Sunday, August 14, 2011

ਭਗਤ ਦਾ ਫਲਸਫਾ ਅਤੇ ਮਨਪ੍ਰੀਤ ਦਾ ਸੁਪਨਾ


{ ਮੇਰੇ ਇਸ ਲੇਖ ਦਾ ਮਕਸਦ ਮਾਰਕਸਵਾਦ ਜਾਂ ਸਮਾਜਵਾਦ ਦੀ ਵਿਚਾਰਧਾਰਾ ਨੂੰ ਜਸਟੀਫਾਈ ਕਰਨਾ ਬਿਲਕੁਲ ਵੀ ਨਹੀ ਹੈ,ਕਿਉਕਿ ਮਨਪ੍ਰੀਤ ਬਾਦਲ ਭਗਤ ਸਿੰਘ ਦੇ ਸੁਪਨਿਆ ਦੇ ਸਮਾਜ ਦੀ ਗੱਲ ਕਰ ਰਿਹਾ ਹੈ ਇਸ ਲਈ ਭਗਤ ਦੇ ਸੁਪਨਿਆ ਦੇ ਸਮਾਜ ਬਾਰੇ ਕੁਝ ਸੀਮਤ ਜਿਹੇ ਵਿਚਾਰ ਸਾਂਝੇ ਕਰਨਾ ਹੀ ਹੈ.ਇਸ ਲਈ ਮੈਂ ਇਸ ਬਾਰੇ ਹਵਾਲੇ ਤੇ ਟਿਪਣੀਆਂ ਵੀ ਭਗਤ ਸਿੰਘ ਦੀਆਂ ਲਿਖਤਾਂ ਤੇ ਜੇਲ੍ਹ ਡਾਇਰੀ ਤੱਕ ਹੀ ਸੀਮਤ ਰੱਖਾਗਾ} 
 ਹਵਾ ਮੇਂ ਰਹੇਗੀ ਮੇਰੇ ਖਿਆਲ ਕੀ ਬਿਜਲੀ 
ਯੇ ਮੁਸ਼ਤੇ-ਖਾਕ ਹੈ ਫ਼ਾਨੀ ਰਹੇ ਨਾ ਰਹੇ .........ਭਗਤ ਸਿੰਘ  
"ਰਾਜ ਦਫ਼ਾ ਹੋ ਜਾਵੇ ! ਮੈਂ ਐਸੇ ਇਨਕਲਾਬ ਵਿਚ ਹਿੱਸਾ ਲਵਾਂਗਾ ....ਰਾਜ ਦੀ ਸੱਮੁਚੀ ਅਵਧਾਰਨਾ ਦਾ ਬੀਜਨਾਸ਼ ਕਰ ਦੇਵੋ...."ਨਾਰਵੇ ਦੇ ਪ੍ਰੱਸਿਧ ਨਾਟਕਕਾਰ ਹੈਨਰਿਕ ਇਬਸਨ ਦੀਆਂ ਇਹ ਲਾਇਨਾਂ ੨੩ ਸਾਲ ਦੇ ਉਸ ਮਾਰਕਸਵਾਦੀ ਚਿੰਤਕ ਦੀ ਜੇਲ੍ਹ ਡਾਇਰੀ ਵਿਚ ਅੰਕਿਤ ਹਨ.ਜਿਸ ਨੇ ਕਾਮਰੇਡ ਫੈਡਿਰਕ ਏੰਗਲ਼ਜ ਦੀ ਕਲਾਸਿਕ ਰਚਨਾ  "ਟੱਬਰ,ਨਿੱਜੀ ਜਾਇਦਾਦ ਅਤੇ ਰਾਜ ਦੀ ਉੱਤਪਤੀ "  ਨੂੰ ਪੜਦੇ ਹੋਏ ਜਾਣ ਲਿਆ ਸੀ ਕਿ ਰਾਜ ਇਸ ਸਮਾਜ ਤੇ ਬਾਹਰੋ ਠੋਸੀ ਗਈ ਕੋਈ ਚੀਜ਼ ਨਹੀ ਸਗੋ ਸਮਾਜ ਦੇ ਵਿਕਾਸ ਦੇ ਇੱਕ ਖਾਸ ਪੜਾਅ ਤੇ ਉਪਜੀ ਸ਼ਕਤੀ ਹੈ,ਜਿਵੇ ਕਿ ਕਾਮਰੇਡ ਏੰਗਲ਼ਜ ਨੇ ਲਿਖਿਆ ਹੈ:
"ਇਸ ਲਈ ਰਾਜ ਸਮਾਜ ਉੱਤੇ ਬਾਹਰ ਵੱਲੋ ਠੋਸੀ ਸ਼ਕਤੀ ਨਹੀ ਐਨ ਉਸੇ ਤਰ੍ਹਾ ਹੀ ਜਿਵੇ ਇਹ ਹੀਗਲ ਦੇ ਕਥਨ ਦੇ ਉਲਟ 'ਸਦਾਚਾਰਕ ਵਿਚਾਰ ਦਾ ਅਸਲ','ਤਰਕ ਬਿੰਬ ਅਤੇ ਯਥਾਰਥ' ਉੱਕਾ ਹੀ ਨਹੀ. ਸਗੋ ਇਹ ਵਿਕਾਸ ਦੇ ਇੱਕ ਖਾਸ ਪੜਾਅ ਉੱਤੇ ਸਮਾਜ ਦੀ ਉਪਜ ਹੈ; ਇਹ ਇਸ ਗੱਲ ਦਾ ਇਕਬਾਲ ਹੈ ਕਿ ਸਮਾਜ ਆਪਣੇ ਅੰਦਰ ਹੱਲ ਨਾ ਹੋ ਸਕਣ ਵਾਲੇ ਵਿਰੋਧ ਵਿਚ ਫੱਸ ਗਿਆ ਹੈ,ਕਿ ਇਸ ਵਿਚ ਸਮਝੋਤਾ ਰਹਿਤ ਵਿਰੋਧਾਂ ਦੀ ਦਰਾੜ ਪੈ ਗਈ ਹੈ ਜਿਸ ਨੂੰ ਦੂਰ ਕਰਨੋ ਇਹ ਅਸਮਰਥ ਹੈ. ਇਸ ਮੰਤਵ ਲਈ ਕਿ ਇਹ ਵਿਰੋਧ, ਟਕਰਾਂਵੇ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਇੱਕ ਬਾਂਝ ਘੋਲ ਵਿਚ ਆਪਣੇ ਆਪ ਨੂੰ ਅਤੇ ਸਮਾਜ ਨੂੰ ਖਤਮ ਨਾ ਕਰ ਦੇਣ,ਇੱਕ ਅਜਿਹੀ ਸ਼ਕਤੀ ਜੋ ਜਿਹੜੀ ਸਮਾਜ ਤੋ ਉੱਪਰ ਖੜੀ ਜਾਪਦੀ ਹੈ. ਇਸ ਘੋਲ ਨੂੰ ਨਰਮ ਕਰਨ ਲਈ, ਇਹਨੂੰ 'ਪ੍ਰਬੰਧ' ਦੀਆਂ ਹੱਦਾਂ ਅੰਦਰ ਰੱਖਣ ਲਈ,ਲਾਜ਼ਮੀ ਹੋ ਗਈ,ਅਤੇ ਇਹ ਸ਼ਕਤੀ ਜੋ ਸਮਾਜ ਵਿਚੋ ਹੀ ਪੈਦਾ ਹੋਈ ਸੀ.ਪਰ ਜਿਹੜੀ ਆਪਣੇ ਆਪ ਨੂੰ ਇਸ ਤੋ ਉੱਪਰ ਰੱਖਦੀ ਹੈ ਅਤੇ ਆਪਣੇ ਆਪ ਨੂੰ ਸਦਾ ਵੱਖ ਕਰੀ ਜਾਂਦੀ ਹੈ,ਰਾਜ ਹੈ."
ਇਸ ਸਭ ਵਿਚ ੨੩ ਸਾਲ ਦਾ ਇਹ ਚਿੰਤਕ ਇਸ ਬਾਰੇ ਬਿਲਕੁਲ ਸ਼ਪਸ਼ਟ ਰਾਏ ਕਾਇਮ ਕ਼ਰ ਚੁੱਕਾ ਸੀ ਕਿ ਇਹ ਰਾਜ ਸਿਰਫ ਜਮਾਤੀ ਘੋਲ ਦੇ ਤਿੱਖੇਪਨ ਨੂੰ ਢਿੱਲਾ ਕਰਨ ਹੀ ਵਰਤੀ ਜਾਂਦੀ ਸ਼ਕਤੀ ਹੈ ਜੇ ਇਹ "ਰਾਜ ਪ੍ਰਬੰਧ"  ਜਮਾਤੀ ਘੋਲਾਂ ਵਿਚ ਕੋਈ ਸਮਝੋਤਾ ਕਰਵਾ ਸਕਦੇ ਜਾਂ ਉਨ੍ਹਾਂ ਨੂੰ ਖਤਮ ਕਰਨ ਦੀ ਯੋਗ ਹੁੰਦੇ ਤਾਂ ਇਸ ਨੂੰ ਖੁਦ ਵੀ ਹੁਣ ਤੱਕ ਖਤਮ ਹੋ ਜਾਣਾ ਚਾਹੀਦਾ ਸੀ
ਇਸ ਬਾਰੇ ਆਪਣੀ ਜੇਲ੍ਹ ਡਾਇਰੀ ਵਿਚ ਉਸ ਨੇ ਬਹੁਤ ਹੀ ਸ਼ਪਸ਼ਟ ਲਿਖਿਆ ਹੈ
"ਹੁਣ ਵਰਗਾਂ ਦੇ  ਵਿਚ ਕੋਈ ਮੇਲ ਮਿਲਾਪ ਨਹੀ ਹੋ ਸਕਦਾ,ਹੁਣ ਤਾਂ ਵਰਗਾਂ ਦਾ ਅੰਤ ਹੀ ਹੋ ਸਕਦਾ ਹੈ,ਜਦ ਤੱਕ ਪਹਿਲਾ ਇਨਸਾਫ਼ ਨਾ ਹੋਵੇ,ਉਦੋ ਤੱਕ ਸਦ੍ਭਾਵਨਾਵਾਂ ਦੀ ਗੱਲ ਕਰਨਾ ਬੇਹੁਂਦਾ ਸ਼ੋਰ ਗੁਲ ਹੈ,ਅਤੇ ਜਦ ਤੱਕ ਇਸ ਦੁਨੀਆਂ ਦਾ ਨਿਰਮਾਣ ਕਰਨ ਵਾਲਿਆ ਦਾ ਆਪਣੀ ਮਿਹਨਤ ਤੇ ਅਧਿਕਾਰ ਨਾ ਹੋਵੇ,ਉਦੋ ਤੱਕ ਇਨਸਾਫ਼ ਦੀ ਗੱਲ ਕਰਨਾ ਫਜੂਲ ਹੈ"       
ਉਹ ਇਸ ਗੱਲ ਨੂੰ ਜਾਣਦੇ ਹੋਏ ਵੀ ਕਿ ਕੁਝ ਕੁ ਦਿਨਾ ਬਾਅਦ ਉਸ ਨੇ ਸਰੀਰਕ ਤੋਰ ਤੇ ਇਸ ਦੁਨੀਆਂ ਤੋ ਚਲੇ ਜਾਣਾ ਸੀ,ਅਜੇ ਵੀ ਇਨਕਲਾਬੀ ਘੋਲ ਦੀ ਅਗਲੇਰੀ ਵਿਉਤਬੰਦੀ ਵਿਚ ਮਸ਼ਰੂਫ ਸੀ, ਹੁੰਦਾ ਵੀ ਕਿਉ ਨਾ, ਕਿਉ ਕੀ ਉਹ ਜਾਣਦਾ ਸੀ ਕਿ ਉਸ ਨੇ ਆਪਣੇ ਪਿਛੇ ਵਿਚਾਰਾਂ ਦਾ ਉਹ ਜਲਜਲਾ ਛੱਡ ਜਾਣਾ ਸੀ,ਜਿਸ ਨੇ ਸਾਮਰਾਜਵਾਦ ਦੇ ਸਿਰ ਤੇ ਹਮੇਸ਼ਾ ਹੀ ਇੱਕ ਖਤਰੇ ਵਾਂਗ ਮੰਡਉਂਦਾ ਰਹਿਣਾ ਸੀ,ਜਿਸ ਨੇ ਨੋਜਵਾਨ ਦਿਲਾਂ ਨੂੰ ਹਮੇਸ਼ਾ ਹੀ ਹਲੂਂਣਾ ਦਿੰਦੇ ਰਹਿਣਾ ਸੀ.
ਆਪਣੀ ਆਜ਼ੀਮ ਸ਼ਹਾਦਤ ਤੋ ਕੁਝ ਕੁ ਪਲ ਪਹਿਲਾ ਵੀ ਉਹ ਰੂਸ ਦੇ ਮਹਾਨ ਇਨਕਲਾਬੀ ਲੈਨਿਨ ਬਾਰੇ ਜਾਨਣ ਵਿਚ ਮਸ਼ਰੂਫ ਸੀ,ਬਿਲਕੁਲ ਉਸੇ ਹੀ ਲੈਨਿਨ ਬਾਰੇ,ਜਿਸ ਦੇ ਸ਼ਬਦਾਂ ਵਿਚ "ਰਾਜ ਜਮਾਤੀ ਵਿਰੋਧਾਂ ਦੀ ਸਮਝੋਤਾ ਰਹਿਤਤਾ ਦਾ ਪ੍ਰਗਟਾਵਾ ਹੈ". ਜਿਸ ਦੇ "ਰਾਜ ਅਤੇ ਇਨਕਲਾਬ" ਦੇ ਫਲਸਫੇ ਨੇ ਉਸ ਨੂੰ ਪ੍ਰਪੱਕ ਸਮਾਜਵਾਦੀ ਬਣਾ ਦਿੱਤਾ ਸੀ ਅਤੇ ਹੁਣ ਉਹ ਖੁਦ ਨੂੰ ਇਨਕਲਾਬੀ ਦੀ ਥਾਂ ਸਮਾਜਵਾਦੀ ਲਿਖਣ ਲੱਗ ਪਿਆ ਸੀ.ਭਾਰਤੀ ਇਨਕਲਾਬ ਦੇ ਇਤਿਹਾਸ  ਦਾ ਇਹ ਕੋਹਿਨੂਰੀ ਹੀਰਾਂ ਜਿਸ ਨੇ ਆਪਣੀ ਵਿਚਾਰਧਾਰਿਕ ਸੂਝ ਨੂੰ ਇਨ੍ਹੀ ਖੂਬਸੂਰਤੀ ਅਤੇ ਤੇਜ਼ੀ ਨਾਲ ਤਰਾਸ਼ਿਆ ਕਿ ਜਿਸ ਨੇ ਉਸ ਨੂੰ ਭਾਰਤ ਦੇ ਗਿਣੇ ਚੁਣੇ ਮਾਰਕਸਵਾਦੀਆਂ ਦੀ ਮੋਹਰਲੀ ਕਤਾਰ ਵਿਚ ਲਿਆ ਖੜਾ ਕੀਤਾ. 
ਪਿਤਾ ਕਿਸ਼ਨ ਸਿੰਘ,ਚਾਚਾ ਅਜੀਤ ਸਿੰਘ ਅਤੇ ਛੋਟਾ ਚਾਚਾ ਸਵਰਨ ਸਿੰਘ ਤੇ ਤਿੰਨੋ ਹੀ ਭਾਰਤੀ ਆਜ਼ਾਦੀ ਦੇ ਸੰਘਰਸ਼ ਦੇ ਵਿਚ ਰੁਝੇ ਹੋਏ. ਬਿਨਾ ਸ਼ੱਕ ਇਸ ਤੋ ਜਿਆਦਾ ਢੁਕਵਾ ਪਰਿਵਾਰ ਉਸ ਸੂਰਮੇ ਦੀ ਸਿਰਜਣਾ ਲਈ ਹੋਰ ਕੋਈ ਨਹੀ ਸੀ ਹੋ ਸਕਦਾ. ਜਿਸ ਨੇ ਭਾਰਤੀ ਇਨਕਲਾਬੀ ਲਹਿਰ ਦਾ ਚਿੰਨ ਬਣਨਾ ਸੀ. ਜਿਸ ਨੇ ਭਾਰਤੀ ਇਨਕਲਾਬ ਦੇ ਬੋਧਿਕ ਪੱਖ ਨੂੰ ਵਿਚਾਰਧਾਰਿਕ ਤੋਰ ਤੇ ਇਨ੍ਹਾ ਕੁ ਤਿੱਖਾ ਕਰ ਦੇਣਾ ਸੀ ਕਿ ਉਸ ਨੇ ਸਾਮਰਾਜਵਾਦ ਦੇ ਖਿਲਾਫ਼ ਲੜੀ ਜਾਣ ਵਾਲੀ ਹਰ ਜੰਗ ਵਿਚ ਭਾਰਤੀ ਇਨਕਲਾਬੀਆਂ ਦਾ ਪ੍ਰੇਰਣਾ ਸੋਰੋਤ ਬਣ ਜਾਣਾ ਸੀ
ਭਗਤ ਨੇ ਇਸ ਗੱਲ ਨੂੰ ਪੂਰੀ ਤਰ੍ਹਾ ਸਮਝ ਲਿਆ ਸੀ ਕਿ ਰਾਜ ਸੱਤਾਂ ਹੀ ਉਨ੍ਹਾਂ ਦਾ ਅੰਤਿਮ ਉਦੇਸ਼ ਨਹੀ ਹੈ ਇਹ ਤਾਂ ਸਿਰਫ ਇੱਕ ਸ਼ਰੂਆਤ ਹੈ ਜਿਸ ਨੇ ਸਮਾਜਵਾਦੀ ਨਿਜਾਮ ਦੀ ਸਥਾਪਨਾ ਵਿਚ ਇੱਕ ਮੁੱਢਲਾ ਰੋਲ ਅਦਾ ਕਰਨਾ ਸੀ ਅਤੇ ਰਾਜ ਨੇ ਖੁਦ ਬ ਖੁਦ ਹੋਲੀ ਹੋਲੀ ਖਤਮ ਹੋ ਜਾਣਾ ਸੀ,ਖੁਦ ਭਗਤ ਡਰੀਮ ਲੈੰਡ ਦੀ ਭੂਮਿਕਾ ਵਿਚ ਲਿਖਦਾ ਹੈ ਕਿ
"ਅਸੀਂ ਇਨਕਲਾਬੀ ਸਿਆਸੀ ਤਾਕਤ ਆਪਣੇ ਹੱਥ ਵਿਚ ਲੈਣ ਤੇ ਇਨਕਲਾਬੀ ਸਰਕਾਰ ਕਾਇਮ ਕਰਨ ਦੀ ਕਰ ਰਹੇ ਹਾ ਜੋ ਆਪਣੇ ਸਾਰੇ ਸਾਧਨ ਸਾਮੂਹਿਕ ਵਿਦਿਆ ਵਿਚ ਲਾ ਦੇਵੇਗੀ,ਜਿਵੇ ਕਿ ਰੂਸ ਵਿਚ ਹੋ ਰਿਹਾ ਹੈ. ਤਾਕਤ ਹਥਿਆਉਣ ਮਗਰੋ ਰਚਨਾਤਮਿਕ ਕੰਮ ਵਾਸਤੇ ਪੁਰ ਅਮਨ ਤਰੀਕੇ ਵਰਤੇ ਜਾਣਗੇ. ਤਾਕਤ ਦੀ ਵਰਤੋ ਰੁਕਾਵਟਾਂ ਹਟਾਉਣ ਲਈ ਕੀਤੀ ਜਾਵੇਗੀ"    

ਜਿਸ ਸਮਾਜ ਦੀ ਸਥਾਪਨਾ ਦੀ ਗੱਲ ਭਗਤ ਕਰ ਰਿਹਾ ਸੀ ਕਿ
"ਜਦ ਤੱਕ ਸਮਾਜਵਾਦੀ ਲੋਕ ਰਾਜ ਦੀ ਸਥਾਪਨਾ ਨਹੀ ਹੋ ਜਾਂਦੀ ਅਤੇ ਸਾਮਜ ਦਾ ਵਰਤਮਾਨ ਢਾਚਾਂ ਖਤਮ ਕਰਕੇ ਉਸ ਦੇ ਥਾਂ ਸਮਾਜ ਖੁਸਹਾਲੀ ਅਧਾਰਤ ਨਾਵਾ ਸਮਾਜਿਕ ਢਾਚਾਂ ਨਹੀ ਉਸਰ ਜਾਦਾ,ਜਦ ਤਕ ਹਰ ਕਿਸਮ ਦੀ ਲੁੱਟ ਖੁਸੱਟ ਅੰਸਭਵ ਬਣਾ ਕੇ ਮੁੱਨ੍ਖਤਾਂ ਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀ ਹੁੰਦੀ,ਤਦ ਤੱਕ ਇਹ ਜੰਗ ਨਵੇ ਜੋਸ਼,ਹੋਰ ਵਧੇਰੇ ਨਿਰਡਰਤਾ,ਬਹਾਦਰੀ ਅਤੇ ਅਟਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ...." {ਗਵਰਨਰ ਪੰਜਾਬ ਨੂੰ ਲਿਖੀ ਚਿਠੀ}     
ਇਸ ਸਭ ਵਿਚ ਜੋ ਇੱਕ ਗੱਲ ਹੋਰ ਕਰਨੀ ਬਣਦੀ ਹੈ ਕਿ ਭਗਤ ਤੇ ਉਸ ਦੇ ਸਾਥੀ ਇਸ ਗੱਲ ਨੂੰ ਸਵੀਕਾਰ ਚੁੱਕੇ ਸਨ ਕਿ ਜਿਸ ਅੱਤਿ ਖੱਬੇ-ਪੱਖੀ ਭਟਕਾ ਦਾ ਰਸਤਾ ਉਨ੍ਹਾਂ ਨੇ ਚੁਣਿਆ ਸੀ ਉਹ ਬਿਨਾ ਸ਼ੱਕ ਅਲੋਚਨਾ ਦਾ ਕੇਂਦਰ ਬਣਾਇਆ ਜਾਣਾ ਚਾਹੀਦਾ ਸੀ.ਉਨ੍ਹਾਂ ਦੀ ਜੇਲ੍ਹ ਵਿਚ ਲੰਮੀ ਭੁੱਖ ਹੜਤਾਲ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਕੋਈ ਸਿਰਫ਼ਰੇ ਨੋਜਵਾਨ ਨਹੀ ਹਨ ਇੱਕ ਜ਼ਿੰਮੇਵਾਰ ਇਨਕਲਾਬੀ ਹਨ ਜੋ ਇੱਕ ਅਜਾਦ ਤੇ ਖੁਸ਼ਹਾਲ ਸਮਾਜ ਲਈ ਸੰਘਰਸ਼ ਲੜ ਰਹੇ ਹਨ. ਭਗਤ ਨੇ ਪੂਰੀ ਤਰ੍ਹਾ ਸਮਝ ਲਿਆ ਸੀ ਕਿ ਇਨਕਲਾਬ ਦੀ ਅਸਲ ਸ਼ਕਤੀ ਮਜਦੂਰ ਵਰਗ ਹੀ ਹੈ,ਸਿਰਫ ਇਹੀ ਇੱਕ ਵਰਗ ਹੈ ਜੋ ਅਸਲ ਰੂਪ ਵਿਚ ਇਨਕਲਾਬੀ ਹੈ.ਉਸ ਨੇ ਨੋਜਵਾਨਾਂ ਨੂੰ ਸੰਦੇਸ਼ ਵਿਚ ਇਸ ਗੱਲ ਦਾ ਪ੍ਰਗਟਾਵਾ ਵੀ ਕੀਤਾ ਕਿ ਇਨਕਲਾਬ ਦੀ ਅਸਲ ਸ਼ਕਤੀ ਕਾਰਖਾਨਿਆਂ ਵਿਚਲੇ ਮਜਦੂਰ ਤੇ ਪਿੰਡ ਵਿਚਲੀ ਕਿਸਾਨੀ ਹੀ ਹੈ.
ਸੋ ਇਸ ਵਿਸ਼ੇ ਨੂੰ ਜਿਆਦਾ ਨਾ ਵਿਸਥਾਰਦੇ ਹੋਏ ਇਨ੍ਹਾ ਹੀ ਕਿ ਇਸ ਸਭ ਤੋ ਅਸੀਂ ਇਸ ਨਤੀਜੇ ਤੇ ਆ ਜਾਈਏ ਕਿ ਭਗਤ ਦਾ ਨਿਸ਼ਾਨਾ ਬਿਲਕੁਲ ਇੱਕ ਸਮਾਜਵਾਦੀ ਨਿਜਾਮ ਦੀ ਸਥਾਪਨਾ ਸੀ,ਜਿਸ ਨੂੰ ਉਸ ਦੀਆਂ ਲਿਖਤਾਂ ਸਾਬਤ ਕਰਦੀਆਂ ਹਨ,ਦੂਜਾ ਉਹ ਰਾਜ ਦੇ ਖਾਤਮੇ ਅਤੇ ਸਮਾਜ ਵਿਚਲੇ ਜਮਾਤੀ ਘੋਲ ਨੂੰ ਖਤਮ ਕਰਨਾ ਆਪਣਾ ਨਿਸ਼ਾਨਾ ਮਿਥ ਕੇ ਤੁਰਿਆ ਸੀ,ਤੀਜਾ ਉਸ ਨੇ ਇਸ ਲਈ ਮਜਦੂਰ ਜਮਾਤ ਨੂੰ ਅਸਲ ਸ਼ਕਤੀ ਮੰਨਿਆ ਸੀ.ਤੇ ਉਸ ਦੇ ਸੁਪਨਿਆ  ਦਾ ਸਮਾਜ ਇਹੀ ਸੀ ਜਿਸ ਵਿਚ ਹਰ ਕਿਸਮ ਦੀ ਲੁੱਟ ਖੁਸੱਟ ਨੂੰ ਅਸੰਭਵ ਬਣਾ ਦਿੱਤਾ ਜਾਵੇ.

"ਹਜ਼ਾਰੋ ਖਵਾਹਿਸ਼ੇ ਐਸੀ ਕਿ ਹਰ ਖਵਾਹਿਸ਼ ਪੇ ਦਮ ਨਿਕਲੇ" 

ਸਮੇ ਸਮੇ ਤੇ ਭਾਰਤੀ ਲੀਡਰ ਖਾਸ ਕਰ ਪੰਜਾਬ ਦੇ ਲੀਡਰ ਭਗਤ ਸਿੰਘ ਦੇ ਨਾਂ ਵਰਤ ਕੇ ਆਪਣੇ ਰਾਜਨੀਤਿਕ ਪਖੰਡਵਾਦ ਤੇ ਪਰਦੇ ਪਾਉਂਦੇ ਰਹੇ ਹਨ, 2007 ਵਿਚ ਜਦ ਅਕਾਲੀ ਦਲ ਸੱਤਾਂ ਵਿਚ ਆਇਆ ਤਾਂ ਉਸ ਸਮੇ ਤੋ ਹੀ ਇਹ ਅਟਕਲਾਂ ਸ਼ੁਰੂ ਹੋ ਗਈਆਂ ਸਨ ਕਿ ਪੰਜਾਬ ਦੀ ਰਾਜਨੀਤੀ ਵਿਚ ਤਿੰਨ ਦਾਹ੍ਕੇ ਤੋ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਬੈਠਾ "ਦਰਵੇਸ਼" ਸਿਆਸਤਦਾਨ ਇਸ ਵਾਰੀ ਆਪਣੇ ਰਾਜਨੀਤਿਕ ਵਾਰਿਸ ਦਾ ਐਲਾਨ ਕਰ ਦੇਵੇਗਾ ,ਇਸੇ ਨੀਤੀ ਦੇ ਤਹਿਤ ਉਨ੍ਹਾਂ ਨੇ ਆਪਣੇ ਲਾਡਲੇ ਪੁੱਤਰ ਸੁਖਬੀਰ ਬਾਦਲ ਦੇ ਹੱਥ ਹੋਲੀ ਹੋਲੀ ਰਾਜਨੀਤਿਕ ਮਸਲੇ ਤੇ ਪਾਰਟੀ ਦੇ ਮਸਲੇ ਸੋਪਣੇ ਸ਼ੁਰੂ ਕਰ ਦਿੱਤੇ ਬਿਨਾ ਸ਼ੱਕ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਯੂਥ ਅਕਾਲੀ ਦਲ ਨੇ ਇਸ ਵਾਰ ਅਕਾਲੀ ਦਲ ਦੀ ਰਾਜ ਸੱਤਾਂ ਤੱਕ ਪੁੰਹਚਣ ਵਿਚ ਇੱਕ ਅਹਿਮ ਭੂਮਿਕਾ ਅਦਾ ਕੀਤੀ ਸੀ.ਦੂਸਰੇ ਪਾਸੇ ਬਾਦਲ ਸਾਬ ਦੇ ਭਤੀਜੇ ਮਨਪ੍ਰੀਤ ਬਾਦਲ ਨੂੰ ਵੀ ਉਸ ਦੀ "ਕਾਬਲੀਅਤ" ਅਤੇ ਸਾਫ਼ ਸ਼ਖਸ਼ੀਅਤ ਨੇ ਰਾਜਨੀਤੀ ਦੇ ਰੰਗ ਮੰਚ ਤੇ ਉਨ੍ਹਾਂ ਹੀ ਮਕਬੂਲ ਕੀਤਾ.ਇਸ ਅਕਾਲੀ ਸਰਕਾਰ ਵਿਚ ਉਨ੍ਹਾਂ ਨੂੰ ਵਿੱਤ ਮੰਤਰੀ ਦਾ ਅਹੁਦਾ ਮਿਲਿਆ.ਇੱਕ ਕਿਸਮ ਨਾਲ ਹੋਲੀ ਹੋਲੀ ਇਹ ਖਿਚੋਤਾਣ ਵੱਧਣ ਲੱਗੀ,ਸੁਖਬੀਰ ਨੂੰ ਜਦ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਇੱਕ ਦਮ ਸਾਫ਼ ਹੋ ਗਿਆ ਕਿ ਅਕਾਲੀ ਦਲ ਨੇ ਆਪਣਾ ਯੁਵਰਾਜ ਚੁਣ ਲਿਆ ਹੈ.ਹੁਣ ਮਨਪ੍ਰੀਤ ਪਤਾ ਨਹੀ ਸ਼ਾਇਦ ਇਸ ਗੱਲ ਤੋ ਖਫਾ ਸਨ ਜਾਂ ਉਹ ਵਾਕਿਆ ਹੀ ਚਾਰ ਸਾਲ ਸੱਤਾਂ ਵਿਚ ਰਹਿ ਕੇ ਪੰਜਾਬ ਦੇ ਦਰਦ ਨੂੰ ਜਾਣ ਗਏ ਸਨ .ਉਨ੍ਹਾਂ ਨੇ ਸਿੱਧ ਪੱਧਰਾ ਜਿਹਾ ਇੱਕ ਸਵਾਲ ਪੰਜਾਬੀਆਂ ਅੱਗੇ ਲਿਆ ਰੱਖ ਦਿੱਤਾ ਕਿ ਉਹ ਪੰਜਾਬ ਦੇ ਸਿਰ ਕੇਂਦਰ ਦਾ ਜੋ ਕਰਜਾ ਹੈ ਉਸ ਨੂੰ ਮਾਫ਼ ਕਰਵਾਉਣਾ ਚਾਹੁਦੇ ਹਨ ਪਰ ਉਨ੍ਹਾਂ ਦੀ ਪਾਰਟੀ ਉਨ੍ਹਾਂ ਦਾ ਸਾਥ ਨਹੀ ਦੇ ਰਹੀ ਪਰ ਉਨਾਂ ਨੇ ਇਹ ਕਦੇ ਨਾ ਦੱਸਿਆ ਕਿ ਵਿਦੇਸ਼ੀ ਕਰਜ਼ ਪੰਜਾਬ ਸਿਰ ਕਿਨ੍ਹਾ ਹੈ ਤੇ ਉਹ ਕਿਵੇ ਖਤਮ ਹੋਵੇਗਾ.ਮਸਲਾ ਉਲਝਦਾ ਗਿਆ ਤੇ ਅਖੀਰ ਮਨਪ੍ਰੀਤ ਬਾਦਲ ਪਾਰਟੀ ਤੋ ਬਾਹਰ ਹੋ ਗਏ. ਫਿਰ ਪਤਾ ਨਹੀ ਮਨਪ੍ਰੀਤ ਨੂੰ ਸ਼ਾਇਦ ਭਗਤ ਸਿੰਘ ਨੇ "ਸੁਪਨੇ" ਵਿਚ ਦਰਸ਼ਨ ਦਿੱਤੇ ਅਤੇ ਉਸ ਨੂੰ ਆਪਣੇ ਸੁਪਨਿਆ ਦਾ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ ਜਾਂ ਮਨਪ੍ਰੀਤ ਜੀ ਚਾਰ ਸਾਲ ਭਗਤ ਸਿੰਘ ਦੇ ਇਨਕਲਾਬੀ ਫਲਸਫੇ ਨੂੰ ਪੜਦੇ ਸਮਝਦੇ ਰਹੇ ਅਤੇ ਉਨ੍ਹਾਂ ਨੇ ਉਸ ਮਹਾਨ ਸ਼ਹੀਦ ਦਾ ਸੁਪਨਾ ਪੂਰਾ ਕਰਨ ਦੀ ਸੋਚੀ,ਜੇ ਸਚਮੁੱਚ ਹੀ ਅਜਿਹਾ ਸੀ ਤਾਂ ਪਾਰਟੀ ਤੋ ਬਾਹਰ ਨਿਕਲਣ ਲਈ ਫਿਰ ਇਸ ਤੋ ਚੰਗੀ ਗੱਲ ਹੋਰ ਕੋਈ ਨਹੀ ਸੀ ਹੋ ਸਕਦੀ. ਜੇ ਅਜਿਹਾ ਸੀ ਤਾਂ ਮੈਨੂੰ ਨਹੀ ਪਤਾ ਸ਼ਾਇਦ ਉਹ ਇਨ੍ਹਾਂ ਚਾਰ ਸਾਲਾਂ ਵਿਚ ਅਕਸਰ ਹੀ ਖਟਕੜ ਕਲਾਂ ਜਾਂਦੇ ਰਹੇ ਹੋਣ,ਉਹ ਇਨ੍ਹਾਂ ਚਾਰ ਸਾਲਾਂ ਵਿਚ ਕਿੰਨੀ ਵਾਰੀ ਖਟਕੜ ਕਲਾਂ ਗਏ ਇਹ ਤਾਂ ਹੁਣ ਮਨਪ੍ਰੀਤ ਬਾਦਲ ਹੀ ਦੱਸ ਸਕਦੇ ਹਨ ਜਾਂ ਉਹ ਸਿਰਫ ਇੱਕ ਵਿਸ਼ੇਸ਼ ਰੈਲੀ ਲਈ ਹੀ ਉਥੇ ਗਏ, ਹੋਲੀ ਹੋਲੀ ਕਰਜ਼ੇ ਵਾਲੀ ਗੱਲ ਵੀ ਇਸ ਰੋਲੇ ਗੋਲੇ ਵਿਚ ਆਈ ਗਈ ਹੋ ਗਈ. ਇਹ ਗੱਲ ਬਿਲਕੁਲ ਸਾਫ਼ ਹੈ ਕਿ ਮਨਪ੍ਰੀਤ ਦੀ ਪਾਰਟੀ ਦਾ ਨਿਸ਼ਾਨਾ ਰਾਜ ਸੱਤਾਂ ਤੇ ਕਾਬਜ਼ ਹੋਣਾ ਹੈ,ਪਰ ਇਸ ਤੋ ਅੱਗੇ ਉਹ ਕਿਵੇ ਸਮਾਜਵਾਦ ਦੀ ਸਥਾਪਨਾ ਕਰਨਗੇ ਇਸ ਦਾ ਵੀ ਸ਼ਾਇਦ ਕੋਈ ਖੁਫੀਆ ਤਰੀਕਾ ਉਨ੍ਹਾਂ ਨੂੰ ਭਗਤ ਸਿੰਘ ਉਸੇ ਸੁਪਨੇ ਵਿਚ ਹੀ ਦੱਸ ਗਿਆ ਹੋਵੇ?.ਮਨਪ੍ਰੀਤ ਬਾਦਲ ਨੇ ਮਜਦੂਰ ਜਮਾਤ ਅਤੇ ਕਿਸਾਨਾ ਦੇ ਅੰਦਰ ਕਿਨੀ ਕੁ ਮਜਬੂਤ ਜਥੇਬੰਦੀ ਉਸਾਰੀ ਹੈ ਇਹ ਵੀ ਉਹੀ ਦੱਸ ਸਕਦੇ ਹਨ ਕਿਉਕਿ ਭਗਤ ਅਨੁਸਾਰ ਤਾਂ ਅਸਲ ਇਨਕਲਾਬੀ ਜਮਾਤ ਇਹੀ ਹੈ.ਜਾਂ ਮਨਪ੍ਰੀਤ ਨੇ ਅੱਜ ਤੱਕ ਕਿਨੇ ਕਿਸਾਨ ਸੰਘਰਸ਼ਾਂ ਅਤੇ ਮਜਦੂਰ ਸੰਘਰਸ਼ਾਂ ਦੀ ਹਮਾਇਤ ਕੀਤਾ ਇਹ ਵੀ ਮਨਪ੍ਰੀਤ ਹੀ ਦੱਸ ਸਕਦੇ ਹਨ ਜਾਂ ਫਿਰ ਇਹ ਵੀ ਹੋ ਸਕਦਾ ਉਹ ਖੁਫੀਆਂ ਤੋਰ ਤੇ ਹੀ ਇਹਨਾਂ ਦੀ ਹਮਾਇਤ ਕਰਦੇ ਰਹੇ ਹੋਣ? ਗੋਬਿੰਦਪੁਰਾ ਕਾਂਡ ਵਿਚ ਉਨ੍ਹਾਂ ਦੇ ਪਾਰਟੀ ਦੇ ਕਿਸੇ ਵੀ ਲੀਡਰ ਦੇ ਮੂੰਹੋ ਦੋ ਸ਼ਬਦ ਕਿਉ ਨਹੀ ਨਿਕਲ ਸ਼ਾਇਦ ਮਨਪ੍ਰੀਤ ਜੀ ਦੇ ਇਥੇ ਨਾ ਹੋਣ ਕਾਰਨ ਜਾਂ ਉਨ੍ਹਾਂ ਨੇ ਇਹੋ ਜਿਹੇ ਫਾਲਤੂ ਮੁੱਦੇ ਤੇ ਬੋਲਣ ਦੀ ਲੋੜ ਹੀ ਨਹੀ ਸਮਝੀ?ਮਨਪ੍ਰੀਤ ਬਾਦਲ ਉਪਰੋਕਤ ਭਗਤ ਸਿੰਘ ਦੇ ਵਿਚਾਰਾਂ ਨਾਲ ਕਿਨਾ ਕੁ ਇਨਸਾਫ਼ ਕਰ ਰਹੇ ਹਨ ਇਸ ਬਾਰੇ ਤੁਸੀਂ ਹੁਣ ਮੇਰੇ ਨਾਲੋ ਜਿਆਦਾ ਵਧੀਆਂ ਤਰੀਕੇ ਨਾਲ ਸਮਝ ਸਕਦੇ ਹੋ ਤੇ ਸਮਝਾ ਸਕਦੇ ਹੋ.ਹਰ ਕਿਸਮ ਦੀ ਲੁੱਟ ਖੁਸੱਟ ਸਿਰਫ ਰਾਜ ਦੀ ਤਬਦੀਲੀ ਨਾਲ ਤਾਂ ਖਤਮ ਨਹੀ ਕੀਤੀ ਜਾ ਸਕਦੀ? ਕੀ ਮਨਪ੍ਰੀਤ ਕੋਲ ਇੱਕ ਬਰਾਬਰ ਆਰਥਿਕਤਾ ਵਾਲਾ ਸਮਾਜ ਸਿਰਜਨ ਦੀ ਕੀ ਕੋਈ ਖਾਸ ਨੀਤੀ ਹੈ ਜਿਸ ਦਾ ਉਸ ਨੇ ਅਜੇ ਤੱਕ ਖੁਲਾਸਾ ਨਹੀ ਕੀਤਾ ਹੈ ? ਕੀ ਮਨਪ੍ਰੀਤ ਨੇ ਇਹ ਸ਼ਰਤ ਜ਼ਰੂਰੀ ਲਾਗੂ ਕੀਤੀ ਹੈ ਕਿ ਉਸ ਦੇ ਪਾਰਟੀ ਵਿਚ ਸ਼ਾਮਲ ਹੋਣ ਵਾਲਾ ਹਰ ਇਨਸਾਨ ਭਗਤ ਦੀ ਵਿਚਾਰਧਾਰਾ ਨਾਲ ਸਹਿਮਤ ਹੋਵੇ ਜਾਂ ਮਨਪ੍ਰੀਤ ਜੀ ਉਸ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋ ਬਾਅਦ ਇਹ ਘੋਟ ਕੇ ਪਿਲਾ ਦੇਣਗੇ? ਕੀ ਮਨਪ੍ਰੀਤ ਦੀ ਪਾਰਟੀ ਵਿਚ ਸ਼ਾਮਲ ਹੋਏ ਸਾਰੇ ਨੇਤਾ ਜੋ ਆਪਣੀਆ ਆਪਣੀਆਂ ਪਾਰਟੀ ਛਡ ਕੇ ਮਨਪ੍ਰੀਤ ਨਾਲ ਆਏ ਹਨ,ਇਹ ਤਾਂ ਮਨਪ੍ਰੀਤ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਸਭ ਨੂੰ ਵੀ ਭਗਤ ਨੇ ਸੁਪਨੇ ਵਿਚ ਦਰਸ਼ਨ ਦਿੱਤੇ ਜਾਂ ਉਹਨਾਂ ਨੂੰ ਮਨਪ੍ਰੀਤ ਜੀ ਨੇ ਭਗਤ ਦੀ ਇਨਕਲਾਬੀ ਵਿਚਾਰ੍ਧਾਰਾਂ ਤੋ ਜਾਣੂ ਕਰਵਾ ਕੇ ਉਨ੍ਹਾਂ ਦੇ ਮਨ ਵਿਚ ਭਗਤ ਸਿੰਘ ਦੇ ਸੁਪਨਿਆ ਦਾ ਸਮਾਜ ਸਿਰਜਣ ਦੀ ਚਾਹ ਪੈਦਾ ਕਰ ਦਿੱਤੀ? ਜਾਂ ਭਗਤ ਦੇ ਸੁਪਨਿਆ ਦਾ ਸਮਾਜ ਸਿਰਜਨ ਦੀ ਬਜਾਏ ਉਨ੍ਹਾਂ ਦਾ ਇੱਕੋ ਇੱਕ ਮੰਤਵ ਸਿਰਫ ਮੁੱਖ ਮੰਤਰੀ ਦੀ ਕੁਰਸੀ ਹੀ ਹੈ ਤਾਂ "ਰੱਬ" ਉਨ੍ਹਾਂ ਦੀ "ਆਸ ਮੁਰਾਦ" ਜ਼ਰੂਰ ਪੂਰੀ ਕਰੇ.ਇਸ ਗੱਲ ਦਾ ਫੈਸਲਾ ਹੁਣ ਖੁਦ ਪਠਾਕ ਹੀ ਕਰ ਲੈਣ ਕਿ ਮਨਪ੍ਰੀਤ ਵਾਕਿਆ ਹੀ ਭਗਤ ਦੇ ਸੁਪਨਿਆ ਦੇ ਸਮਾਜ ਸਮਾਜਵਾਦ ਦਾ ਮੁਦਈ ਹੈ ਜਾਂ ਭਗਤ ਦਾ ਸੈਕੁਲਰ ਬਿੰਬ ਜਿਸ ਨਾਲ ਕਿ ਉਹ ਪੂਰੇ ਪੰਜਾਬੀਆਂ ਨੂੰ ਸੰਬੋਧਤ ਹੋ ਸਕਦਾ ਹੈ ਆਪਣੇ ਲਈ ਰਾਜ ਸੱਤਾਂ ਹਥਿਆਉਣ ਲਈ ਵਰਤਣਾ ਚਾਹੁਦਾ ਹੈ.ਮਨਪ੍ਰੀਤ ਬਾਰੇ ਕਿ ਉਹ ਭਗਤ ਦੀ ਵਿਚਾਰ੍ਧਾਰਾਂ ਨਾਲ ਕਿਨ੍ਹਾਂ ਕੁ ਸਹਿਮਤ ਹੈ ਜਾਂ ਉਸ ਦੇ ਮੁਤਾਬਿਕ ਚਲ ਰਿਹਾ ਹੈ ਇਸ ਬਾਰੇ ਮੈਂ ਖੁਦ ਕੁਝ ਹੋਰ ਲਿਖਣ ਨਾਲੋ ਇਸ ਦਾ ਫੈਸਲਾ ਪਠਾਕਾਂ 'ਤੇ ਛਡਦਾ ਹਾ,ਜੇ ਮਨਪ੍ਰੀਤ ਦੇ ਸਮਰਥਕ ਵੀ ਇਸ ਗੱਲ ਤੇ ਆਪਣੇ ਵਿਚਾਰ ਰੱਖਣ ਤਾਂ ਖੁਸ਼ੀ ਹੋਵੇਗੀ,ਉਨ੍ਹਾਂ ਨਾਲ ਇਸ ਵਿਸ਼ੇ ਤੇ ਵਿਚਾਰ ਚਰਚਾ ਲਈ ਹਮੇਸ਼ਾ ਤਿਆਰ ਹਾ.
ਇੰਦਰਜੀਤ ਕਾਲਾਸੰਘਿਆਂ
inderkalasanghian@yahoo.in 

No comments: