Friday, August 12, 2011

ਭਰੂਣ ਹੱਤਿਆ ਰੋਕਣ ਲਈ ਪੰਘੂੜਾ ਸਕੀਮ ਸਫਲਤਾ ਵੱਲ

ਜਿਲ੍ਹਾ ਰੈੱਡ ਕਰਾਸ ਵਿਖੇ ਸਥਾਪਿਤ ਪੰਘੂੜੇ ਵਿੱਚ 38ਵੇਂ ਬੱਚੇ ਨੂੰ ਮਿਲੀ ਸ਼ਰਨ
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ 
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਅਤੇ ਪ੍ਰਸ਼ਾਸਨ ਦੇ ਉਪਰਾਲੇ ਸਦਕਾ ਅੱਜ ਜਿਲ੍ਹਾ ਰੈੱਡ ਕਰਾਸ ਵਿਖੇ ਸਥਾਪਿਤ ਪੰਘੂੜੇ ਵਿੱਚ 38ਵੇਂ ਬੱਚੇ ਨੂੰ ਸ਼ਰਨ ਮਿਲੀ। ਇਸ ਬੱਚੀ ਦੀ ਆਮਦ ਬਾਰੇ ਜਾਣਕਾਰੀ ਪ੍ਰਾਪਤ ਹੁੰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ  ਧਰਮਪਤਨੀ ਅਤੇ ਹਸਪਤਾਲ ਵੈੱਲਫੇਅਰ ਸ਼ੈਕਸਨ ਰੈੱਡ ਕਰਾਸ ਅੰਮ੍ਰਿਤਸਰ ਦੀ ਚੇਅਰਪਰਸਨ ਸ਼੍ਰੀਮਤੀ ਰੀਤੂ ਅਗਰਵਾਲ ਜਿਲ੍ਹਾ ਰੈਡ ਕਰਾਸ ਦਫ਼ਤਰ ਪੁੱਜੇ। ਬੱਚੀ ਦੀ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਸ਼੍ਰੀਮਤੀ ਅਗਰਵਾਲ ਨੇ ਦੱਸਿਆ ਕਿ  ਬੀਤੀ ਸ਼ਾਮ ਤਕਰੀਬਨ 4.00 ਵਜੇ  ਇਹ ਬੱਚੀ ਜਿਸ ਦੀ ਉਮਰ ਤਕਰੀਬਨ ਦੋ ਦਿਨ ਦੀ ਲੱਗਦੀ ਹੈ ਨੂੰ ਕੋਈ ਅਨਜਾਣ ਵਿਅਕਤੀ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਸਥਾਪਤ ਪੰਘੂੜੇ ਵਿੱਚ ਛੱਡ ਗਿਆ। ਇਸ ਬਾਰੇ ਜਾਣਕਾਰੀ ਦੇਂਦਿਆਂ ਉਨ੍ਹਾਂ ਦੱਸਿਆ ਕਿ ਪੰਘੂੜੇ ਵਿੱਚ ਬੱਚੀ ਦੀ ਆਮਦ ਤੋਂ ਬਾਅਦ ਉਸ ਨੂੰ ਮੈਡੀਕਲ ਚੈੱਕਅਪ ਲਈ ਈ.ਐਮ.ਸੀ. ਹਸਪਤਾਲ ਰਣਜੀਤ ਐਵੀਨਿਉ ਵਿਖੇ ਭੇਜਿਆ ਗਿਆ, ਜਿਸ ਦੇ ਸਾਰੇ ਮੈਡੀਕਲ ਟੈਸਟ ਬਿਲਕੁੱਲ ਨਾਰਮਲ ਹਨ।
ਉਨ੍ਹਾਂ ਦੱਸਿਆ ਕਿ ਬੱਚੀ ਬਿਲਕੁੱਲ ਤੰਦਰੁਸਤ ਹੈ, ਹੁਣ ਇਸ ਬੱਚੀ ਪਾਲਣ ਪੋਸਣ ਅਤੇ ਕਾਨੂੰਨੀ ਅਡਾਪਸਨ ਹਿੱਤ ਸਵਾਮੀ ਗੰਗਾ ਨੰਦ ਭੂਰੀ ਵਾਲੇ , ਇੰਟਰਨੈਸ਼ਨਲ ਧਾਮ, ਪਿੰਡ ਤਲਵੰਡੀ ਖੁਰਦ, ਲੁਧਿਆਣਾ ਵਿਖੇ ਭੇਜਿਆ ਜਾਵੇਗਾ ਅਤੇ ਪਹਿਲਾ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ  ਬੱਚੀ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ। ਇਸ ਬੇਹੱਦ ਨਾਜ਼ੁਕ ਅਤੇ ਜਜ਼ਬਾਤੀ ਜਿਹੀ ਯੋਜਨਾ ਨੂੰ ਮਿਲ ਰਹੀ ਸਫਲਤਾ ਬਾਰੇ ਦਸਦਿਆਂ ਅਤੇ ਸੁਣਦਿਆਂ ਸਾਰੇ ਹੀ ਭਾਵੁਕ ਜਿਹੇ ਹੋ ਗਏ. ਇਹ ਗੱਲ ਸਾਬਿਤ ਕਰਦੀ ਸੀ ਕਿ ਇਸ ਨਾਲ ਸਾਰੇ ਹੀ ਦਿਲੋਂ ਜੁੜੇ ਹੋਏ ਸਨ. ਸ਼੍ਰੀਮਤੀ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਇਸ ਪੰਘੂੜੇ ਵਿੱਚ ਕੁੱਲ 38 ਬੱਚੇ ਆਏ ਹਨ, ਜਿਨਾਂ੍ਹ ਵਿੱਚੋਂ 35 ਲੜਕੀਆਂ ਅਤੇ 3 ਲੜਕੇ ਸਨ ਅਤੇ ਹੁਣ ਤੱਕ 25 ਬੱਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਦੁਆਰਾ ਉਨਾਂ੍ਹ ਪਰਿਵਾਰਾਂ ਨੂੰ ਅਡਾਪਟ ਕਰਵਾ ਦਿੱਤਾ ਹੈ ਜੋ ਉਨਾਂ੍ਹ ਦੀ ਦੇਖ-ਭਾਲ  ਦੀ ਜਿੰਮੇਵਾਰੀ ਚੰਗੀ ਤਰਾਂ੍ਹ ਨਿਭਾ ਸਕਦੇ ਸਨ। 
ਯਾਦ ਰਹੇ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਮਿਤੀ 1/1/2008 ਤੋ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਬੇਸਹਾਰਾ ਨਵਜੰਮੇ ਬੱਚਿਆਂ ਲਈ ਇਕ ਪੰਘੂੜਾ ਸਥਾਪਿਤ ਕੀਤਾ ਗਿਆ। ਪੰਘੂੜੇ ਅਣਹੌਂਦ ਸਮੇਂ ਆਮ ਤੌਰ ਤੇ ਬੱਚੀਆਂ ਨੂੰ ਕੂੜੇ ਦੇ ਢੇਰ, ਸੜਕਾਂ ਕਿਨਾਰੇ ਜਾਂ ਝਾੜੀਆਂ ਵਿੱਚ ਸੁੱਟੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਸਨ ਅਤੇ ਪ੍ਰਸਾਸ਼ਨ ਦੇ ਉਪਰਾਲੇ ਸਦਕਾ ਲੱਗਭੱਗ 3 ਸਾਲ ਦੇ ਅਰਸੇ ਵਿੱਚ  ਤਿੰਨ  ਦਰਜਨ ਤੋਂ ਵੱਧ ਬੱਚਿਆਂ ਦੀ ਜਾਨ ਬਚਾਉਣ ਵਿੱਚ ਸਫਲਤਾ ਹਾਸਲ ਹੈ.

No comments: