Tuesday, September 27, 2011

ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਮੁਹਿੰਮ

*         ਵਿਸ਼ਵ ਸੈਰ ਸਪਾਟਾ ਦਿਵਸ ਦੇ ਸ਼ੁਭ ਦਿਹਾੜੇ ਤੇ ਅੰਮ੍ਰਿਤਸਰ ਦੀ ਵਿਰਾਸਤੀ ਸੈਰ ਸ਼ੁਰੂ
*         ਦਸੰਬਰ, 2011 ਵਿੱਚ ਅੰਮ੍ਰਿਤਰ ਵਿਖੇ ਪੰਜ ਸਰੋਵਰ ਯਾਤਰਾ ਵੀ ਆਰੰਭ ਕੀਤੀ ਜਾਵੇਗੀ
*         ਪੰਜਾਬ ਵਿੱਚ ਸੈਰ ਸਪਾਟਾ ਪ੍ਰਫੁੱਲਤ ਕਰਨ ਲਈ ਵੱਖ ਵੱਖ ਪ੍ਰਾਜੈਕਟਾਂ ਤਹਿਤ 6000 ਕਰੋੜ 

           ਰੁਪਏ ਖਰਚ ਕੀਤੇ ਜਾ ਰਹੇ ਹਨ-ਗਾਬੜੀਆ
*         ਵਿਰਾਸਤੀ ਥਾਵਾਂ ਨੂੰ ਸੁਰੱਖਿਅਤ ਕਰਨ ਸਬੰਧੀ ਕਾਨੂੰਨ ਬਣਾਉਣਾ ਸਮੇਂ ਦੀ ਲੋੜ-ਨਵਜੋਤ ਸਿੰਘ ਸਿੱਧੂ

 ਅੰਮ੍ਰਤਿਸਰ 27 ਸਤੰਬਰ  (ਗਜਿੰਦਰ ਸਿੰਘ ਕਿੰਗ):
ਪੰਜਾਬ ਹੈਰੀਟੇਜ ਅਤੇ ਟੂਰਿਜਮ ਪ੍ਰੋਮੋਸ਼ਨ ਬੋਰਡ  ਵੱਲੋਂ  ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ 450 ਸਾਲ ਦੀ ਪੁਰਾਣੀ ਇਤਿਹਾਸਕ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ਵ ਸੈਰ ਸਪਾਟਾ ਦਿਵਸ  ਦੇ ਸ਼ੁਭ ਦਿਹਾੜੇ ਤੇ ਅੰਮ੍ਰਿਤਸਰ ਦੀ ਵਿਰਾਸਤੀ ਸੈਰ ਸ਼ੁਰੂ  ਕੀਤੀ ਗਈ। 
ਇਸ ਮੌਕੇ ਸ੍ਰ ਹੀਰਾ ਸਿੰਘ ਗਾਬੜੀਆ, ਸੈਰ ਸਪਾਟਾ ਮੰਤਰੀ ਪੰਜਾਬ, ਸ੍ਰ ਨਵਜੋਤ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ, ਇੰਜ: ਸ਼ਵੇਤ ਮਲਿਕ, ਮੇਅਰ, ਡਾ: ਬਲਦੇਵ ਰਾਜ ਚਾਵਲਾ, ਚੇਅਰਮੈਨ ਜਲ ਸਪਲਾਈ ਬੋਰਡ ਪੰਜਾਬ,  ਸ੍ਰੀਮਤੀ ਗੀਤੀਕਾ ਕੱਲ੍ਹਾ, ਪ੍ਰਮੁੱਖ ਸਕੱਤਰ ਸੈਰ ਸਪਾਟਾ ਵਿਭਾਗ, ਪੰਜਾਬ, ਸ੍ਰੀ ਹਰਸ਼ ਵਰਮਾ ਡਾਇਰੈਕਟਰ ਯੂਨਾਟੀਟਿਡ ਨੇਸ਼ਨਜ਼ ਵਰਲਡ ਟੂਰਿਜਮ ਆਰਗੇਨਾਈਜੇਸ਼ਨ, ਸਪੇਨ,  ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ, ਸ੍ਰੀ ਧਰਮਪਾਲ ਗੁਪਤਾ ਕਮਿਸ਼ਨਰ ਨਗਰ ਨਿਗਮ, ਸ੍ਰੀ ਹਰਪ੍ਰੀਤ ਸਿੰਘ ਬੇਦੀ ਡਾਇਰੈਕਟਰ ਖਾਦੀ ਬੋਰਡ, ਸ੍ਰੀ ਸੁਖਵਿੰਦਰਪਾਲ ਸਿੰਘ ਗਰਚਾ, ਸ੍ਰ ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਜੁਗਲ ਕਿਸ਼ੋਰ, ਸ੍ਰੀ ਰਾਹੁਲ ਮਹੇਸ਼ਵਰੀ, ਸ੍ਰੀ ਸੋਮਨਾਥ, ਇਤਿਹਾਸਕਾਰ ਸ੍ਰੀ ਸੁਰਿੰਦਰ ਕੋਛੜ ਸਮੇਤ ਵੱਡੀ ਗਿਣਤੀ ਵਿੱਚ ਪਤਵੰਤਿਆਂ ਤੇ ਅਤੇ ਸੈਰ ਸਪਾਟਾ ਉਦਯੋਗ ਨਾਲ ਜੁੜੇ ਵਿਅਕਤੀਆਂ ਨੇ ਸ਼ਿਰਕਤ ਕੀਤੀ। 
ਲੱਗਭੱਗ 2 ਘੰਟੇ ਚੱਲੀ ਇਸ ਵਿਰਾਸਤੀ ਸੈਰ ਵਿੱਚ ਹਿੱਸਾ ਲੈਣ ਵਾਲਿਆਂ ਨੇ ਅੰਮ੍ਰਿਤਸਰ ਦੀਆਂ ਪੁਰਾਣੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਸ਼ਹਿਰ ਦੀਆਂ ਪ੍ਰਮੁੱਖ ਇਤਿਹਾਸਕ ਥਾਵਾਂ ਜਿਵੇਂ ਕਿ ਟਾਊਨ ਹਾਲ, ਗੁਰਦਵਾਰਾ ਸਾਰਾਗੜ੍ਹੀ  ਮੈਮੋਰੀਅਲ, ਕਿਲਾ ਆਹਲੂਵਾਲੀਆ, ਜਲੇਬੀ ਵਾਲਾ ਚੌਂਕ, ਸੰਗਲਵਾਲਾ ਅਖਾੜਾ, ਚਿੱਟਾ ਅਖਾੜਾ, ਮਹਾਰਾਜਾ ਰਣਜੀਤ ਸਿੰਘ ਦੀ ਟਕਸਾਲ ਆਦਿ ਸਥਾਨਾਂ ਦਾ ਨਜਾਰਾ ਮਾਣਿਆ।
          ਯਾਦ ਰਹੇ ਅੰਮ੍ਰਿਤਸਰੀ ਵਿਰਾਸਤੀ ਸੈਰ ਦਾ ਖਾਕਾ ਸ੍ਰੀ ਦੇਬ ਅਸੀਸ਼ ਨਾਇਕ ਜੋ ਕਿ ਇਸ ਕਿੱਤੇ ਵਿੱਚ ਮਾਹਿਰ ਹਨ ਅਤੇ ਅਹਿਮਦਾਬਾਦ ਹੈਰੀਟੇਜ ਵਾਕ ਲਈ ਜਾਣੇ ਜਾਂਦੇ ਹਨ, ਦੁਆਰਾ ਤਿਆਰ ਕੀਤਾ ਗਿਆ ਹੈ ਇਸ ਵਿੱਚ ਸਥਾਨਕ ਇਤਿਹਾਸਕਾਰ ਅਤੇ ਖੋਜਕਰਤਾ ਸ੍ਰੀ ਸੁਰਿੰਦਰ ਕੋਛੜ ਦਾ ਵੀ ਬਹੁਤ ਵੱਡਾ ਯੋਗਦਾਨ ਹੈ।        
         ਵਿਰਾਸਤੀ ਸੈਰ ਉਪਰੰਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਸੈਰ ਸਪਾਟਾ ਪ੍ਰਫੁੱਲਤ ਕਰਨ ਅਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਪ੍ਰਤੀ ਸੰਜੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਮੰਤਵ ਲਈ ਵੱਖ ਵੱਖ ਪ੍ਰਾਜੈਕਟਾਂ ਤਹਿਤ 6000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੂਰਿਜਮ ਨੂੰ ਪ੍ਰਫੁੱਲਤ ਕਰਨ ਲਈ ਫਾਰਮ ਟੂਰਿਜਮ, ਵਿਰਾਸਤੀ ਸੈਰ, ਮੇਲੇ, ਸਪੈਸ਼ਲ ਟਰੇਨ ਆਦਿ ਪ੍ਰਾਜੈਕਟ ਆਰੰਭ ਕੀਤੇ ਗਏ ਹਨ।  
ਸ੍ਰ ਗਾਬੜੀਆ ਨੇ ਕਿਹਾ ਕਿ ਵਿਰਾਸਤੀ ਸੈਰ ਦਾ ਉਦੇਸ਼ ਲੋਕਾਂ ਵਿੱਚ ਪੁਰਾਣੇ ਅੰਮ੍ਰਿਤਸਰ ਸ਼ਹਿਰ ਦੀਆਂ ਇਮਾਰਤਾਂ, ਵਿਰਾਸਤ ਅਤੇ ਸਭਿਆਚਾਰ, ਵਿਰਾਸਤੀ ਥਾਵਾਂ, ਵਿਲੱਖਣ ਹਵੇਲੀਆਂ ਅਤੇ ਡਿਓੜੀਆਂ ਆਦਿ ਬਾਰੇ ਖਿੱਚ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਰਾਸਤੀ ਸੈਰ ਪੰਜਾਬ ਹੈਰੀਟੇਜ ਅਤੇ ਟੂਰਿਜਮ ਪ੍ਰੋਮੋਸ਼ਨ ਬੋਰਡ ਦੁਆਰਾ ਟਰੇਂਡ ਕੀਤੇ ਗਏ ਗਾਇਡਜ਼ ਦੁਆਰਾ ਕਰਵਾਈ ਜਾਇਆ ਕਰੇਗੀ। ਵਿਰਾਸਤੀ ਸੈਰ ਕਰਵਾਉਣ ਲਈ ਆਰੰਭ ਤੋਂ 30 ਦਿਨਾਂ ਤੱਕ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ, ਪਰ ਬਾਅਦ ਵਿੱਚ ਟੋਕਨ ਮਨੀ ਦੇ ਤੌਰ ਤੇ ਫੀਸ ਲਈ ਜਾਇਆ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵਿਰਾਸਤੀ ਸੈਰ ਕਿੱਤੇ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਰਾਜ ਸਰਕਾਰ ਵੱਲੋਂ ਮਿਉਂਸਪਲ ਕਾਰਪੋਰੇਸ਼ਨ ਵਿੱਚ ਵਿਰਾਸਤੀ ਸੈਲ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਦੇ ਨਾਲ ਨਾਲ ਇਸ ਵਿਰਾਸਤੀ ਸੈਰ  ਨੂੰ ਜੋੜ ਕੇ ਯਾਤਰਆੂਂ ਦੇ ਤਜਰਬੇ ਨੂੰ ਹੋਰ ਵਧੀਆ ਬਣਾਉਣ ਦਾ ਉਪਰਾਲਾ ਕੀਤਾ ਗਿਆ  ਹੈ।
         ਸੈਰ ਸਪਾਟਾ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਹੈਰੀਟੇਜ ਅਤੇ ਟੂਰਿਜਮ ਪ੍ਰੋਮੋਸ਼ਨ ਬੋਰਡ ਵੱਲੋਂ ਵਿਰਾਸਤੀ ਸੈਰ ਦੇ ਰੂਟ ਤੇ ਯਤਾਰੀਆਂ ਦੀਆਂ ਸਹੂਲਤਾਂ ਅਤੇ ਹੋਰ ਜਰੂਰੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਵਾਉਣ ਦੀ ਤਜਵੀਜ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤਜਵੀਜ ਤਹਿਤ ਕੀਤੇ ਜਾਣ ਵਾਲੇ ਕੰਮਾਂ ਵਿੱਚ ਸਾਈਨ ਬੋਰਡ ਲਗਾਉਣਾ, ਠਹਿਰਾਓ ਵਾਲੀ ਥਾਂ ਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ, ਕੁਝ ਇਤਿਹਾਸਕ, ਜਨਤਕ/ਪ੍ਰਾਈਵੇਟ ਇਮਾਰਤਾਂ ਨੂੰ ਸੁਰੱਖਿਅਤ ਕਰਨਾ ਆਦਿ ਸ਼ਾਮਲ ਹੈ।
          ਸ੍ਰ ਗਾਬੜੀਆ ਨੇ ਸੈਰ ਸਪਾਟਾ ਵਿਭਾਗ ਦੇ ਨਿਕਟ ਭਵਿੱਖ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਪੰਜਾਬ ਹੈਰੀਟੇਜ ਅਤੇ ਟੂਰਿਜਮ ਪ੍ਰੋਮੋਸ਼ਨ ਬੋਰਡ ਵੱਲੋਂ ਦਸੰਬਰ, 2011 ਵਿੱਚ ਅੰਮ੍ਰਿਤਸਰ ਵਿੱਚ ਪੰਜ ਸਰੋਵਰ ਯਾਤਰਾ ਵੀ ਆਰੰਭ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਹੋਰ ਸ਼ਹਿਰਾਂ ਜਿਵੇਂ ਕਿ ਪਟਿਆਲਾ, ਰੋਪੜ ਅਤੇ ਜਲੰਧਰ ਵਿੱਚ ਵੀ ਅੰਮ੍ਰਿਤਸਰ ਸ਼ਹਿਰ ਵਾਂਗ ਵਿਰਾਸਤੀ ਸੈਰ ਆਰੰਭ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਕੰਮ ਭਾਰਤ ਸਰਕਾਰ ਦੀਆਂ ਸਕੀਮਾਂ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
         ਸ੍ਰ ਨਵਜੋਤ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ ਨੇ ਵਿਰਸੇ ਨੂੰ ਸੰਜੋਨ ਦੇ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੋਰ ਦੇ ਕੇ ਕਿਹਾ ਕਿ ਪੁਰਾਤਨ ਇਮਾਰਤ ਕਲਾ ਦੇ ਖੂਬਸੂਰਤ ਨਮੂਨਿਆਂ ਨੂੰ ਸੰਭਾਲ ਕੇ ਰੱਖਣ ਦੀ ਵਿਸ਼ੇਸ਼ ਲੋੜ ਹੇ। ਉਨ੍ਹਾਂ ਕਿਹਾ ਕਿ ਲੱਖਾਂ ਦਾ ਇਤਿਹਾਸ ਕੌਡੀਆਂ ਦੇ ਭਾਅ ਰੁਲ ਰਿਹਾ ਹੈ। ਉਨ੍ਹਾਂ  ਕਿਹਾ ਕਿ ਵਿਰਾਸਤੀ ਥਾਵਾਂ ਨੂੰ ਸੁਰੱਖਿਅਤ ਕਰਨ ਸਬੰਧੀ ਕਾਨੂੰਨ ਬਣਾਉਣਾ ਸਮੇਂ ਦੀ ਲੋੜ ਹੈ ਅਤੇ ਇਸ  ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਚਰਚਾ ਕਰਨਗੇ। ਸ੍ਰ ਸਿੱਧੂ ਨੇ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਦਫ਼ਤਰ ਨੂੰ ਟਾਊਨ ਹਾਲ ਤੋਂ ਬਾਹਰ ਤਬਦੀਲ ਕਰਨ ਉਪਰੰਤ ਟਾਊਨ ਹਾਲ ਦੀ ਇਤਿਹਾਸਕ ਇਮਾਰਤ ਵਿੱਚ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦਾ ਵਿਰਾਸਤੀ ਅਜਾਇਬ ਘਰ ਤਿਆਰ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਵੱਲੋਂ 50 ਕਰੋੜ ਰੁਪਏ  ਮੁਹੱਈਆ ਕਰਵਾਏ ਜਾਣਗੇ। ਸ੍ਰ ਸਿੱਧੂ ਨੇ ਕਿਹਾ ਕਿ ਲੋੜ ਹੈ ਕਿ ਯੋਜਨਾਬੱਧ  ਢੰਗ ਨਾਲ ਵਿਰਸੇ ਦੀ ਸਾਂਭ ਸੰਭਾਲ ਲਈ ਉਪਰਾਲੇ ਕੀਤੇ ਜਾਣ।
         ਬਾਅਦ ਵਿੱਚ ਸ੍ਰੀਮਤੀ ਗੀਤੀਕਾ ਕੱਲ੍ਹਾ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਪੇਸ਼ ਕੀਤੀ 2010 ਰਿਪੋਰਟ ਅਨੁਸਾਰ ਯਾਤਰੀ ਆਵਗਨ ਵਿੱਚ ਪੰਜਾਬ ਰਾਜ 14ਵੇਂ ਨੰਬਰ ਤੇ ਹੈ, ਇਸ ਤਰ੍ਹਾਂ ਪੰਜਾਬ ਯਾਤਰੂ ਆਵਗਣ ਵਿੱਚ ਕੇਰਲਾ ਅਤੇ ਜੰਮੂ ਕਸ਼ਮੀਰ ਨਾਲੋਂ ਅੱਗੇ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਆਉਂਦੇ ਪੰਜ ਸਾਲਾਂ ਵਿੱਚ ਇਨਫਰਾਸਟਰੱਕਚਰ, ਵਿਰਾਸਤੀ ਥਾਵਾਂ/ਇਮਾਰਤਾਂ ਉਪਰ 1 ਹਜ਼ਾਰ ਕਰੋੜ ਰੁਪਏ ਖਰਚ ਕਰਨ ਦੀ ਤਜਵੀਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ ਲੱਗਭੱਗ 2000 ਵਿਅਕਤੀਆਂ ਨੂੰ ਪ੍ਰਾਹੁਣਚਾਰੀ ਖੇਤਰ ਵਿੱਚ ਟ੍ਰੇਨਿੰਗ ਦੇ ਕੇ ਸੇਵਾਵਾਂ ਦੇਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਪੰਜਾਬ ਸਰਕਾਰ ਵਿਸ਼ਵ ਗਾਈਡ ਟ੍ਰੇਨਿੰਗ ਫੈਡਰੇਸ਼ਨ ਐਸੋਸੀਏਸ਼ਨ ਦੀ ਮਦਦ ਨਾਲ ਰਾਜ ਵਿੱਚ ਗਾਈਡਜ਼ ਨੂੰ ਟ੍ਰੇਨਿੰਗ  ਮੁਹੱਈਆ ਕਰਵਾਉਂਦੀ ਹੈ।

No comments: