Tuesday, September 27, 2011

ਖ਼ਾਲਸਾ ਕਾਲਜ ਨੂੰ ਮਿਲਿਆ 'ਏ' ਗਰੇਡ

ਕਾਲਜ ਮੈਨੇਜਮੈਂਟ ਨੇ ਕੀਤਾ ਅਧਿਆਪਕਾਂ ਨੂੰ ਸਨਮਾਨਿਤ
 ਅੰਮ੍ਰਤਿਸਰ 26 ਸਤੰਬਰ:  (ਗਜਿੰਦਰ ਸਿੰਘ ਕਿੰਗ):


ਸਥਾਨਿਕ ਖ਼ਾਲਸਾ ਕਾਲਜ ਨੇ ਅੱਜ ਇੱਕ ਅਲੱਗ ਕਦਮ ਪੁੱਟਦਿਆਂ, ਕਾਲਜ ਦੇ ਅਧਿਆਪਕਾਂ, ਜਿਨ੍ਹਾਂ ਦੀ ਦੇਣ ਸਦਕਾ ਕਾਲਜ ਨੂੰ ਨੈਸ਼ਨਲ ਅਕਰੈਡਿਟੇਸ਼ਨ ਐਂਡ ਅਸੈਸਮੈਂਟ ਕਾਉਂਸਿਲ ਨੇ 'ਏ' ਗਰੇਡ ਦਿੱਤਾ, ਨੂੰ ਅੱਜ ਕਾਲਜ ਮੈਨਜਮੈਂਟ ਨੇ ਇੱਕ ਸਪੈਸ਼ਲ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ। ਕਾਲਜ ਮੈਨਜਮੈਂਟ ਨੇ ਕਿਹਾ ਕਿ ਅਧਿਆਪਕਾਂ ਨੂੰ ਸਨਮਾਨ ਕਰਨ ਦਾ ਮਕਸੱਦ ਉਨ੍ਹਾਂ ਦੇ ਕੀਤੇ ਹੋਏ ਕੰਮ ਦੀ ਸ਼ਲਾਘਾ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਹੋਰ ਕੰਮ ਕਰਨ ਲਈ ਪ੍ਰੇਰਿਤ ਕਰਨਾ ਸੀ।
ਖ਼ਾਲਸਾ ਕਾਲਜ ਗਵਰਨਿੰਗ ਕਾਉਂਸਿਲ ਦੇ ਆਨਰੇਰੀ ਸੈਕਟਰੀ ਰਜਿੰਦਰਮੋਹਨ ਸਿੰਘ ਛੀਨਾ ਨੇ ਕਿਹਾ ਕਿ ਅਧਿਆਪਕ ਕਿਸੇ ਵੀ ਵਿਦਿਅਕ ਅਦਾਰੇ ਦੀ ਰੀੜ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰੱਲ ਕੇ ਜੋ ਕੰਮ ਕਾਲਜ ਦੇ ਵਿਦਿਅਕ ਮਿਆਰ ਨੂੰ ਉੱਪਰ ਚੁੱਕਣ ਵਿੱਚ ਕੀਤਾ, ਉਸਦੇ ਨਤੀਜੇ ਵਜੋਂ ਹੀ ਕਾਲਜ ਨੂੰ 'ਏ' ਗਰੇਡ ਲੈਣ ਵਿੱਚ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਅਧਿਆਪਕਾਂ ਨੂੰ ਅੱਗੇ ਤੋਂ ਹੋਰ ਜਿਆਦਾ ਕੰਮ ਕਰਨ ਲਈ ਉਤਸ਼ਾਹਿਤ ਕੀਤਾ।
ਪ੍ਰੋਗਰਾਮ ਦੇ ਦੌਰਾਨ ਇੱਕ ਸਭਿਆਚਾਰਕ ਪ੍ਰੋਗਰਾਮ ਜਿਸ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਨ ਨਾਲ ਹੋਈ ਅਤੇ ਬਾਅਦ ਵਿੱਚ ਭੰਗੜਾ ਅਤੇ ਲੋਕ ਗਾਇਕੀ ਪੇਸ਼ ਹੋਈ, ਨੇ ਰੰਗ ਬੰਨਿਆਂ ਅਤੇ ਸਰੋਤਿਆਂ ਜਿਨ੍ਹਾਂ ਵਿੱਚ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਨੂੰ ਕੋਈ 2 ਘੰਟੇ ਦੇ ਸਮੇਂ ਦੌਰਾਨ ਕੀਲੀ ਰੱਖਿਆ। ਕਾਲਜ ਪ੍ਰਿੰਸੀਪਲ ਡਾ: ਦਲਜੀਤ ਸਿੰਘ ਨੇ ਕਿਹਾ ਕਿ ਕਾਲਜ ਨੂੰ 'ਏ' ਗਰੇਡ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਅੱਜ ਦਾ ਸਮਾਗਮ ਉਨ੍ਹਾਂ ਸਾਰੇ ਅਧਿਆਪਕਾਂ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਗੌਰਵ ਪ੍ਰਾਪਤ ਹੋਇਆ, ਨੂੰ ਉਨ੍ਹਾਂ ਦੇ ਕੀਤੇ ਹੋਏ ਕੰਮ ਵਾਸਤੇ ਧਨਵਾਦ ਕਹਿਣਾ ਸੀ।
119 ਸਾਲ ਪੁਰਾਣਾ ਖ਼ਾਲਸਾ ਕਾਲਜ ਵਿਦਿਅਕ ਖੇਤਰ ਵਿੱਚ ਨਵੀਆਂ ਪੁਲਾਂਗਾਂ ਪੁੱਟ ਰਿਹਾ ਹੈ ਅਤੇ 'ਏ' ਗਰੇਡ ਕਾਲਜ ਨੂੰ ਮਿਲਣਾ ਇਸੇ ਹੀ ਕੜੀ ਦਾ ਹਿੱਸਾ ਹੈ। ਕਾਲਜ ਵਿੱਚ ਜਿਆਦਾ ਤੋਂ ਜਿਆਦਾ ਵਿਦਿਆਰਥੀ ਮੈਰਿਟ ਲਿਸਟ ਵਿੱਚ ਆ ਰਹੇ ਹਨ ਅਤੇ ਕਾਲਜ ਨੇ ਸਭਿਆਚਾਰਕ ਪ੍ਰੋਗਰਾਮ, ਐਨ ਸੀ ਸੀ , ਐਨ ਐਸ ਐਸ ਵਰਗੇ ਸਮਾਜਿਕ ਕੰਮਾ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਨੈਕ ਦੀ ਇੱਕ ਟੀਮ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਾਲਜ ਦਾ ਦੌਰਾ ਕੀਤਾ ਸੀ ਅਤੇ ਕਾਲਜ ਦੀ ਵਿਦਿਅਕ ਸਮਰੱਥਾ, ਇੱਥੋਂ ਦੇ ਵਿਦਿਅਕ ਸਾਜੋਸਮਾਨ ਦੇ ਢਾਂਚੇ ਨੂੰ ਬੜੀ ਗਹਿਰੀ ਨਜ਼ਰ ਨਾਲ ਪਰਖਿਆ ਸੀ, ਜਿਸ ਵਿੱਚ ਕਾਲਜ ਮਾਹਿਰਾਂ ਦੇ ਨਿਰੀਖਣ ਵਿੱਚ ਕਾਮਯਾਬ ਰਿਹਾ।

No comments: