Monday, September 26, 2011

600 ਵਿਦਿਆਰਥਣਾਂ ਨੂੰ ਦਿੱਤੇ ਪ੍ਰੋ:ਲਕਸ਼ਮੀ ਕਾਂਤਾ ਚਾਵਲਾ ਨੇ ਸਾਈਕਲ

*ਕੰਨਿਆ ਸਾਖਰਤਾ ਦਰ ਵਧਾਉਣ ਦੀ ਦਿਸ਼ਾ 'ਚ ਪੰਜਾਬ ਸਰਕਾਰ ਦਾ ਵੱਡਾ ਹੰਭਲਾ                        ਮਾਈ ਭਾਗੋ ਸਕੀਮ ਸ਼ੁਰੂ
*75 ਕਰੋੜ ਰੁਪਏ ਦੀ ਲਾਗਤ ਨਾਲ 2.50 ਲੱਖ  ਲੜਕੀਆਂ ਨੂੰ  ਮੁਫ਼ਤ ਸਾਈਕਲ ਪ੍ਰਦਾਨ ਕਰਨ ਦੀ ਮੁਹਿੰਮ ਦਾ ਹੋਇ
ਆ ਆਗਾਜ
*ਆਉਦੇ ਅਕਾਦਮਿਕ ਸੈਸ਼ਨ ਵਿੱਚ ਇਸ ਸਕੀਮ ਤਹਿਤ 9ਵੀਂ ਤੇ 10ਵੀਂ ਜਮਾਤ ਦੀਆਂ ਲੜਕੀਆਂ ਨੂੰ ਵੀ ਲਿਆਂਦਾ ਜਾਵੇਗਾ

ਅੰਮ੍ਰਤਿਸਰ 25 ਸਤੰਬਰ (ਗਜਿੰਦਰ ਸਿੰਘ ਕਿੰਗ)                                  
ਸਰਕਾਰੀ ਸਕੂਲਾਂ ਵਿੱਚ 11ਵੀਂ ਤੇ 12ਵੀਂ ਕਲਾਸ ਵਿੱਚ ਪੜ ਰਹੀਆਂ ਵਿਦਿਆਰਥਣਾਂ ਦੇ ''ਅਕਾਦਮਿਕ ਸਫ਼ਰ'' ਨੂੰ ਸੁਖਾਲਾ ਬਣਾਉਂਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਵਿਦਿਆ ਸਕੀਮ ਤਹਿਤ ਅੱਜ ਮੁਫ਼ਤ ਸਾਈਕਲ ਵੰਡਣ ਦੀ ਮੁਹਿੰਮ ਦਾ ਆਗਾਜ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਆਯੋਜਤ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ ਗਿਆ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਟੜਾ ਕਰਮ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲਬਾਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਅਤੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਟੜਾ ਸਫੇਦ ਸਮੇਤ ਅੰਮ੍ਰਿਤਸਰ ਦੇ ਚਾਰ ਸਕੂਲਾਂ  ਦੀਆਂ ਲੱਗਭੱਗ 600 ਵਿਦਿਆਰਥਣਾਂ ਨੂੰ ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਵੱਲੋਂ  ਸਾਈਕਲ ਪ੍ਰਦਾਨ ਕੀਤੇ ਗਏ।
ਇਸ ਮੁਹਿੰਮ ਦੇ ਰਸਮੀ ਉਦਘਾਟਨ ਉਪਰੰਤ ਪੱਤਰਕਾਰਾਂ ਗੱਲਬਾਤ ਨਾਲ ਕਰਦਿਆਂ ਪ੍ਰੋ: ਚਾਵਲਾ ਨੇ ਦੱਸਿਆ ਕਿ ਇਸ ਅਕਾਦਮਿਕ ਸੈਸ਼ਨ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹਦੀਆਂ ਤਕਰੀਬਨ 2.50 ਲੱਖ  ਲੜਕੀਆਂ  ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ 75 ਕਰੋੜ ਰੁਪਏ ਦੀ ਲਾਗਤ ਨਾਲ ਸਾਈਕਲ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਉਦੇ ਅਕਾਦਮਿਕ ਸੈਸ਼ਨ ਵਿੱਚ ਇਸ ਸਕੀਮ ਤਹਿਤ 9ਵੀਂ ਤੇ 10ਵੀਂ ਜਮਾਤ ਦੀਆਂ ਲੜਕੀਆਂ ਨੂੰ ਵੀ ਲਿਆਂਦਾ ਜਾਵੇਗਾ। 
ਪ੍ਰੋ: ਚਾਵਲਾ ਨੇ ਕਿਹਾ ਕਿ ਲੜਕੀਆਂ ਨੂੰ ਸਿਖਿਅਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਲੜਕੀ ਨੂੰ ਸਿਖਿਅਤ ਕਰਨਾ ਇਕ ਪਰਿਵਾਰ ਨੂੰ ਸਿਖਿਅਤ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਖਿਆ ਦੇ ਖੇਤਰ ਵਿੱਚ ਕੁੜੀਆਂ ਨੂੰ ਅੱਗੇ ਲਿਆਉਣ ਲਈ ਯਤਨਸ਼ੀਲ ਹੈ ਅਤੇ ਇਸੇ ਦਿਸ਼ਾ ਵਿੱਚ ਕਦਮ ਪੁੱਟਦਿਆਂ ਹੋਇਆਂ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਮੱਧ ਵਰਗ ਜਾਂ ਗਰੀਬ ਪਰਿਵਾਰ ਦੇ ਮਾਪੇ   ਬੱਸਾਂ ਦਾ ਕਿਰਾਇਆ ਖਰਚ ਕਰਨ ਦੀ ਸਮੱਰਥਾ ਵਿੱਚ ਨਹੀਂ ਹੁੰਦੇ ਜਿਸ ਕਾਰਨ ਉਹ ਲੜਕੀਆਂ ਨੂੰ ਅਗਾਂਹ ਪੜਾਉਣ ਤੋਂ ਸੰਕੋਚ ਕਰਦੇ ਹਨ, ਇਸ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਸਕੂਲ ਜਾਣ ਲਈ ਇਹ ਸੁਵਿਧਾ ਮੁਹੱਈਆ ਕਰਵਾਈ ਗਈ ਹੈ।
               ਪ੍ਰੋ:ਚਾਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਜਿਥੇ ਲੜਕੀਆਂ ਵਿੱਚ ਹਾਇਰ ਸਕੈਡਰੀ ਸਿਖਿਆ ਹਾਸਲ ਕਰਨ ਦੀ ਭਾਵਨਾ ਨੂੰ ਉਤਸ਼ਾਹਤ ਕਰੇਗਾ ਉਥੇ ਲੜਕੇ ਅਤੇ ਲੜਕੀਆਂ ਦਰਮਿਆਨ ਉਪਜੇ ਸਾਖਰਤਾ-ਪਾੜੇ ਨੂੰ ਘਟਾਉਣ ਵਿੱਚ ਵੀ ਸਹਾਈ ਸਾਬਤ ਹੋਵੇਗਾ।  ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਲਈ ਟਿਊਸ਼ਨ ਫੀਸ ਮੁਆਫ ਕੀਤੀ ਅਤੇ ਫਿਰ ਸਰਕਾਰੀ ਸਕੂਲਾਂ ਵਿੱਚ ਬੱਚੀਆਂ ਤੋਂ ਪੜ੍ਹਾਈ ਨਾਲ ਸਬੰਧਤ ਹਰ ਕਿਸਮ ਦੇ ਫੰਡ ਲੈਣ ਤੇ ਵੀ ਰੋਕ ਲਗਾ ਦਿੱਤੀ ਗਈ ਤਾਂ ਜੋ ਪੈਸੇ ਦੀ ਘਾਟ ਵਿਦਿਆ ਦੇ ਚਾਨਣ ਨੂੰ ਫੈਲਣ ਤੋਂ ਰੋਕ ਨਾ ਸਕੇ।
              ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰੋ: ਚਾਵਲਾ ਨੇ ਸਕੂਲੀ  ਬੱਚੀਆਂ ਨੂੰ ਸਮਾਜਿਕ ਬੁਰਾਈਆ ਖਿਲਾਫ ਲਾਮਬੰਦ ਹੋਣ, ਪੜ੍ਹਣ, ਪੜ੍ਹਾਉਣ ਅਤੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ।
              ਇਸ ਮੌਕੇ ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ  ਇਸ ਸਕੀਮ ਤਹਿਤ ਜਿਲ੍ਹੇ ਵਿੱਚ 11ਵੀਂ ਜਮਾਤ ਵਿੱਚ ਪੜ੍ਹ ਰਹੀਆਂ 4392 ਅਤੇ 12ਵੀਂ ਜਮਾਤ ਵਿੱਚ ਪੜ ਰਹੀਆਂ 3971 ਵਿਦਿਆਰਥਣਾ ਸਮੇਤ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਕੁੱਲ 8363 ਵਿਦਿਆਰਥਣਾ ਨੂੰ ਸਾਈਕਲ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 10+1 ਦੀਆਂ ਲੜਕੀਆਂ ਨੂੰ 20'' ਅਤੇ 10+2 ਦੀਆਂ ਲੜਕੀਆਂ ਨੂੰ 22'' ਦਾ ਸਾਈਕਲ ਦਿੱਤੇ ਜਾਣਗੇ। ਆਪਣੇ ਸੰਬੋਧਨ ਦੌਰਾਨ ਸ੍ਰੀ ਅਗਰਵਾਲ ਨੇ  ਬੱਚਿਆਂ ਨੂੰ ਮਾਨਸਿਕ ਸ਼ਕਤੀ ਉਤਪੰਨ ਕਰਨ, ਕ੍ਰੋਧ, ਲੋਭ, ਸੁਆਰਥ, ਜਿਆਦਾ ਸੌਣਾ, ਜਿਆਦਾ ਖਾਣਾ ਅਤੇ ਬੇਲੋੜੇ ਖੇਡ-ਤਮਾਸ਼ੇ ਵਿੱਚ ਸਮਾਂ ਨਸ਼ਟ ਕਰਨ ਤੋਂ ਗੁਰੇਜ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਹੀ ਆਪਣੀ ਜਿੰਦਗੀ ਦਾ ਟੀਚਾ ਮਿਥ ਲੈਣਾ ਚਾਹੀਦਾ ਹੈ ਅਤੇ ਉਸ ਨੂੰ ਹਾਸਲ ਕਰਨ ਲਈ  ਪੂਰੀ ਲਗਨ ਤੇ ਮਿਹਨਤ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ।
              ਇਸ ਤੋਂ ਪਹਿਲਾਂ ਸ੍ਰ ਸੁਖਵਿੰਦਰ ਸਿੰਘ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ।
              ਇਸ ਮੌਕੇ ਸਰਕਾਰੀ ਸੀਨੀਅਰ ਸੈਕੰਰਡੀ ਸਕੂਲ ਗੋਲਬਾਗ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।  ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਬੱਚਿਆਂ ਤੋਂ ਇਲਾਵਾ ਸ੍ਰੀ ਪ੍ਰਨੀਤ ਭਾਰਦਵਾਜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਡਾ: ਰਾਕੇਸ਼ ਸ਼ਰਮਾ, ਸ੍ਰੀ ਪਵਨ ਕੁੰਦਰਾ, ਮੈਡਮ ਮਾਲਾ ਚਾਵਲਾ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।

No comments: