Tuesday, September 06, 2011

ਕੌਣ ਨਥ ਪਾਏਗਾ ਗੂੰਡਾਗਰਦੀ ਦੀ ਇਸ ਦਹਿਸ਼ਤ ਨੂੰ ?


ਇੱਕ ਪਾਸੇ ਸਰਕਾਰ ਅਤੇ ਅੰਨਾ ਹਜਾਰੇ ਇੱਕ ਦੂਜੇ ਸਾਹਮਣੇ ਥੋੜਾ ਥੋੜਾ ਝੁਕ ਕੇ ਇਹ ਸਾਬਿਤ ਕਰ ਰਹੇ ਹਨ ਕਿ ਸ਼ਾਂਤੀ ਅਤੇ ਅਹਿੰਸਾ ਦੇ ਰਸਤੇ ਤੇ ਚੱਲ ਕੇ ਅੱਜ ਵੀ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ. ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਮਾਓਵਾਦੀਆਂ ਅਤੇ ਹੋਰਨਾਂ ਹਥਿਆਰਬੰਦ ਗਰੁੱਪਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਓਹ ਦਹਿਸ਼ਤਗਰਦੀ ਦਾ ਰਸਤਾ ਛੱਡ ਕੇ ਅਹਿੰਸਾ ਅਤੇ ਲੋਕ ਤੰਤਰ ਦੇ ਰਸਤੇ ਤੇ ਪਰਤ ਆਉਣ. ਇਸ ਸਲਾਹ ਦੇ ਹੁੰਗਾਰੇ ਦੀ ਉਡੀਕ ਅਜੇ ਚੱਲ ਹੀ ਰਹੀ ਸੀ ਕਿ ਇੱਕ ਚਿੰਤਾਜਨਕ ਖਬਰ ਆਈ ਹੈ. ਮੀਡਿਆ ਨੇ ਦੱਸਿਆ ਹੈ ਕਿ ਲੁਧਿਆਣਾ ਵਿੱਚ ਵੀ ਅਲਕਾਇਦਾ ਵਾਂਗ ਅੱਤਵਾਦੀ ਅਤੇ ਦਹਿਸ਼ਤ ਵਾਲਿਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ. ਹਰਮਨ ਪਿਆਰੇ ਪੰਜਾਬੀ ਅਖਬਾਰ ਜਗ ਬਾਣੀ ਡੇਟ ਲਾਈਨ ਲੁਧਿਆਣਾ ਨਾਲ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਹੈ ਕਿ ਅਪਰਾਧ ਅਤੇ ਦਹਿਸ਼ਤ ਦੀ ਮੰਡੀ ਬਣ ਰਹੇ ਮਹਾਨਗਰ ਵਿਚ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਜਿਥੇ ਇਕ ਪਾਸੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਉਥੇ ਦੂਜੇ ਪਾਸੇ ਇਸ ਵਿਚ ਸ਼ਾਮਲ ਮਾਫੀਆ ਦੇ ਲੋਕ ਆਪਣੀ ਦਹਿਸ਼ਤ ਵਧਾਉਣ ਲਈ ਹਫਤਾ ਵਸੂਲੀ ਵਰਗੇ ਵੱਖ-ਵੱਖ ਹੱਥਕੰਡੇ ਅਪਣਾ ਰਹੇ ਹਨ. ਲੁਧਿਆਣਾ ਦੇ ਇਕ ਮਾਫੀਆ ਗਰੁੱਪ ਨੇ ਅੱਤਵਾਦੀ ਸੰਗਠਨ ਅਲਕਾਇਦਾ ਵਾਂਗ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ. ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਅਲਕਾਇਦਾ ਦੇ ਅੱਤਵਾਦੀ ਉਥੋਂ ਦੇ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਫੈਲਾਉਣ ਲਈ ਅਮਰੀਕਾ ਦੇ ਫੌਜੀਆਂ ਨੂੰ ਫਡ਼ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੰਦੇ ਹਨ. ਇਹੀ ਨਹੀਂ ਬਾਅਦ ਵਿਚ ਉਨ੍ਹਾਂ ਦਾ ਸਿਰ ਵੱਢ ਕੇ ਤੇ ਉਸ ਦਾ ਐੱਮ. ਐੱਮ. ਐੱਸ. ਬਣਾ ਕੇ ਨੈੱਟ ‘ਤੇ ਪਾ ਦਿੰਦੇ ਹਨ. ਇਸੇ ਤਰ੍ਹਾਂ ਲੁਧਿਆਣਾ ਦੇ ਇਕ ਮਾਫੀਆ ਗਰੁੱਪ ਨੇ ਇਕ ਵਿਅਕਤੀ ਨੂੰ ਅਗਵਾ ਕਰ ਕੇ ਉਸ ਨੂੰ ਕਿਸੇ ਅਣਪਛਾਤੀ ਜਗ੍ਹਾ ‘ਤੇ ਨੰਗਾ ਕਰ ਕੇ ਜ਼ਮੀਨ ‘ਤੇ ਬਿਠਾਇਆ ਹੋਇਆ ਹੈ. ਉਸ ਦੇ ਸਰੀਰ ‘ਤੇ ਜਗ੍ਹਾ-ਜਗ੍ਹਾ ਸੁਲਗਦੀ ਸਿਗਰਟ ਲਗਾਈ ਗਈ. ਹਥਿਆਰਾਂ ਦੇ ਜ਼ੋਰ ‘ਤੇ ਉਸ ਨੂੰ ਡਰਾਉਣ-ਧਮਕਾਉਣ ਦੀ ਬਣਾਈ ਗਈ ਫਿਲਮ ਦਾ ਇਕ ਐੱਮ. ਐੱਮ. ਐੱਸ. ਬਣਾ ਕੇ ਨੈੱਟ ‘ਤੇ ਪਾ ਦਿਤਾ ਗਿਆ ਹੈ. ਇਹ ਐੱਮ. ਐੱਮ. ਐੱਸ. ਲੁਧਿਆਣਾ  ਦੇ ਲੋਕਾਂ ਦੇ ਮੋਬਾਈਲ  ’ਤੇ ਖੂਬ ਚੱਲ ਰਿਹਾ ਹੈ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ. ਇਸ ਮਾਫੀਆ  ਗਰੁੱਪ ਦਾ ਇਹ ਕੰਮ ਕਰਨ ਦਾ ਮਕਸਦ ਲੋਕਾਂ ਦੇ ਦਿਲਾਂ ਵਿਚ ਆਪਣੀ ਦਹਿਸ਼ਤ ਫੈਲਾਉਣਾ ਅਤੇ ਲੁਧਿਆਣਾ ਦੇ ਗੈਂਗਸਟਰਾਂ ਵਿਚ ਆਪਣਾ ਵੱਖਰਾ ਪ੍ਰਭਾਵ ਜਮਾਉਣਾ ਹੈ. ਇਹ ਵੀ ਪਤਾ ਲੱਗਾ ਹੈ ਕਿ ਇਹ ਮਾਫੀਆ ਗਰੁੱਪ ਹਾਲ ਹੀ ਵਿਚ ਕਤਲ ਕਰਨ ਦੇ ਮਾਮਲੇ ਵਿਚ ਜੇਲ ਤੋਂ ਜ਼ਮਾਨਤ ‘ਤੇ ਆਇਆ ਹੈ. ਉਨ੍ਹਾਂ ਨੇ ਆਪਣੇ ਸਿਆਸੀ ਆਕਾਵਾਂ ਦਾ ਸਹਾਰਾ ਲੈ ਕੇ ਜੇਲ ਦੇ ਅੰਦਰ ਬੈਠਿਆਂ ਹੀ ਵੱਡੇ ਵਪਾਰੀਆਂ ਤੇ ਪੇਟੀ ਮਾਫੀਆ ਦੇ ਕੁਝ ਲੋਕਾਂ ਨੂੰ ਫੋਨ ਕਰਕੇ ਧਮਕਾਇਆ ਅਤੇ ਫਿਰੌਤੀ ਮੰਗੀ. ਇਕ ਵਪਾਰੀ ਨੇ ਇਸ ਸਬੰਧ ਵਿਚ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਤੋਂ ਪੁੱਛਗਿਛ ਕੀਤੀ. ਇਹ ਗਰੁੱਪ ਕਈ ਅਪਰਾਧੀ ਲਡ਼ਕਿਆਂ ਦੀਆਂ ਜ਼ਮਾਨਤਾਂ ਕਰਵਾ ਕੇ ਉਨ੍ਹਾਂ ਨੂੰ ਜੇਲ ਵਿਚੋਂ ਬਾਹਰ ਕੱਢ ਰਿਹਾ ਹੈ. ਇਨ੍ਹਾਂ ਲੋਕਾਂ ਦਾ ਐੱਮ. ਐੱਮ. ਐੱਸ. ਕਈ ਪੁਲਸ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਵਿਚ ਵੀ ਹੈ. ਜੇ ਇਸ ਗਰੁੱਪ ‘ਤੇ ਤੁਰੰਤ ਰੋਕ ਨਾ ਲਗਾਈ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਜ਼ਿਲੇ ਦਾ ਮਾਹੌਲ ਖਰਾਬ ਹੋ ਜਾਵੇਗਾ.
ਜੇ ਗੂੰਡਾ ਗਰਦੀ ਦੀ ਇਹ ਦਹਿਸ਼ਤ ਅਤੇ ਮਨਮਰਜ਼ੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਨਿਸਚੇ ਹੀ ਲੋਕ ਆਪਣੀ ਰਾਖੀ ਲਈ ਹਥਿਆਰਾਂ ਤੇ ਟੇਕ ਰੱਖਣਾ ਹੀ ਜਰੂਰੀ ਸਮਝਣਗੇ ਅਤੇ ਸ਼ਾਂਤੀ ਵਾਲੇ ਰਸਤੇ ਦੀ ਸਾਰਥਿਕਤਾ ਮਜਬੂਤ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਹੀ ਨਿਸਫਲ ਹੋ ਜਾਣਗੀਆਂ. ਜਦੋਂ ਤੱਕ ਅਜਿਹੇ ਲੋਕਾਂ ਨੂੰ ਸਿਆਸੀ ਸਰਪ੍ਰਸਤੀ ਮਿਲਦੀ ਰਹੇਗੀ ਉਦੋਂ ਤੱਕ ਇਹਨਾਂ ਨੂੰ ਨਥ ਪਾਉਣ ਲਈ ਪੁਲਿਸ ਲਈ ਵੀ ਅਸਰਦਾਇਕ ਕਾਰਵਾਈ ਕਰਨਾ ਇੱਕ ਬਹੁਤ ਹੀ ਮੁਸ਼ਕਲ ਕੰਮ ਬਣਿਆ ਰਹੇਗਾ.  

No comments: