Friday, September 02, 2011

ਰਾਜੀਵ ਸ਼ਰਮਾ ਦੀ ਆਤੂ ਖੋਜੀ: ਅੰਬਰ ਲੱਭ ਲਏ ਨਵੇ ਨਿਸ਼ਾਨਿਆਂ ਨੇ

ਰਾਜੀਵ ਸ਼ਰਮਾ ਪੰਜਾਬੀ ਫਿਲਮ ਜਗਤ ਵਿਚ ਜਾਣਿਆ ਪਹਿਚਾਣਿਆਂ ਨਾਮ ਹੈ.ਜਿਸ ਨੇ ਮਨੋਰੰਜਨ ਦੀ ਇਸ ਵਿਧਾ ਨੂੰ ਲੋਕ ਪੱਖੀ ਸਾਮਜਿਕ ਚੇਤਨਾ ਲਈ ਖੂਬਸੂਰਤ ਤਰੀਕੇ ਨਾਲ ਵਰਤਿਆ ਹੈ. ਇਨਕਲਾਬੀ ਕਵੀ ਪਾਸ਼ ਬਾਰੇ ਉਸ ਨੇ ਜਿਥੇ "ਆਪਣਾ ਪਾਸ਼" ਬਣਾਈ,ਉਥੇ ਹੀ "ਜੁੱਤੀ" ਵਰਗੀ ਸਾਮਜਿਕ ਚੇਤਨਾ ਨੂੰ ਤਿਖਾ ਕਰਦੀ ਅਤੇ ਸਿਸਟਮ ਵਿਚਲੀਆਂ ਕਮੀਆਂ ਨੂੰ ਨਸ਼ਰ ਕਰਦੀ ਬੇਹਤਰੀਨ ਸ਼ਾਰਟ ਫਿਲਮ ਬਣਾਈ.ਵਿਦੇਸ਼ੀ ਲੋਕ ਪੱਖੀ ਸਿਨੇਮਾ ਬਾਰੇ ਲਿਖਣ ਵਾਲੇ ਗਿਣੇ ਚੁਣੇ ਪੰਜਾਬੀਆਂ ਵਿਚੋ ਉਹ ਇੱਕ ਹੈ,ਜਿਸ ਨੇ ਲੋਕ ਪੱਖੀ ਸਾਮਜਿਕ ਵਿਸ਼ਿਆਂ ਤੇ ਬਣੀਆਂ ਵਿਦੇਸ਼ੀ ਫ਼ਿਲਮਾ ਬਾਰੇ ਮੈਗਜੀਨਾਂ ਅਤੇ ਅਖਬਾਰਾਂ ਵਿਚ ਕਾਲਮ ਲਿਖੇ ਹਨ. ਜੋ ਵੀ ਨੌਜਵਾਨ ਦੇਸ਼ ਜਾਂ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਬਾਰੇ ਥੋੜਾ ਬਹੁਤਾ ਵੀ ਸੋਚਦਾ ਹੈ,ਉਸ ਨੂੰ ਲੋਕ ਪੱਖੀ ਵਿਚਾਰਧਾਰਾ,ਸਾਮਜਿਕ ਸਰੋਕਾਰਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹਿਣਾ, ਨੌਜਵਾਨਾਂ ਵਿਚ ਸਾਮਜਿਕ ਚੇਤਨਾ ਲਈ ਕੀਤੇ ਉਪਰਾਲੇ ਉਸ ਦੀ ਸਭ ਤੋ ਵੱਡੀ ਪ੍ਰਾਪਤੀ ਹੈ.ਕਲਾ ਦੇ ਵੱਖ ਵੱਖ ਖੇਤਰਾਂ ਵਿਚ ਕੰਮ ਕਰ ਰਹੇ ਲੋਕ ਪੱਖੀ ਲੋਕਾਂ ਨਾਲ ਉਸ ਦਾ ਮੇਲ ਜੋਲ ਇਸ ਗੱਲ ਦਾ ਸਬੂਤ ਹੈ ਹੈ ਕਿ ਉਹ "ਕਲਾ ਲੋਕਾਂ ਲਈ" ਨਿਸ਼ਾਨਾ ਮਿੱਥ ਕੇ ਤੁਰਿਆ ਹੈ. 
ਗੱਲ ਕਰਦੇ ਹਾ ਉਸ ਦੀ ਚਰਚਾ ਵਿਚ ਚੱਲ ਰਹੀ ਫਿਲਮ "ਆਤੂ ਖੋਜੀ" ਬਾਰੇ,ਇਹ ਸ਼ਾਰਟ ਫਿਲਮ ਵੀ ਰੋਮਾਂਸਵਾਦੀ ਦੌਰ ਦੇ ਇਸ ਰੋਲੇ ਘਚੋਲੇ ਵਿਚੋ ਲੀਕ ਤੋ ਹੱਟ ਕੇ ਬਣਾਈ ਗਈ ਫਿਲਮ ਹੈ.ਇਸ ਫਿਲਮ ਦੀ ਨਾਇਕਾ ਰਿਤੂ ਇੱਕ ਮੱਧ ਵਰਗੀ ਪਰਿਵਾਰ ਦੀ ਪੜੀ ਲਿਖੀ ਕੁੜੀ ਹੈ.ਜੋ ਕਿ ਆਪਣੇ ਮਨ ਅੰਦਰ ਚਲ ਰਹੇ ਦਵੰਦ ਵਿਚ ਉਲਝੀ ਹੋਈ ਹੈ.ਇੱਕ ਪਾਸੇ ਉਸ ਦੀ ਸਹੇਲੀ ਰਿਚਾ ਨਾਲ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ਼ ਇਨਸਾਫ਼ ਲਈ ਖੜੇ ਹੋਣਾ ਲੋਚਦੀ ਹੈ,ਜਿਥੇ ਸੱਚ ਤੇ ਇਨਸਾਫ਼ ਦਾ ਗਲਾ ਘੁੱਟਿਆ ਜਾ ਰਿਹਾ ਹੈ.ਅਤੇ ਦੂਜੇ ਪਾਸੇ ਉਸ ਦੇ ਮੱਧ ਵਰਗੀ ਪਰਿਵਾਰ ਦੀ ਸਮਝੋਤਾਵਾਦੀ ਸੋਚ ਹੈ ਜੋ ਸਭ ਕੁਝ ਦੇਖ ਕੇ ਵੀ ਜੁਬਾਨ ਬੰਦ ਰੱਖਣ ਦੀ ਸਲਾਹ ਦਿੰਦੀ ਹੈ.ਇਸੇ ਕਸ਼ਮਕਸ਼ ਵਿਚ ਉਸ ਦੀ ਮੁਲਾਕਾਤ ਫਿਲਮ ਦੇ ਮੁੱਖ ਕਿਰਦਾਰ ਆਤੂ ਖੋਜੀ ਨਾਲ ਹੁੰਦੀ ਹੈ.ਜਿਸ ਦੀ ਜਿੰਦਗੀ ਸੱਚ ਇਨਸਾਫ਼ ਲਈ ਕੁਰਬਾਨੀ ਵਿਚੋ ਲੰਘੀ ਹੈ.ਉਸ ਤੋ ਪ੍ਰਭਾਵਿਤ ਹੋ ਕੇ ਫਿਲਮ ਦੀ ਨਾਇਕਾ ਰਿਤੂ ਅਖੀਰ ਵਿਚ ਸੰਘਰਸ਼ ਦਾ ਰਾਹ ਚੁਣਦੀ ਹੈ.ਇਸ ਕਮਾਲ ਦੇ ਵਿਸ਼ੇ ਵਿਚ ਰਾਜੀਵ ਦੀ ਜਿਸ ਸਿਰਜਨਾਤਮਿਕ ਸਮਰੱਥਾ ਦੀ ਦਾਦ ਦੇਣੀ ਬਣਦੀ ਹੈ ਉਹ ਇਹ ਹੈ ਕਿ ਉਸ ਨੇ ਰੋਜਮਰਾ ਦੀ ਜਿੰਦਗੀ ਵਿਚ ਵਿਚਰ ਰਹੇ ਲੋਕਾਂ ਵਿਚੋ ਹੀ ਇੱਕ ਅਜਿਹਾ ਕਿਰਦਾਰ ਕੱਢ ਕੇ ਲਿਆਂਦਾ ਹੈ,ਜਿਸ ਨੂੰ ਉਸ ਨੇ ਇੱਕ ਆਈਡੀਅਲ ਦੇ ਤੌਰ ਤੇ ਵਰਤਿਆ ਹੈ ਜੋ ਰਿਤੂ ਨੂੰ ਸੰਘਰਸ਼ ਦੇ ਰਾਹ ਤੋਰ ਦਿੰਦਾ ਹੈ.ਉਸ ਨੇ ਕਿਸੇ ਵਿਖਆਤ ਜਾਂ ਮਸ਼ਹੂਰ ਆਈਡੀਅਲ ਰਾਹੀ ਸਿਰਫ ਉਪਦੇਸ਼ਵਾਦ ਨਾਲੋ ਨੌਜਵਾਨਾ ਨਾਲ ਨੌਜਵਾਨਾ ਦੀ ਸ਼ੈਲੀ ਵਿਚ ਗੱਲ ਕਰਨ ਦਾ ਬੇਹਤਰੀਨ ਤਰੀਕਾ ਵਰਤਿਆ ਹੈ.ਵਿਸ਼ੇ ਪੱਖੋ ਜਿਥੇ ਫਿਲਮ ਜੋਰਦਾਰ ਹੈ ਉਥੇ ਹੀ ਸਮਾਜ ਵਿਚ ਔਰਤਾਂ ਪ੍ਰਤੀ ਘਟੀਆ ਵਤੀਰਾ ਰੱਖਣ ਵਾਲੇ ਹਵਸੀ ਰਾਕਸ਼ਸ਼ਾਂ ਦੇ ਅਸਲ ਕਰੂਪ ਚਿਹੇਰੇ ਨੂੰ ਵੀ ਸਮਾਜ ਸਾਹਮਣੇ ਲਿਆਉਣ ਵਿਚ ਸਫਲ ਰਹੀ ਹੈ.
ਇੰਦਰਜੀਤ ਕਾਲਾ ਸੰਘਿਆਂ
ਪਾਸ਼ ਦੀ ਗੱਲ ਵਾਂਗੂ ਕਿ "ਮੱਧ ਵਰਗ ਅੱਜ ਵੀ ਭਗੌੜਾ ਹੈ" ਜਿਥੇ ਇਸ ਵਿਚ ਮੱਧ ਵਰਗੀ ਸਮਝੋਤਾਵਾਦੀ ਸੋਚ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਥੇ ਹੀ ਜਦੋ ਆਤੂ ਖੋਜੀ ਵਰਗੀ ਦਮਦਾਰ ਸ਼ਖਸ਼ੀਅਤ ਰਿਤੂ ਨੂੰ ਹਲੂਣਾ ਦਿੰਦੀ ਹੈ ਤਾਂ ਉਹ ਸੰਘਰਸ਼ ਦਾ ਰਾਹ ਚੁਣਦੀ ਹੈ, ਇਹ ਇਸ ਗੱਲ ਵੱਲ ਇੱਕ ਸੰਕੇਤ ਕਰਦਾ ਹੈ ਕਿ ਮੱਧ ਵਰਗੀ ਭਟਕਾ ਨੂੰ ਸਿਰਫ ਇੱਕ ਸਹੀ ਦਿਸ਼ਾ ਦੇਣ ਦੀ ਹੀ ਲੋੜ ਹੁੰਦੀ ਹੈ. ਆਤੂ ਖੋਜੀ ਦੇ ਕਿਰਦਾਰ ਨੂੰ ਸਿਰਫ ਪੇਸ਼ ਕਰ ਦੇਣਾ ਉਨ੍ਹਾਂ ਸਾਰਥਿਕ ਨਾ ਹੁੰਦਾ ਪਰ ਜਿਸ ਤਰੀਕੇ ਨਾਲ ਰਾਜੀਵ ਨੇ ਫਿਲਮ ਵਿਚ ਇਸ ਨੂੰ ਨੌਜਵਾਨ ਵਰਗ ਲਈ ਇੱਕ ਰੋਲ ਮਾਡਲ ਵੱਜੋ ਪੇਸ਼ ਕਰਨ ਦਾ ਸਫਲ ਉਪਰਾਲਾ ਕੀਤਾ ਹੈ ,ਉਸ ਲਈ ਉਹ ਵਾਕਿਆ ਹੀ ਵਧਾਈ ਦਾ ਪਾਤਰ ਹੈ.
ਬਾਕੀ ਮੈਂ ਫਿਲਮਾਂ ਦਾ ਤਕਨੀਕੀ ਤੌਰ ਤੇ ਜਾਣਕਾਰ ਨਹੀ ਹਾ ਅਤੇ ਨਾ ਹੀ ਕੋਈ ਫਿਲਮ ਵਿਸ਼ਲੇਸ਼ਕ ਸੋ ਫਿਲਮ ਦੇ ਇਸ ਪੱਖ ਬਾਰੇ ਤਾਂ ਫਿਲਮ ਵਿਸ਼ਲੇਸ਼ਕ ਹੀ ਦੱਸ ਸਕਦੇ ਹਨ.ਅੰਤ ਵਿਚ ਸਿਰਫ ਇਨ੍ਹਾਂ ਹੀ ਕਿ ਕਲਾ ਦੇ ਇਸ ਲੋਕ ਪੱਖੀ  ਰੂਪ ਨੂੰ ਫਿਲਮ ਵਿਚ ਢਾਲਣ ਲਈ ਰਾਜੀਵ ਦੀ ਤਾਰੀਫ਼ ਕਰਨੀ ਬਣਦੀ ਹੈ ਅਤੇ ਉਸ ਦਾ ਸਾਮਜਿਕ ਚੇਤਨਾ ਨੂੰ ਸਮਰਪਿਤ ਇਹ ਉਪਰਾਲਾ ਸਲਾਹਿਆ ਜਾਣਾ ਚਾਹੀਦਾ ਹੈ.                                
ਇੰਦਰਜੀਤ ਕਾਲਾ ਸੰਘਿਆਂ 
98156-39091                                  

No comments: