Monday, August 29, 2011

ਪੇਂਡੂ ਇਲਾਕਿਆ ਵਿੱਚ ਘਰੇਲੂ ਗੈਸ ਦੀ ਸਪਲਾਈ ਹੋਵੇਗੀ ਬਿਹਤਰ

115 ਹੋਰ ਨਵੀਆਂ ਗੈਸ ਏਜੰਸੀਆਂ ਨੂੰ ਜਾਰੀ ਹੋਣਗੇ ਲਾਈਸੈਂਸ
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ:
ਪੇਂਡੂ ਇਲਾਕਿਆ ਵਿੱਚ ਘਰੇਲੂ ਗੈਸ ਦੀ ਸਪਲਾਈ ਨੂੰ ਬਿਹਤਰ ਬਣਾਉਣ ਲਈ 115 ਹੋਰ ਨਵੀਆਂ ਗੈਸ ਏਜੰਸੀਆਂ ਨੂੰ ਲਾਈਸੈਂਸ ਜਾਰੀ ਕੀਤੇ ਜਾਣਗੇ, ਇਹ ਜਾਣਕਾਰੀ ਇੰਡੀਅਨ ਆਇਲ ਦੇ ਜਨਰਲ ਮੇਨੈਜਰ ਪੰਜਾਬ, ਸ੍ਰੀ ਆਰ. ਕੇ. ਅਰੋੜਾ ਨੇ ਸਥਾਨਕ ਸਰਕਟ ਹਾਊਸ ਵਿੱਚ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਹੋਈ ਇੱਕ ਮੀਟਿੰਗ ਦੌਰਾਨ ਦਿੱਤੀ।
       ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਘਰੇਲੂ ਗੈਸ ਦੀ ਮੰਗ ਵਧਣ ਨਾਲ, ਉਸ ਦੀ ਪੂਰਤੀ ਲਈ ਤੇਲ ਕੰਪਨੀਆਂ ਨੇ ਇਹ ਕਦਮ ਚੁੱਕਣ ਜਾ ਰਹੀਆਂ ਹਨ ਤਾਂ ਜੋ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰ ਵਿੱਚ ਵੀ ਐੱਲ.ਪੀ.ਜੀ. ਦੀ ਸਪਲਾਈ ਨੂੰ ਪੂਰਾ ਕੀਤਾ ਜਾ ਸਕੇ।
       ਉਨ੍ਹਾਂ ਦੱਸਿਆ ਕਿ ਬਠਿੰਡਾ ਰਿਫਾਇਨਰੀ ਵਿੱਚ ਐੱਲ.ਪੀ.ਜੀ. ਗੈਸ ਦਾ ਪਲਾਂਟ ਲਗ ਰਿਹਾ ਹੈ ਜੋ ਕਿ ਨਵੰਬਰ ਤੱਕ ਐੱਲ.ਪੀ.ਜੀ. ਗੈਸ ਦੀ ਪ੍ਰੋਡਕਸ਼ਨ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਹਿੰਦੋਸਤਾਨ ਪੈਟਰੋਲੀਅਮ ਵੱਲੋਂ ਵੀ ਇਸ ਰਿਫਾਇਨਰੀ ਵਿੱਚ ਐੱਲ.ਪੀ.ਜੀ. ਗੈਸ ਦਾ ਪਲਾਂਟ ਲਗਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਨਾਭਾ ਗੈਸ ਪਲਾਂਟ ਵਿੱਚ ਇੱਕ ਹੋਰ ਯੂਨਿਟ ਸ਼ੁਰੂ ਕੀਤਾ ਜਾ ਰਿਹਾ ਹੈ।
ਸ੍ਰੀ ਆਰ. ਕੇ. ਅਰੋੜਾ ਨੇ ਦੱਸਿਆ ਕਿ ਗੈਸ ਦੀ ਵੰਡ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਸ਼ੁਰੂ ਹੋਏ ''ਟਰਾਂਸਪੇਰੇਂਸ਼ੀ ਪੋਰਟਲ” ਨੂੰ ਪੰਜਾਬ ਵਿੱਚ ਜਲਦੀ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਅਸੀਂ ਆੱਨ ਲਾਈਨ ਜਾ ਕੇ ਇਹ ਪਤਾ ਕਰ ਸਕਦੇ ਹਾਂ ਕਿ ਕਿਸ ਖਪਤਕਾਰ ਨੇ ਮਹੀਨੇ ਵਿੱਚ ਕਿੰਨੇ ਗੈਸ ਸਿਲੰਡਰ ਲਏ ਹਨ ਅਤੇ ਹੁਣ ਹਰ ਕੁਨੈਕਸ਼ਨ ਲੈਣ ਵਾਲੇ ਨੂੰ ਉਸ ਦੇ ਯੂ. ਆਈ. ਡੀ. ਕਾਰਡ (ਵਿਲੱਖਣ ਪਛਾਣ ਨੰਬਰ) ਨਾਲ ਜੋੜਿਆ ਜਾਵੇਗਾ ਤਾਂ ਜੋ ਨਜਾਇਜ਼ ਕੁਨੈਕਸ਼ਨ ਲੈਣ ਦੇ ਰੁਝਾਨ ਨੂੰ ਨੱਥ ਪਾਈ ਜਾ ਸਕੇ।
ਇਸ ਮੌਕੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਵਪਾਰਕ ਕੰਮਾਂ ਲਈ ਘਰੇਲੂ ਗੈਸ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸ਼ਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸ ਨੂੰ ਰੋਕਣ ਲਈ ਵਿਭਾਗ ਵੱਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾਂਦੀ ਹੈ।
ਉਨਾਂ੍ਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਗੱਡੀਆਂ ਵਿੱਚ ਘਰੇਲੂ ਗੈਸ ਦੀ ਵਰਤੋਂ ਨਾ ਕਰਨ ਅਤੇ ਗੱਡੀਆਂ 'ਚ ਰਿਫ਼ਿਲਿੰਗ ਪੰਜਾਬ ਵਿੱਚ ਲੱਗੇ 9 ਗੈਸ ਸ਼ਟੇਸ਼ਨਾਂ ਤੋਂ ਹੀ ਕੀਤੀ ਜਾਵੇ।
ਇਸ ਮੌਕੇ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ, ਕੈਬਨਿਟ ਮੰਤਰੀ ਪੰਜਾਬ, ਜ਼ਿਲ੍ਹਾਂ ਫੂਡ ਅਤੇ ਸਿਵਲ ਸਪਲਾਈ ਕੰਟਰੋਲਰ, ਸ੍ਰੀ ਰਾਕੇਸ਼ ਕੁਮਾਰ ਸਿੰਗਲਾ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਅਤੇ ਗੈਸ ਏਜੰਸੀਆਂ ਦੇ ਮਾਲਕ ਹਾਜ਼ਰ ਸਨ।

No comments: