Thursday, September 08, 2011

ਦਿੱਲੀ ਵਿੱਚ ਫੇਰ ਬੰਬ ਧਮਾਕਾ !


ਹੁਣ ਜਦੋਂ ਕਿ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ ਕੁਝ ਰਾਹਤ ਮਹਿਸੂਸ ਕਰ ਰਹੇ ਸਨ. ਇਸ ਵਾਰ 9/11 ਦੀ ਤਬਾਹੀ ਵਾਲੇ ਥਾਂ ਉੱਤੇ ਜਸ਼ਨ ਵੀ ਸ਼ਾਇਦ ਪਹਿਲਾਂ ਨਾਲੋਂ ਜਿਆਦਾ ਗਰਮ ਜੋਸ਼ੀ ਨਾਲ ਕੀਤੇ ਜਾਣ ਦੀਆਂ  ਤਿਆਰੀਆਂ ਚੱਲ ਰਹੀਆਂ ਹੋਣੀਆਂ ਹਨ ਉਦੋਂ ਦਹਿਸ਼ਤਗਰਦਾਂ ਨੇ ਇੱਕ ਵਾਰ ਫੇਰ ਇਹ ਸਾਬਿਤ ਕੀਤਾ ਹੈ ਕਿ ਨਾਂ ਤਾਂ ਉਹ ਮੁੱਕੇ ਹਨ ਤੇ ਨਾ ਹੀ ਕਮਜ਼ੋਰ ਪਏ ਹਨ. ਕੋਇਟਾ ਅਤੇ ਨਵੀਂ ਦਿੱਲੀ ਵਿੱਚ ਬੰਬ ਧਮਾਕੇ ਕਰਕੇ ਉਹਨਾਂ ਨੇ ਇੱਕ ਵਾਰ ਫੇਰ ਆਪਣੀ ਮਾਰੂ ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ. ਖਬਰਾਂ ਮੁਤਾਬਿਕ 7 ਸਤੰਬਰ ਨੂੰ ਸਵੇਰੇ ਸਵਾ ਕੁ ਦਸ ਵਜੇ ਹੋਏ ਬੰਬ ਧਮਾਕੇ ਵਿੱਚ 11 ਵਿਅਕਤੀ ਮਾਰੇ ਗਾਏ ਅਤੇ 90 ਵਿਅਕਤੀ ਜਖਮੀ ਹੋ ਗਏ.ਦੂਜੇ ਪਾਸੇ ਕੋਇਟਾ ਵਿੱਚ ਘਟੋਘੱਟ 29 ਵਿਅਕਤੀ ਮੌਤ ਦਾ ਸ਼ਿਕਾਰ ਹੋਏ ਅਤੇ 86ਵਿਅਕਤੀ ਜਖਮੀ ਹੋ ਗਏ.ਨਵੀਂ ਦਿੱਲੀ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕੋਇਟਾ ਵਿੱਚ ਫੌਜੀ ਸ਼ਕਤੀ ਨੂੰ.

ਰਿਪੋਰਟਾਂ ਮੁਤਾਬਿਕ ਦਿੱਲੀ ਹਾਈ ਕੋਰਟ ਦੇ ਗੇਟ ਨੰਬਰ ਪੰਜ ਦੇ ਨੇਡ਼ੇ ਬੁਧਵਾਰ ਸੱਤ ਸਤੰਬਰ ਨੂੰ ਸਵੇਰੇ ਸਵਾ ਕੁ ਦਸ ਵਜੇ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ 11 ਵਿਅਕਤੀ ਮਾਰੇ ਗਏ ਤੇ 90 ਜ਼ਖ਼ਮੀ ਹੋ ਗਏ. ਜ਼ਖ਼ਮੀਆਂ ਨੂੰ ਦਿੱਲੀ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ. ਕੇਂਦਰ ਸਰਕਾਰ ਨੇ ਧਮਾਕੇ ਦੀ ਜਾਂਚ ਦਾ ਕੰਮ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਨੂੰ ਸੌਂਪ ਦਿੱਤਾ. ਇਸੇ ਦੌਰਾਨ ਬੰਬ ਧਮਾਕੇ ਦੀ ਜ਼ਿੰਮੇਵਾਰੀ ਹਰਕਤ ਉਲ ਜੇਹਾਦੀ-ਇਸਲਾਮੀ (ਹੂਜੀ)ਨੇ ਆਪਣੇ ਸਿਰ ਲਈ ਅਤੇ ਅਜਿਹੇ ਹੋਰ ਧਮਾਕਿਆਂ ਦੀ ਵੀ ਚੇਤਾਵਨੀ ਦਿੱਤੀ. ਮੁਢਲੀ ਪੜਤਾਲ ਤੋਂ ਛੇਤੀ ਹੀ ਬਾਅਦ ਜਾਂਚ ਏਜੰਸੀ ਨੇ ਦੋ ਮਸ਼ਕੂਕਾਂ ਦੇ ਸਕੈਚ ਵੀ ਜਾਰੀ ਕੀਤੇ. ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬੰਗਲਾਦੇਸ਼ ਤੋਂ ਪਰਤਣ ਸਾਰ ਜ਼ਖ਼ਮੀਆਂ ਦਾ ਹਾਲ ਪੁੱਛਣ ਲਈ ਹਵਾਈ ਅੱਡੇ ਤੋਂ ਸਿੱਧੇ ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚੇ.ਦੇਸ਼ ਦੀ ਸੰਸਦ ਤੋਂ ਲਗਪਗ ਇਕ ਕਿਲੋਮੀਟਰ ਦੇ ਫਾਸਲੇ ’ਤੇ ਹੋਏ ਬੰਬ ਧਮਾਕੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ. ਇਸ ਧਮਾਕੇ ਨੇ ਇੱਕ ਵਾਰ ਫੇਰ ਦੇਸ਼ ਦੇ ਸੁਰੱਖਿਆ ਕਵਚ ਵਿਚਲੀਆਂ ਖਾਮੀਆਂ ਨੂੰ ਉਜਾਗਰ ਕੀਤਾ ਹੈ. ਕਾਬਿਲੇ ਜ਼ਿਕਰ ਹੈ ਕਿ ਇਹ ਬੰਬ ਧਮਾਕਾ ਉਸ ਵੇਲੇ ਕੀਤਾ ਗਿਆ ਜਦੋਂ  ਲੋਕ ਬਹੁਤ ਵੱਡੀ ਗਿਣਤੀ ਵਿੱਚ ਇਸਦੀ ਜੱਦ ਵਿੱਚ ਆ ਸਕਦੇ ਸਨ. ਧਮਾਕੇ 

ਵੇਲੇ ਲੋਕ ਭਾਰੀ ਗਿਣਤੀ ਵਿਚ ਹਾਈਕੋਰਟ ਦੇ ਅੰਦਰ ਜਾਣ ਲਈ ਪਾਸ ਲੈਣ ਵਾਸਤੇ ਬਣਾਈਆਂ ਕਤਾਰਾਂ ਵਿਚ ਖਡ਼੍ਹੇ ਸਨ. ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਬੰਬ ਸੂਟਕੇਸ ਵਿਚ ਛੁਪਾ ਕੇ ਰੱਖਿਆ ਸੀ. ਕੁਝ ਚਸਮਦੀਦ ਵਿਅਕਤੀਆਂ ਨੇ ਵੀ ਟੀ ਵੀ ਚੈਨਲਾਂ ਨੂੰ ਇਹੀ ਕੁਝ ਦੱਸਿਆ. ਮੀਡੀਆ ਰਿਪੋਰਟਾਂ ਮੁਤਾਬਿਕ ਧਮਾਕਾ ਰਿਮੋਟ ਕੰਟਰੋਲ ਰਾਹੀ  ਕੀਤਾ ਗਿਆ. ਧਮਾਕੇ ਤੋਂ ਕੁਝ ਸਮੇਂ ਬਾਅਦ ਦਿੱਲੀ ਪੁਲੀਸ,ਐਨ.ਆਈ.ਏ.ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਜਵਾਨ ਸੂਹੀਆ ਕੁੱਤਿਆਂ ਸਮੇਤ ਪਹੁੰਚ ਗਏ ਤੇ ਧਮਾਕੇ ਵਾਲੀ ਥਾਂ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਗਿਆ. ਧਮਾਕੇ ਕਾਰਨ ਦਿੱਲੀ ਹਾਈਕੋਰਟ ਦੇ ਅੰਦਰ ਤੇ ਬਾਹਰ ਹਾਹਾਕਾਰ ਮੱਚ ਗਈ. ਸ਼ੁਰੂ ਵਿਚ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਵਾਪਰ ਗਿਆ ਹੈ. ਜਿਊਂ ਜਿਊਂ ਇਸਦਾ ਪਤਾ ਲੱਗਦਾ ਗਿਆ ਤਾਂ ਘਟਨਾ ਵਾਲੀ ਥਾਂ ਤੇ ਵਿਰਲਾਪ ਵੀ ਵਧਦਾ ਗਿਆ.ਹਰ ਕੋਈ ਆਪਣੇ ਨਾਲ ਆਏ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਲਾਭ ਰਿਹਾ ਸੀ. ਕਿਥੇ ਸਨ ਓਹ ?


ਵਿਰਲਾਪ ਕਰ ਰਿਹਾ ਬਦਨਸੀਬ ਮਨਮੋਹਨ ਸਿੰਘ ਜੌਲੀ ਜਿਸਦਾ 
ਨੌਜਵਾਨ ਬੇਟਾ ਅਮਨਦੀਪ ਇਸ ਬੰਬ ਧਮਾਕੇ ਨੇ ਨਿਗਲ ਲਿਆ  

ਧਮਾਕੇ ਦੀ ਆਵਾਜ਼ ਸੁਣ ਕੇ ਅਦਾਲਤ ਦੇ ਅੰਦਰ ਗਏ ਵਕੀਲ ਤੇ ਹੋਰ ਲੋਕ ਤੁਰੰਤ ਬਾਹਰ ਆ ਗਏ ਜਿਥੇ ਸਾਰਾ ਦ੍ਰਿਸ਼ ਹੀ ਦਿਲ ਹਿਲਾ ਦੇਣ ਵਾਲਾ ਸੀ.  ਕੁਝ ਸਮੇਂ ਬਾਅਦ ਹੀ ਅਦਾਲਤ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ. ਧਮਾਕੇ ਤੋਂ ਕੁਝ ਦੇਰ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ. ਮੀਂਹ ਨੇ ਸਬੂਤਾਂ ਨੂੰ ਮਿਟਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਸੁਰੱਖਿਆ ਜਵਾਨਾਂ ਦਾ ਕੰਮ ਕੁਝ ਹੋਰ ਮੁਸ਼ਕਿਲ ਅਤੇ ਕਾਹਲੀ ਨਾਲ ਕਰਨ ਵਾਲਾ ਹੋ ਗਿਆ. ਬੰਬ ਧਮਾਕੇ ਤੋਂ ਬਾਅਦ ਮੀਂਹ ਵਾਲੀ ਇਸ ਆਫਤ ਦੇ ਬਾਵਜੂਦ  ਜਾਂਚ ਏਜੰਸੀਆਂ ਨੂੰ ਧਮਾਕੇ ਵਾਲੀ ਥਾਂ ਤੋਂ ਜੋ ਸਬੂਤ ਮਿਲ ਸਕਦੇ ਸਨ,ਬਹੁਤ ਹੀ ਤੇਸੀ ਨਾਲ ਇਕੱਠੇ ਕੀਤੇ ਗਏ ਤਾਂ ਕਿ ਇਸ ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ.  ਜ਼ਖ਼ਮੀਆਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ,ਏਮਜ਼,ਸਫਦਰ ਜੰਗ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ. ਜ਼ਖ਼ਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਸੀ.ਮੀਡਿਆ ਰਿਪੋਰਟਾਂ ਮੁਤਾਬਿਕ ਸੱਤ ਵਿਅਕਤੀ ਤਾਂ ਮੌਕੇ ’ਤੇ ਹੀ ਮਾਰੇ ਗਏ ਅਤੇ ਚਾਰ ਹੋਰ ਵਿਅਕਤੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੌਏ ਹਸਪਤਾਲ ਜਾ ਕੇ ਦਮ ਤੋਡ਼ ਗਏ.
ਧਮਾਕੇ ਦੀ ਜਾਂਚ ਦਾ ਕੰਮ ਜਾਰੀ ਹੈ. ਕੇਂਦਰ ਸਰਕਾਰ ਨੇ ਇਸਦੀ ਜ਼ਿੰਮੇਵਾਰੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ. ਏ.)ਨੂੰ ਸੌਂਪ ਦਿੱਤੀ ਹੈ. ਇਸ ਏਜੰਸੀ ਦੀ 20 ਮੈਂਬਰੀ ਜਾਂਚ ਟੀਮ ਦਾ ਮੁਖੀ ਡੀ.ਆਈ.ਜੀ.ਮੁਕੇਸ਼ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ. ਮੁਕੇਸ਼ ਸਿੰਘ ਨੇ ਇਸ ਨਾਜ਼ੁਕ ਮੌਕੇ ਤੇ ਵੀ ਪੂਰੀ ਤਰ੍ਹਾਂ ਸੰਤੁਲਿਤ ਰਹਿੰਦਿਆਂ ਮੀਡੀਆ ਨੂੰ ਬਹੁਤ ਹੀ ਠਰੰਮੇ ਨਾਲ ਓਨੀ ਕੁ ਜਾਣਕਾਰੀ ਦਿੱਤੀ ਜਿੰਨੀ ਕੁ ਸੰਭਵ ਸੀ. ਐਨ.ਆਈ.ਏ. ਤੋਂ ਇਲਾਵਾ ਦਿੱਲੀ ਪੁਲੀਸ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ ਤੇ  ਦੋ ਸ਼ੱਕੀਆਂ ਦੇ ਸਕੈਚ ਵੀ ਜਾਰੀ ਕਰ ਦਿੱਤੇ ਹਨ.  ਇਸ ਧਮਾਕੇ ’ਚ ਨਾਈਟ੍ਰੇਟ ਆਧਾਰਤ ਧਮਾਕਾਖੇਜ਼ ਸਮੱਗਰੀ ਨੂੰ ਪੀ.ਈ.ਟੀ.ਐਨ. ਨਾਲ ਰਲਾ ਕੇ ਵਰਤਿਆ ਗਿਆ ਹੈ. ਕਾਬਿਲੇ  ਜ਼ਿਕਰ ਹੈ ਕਿ ਪੀ.ਈ.ਟੀ.ਐਨ. ਇਕ ਹੋਰ ਮਾਰੂ ਧਮਾਕਾਖੇਜ਼ ਸਮੱਗਰੀ ਹੈ.ਸੋ ਸਾਫ਼ ਹੈ ਕਿ ਬੰਬ ਬਹੁਤ ਹੀ ਮਾਰੂ ਸੀ. 
ਬੰਬ ਧਮਾਕਾ ਬਹੁਤ ਹੀ ਸ਼ਕਤੀਸ਼ਾਲੀ ਸੀ. ਅੰਦਰੂਨੀ ਸੁਰੱਖਿਆ ਦੇ ਸਕੱਤਰ ਯੂ.ਕੇ. ਬਾਂਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕੇ ਵਾਲੀ ਥਾਂ 3-4 ਫੁੱਟ ਦਾ ਟੋਆ ਪੈ ਗਿਆ ਸੀ. ਇਕ ਟੀ.ਵੀ. ਚੈਨਲ ਦਾ ਕਹਿਣਾ ਹੈ ਕਿ ਇਸ ਨੂੰ ਇਕ ਈ-ਮੇਲ ਮਿਲੀ ਹੈ, ਜੋ ਹਰਕਤ-ਉਲ-ਜਹਾਦੀ-ਇਸਲਾਮੀ (ਹੂਜੀ) ਤੋਂ ਆਈ ਸਮਝੀ ਜਾ ਰਹੀ ਹੈ. ਇਸ ਮੇਲ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਧਮਾਕਾ ਹੂਜੀ ਨੇ ਅਫਜ਼ਲ ਗੁਰੂ ਦੀ ਮੌਤ ਦੀ ਸਜ਼ਾ ਰੱਦ ਕਰਾਉਣ ਲਈ ਕੀਤਾ ਹੈ. ਐਨ.ਆਈ.ਏ. ਦੇ ਮੁਖੀ ਐਸ.ਸੀ.ਸਿਨਹਾ ਦਾ ਕਹਿਣਾ ਹੈ ਕਿ ਇਸ ਪਡ਼ਾਅ ’ਤੇ ਹੂਜੀ ਦੀ ਮੇਲ ’ਤੇ ਕੋਈ ਟਿੱਪਣੀ ਕਰਨੀ ਕਾਹਲੀ ਹੋਏਗੀ, ਪਰ ਈ-ਮੇਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਹੂਜੀ ਇਕ ਵੱਡੀ ਅਤਿਵਾਦੀ ਜਥੇਬੰਦੀ ਹੈ. ਗ੍ਰਹਿ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਇਹ ਧਮਾਕਾ ਬਡ਼ਾ ਜ਼ੋਰਦਾਰ ਸੀ ਤੇ ਇਹ ‘ਅਤਿਵਾਦੀ ਹਮਲਾ’ ਸੀ.ਏਸੇ ਦੌਰਾਨ ਗ੍ਰਹਿ ਮੰਤਰਾਲੇ ਦੇ ਅੰਦਰੂਨੀ ਸੁਰੱਖਿਆ ਸਬੰਧੀ ਸਕੱਤਰ ਯੂ.ਕੇ. ਬਾਂਸਲ ਨੇ ਦੱਸਿਆ ਕਿ ਹਮਲੇ ਲਈ 2 ਕਿਲੋਗ੍ਰਾਮ ਦੇ ਕਰੀਬ ਧਮਾਕਾਖੇਜ਼ ਸਮੱਗਰੀ ਵਰਤੀ ਗਈ, ਜਿਸ ਨੇ ਦੋ ਫੁੱਟ ਚੌਡ਼ਾ ਤੇ ਇਕ ਫੁੱਟ ਡੂੰਘਾ ਟੋਆ, ਧਮਾਕੇ ਵਾਲੀ ਥਾਂ 'ਤੇ ਕਰ ਦਿੱਤਾ. ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਇਹੋ ਖੁਲਾਸਾ ਹੁੰਦਾ ਹੈ ਕਿ ਨਾਈਟ੍ਰੇਟ ਆਧਾਰਤ ਧਮਾਕਾਖੇਜ਼ ਸਮੱਗਰੀ ਵਰਤੀ ਗਈ, ਜਿਸ ’ਚ ਪੀ.ਈ.ਟੀ.ਐਨ. ਦੇ ਅੰਸ਼ ਵੀ ਹੋਣ ਦਾ ਸ਼ੱਕ ਹੈ. ਪੀ.ਈ.ਟੀ.ਐਨ. ਇਕ ਅਜਿਹਾ ਮਾਰੂ ਧਮਾਕਾਖੇਜ਼ ਰਸਾਇਣ ਹੈ, ਜਿਸ ਨੂੰ ਲੰਮੇ ਸਮੇਂ ਤੋਂ ਅਤਿਵਾਦੀ ਵਰਤਦੇ ਆ ਰਹੇ ਹਨ. ਉਨ੍ਹਾਂ ਦੱਸਿਆ ਕਿ ਫੋਰੈਂਸਿਕ ਜਾਂਚ ਟੀਮਾਂ ਤੇ ਜਾਂਚ ਕਾਰ ਸਾਰੇ ਪੱਖਾਂ ਤੋਂ ਜਾਂਚ ਕਰ ਰਹੇ ਹਨ. ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਹਰੇਕ ਮਰਨ ਵਾਲੇ ਦੇ ਵਾਰਸਾਂ ਨੂੰ ਦੋ-ਦੋ ਲੱਖ ਤੇ ਜ਼ਖ਼ਮੀਆਂ ਨੂੰ ਇਕ-ਇਕ ਲੱਖ ਰੁਪਏ ਐਕਸਗ੍ਰੇਸ਼ੀਆ ਗਰਾਂਟ ਦਾ ਐਲਾਨ ਕੀਤਾ ਹੈ. ਲੋਕ ਇਸ ਧਮਾਕੇ ਤੋਂ ਬਾਅਦ ਬੇਹੱਦ ਗੁੱਸੇ ਵਿੱਚ ਸਨ.ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਵੀ ਉਦੋਂ ਤਿੱਖੇ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਹਾਈ ਕੋਰਟ ਬੰਬ ਧਮਾਕੇ ਦੇ ਪੀਡ਼ਤਾਂ ਨੂੰ ਮਿਲਣ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਪੁੱਜੇ। ਜ਼ਖ਼ਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਨੇ ਲਗਪਗ ਅੱਧਾ ਘੰਟਾ ਬਿਤਾਇਆ। ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਪੀਡ਼ਤਾਂ ਦੇ ਗੁੱਸੇ ’ਚ ਆਏ ਰਿਸ਼ਤੇਦਾਰਾਂ ਨੇ ‘ਰਾਹੁਲ ਗਾਂਧੀ ਸ਼ਰਮ ਕਰੋ’, ‘ਰਾਹੁਲ ਗਾਂਧੀ ਵਾਪਸ ਜਾਓ’ ਦੇ ਨਾਅਰੇ ਲਾਏ.
ਏਸੇ ਦੌਰਾਨ  ਦੁਨੀਆ ਭਰ ਵਿੱਚ ਇਸ ਧਮਾਕੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ.ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਲੀ ’ਚ ਹਾਈ ਕੋਰਟ ਅੱਗੇ ਹੋਏ ਧਮਾਕੇ ਬਾਰੇ ਆਪਣੇ ਨਾਲ ਦੌਰੇ ’ਤੇ ਆਏ ਭਾਰਤੀ ਪੱਤਰਕਾਰਾਂ ਕੋਲ ਕਿਹਾ ਕਿ ‘‘ਦਹਿਸ਼ਤਗਰਦੀ ਦੀ ਇਹ ਕਾਇਰਾਨਾ ਕਾਰਵਾਈ’’ ਹੈ। ਉਨ੍ਹਾਂ ਨੂੰ ਹਾਲ ਹੀ ’ਚ ਦਿੱਲੀ ਤੋਂ ਬੰਬ ਧਮਾਕੇ ਦੀ ਇਹ ਉਦਾਸ ਖ਼ਬਰ ਮਿਲੀ ਹੈ. ਉਨ੍ਹਾਂ ਕਿਹਾ, ‘‘ਇਹ ਅਤਿਵਾਦ ਦਾ ਬੁਜ਼ਦਿਲੀ ਵਾਲਾ ਕਾਰਾ ਸੀ, ਅਸੀਂ ਇਸ ਨਾਲ ਸਖ਼ਤੀ ਨਾਲ ਨਜਿੱਠਾਂਗੇ. ਅਸੀਂ ਅਤਿਵਾਦ ਦੇ ਦਬਾਅ ਅੱਗੇ ਗੋਡੇ ਨਹੀਂ ਟੇਕਾਂਗੇ.’’ ਉਨ੍ਹਾਂ ਕਿਹਾ ਕਿ ਇਹ ਇਕ ਲੰਮੀ ਲਡ਼ਾਈ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ, ਮੁਲਕ ਦੇ ਸਾਰੇ ਲੋਕਾਂ ਨੂੰ ਇਕਜੁੱਟ ਹੋ ਕੇ ਦਹਿਸ਼ਤਗਰਦੀ ਦੇ ਕਹਿਰ ਨੂੰ ਜਡ਼੍ਹੋਂ ਪੁੱਟਣਾ ਹੋਏਗਾ।’’ ਇਸੇ ਦੌਰਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਿੱਲੀ ’ਚ ਹੋਏ ਧਮਾਕੇ ਲਈ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਕਾਰੇ ਨੂੰ ‘ਨਾ ਸਹਿਣਯੋਗ’ ਤੇ ‘ਬੇਤੁਕਾ’ ਕਰਾਰ ਦਿੱਤਾ. ਬੰਗਲਾਦੇਸ਼ ਦੀ ਸਰਕਾਰ ਤੇ ਲੋਕਾਂ ਵੱਲੋਂ ਉਨ੍ਹਾਂ ਨੇ ਇਸ ਧਮਾਕੇ ’ਚ ਮਰੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ.
ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਦਿੱਲੀ ’ਚ ਹੋਏ ਸ਼ਕਤੀਸ਼ਾਲੀ ਧਮਾਕੇ ’ਚ ਮਰੇ ਲੋਕਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਨਾਲ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਹਮਲਾਵਰਾਂ ਨੂੰ ਜ਼ਰੂਰ ਹੀ ਨਿਆਂ ਦੀ ਗ੍ਰਿਫਤ ’ਚ ਲਿਆਂਦਾ ਜਾਏਗਾ।
 ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਦਿੱਲੀ ਹਾਈ ਕੋਰਟ ਸਾਹਮਣੇ ਹੋਏ ਬੰਬ ਧਮਾਕੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਣ ਦੀ ਲੋਡ਼ ਹੈ. ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਦਿੱਲੀ ਅੰਦਰ ਹੋਏ ਬੰਬ ਧਮਾਕੇ ਨੂੰ ਬੁਜਦਿਲਾਨਾ ਕਾਰਵਾਈ ਕਰਾਰ ਦਿੱਤਾ ਹੈ. ਉਨ੍ਹਾਂ ਇਸ ਕਾਰਵਾਈ ਨੂੰ ਸਮੁੱਚੀ ਮਨੁੱਖਤਾ ਦੇ ਖਿਲਾਫ਼ ਕੀਤੀ ਗਈ ਕਾਇਰਾਨਾ ਕਾਰਵਾਈ ਦੱਸਿਆ.

(ਖਬਰਾਂ ਦੀਆਂ ਕਤਰਨਾਂ ਅਤੇ ਹੋਰ ਤਸਵੀਰਾਂ ਰੋਜ਼ਾਨਾ ਜਗ ਬਾਣੀ ਚੋਂ  ਧੰਨਵਾਦ ਸਹਿਤ}. 

1 comment:

Anonymous said...

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਲੀ ’ਚ ਹਾਈ ਕੋਰਟ ਅੱਗੇ ਹੋਏ ਧਮਾਕੇ ਬਾਰੇ ਆਪਣੇ ਨਾਲ ਦੌਰੇ ’ਤੇ ਆਏ ਭਾਰਤੀ ਪੱਤਰਕਾਰਾਂ ਕੋਲ ਕਿਹਾ ਕਿ ‘‘ਦਹਿਸ਼ਤਗਰਦੀ ਦੀ ਇਹ ਕਾਇਰਾਨਾ ਕਾਰਵਾਈ’’ ਹੈ।
A mock attack was done by the terrorists in May this year at Delhi HC yet no justified action was taken by the MMS govt. was it a brave act???