂ ਹੱਥ ਰਾਜਸੀ ਤਾਕਤ ਆਉਣ ਨਾਲ ਦੇਖੋ ਇਹ ਕੌਮ ਨੂੰ ਕਿਧਰ ਨੂੰ ਤੋਰਦੇ ਹਨ?

*ਸੱਚੇ ਸਿੱਕੇ ਬਨਾਮ ਖੋਟੇ ਸਿੱਕੇ
*ਹੁਣ ਤੱਤ ਖਾਲਸਾ ਹੀ ਬਚੇਗਾ
*ਬੰਸਰੀ ਵਜਾ ਰਹੇ ਨੇ ਪੰਜਾਬ ਦੇ ਨੀਰੋ

ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਦਾ ਸਿੱਧਾ ਸਬੰਧ ਉਸ ਟਕਸਾਲ ਨਾਲ ਜੋੜਿਆ ਹੈ ਜਿਸ ਦਾ ਮਾਲਕ ਆਪ ਅਕਾਲ ਪੁਰਖ ਹੈ। ਇਸ ਟਕਸਾਲ ਵਿਚ ਜਿਸ ਵਿਅਕਤੀ ਦੀ ਘਾੜਤ ਹੁੰਦੀ ਹੈ ਉਹ ਫਿਰ ਆਪਣੀਆਂ ਅੱਖਾਂ ਤੇ ਝੂਠੇ ਧੜੇ ਦੀ ਐਨਕ ਲਗਾ ਕੇ ਨਹੀਂ ਟੁਰਦਾ ਸਗੋਂ ਜੀਵਨ ਭਰ ਸੱਚ ਦੇ ਰੂਬਰੂ ਰਹਿੰਦਾ ਹੈ। ਐਸਾ ਵਿਅਕਤੀ ਰੰਗ, ਨਸਲ,ਫਿਰਕਾ, ਸੰਪਰਦਾ ਅਤੇ ਜਾਤਪਾਤ ਦੇ ਵਿਤਕਰਿਆਂ ਤੋਂ ਉਪਰ ਉਠ ਜਾਂਦਾ ਹੈ ਅਤੇ ਸਾਰੀ ਕਾਇਨਾਤ ਨਾਲ ਹੀ ਉਸ ਦੀ ਬਣ ਆਉਂਦੀ ਹੈ। ਅਫਸੋਸ ਕਿ ਅੱਜ ਸਿੱਖੀ ਵਿਚ ਨਾਨਾ ਪ੍ਰਕਾਰ ਦੀ ਧੜੇਬੰਦੀ ਹੈ ਅਤੇ ਇਹ ਧੜੇ ਆਪੋ ਆਪਣੇ ਅੰਦਾਜ ਵਿਚ ਖੁਦ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਦਾਅਵੇਦਾਰ ਅਖਵਾਉਂਦੇ ਹਨ।
ਹੁਣ ਜਦੋਂ ਕਿ ਮਨੁੱਖ ਦੀ ਬੌਧਿਕ ਜਾਣਕਾਰੀ ਬੜੀ ਹੀ ਵਸੀਹ ਹੋ ਗਈ ਹੈ ਅਤੇ ਬਿਜਲਈ ਤੰਤਰ ਰਾਂਹੀਂ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਸਿੱਖੀ ਦੇ ਨਾਮ ਤੇ ਕੀਤੇ ਜਾ ਰਹੇ ਦੁਰ ਵਿਵਹਾਰ ਦੀ ਖਬਰ ਰਾਤੋ ਰਾਤ ਕੁਲ ਦੁਨੀਆਂ ਵਿਚ ਫੈਲ ਜਾਂਦੀ ਹੈ ਤਾਂ ਇਸ ਪ੍ਰਗਟਾ ਨਾਲ ਖੋਟੇ ਸਿੱਕਿਆ ਨੂੰ ਆਪਣੇ ਖੋਟੇਪਣ ਦੀ ਹੀਨ ਭਾਵਨਾਂ ਅੰਦਰ ਹੀ ਅੰਦਰ ਏਨੀ ਰੜਕਦੀ ਹੈ ਕਿ ਉਹ ਗੱਲ ਗੱਲ ਤੇ ਮਰਨ ਮਾਰਨ ਨੂੰ ਫਿਰਦੇ ਹਨ। ਉਹ ਧੱਕੇ ਨਾਲ ਆਪਣੀ ਅਡੰਬਰੀ ਸਿੱਖੀ ਦੂਸਰਿਆਂ ਤੇ ਥੋਪ ਕੇ ਆਪਣੀ ਸ਼੍ਰੇਸ਼ਟਤਾ ਅਤੇ ਗੁਰੂ ਦੀ ਸੱਚੀ ਟਕਸਾਲ ਤੇ ਇਜਾਰੇਦਾਰੀ ਕਾਇਮ ਕਰਨ ਦੀ ਨਿਹਫਲ ਕੋਸ਼ਿਸ਼ ਵਿਚ ਹਨ।
ਲੰਬੇ ਸਮੇਂ ਤੋਂ ਧਾਰਮਕ ਸੰਸਥਾਵਾਂ ਤੇ ਕਾਬਜ ਇਹਨਾਂ ਲੋਕਾਂ ਕੋਲ ਏਨੀ ਕੁ ਸੰਪਤੀ ਅਤੇ ਸੁਖ ਸਾਧਨ ਹਾਸਲ ਹੋ ਗਏ ਹਨ ਕਿ ਉਹ ਕਿਸੇ ਵੀ ਸੱਚ ਦੀ ਗੱਲ ਕਰਨ ਵਾਲੇ ਨੂੰ ਲਲਕਾਰਨ ਦੀ ਹਿੰਮਤ ਪਏ ਕਰਦੇ ਨੇ ਭਾਵੇਂ ਕਿ ਸੱਚ ਨੇ ਕਿਸੇ ਵੀ ਝੂਠ ਨਾਲ ਮਿਟਣਾਂ ਨਹੀਂ ਹੁੰਦਾ । ਵਿਕਰਾਲ ਤੋਂ ਵਿਕਰਾਲ ਹਨੇਰਿਆਂ ਨੇ ਵੀ ਚਾਨਣ ਦੀ ਇੱਕੋ ਕਿਰਨ ਨਾਲ ਦਮ ਤੋੜ ਜਾਣਾਂ ਹੁੰਦਾ ਹੈ।
ਨਿਊਯਾਰਕ ਤੋਂ A।ੰ।ੌ ਦੇ ਆਗੂਆਂ ਨੇਂ ਅਜੋਕੇ ਮੌਕਾ ਪ੍ਰਸਤ ਆਗੂਆਂ ਤੋਂ ਟਕਸਾਲ ਨੂੰ ਬਚਾਉਣ ਲਈ ਜੋ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਉਹ ਅਸੀਂ ਹਰ ਮਾਈ ਭਾਂਈ ਨੂੰ ਗੌਰ ਕਰਨ ਲਈ ਬੇਨਤੀ ਕਰਾਂਗੇ। ਉਹ ਕਹਿੰਦੇ ਹਨ-ਜਿਸ ਬਾਦਲ ਨਾਲ ਆਪਣੇ ਕਾਰਜਕਾਲ ਦੌਰਾਨ ਸੰਤ ਜਰਨੈਲ ਸਿੰਘ ਜੀ ਦਾ ਸਿਧਾਂਤਕ ਵਿਰੋਧ ਰਿਹਾ, ਅੱਜ ਦਾ ਅਜੋਕਾ ਮੁੱਖੀ ਹਰਨਾਮ ਸਿੰਘ ਧੁੰਮਾਂ ਤੋਂ ਉਸ ਹੀ ਬਾਦਲ ਦਾ ਝੋਲੀ ਚੁੱਕ ਬਣ ਚੁੱਕਾ ਹੈ ਜੋ ਟਕਸਾਲ ਦੇ ਮਾਣਮੱਤੇ ਅਤੇ ਸੁਨਿਹਰੀ ਇਤਿਹਾਸ ਤੇ ਕਲੰਕ ਹੈ । ਸੋ ਅਸੀਂ ਦੇਸ਼-ਵਿਦੇਸ਼ ਵੱਸਦੀ ਸਮੁੱਚੀ ਸਿੱਖ ਕੌਂਮ ਨੂੰ ਅਪੀਲ ਕਰਦੇ ਹਾਂ ਜਿਥੇ ਸ਼ੋਮਣੀ ਕਮੇਟੀ ਦੀਆ ਚੋਣਾਂ ਅੰਦਰ ਅਜਿਹੇ ਲੋਕਾਂ ਨੂੰ ਨਕਾਰਿਆ ਜਾਵੇ ਉਥੇ ਬਾਬੇ ਧੁੰਮੇਂ ਦੀਆਂ ਟਕਸਾਲ ਵਿਰੋਧੀ ਕਾਰਗੁਜਾਰੀਆਂ ਨੂੰ ਮੱਦੇਨਜਰ ਰੱਖਦਿਆਂ ਇਸਦਾ ਗੰਭੀਰਤਾ ਨਾਲ ਵਿਰੋਧ ਕੀਤਾ ਜਾਵੇ ਤਾਂ ਕਿ ਕੌਂਮ ਲਈ ਸਿਰਲੱਥ ਸੂਰਮੇਂ ਪੈਦਾ ਕਰਨ ਵਾਲੀ ਦਮਦਮੀ ਟਕਸਾਲ ਦੇ ਮਾਣਮੱਤੇ ਇਤਿਹਾਸ ਨੂੰ ਕਲੰਕਤ ਹੋਣੋ ਬਚਾਇਆ ਜਾ ਸਕੇ'।
ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਹੁਤ ਮਾਣ ਮੱਤੇ ਅਦਾਰੇ ਹਨ। ਇਹਨਾਂ ਅਦਾਰਿਆਂ ਨੂੰ ਉਸ ਰਾਜਸੀ ਜੱਫੇ ਤੋਂ ਮੁਕਤ ਕਰਨਾ ਅਤਿਅੰਤ ਜਰੂਰੀ ਹੈ ਜਿਸ ਨੂੰ ਕਿ ਬਿਪਰਵਾਦੀ ਖੋਟੇ ਸਿੱਕਿਆਂ ਦੀ ਸ਼ਹਿ ਪ੍ਰਾਪਤ ਹੈ। ਰਾਜਸੀ ਲਾਲਸਾ, ਬਿਪਰੀ ਭਰਮ ਵਾਲਾ ਧਰਮ, ਪਦਾਰਥਵਾਦ,ਤਲਚੱਟ ਸਭਿਆਚਾਰ ਅਤੇ ਕੁਰਸੀ ਦੇ ਝੂਠੇ ਵਣਜਾਰੇ ਕੁਝ ਐਸੇ ਮਲੀਨ ਅਨਸਰ ਹਨ ਜਿਨਾਂ ਨੂੰ ਲਲਕਾਰ ਅਤੇ ਦੁਰਕਾਰ ਕੇ ਤਤਖਾਲਸੇ ਨੇ ਗੁਰੂ ਦੀ ਸੱਚੀ ਟਕਸਾਲ ਨੂੰ ਮੁੜ ਪਰਗਟ ਕਰਨਾਂ ਹੈ। ਅੱਜ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਤੱਤ ਗੁਰਮਤ ਅਸੂਲਾਂ ਨੂੰ ਪਿੱਠ ਦੇਣ ਵਾਲਿਆਂ ਦੀ ਭੀੜ ਭਾਵੇਂ ਕਿੰਨੀ ਵੀ ਵੱਡੀ ਕਿਓਂ ਨਾਂ ਹੋਵੇ ਪਰ ਇਹ ਭੀੜ ਤੱਤ ਖਾਲਸੇ ਦੇ ਪਰਗਟ ਹੁੰਦਿਆਂ ਹੀ ਕਾਫੂਰ ਹੋ ਜਾਣੀ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਤੱਤ ਗੁਰਮਤ ਅਸੂਲਾਂ ਦੇ ਪਹਿਰੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੋਟੇ ਸਿੱਕਿਆਂ ਦੀ ਭੀੜ ਤੋਂ ਕਿਵੇਂ ਆਜ਼ਾਦ ਕਰਵਾਉਂਦੇ ਹਨ? ਅੱਜ ਸਿੱਖ ਕੌਮ ਨੂੰ ਐਸੇ ਪ੍ਰਚਾਰਕਾਂ ਦੀ ਲੋੜ ਹੈ ਜੋ ਕਿ ਕੌਮ ਨੂੰ ਫਰੇਬੀ ਲੋਕਾਂ ਕੋਲੋਂ ਜਗਾ ਸਕਣ। ਜੋ ਪ੍ਰਚਾਰਕ ਸੰਤਾਂ ਦੀ ਸ਼ਹਾਦਤ ਸਬੰਧੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬਾਹਾਂ ਉਲਾਰ ੳਲਾਰ ਕੇ ਕੋਰਾ ਝੂਠ ਬੋਲ ਸਕਦੇ ਹਨ ਇਹਨਾਂ ਦੀ ਸੇਧ ਅਸਲ ਵਿਚ ਭੇਟਾਂ ਗਾਉਣ ਵਾਲਿਆਂ ਵਿਚ ਸ਼ਾਮਲ ਹੋਣ ਦੀ ਹੈ ਅਤੇ ਇਹਨਾਂ ਲੋਕਾਂ ਦਾ ਪੰਥਕ ਸਟੇਜਾਂ ਤੋਂ ਮੁਕੰਮਲ ਬਾਈਕਾਟ ਲਾਜ਼ਮੀ ਹੈ। ਜੇਕਰ ਅੱਜ ਕੌਮ ਇਹਨਾਂ ਫੈਸਲਾਕੁਨ ਪਲਾਂ ਸਬੰਧੀ ਨਾ ਜਾਗਰਤ ਹੋਈ ਤਾਂ ਇਹ ਸਦੀਆਂ ਦੀ ਸਜ਼ਾ ਬਣ ਜਾਏਗੀ। ਹੁਣ ਸਮਾਂ ਹੈ ਕਿ ਤੱਤ ਖਾਲਸਾ ਸਾਡੀ ਕੌਮ ਦੀ ਕਮਾਨ ਸੰਭਾਲੇ।

ਬੰਸਰੀ ਵਜਾ ਰਹੇ ਨੇ ਪੰਜਾਬ ਦੇ ਨੀਰੋ
ਇੰਟਰਨੈਟ ਤੇ ਛਪੇ ਅਮਰੀਕੀ ਦੂਤ ਘਰ ਦੇ ਪੰਜਾਬ ਸਬੰਧੀ ਲੀਕ ਹੋਏ ਖਤ ਵਿਚ ਪੰਜਾਬ ਦੀ ਤਰਸਯੋਗ ਹਾਲਤ ਦਾ ਜ਼ਿਕਰ ਹੈ ਜਿਸ ਵਿਚ ਹੇਠ ਲਿਖੇ ਤੱਥ ਬਿਆਨ ਕੀਤੇ ਗਏ ਹਨ-
• ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਜੀਵਨ ਦੇ ਹਰ ਪਹਿਲੂ ਵਿਚ ਬੁਹੱਦ ਪੱਛੜ ਗਿਆ ਹੈ।
• ਬੇਰੁਜ਼ਗਾਰੀ ਅਤੇ ਨਸ਼ਾਖੋਰੀ ਸਿੱਖਰਾਂ ਤੇ ਹੈ।
• ਸਿਹਤ ਅਤੇ ਸਿੱਖਿਆ ਸਹੂਲਤਾਂ ਨਾ ਹੋਣ ਬਰਾਬਰ ਹਨ।
• ਪੰਜਾਬ ਦੀ ਨਿੱਜੀ ਸਨਅਤ ਦਾ ਪਤਨ ਹੋ ਰਿਹਾ ਹੈ ਅਤੇ ਨਿਵੇਸ਼ਕਾਰ ਬਿਹਤਰ ਸਹੂਲਤਾਂ ਲਈ ਗੁਆਂਢੀ ਰਾਜਾਂ ਵਿਚ ਚਲੇ ਗਏ ਹਨ।
• ਬਾਦਲ ਪੁੱਤਰ ਮੋਹ ਵਿਚ ਫਸ ਗਿਆ ਹੈ ਅਤੇ ਪੁੱਤਰ ਦੀ ਸ਼ਖਸੀਅਤ ਪ੍ਰਸ਼ਨ ਚਿੰਨ੍ਹ ਵਾਲੀ ਹੈ।
• ਜੇਕਰ ਅਕਾਲੀ ਸਰਕਾਰ ਨੇ ਤਤਕਾਲੀ ਵਿਕਸਤ ਰੂਝਾਂਨ ਨਾਂ ਪੈਦਾ ਕੀਤੇ ਤਾਂ ਕਾਂਗਰਸ ਦਾ ਪਰਤਣਾਂ ਯਕੀਨੀ।
ਇਹ ਸਾਰੇ ਮੁੱਦੇ ਪੰਜਾਬ ਅਤੇ ਪੰਥ ਦਰਦੀਆਂ ਨੂੰ ਕੁਝ ਸੋਚਣ ਲਈ ਅਪੀਲ ਕਰਦੇ ਹਨ। ਅੱਜ ਪੰਜਾਬ ਵਿਕਾਸ ਦੇ ਹਰ ਪੱਖ ਤੋਂ ਪਛੜਦਾ ਜਾ ਰਿਹਾ ਹੈ ਪਰ ਇਸ ਦੇ ਨੀਰੋ ਰਾਜਨੀਤੀ ਹੰਢਾਉਣ ਦੀ ਮੌਜ ਵਿਚ ਹੈ। ਪੰਜਾਬ ਦੇ ਵਿਕਾਸ ਲਈ ਕਰੋੜਾਂ ਰੁਪਏ ਵਾਪਸ ਚਲੇ ਜਾਂਦੇ ਹਨ ਅਤੇ ਸਿੱਖ ਮੁੱਦਿਆਂ ਤੇ ਵੇਲੇ ਸਿਰ ਕਾਨੂੰਨੀ ਚਾਰਾਜੋਈ ਨਾਂ ਹੋਣ ਕਾਰਨ ਸਾਡੇ ਉਹ ਮੁੱਦੇ ਲਟਕਦੇ ਚਲੇ ਜਾ ਰਹੇ ਹਨ। ਇੱਕ ਦੰਦ ਕਥਾ ਇਹ ਵੀ ਹੈ ਕਿ ਪੰਜਾਬ ਦੀ ਵਾਗ ਡੋਰ ਸਾਂਭਣ ਲਈ ਸੁਖਬੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਲਾਇਕ ਉਤਰ ਅਧਿਕਾਰੀ ਸਾਬਤ ਹੁੰਦਾ ਵਿਖਾਈ ਨਹੀਂ ਦੇ ਰਿਹਾ।
ਪੰਜਾਬ ਦੇ ਸਿੱਖ ਹਮੇਸ਼ਾਂ ਹੀ ਅਕਾਲੀ ਦਲ ਨੂੰ ਪੰਜਾਬ ਦੀ ਵਾਰਸ ਪਾਰਟੀ ਵਜੋਂ ਦੇਖਦੇ ਰਹੇ ਹਨ ਜੋ ਕਿ ਆਪਣੇ ਇਤਹਾਸਕ ਪ੍ਰਸੰਗ ਵਿਚ ਵਾਕਈ ਪੰਜਾਬ ਦੇ ਹਿੱਤਾਂ ਲਈ ਜੂਝਣ ਵਾਲੀ ਰਾਜਨੀਤਕ ਅਤੇ ਧਾਰਮਕ ਪਾਰਟੀ ਰਹੀ ਹੈ। ਹੁਣ ਦਿਨ ਬਦਿਨ ਇਸ ਦਾ ਹੇਜ ਲੋਕਾਂ ਦੇ ਦਿਲਾਂ ਵਿਚੋਂ ਮੱਧਮ ਹੁੰਦਾ ਜਾ ਰਿਹਾ ਹੋਣ ਕਾਰਨ ਸ: ਬਾਦਲ ਦੇਹਧਾਰੀਆਂ ਅਤੇ ਸੰਤ ਸਮਾਜ ਕੋਲੋਂ ਸਹਾਇਤਾ ਦੀ ਭੀਖ ਮੰਗਦੇ ਨਜ਼ਰ ਪਏ ਆਉਂਦੇ ਹਨ। ਚੰਗਾ ਹੋਵੇ ਜੇਕਰ ਉਹ ਰਾਜਨਿਤਕ ਹਿੱਤਾਂ ਲਈ ਜੋੜ ਤੋੜ ਕਰਨ ਵਾਲੇ ਛਾਤਰ ਰਾਜਨੀਤਕ ਸਾਬਤ ਹੋਣ ਨਾਲੋਂ ਪੰਜਾਬ ਦੇ ਹਿੱਤਾਂ ਦਾ ਮਸੀਹਾ ਸਾਬਤ ਹੋਣ ਦੀ ਕੋਸ਼ਿਸ਼ ਕਰਨ। ਪੰਜਾਬ ਦਾ ਮੁੱਕ ਰਿਹਾ ਪਾਣੀ, ਪੰਜਾਬ ਦਾ ਜਮੀਨੀ ਅਤੇ ਜਿਸਮਾਨੀ ਕੈਂਸਰ, ਪੰਜਾਬ ਦਾ ਡਿਗ ਰਿਹਾ ਵਿਦਿਅੱਕ ਮਿਆਰ ਅਤੇ ਅਨੇਕਾਂ ਹੋਰ ਐਸੇ ਮੁੱਦੇ ਹਨ ਜੋ ਕਿ ਇੱਕ ਲਾਇਕ ਅਤੇ ਬਹਾਦਰ ਰਾਜਨੀਤਕ ਦੇ ਨਜਿੱਠਣ ਵਾਲੇ ਹਨ। ਆਉਣ ਵਾਲੀ ਟਰਮ ਵਿਚ ਕਾਂਗਰਸ ਦੇ ਪਰਤਣ ਦੀ ਦੰਦ ਕਥਾ ਅਤੇ ਸ; ਬਾਦਲ ਦੇ ਆਪਣੇ ਭਤੀਜੇ ਵਲੋਂ ਕੁਰਸੀ ਲਈ ਹੋ ਰਹੀਆਂ ਕੋਸ਼ਿਸ਼ਾਂ ਕੁਝ ਅਜੇਹੇ ਚੈਲੰਜ ਹਨ ਜਿਹਨਾਂ ਦਾ ਨਿਭਾ ਕੇਵਲ ਅਤੇ ਕੇਵਲ ਪੰਜਾਬ ਦੇ ਵਿਕਾਸ ਪ੍ਰਤੀ ਪੰਜਾਬੀਆਂ ਦੇ ਮਨ ਜਿੱਤਣ ਨਾਲ ਹੀ ਹੋ ਸਕਦਾ ਹੈ। ਸਾਨੂੰ ਡਰ ਹੈ ਕਿ ਸ: ਬਾਦਲ ਜੋੜ ਤੋੜ ਦੇ ਫੋਕੇ ਕਰਿਸ਼ਮਿਆਂ ਵਿਚ ਪਰਚ ਕੇ ਕਿਧਰੇ ਪੰਜਾਬ ਦੇ ਜਨ ਜੀਵਨ ਦੀਆਂ ਜ਼ਮੀਨੀ ਸਚਾਈਆਂ ਨੂੰ ਅਣਗੋਲਿਆਂ ਨਾਂ ਕਰ ਦੇਣ।

ਸੰਪਰਕ:ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
ਈਮੇਲ ਪਤਾ:Kulwantsinghdhesi@hotmail.com

No comments: