Monday, August 29, 2011

ਆਦਰਸ਼ ਸਕੂਲ ਦੀ ਜ਼ਮੀਨ ਟੈਕਨੀਕਲ ਇੰਸਟੀਚਿਊਟ ਨੂੰ ਦੇਣ ਦੀ ਤਿਆਰੀ

ਜ਼ਮੀਨ ਦਾ ਇੰਤਕਾਲ ਤਬਦੀਲ ਕਰਨ ਦੀ ਕਾਰਵਾਈ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 28 ਅਗਸਤ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਦਰਸ਼ ਸਕੂਲ, ਨੰਦਗਡ਼੍ਹ ਦੀ 15 ਏਕਡ਼ ਜ਼ਮੀਨ ‘ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ’ ਨੂੰ ਦਾਨ ਵਜੋਂ ਦਿੱਤੀ ਜਾਏਗੀ। ਜ਼ਮੀਨ ਦਾ ਇੰਤਕਾਲ ਟੈਕਨੀਕਲ ’ਵਰਸਿਟੀ ਦੇ ਨਾਂ ਕਰਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਦੇ ਚੋਣ ਜ਼ਾਬਤੇ ਤੋਂ ਪਹਿਲਾਂ ਇਸ ਇੰਸਟੀਚਿਊਟ ਦਾ ਉਦਘਾਟਨ ਕਰਨ ਦੀ ਕਾਹਲੀ ਵਿੱਚ ਹੈ, ਜਦੋਂ ਕਿ ’ਵਰਸਿਟੀ ਲਈ ਫੌਰੀ ਸੈਸ਼ਨ ਸ਼ੁਰੂ ਕਰਨਾ ਔਖਾ ਹੈ। ਪੰਜਾਬ ਟੈਕਨੀਕਲ ’ਵਰਸਿਟੀ ਵੱਲੋਂ ਪਿੰਡ ਨੰਦਗਡ਼੍ਹ ਵਿੱਚ ਨਵੇਂ ਬਣਾਏ ਜਾ ਰਹੇ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਮੁੱਢਲੇ ਪਡ਼ਾਅ ’ਤੇ ਐਮ.ਬੀ.ਏ. ਦਾ ਕੋਰਸ ਸ਼ੁਰੂ ਕਰਨ ਲਈ ਇਸ਼ਤਿਹਾਰ ਦਿੱਤਾ ਗਿਆ ਸੀ। ਐਮ.ਬੀ.ਏ. ਵਿੱਚ ਦਾਖਲਾ ਲੈਣ ਵਾਸਤੇ ਕੋਈ ਵੀ ਵਿਦਿਆਰਥੀ ਨਹੀਂ ਪੁੱਜਿਆ। ਪੰਜਾਬ ਸਰਕਾਰ ਵੱਲੋਂ ਇਹ ਇੰਸਟੀਚਿਊਟ ਵੀ.ਆਈ.ਪੀ. ਬਠਿੰਡਾ-ਬਾਦਲ ਸਡ਼ਕ ’ਤੇ ਖੋਲ੍ਹਿਆ ਗਿਆ ਹੈ। ਇਸ ਇੰਸਟੀਚਿਊਟ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਚੋਣਾਂ ਮਗਰੋਂ ਕੀਤੇ ਜਾਣ ਦੀ ਉਮੀਦ ਹੈ। ਟੈਕਨੀਕਲ ਯੂਨੀਵਰਸਿਟੀ ਵੱਲੋਂ ਹਾਲੇ ਤੱਕ ਕੈਂਪਸ ਦੀ ਉਸਾਰੀ ਵੀ ਨਹੀਂ ਕੀਤੀ ਗਈ ਹੈ ਅਤੇ ਨਾ ਸਟਾਫ ਦੀ ਭਰਤੀ ਹੋਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿੰਡ ਨੰਦਗਡ਼੍ਹ ਵਿੱਚ ਸਾਲ 1979 ਵਿੱਚ ਆਦਰਸ਼ ਸਕੂਲ ਖੋਲ੍ਹਿਆ ਗਿਆ ਸੀ, ਜਿਸ ਕੋਲ 25 ਏਕਡ਼ ਜ਼ਮੀਨ ਹੈ। ਇਸ ਦੀ 15 ਏਕਡ਼ ਜਗ੍ਹਾ ਨੂੰ ਸਕੂਲ ਵੱਲੋਂ ਠੇਕੇ ’ਤੇ ਦਿੱਤਾ ਜਾਂਦਾ ਹੈ। ਠੇਕੇ ਦੀ ਜ਼ਮੀਨ ਤੋਂ ਕਰੀਬ 1.25 ਲੱਖ ਰੁਪਏ ਦੀ ਆਮਦਨ ਵੀ ਸਕੂਲ ਨੂੰ ਹੁੰਦੀ ਹੈ। ਇਸ ਨਾਲ ਸਕੂਲ ਆਪਣੀਆਂ ਲੋਡ਼ਾਂ ਪੂਰੀਆਂ ਕਰ ਲੈਂਦਾ ਸੀ। ਹੁਣ ਇਸ 25 ਏਕਡ਼ ਜ਼ਮੀਨ ’ਤੇ ਨਵੇਂ ਇੰਸਟੀਚਿਊਟ ਦਾ ਕੈਂਪਸ ਬਣੇਗਾ। ਪੰਜਾਬ ਟੈਕਨੀਕਲ ’ਵਰਸਿਟੀ ਵੱਲੋਂ ਤਾਂ ਇਸ ਜ਼ਮੀਨ ਦੇ ਨਾਲ ਸਕੂਲ ਦੇ ਗਰਾਊਂਡ ਵੀ ਲਏ ਜਾ ਰਹੇ ਹਨ। ਆਦਰਸ਼ ਸਕੂਲ ਦੇ ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਦਾ ਕਹਿਣਾ ਸੀ ਕਿ ਟੈਕਨੀਕਲ ’ਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਅਧਿਕਾਰੀ ਸਕੂਲ ਦੀ ਜ਼ਮੀਨ ਦੇਖ ਚੁੱਕੇ ਹਨ ਅਤੇ ਜ਼ਮੀਨ ਤਬਾਦਲੇ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਬਦਲੇ ਨਵੇਂ ਇੰਸਟੀਚਿਊਟ ਦੇ ਹਰ ਕੋਰਸ ਵਿੱਚ ਪੰਜ ਸੀਟਾਂ ਇਸ ਸਕੂਲ ਦੇ ਬੱਚਿਆਂ ਲਈ ਰਾਖਵੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਇਕ ਸੀਟ ਬਿਲਕੁਲ ਮੁਫਤ ਹੋਏਗੀ। ਉਨ੍ਹਾਂ ਦੱਸਿਆ ਕਿ ਨਵੇਂ ਇੰਸਟੀਚਿਊਟ ਵੱਲੋਂ ਸਕੂਲ ਦਾ ਟਰੈਕ ਵੀ ਲਿਆ ਜਾ ਰਿਹਾ ਹੈ, ਜਿਸ ਕਰਕੇ ਸਕੂਲ ਅਤੇ ਇੰਸਟੀਚਿਊਟ ਦੇ ਵਿਦਿਆਰਥੀ ਖੇਡ ਗਰਾਊਂਡ ਨੂੰ ਸਾਂਝੇ ਤੌਰ ’ਤੇ ਵਰਤ ਲੈਣਗੇ। ਜਾਣਕਾਰੀ ਅਨੁਸਾਰ ਟੈਕਨੀਕਲ ’ਵਰਸਿਟੀ ਵੱਲੋਂ ਆਰਜ਼ੀ ਕੈਂਪਸ ਵਾਸਤੇ ਸਕੂਲ ਤੋਂ ਕਮਰਿਆਂ ਦੀ ਮੰਗ ਵੀ ਕੀਤੀ ਗਈ ਸੀ।
ਸੂਤਰ ਦੱਸਦੇ ਹਨ ਕਿ ਸਕੂਲ ਵੱਲੋਂ ਕਮਰਿਆਂ ਤੋਂ ਨਾਂਹ ਕਰ ਦਿੱਤੀ ਗਈ ਹੈ। ਸਕੂਲ ਨੂੰ ਜੋ ਠੇਕੇ ਤੋਂ ਆਮਦਨ ਹੁੰਦੀ ਸੀ, ਉਹ ਘਟਣ ਨਾਲ ਸਕੂਲ ਨੂੰ ਲੋਡ਼ਾਂ ਪੂਰੀਆਂ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਸਕੂਲ ਵਿੱਚ 700 ਦੇ ਕਰੀਬ ਬੱਚੇ ਪਡ਼੍ਹਦੇ ਹਨ ਅਤੇ ਸਕੂਲ ਦੇ ਕਾਫੀ ਬੱਚੇ ਸੂਬਾਈ ਖੇਡਾਂ ਵਿੱਚ ਹਰ ਸਾਲ ਜਾਂਦੇ ਹਨ। ਦੂਸਰੀ ਤਰਫ ਨਵੇਂ ਇੰਸਟੀਚਿਊਟ ਵਿੱਚ ਇੰਜਨੀਅਰਿੰਗ ਅਤੇ ਕੰਪਿਊਟਰ ਕੋਰਸ ਸ਼ੁਰੂ ਕੀਤੇ ਜਾਣੇ ਹਨ।
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡੀਨ ਬੂਟਾ ਸਿੰਘ ਦਾ ਕਹਿਣਾ ਸੀ ਕਿ ਪਿੰਡ ਨੰਦਗਡ਼੍ਹ ਵਿੱਚ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ ਖੋਲ੍ਹਿਆ ਜਾ ਰਿਹਾ ਹੈ, ਜਿਸ ਦਾ ਆਰਜ਼ੀ ਕੈਂਪਸ ਸ਼ੁਰੂ ਹੋ ਜਾਵੇਗਾ ਅਤੇ ਕੇਵਲ ਜਗ੍ਹਾ ਬਾਰੇ ਫੈਸਲਾ ਲੈਣਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਸਕੂਲ ਤੋਂ 15 ਏਕਡ਼ ਜ਼ਮੀਨ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਕੂਲ ਦਾ ਗਰਾਊਂਡ ਸਾਂਝੇ ਤੌਰ ’ਤੇ ਵਰਤਿਆ ਜਾਵੇਗਾ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)  

No comments: