Wednesday, August 24, 2011

ਪੰਥਕ ਮੋਰਚੇ ਨੂੰ ਖੋਰਾ: ਜਿੰਮੇਵਾਰ ਕੌਣ ?

ਸਿੱਖ ਸਿਆਸਤ ਵਿੱਚ ਜਿਸ ਪਾਰਟੀ ਜਾਂ ਧੜੇ ਕੋਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਵੇ ਉਸਦਾ ਸਮੁਚੀ ਸਿੱਖ ਸਿਆਸਤ 'ਤੇ ਸਹਿਜੇ ਹੀ ਕਬਜਾ ਹੋ ਜਾਂਦਾ ਹੈ. ਇਸ ਵਾਰ ਫੇਰ ਐਸ ਜੀ ਪੀ ਸੀ ਦਾ ਕੰਟਰੋਲ ਮੁੱਖ ਮੰਤਰੀ ਬਾਦਲ ਦੀ ਅਗਵਾਈ ਆਵਲੇ ਅਕਾਲੀ ਦਲ ਕੋਲ ਆ ਰਿਹਾ ਲੱਗਦਿ ਹੈ. ਪੰਥਕ ਮੋਰਚੇ ਨੂੰ ਲੱਗ ਰਹੇ ਖੋਰੇ ਦੀਆਂ ਖਬਰਾਂ ਨੂੰ ਮੀਡੀਆ ਨੇ ਬੰਦੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ.
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ ਨੂੰ ਪਾਰਟੀ ਵਿੱਚ ਸ਼ਾਮਲ 
ਹੋਏ ਪੰਥਕ ਆਗੂਆਂ ਦਾ ਸਵਾਗਤ ਕਰਦੇ ਹੋਏ (ਫੋਟੋ: ਮਨੋਜ)
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਅਖਬਾਰ ਨੇ ਇਸ ਖਬਰ ਨੂੰ ਟ੍ਰਿਬਿਊਨ ਨਿਊਜ਼ ਸਰਵਿਸ ਦੇ ਹਵਾਲੇ ਨਾਲ ਚੰਡੀਗਡ਼੍ਹ ਡੇਟਲਾਈਨ ਤੋਂ ਪ੍ਰਕਾਸ਼ਿਤ ਕਰਦਿਆਂ ਆਪਣੀ 23 ਅਗਸਤ ਵਾਲੀ ਰਿਪੋਰਟ ਵਿੱਚ ਕਿਹਾ ਹੈ ਕਿ ਪੰਥਕ ਮੋਰਚੇ ਦੇ 28 ਆਗੂਆਂ ਸਮੇਤ ਕਈ ਹੋਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਇਨ੍ਹਾਂ ਨੇ ਪੰਥਕ ਮੋਰਚੇ ਨੂੰ ਅਲਵਿਦਾ ਆਖ ਦਿੱਤੀ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ‘ਚ ਪੰਥਕ ਮੋਰਚੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਡ਼ ਰਹੇ ਚਾਰ ਉਮੀਦਵਾਰ ਵੀ ਸ਼ਾਮਲ ਹਨ।
ਪੰਥਕ ਮੋਰਚਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਆਗੂਆਂ ‘ਚ ਫੈਡਰੇਸ਼ਨ ਦੇ ਸਰਬਜੀਤ ਸਿੰਘ ਸੋਹਲ, ਬਲਵਿੰਦਰ ਸਿੰਘ ਖੋਜਕੀਪੁਰ, ਜਸਬੀਰ ਸਿੰਘ, ਤਰਲੋਕ ਸਿੰਘ, ਡਾਕਟਰ ਮਨਜੀਤ ਸਿੰਘ ਭੋਮਾ, ਸਰਬਜੋਤ ਸਿੰਘ ਜੰਮੂ, ਸ਼ਵਿੰਦਰ ਸਿੰਘ ਕੋਟ ਖਾਲਸਾ, ਮਨਜੋਤ ਸਿੰਘ ਕੋਟ ਖਾਲਸਾ, ਗੁਰਨਾਮ ਸਿੰਘ ਆਡ਼੍ਹਤੀਆ, ਅਵਤਾਰ ਸਿੰਘ, ਸੁਖਦੇਵ ਸਿੰਘ, ਸਿਮਰਨਜੀਤ ਸਿੰਘ ਕੋਟ ਖਾਲਸਾ, ਗਿਆਨ ਗੁਰਮੇਲ ਸਿੰਘ, ਸਰਦੂਲ ਸਿੰਘ ਗੁਰੂ ਕੀ ਬਡਾਲੀ, ਮੇਜਰ ਸਿੰਘ ਗੁਰੂ ਕੀ ਬਡਾਲੀ, ਗਿਆਨੀ ਗੁਰਦੀਪ ਸਿੰਘ ਕੋਟ ਖਾਲਸਾ, ਪਾਲ ਸਿੰਘ ਕੋਟ ਖਾਲਸਾ, ਗਿਆਨੀ ਮਹਿੰਦਰ ਸਿੰਘ, ਅਮਨਦੀਪ ਸਿੰਘ ਖਿਆਲਿਆ, ਰਜਿੰਦਰ ਸਿੰਘ ਮਾਨ, ਸਤਵਿੰਦਰ ਸਿੰਘ ਮਾਨ, ਬਿਕਰਮਜੀਤ ਸਿੰਘ ਮਾਨ, ਸੁਖਬੀਰ ਸਿੰਘ, ਅੰਮ੍ਰਿਤ ਸਿੰਘ ਮਾਨ ਤੇ ਗੁਰਪ੍ਰੀਤ ਸਿੰਘ ਰਾਣਾ ਸ਼ਾਮਲ ਹਨ। 
ਰੋਜ਼ਾਨਾ ਜਗ ਬਾਣੀ ਦੇ ਪਹਿਲੇ ਸਫੇ ਤੇ ਪ੍ਰਕਾਸ਼ਿਤ ਖਬਰ 
ਜਿਨ੍ਹਾਂ ਹੋਰ ਨੇ ਅੱਜ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਉਨ੍ਹਾਂ ਵਿਚ ਕੁਲਵਿੰਦਰ ਸਿੰਘ ਮਾਨ ਛਿੰਦਾ, ਮਨਜੀਤ ਸਿੰਘ ਤਲਵੰਡੀ, ਗੁਰਦੇਵ ਸਿੰਘ ਸੋਹਲ, ਅੰਮ੍ਰਿਤਪਾਲ ਸਿੰਘ ਸੋਹਲ, ਮਨਜੀਤ ਸਿੰਘ, ਰਾਜਪਾਲ ਸਿੰਘ, ਅਮਰਬੀਰ ਸਿੰਘ ਰਿਆਲੀ ਤੇ ਡਾਇਰਕਟਰ ਮਿਲਕ ਪਲਾਂਟ ਆਰ.ਐਸ.  ਘੁੰਮਣ ਸ਼ਾਮਲ ਹਨ।  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ ਹੈ। ਵਰਨਣਯੋਗ ਹੈ ਕਿ ਸਰਬਰਜੀਤ ਸਿੰਘ ਸੋਹਲ (ਗੁਰੂ ਕਾ ਬਾਗ), ਤਰਲੋਕ ਸਿੰਘ (ਮੱਤੋਵਾਲ), ਸ਼ਵਿੰਦਰ ਸਿੰਘ ਕੋਟ ਖਾਲਸਾ (ਅੰਮ੍ਰਿਤਸਰ ਪੱਛਮੀ) ਤੇ ਅਵਤਾਰ ਸਿੰਘ (ਅੰਮ੍ਰਿਤਸਰ ਦੱਖਣੀ) ਤੋਂ ਮੋਰਚੇ ਦੇ ਉਮੀਦਵਾਰ ਹਨ। 
ਏਸੇ ਤਰ੍ਹਾਂ 23 ਅਗਸਤ ਨੂੰ ਹੀ ਚੰਡੀਗਡ਼੍ਹ ਡੇਟਲਾਈਨ ਰੋਜ਼ਾਨਾ ਜਗ ਬਾਣੀ ਨੇ ਵੀ ਆਪਣੇ ਪੱਤਰਕਾਰ ਭੁੱਲਰ ਭੁੱਲਰ ਦੇ ਹਵਾਲੇ ਨਾਲ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਹੈ ਕਿ ਐੱਸ. ਜੀ. ਪੀ. ਸੀ. ਦੀਆਂ 18 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬਾਦਲ ਦਲ ਦੇ 6 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਬਣ ਗਏ ਹਨ ਤੇ ਜ਼ਿਕਰਯੋਗ ਗੱਲ ਹੈ ਕਿ ਇਹ ਸਾਰੇ ਹੀ ਜ਼ਿਲਾ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਉਮੀਦਵਾਰਾਂ ਦੀ ਬਿਨਾਂ ਮੁਕਾਬਲਾ ਜਿੱਤ ਪੰਥਕ ਮੋਰਚੇ ਤੇ ਹੋਰ ਵਿਰੋਧੀ ਉਮੀਦਵਾਰਾਂ ਵਲੋਂ ਕਈ ਥਾਵਾਂ ਤੋਂ ਮੈਦਾਨ ‘ਚੋਂ ਹਟ ਜਾਣ ਕਾਰਨ ਸੰਭਵ ਹੋਈ ਹੈ। ਭਾਵੇਂ ਕਿ ਜਿੱਤ ਦਾ ਰਸਮੀ ਐਲਾਨ 22 ਸਤੰਬਰ ਨੂੰ ਹੋਵੇਗਾ। ਬਿਨਾਂ ਮੁਕਾਬਲਾ ਜੇਤੂ ਉਮੀਦਵਾਰ ਅੱਜ ਇਥੇ ਪਾਰਟੀ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ‘ਚ ਪ੍ਰੈੱਸ ਕਾਨਫਰੰਸ ‘ਚ ਸ਼ਾਮਲ ਸਨ ਤੇ ਇਸ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਭੋਮਾ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਤੇ ਪੰਥਕ ਮੋਰਚੇ ਦੇ ਉਮੀਦਵਾਰ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਸਰਬਜੀਤ ਸਿੰਘ ਸੋਹਲ ਸਣੇ ਕਈ ਪ੍ਰਮੁੱਖ ਆਗੂਆਂ ਨੇ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ।  ਜ਼ਿਕਰਯੋਗ ਹੈ ਕਿ ਭੋਮਾ ਤੇ ਸੋਹਲ ਪੰਥਕ ਮੋਰਚੇ ਦੇ ਐੱਸ. ਜੀ. ਪੀ. ਸੀ. ਲਈ ਟਿਕਟਾਂ ਦੇਣ ਵਾਲੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਵੀ ਸਨ। ਜਿਹਡ਼ੇ ਹੋਰ ਪ੍ਰਮੁੱਖ ਫੈਡਰੇਸ਼ਨ ਆਗੂ ਅੱਜ ਬਾਦਲ ਦੀ ਮੌਜੂਦਗੀ ‘ਚ ਅਕਾਲੀ ਦਲ ‘ਚ ਸ਼ਾਮਲ ਹੋਏ ਉਨ੍ਹਾਂ ‘ਚ ਬਲਵਿੰਦਰ ਸਿੰਘ ਖੋਜਕੀਪੁਰ, ਜਸਵੀਰ ਸਿੰਘ ਘੁੰਮਣ, ਸਰਬਜੀਤ ਸਿੰਘ ਜੰਮੂ, ਸਵਿੰਦਰ ਸਿੰਘ ਕੋਟ ਖਾਲਸਾ ਤੇ ਮੇਜਰ ਸਿੰਘ ਖਾਲਸਾ ਦੇ ਨਾਂ ਜ਼ਿਕਰਯੋਗ ਹਨ। ਇਨ੍ਹਾਂ ਸਭ ਨੂੰ ਅਕਾਲੀ ਦਲ ‘ਚ ਸ਼ਾਮਲ ਕਰਨ ‘ਚ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਭੂਮਿਕਾ ਨਿਭਾਈ ਹੈ ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਜੀਠੀਆ ਨੇ ਮਾਨ ਦਲ ਦੇ ਪ੍ਰਮੁੱਖ ਆਗੂ ਭਾਈ ਰਾਮ ਸਿੰਘ ਤੇ 3 ਉਮੀਦਵਾਰਾਂ ਨੂੰ ਪਿਛਲੇ ਦਿਨੀਂ ਅਕਾਲੀ ਦਲ ‘ਚ ਸ਼ਾਮਲ ਕਰਵਾਇਆ ਸੀ। ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਭਾਈ ਮਨਜੀਤ ਸਿੰਘ ਭਿੱਖੀਵਿੰਡ ਤੋਂ ਸਭ ਤੋਂ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ ਕਿਉਂਕਿ ਉਨ੍ਹਾਂ ਦੇ ਮੁਕਾਬਲੇ ਕਿਸੇ ਨੇ ਕਾਗਜ਼ ਹੀ ਨਹੀਂ ਭਰਿਆ। ਜਦਕਿ ਗੁਰੂ ਕਾ ਬਾਗ ਹਲਕੇ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਸਰਬਜੀਤ ਸਿੰਘ ਸੋਹਲ ਵਲੋਂ ਮੁਕਾਬਲੇ ‘ਚੋਂ ਹਟ ਜਾਣ ਤੋਂ ਬਾਅਦ ਅਕਾਲੀ ਦਲ ਦੇ ਜੋਧ ਸਿੰਘ ਸਮਰਾ ਦੀ ਜਿੱਤ ਹੋਈ ਹੈ। ਇਸੇ ਤਰ੍ਹਾਂ ਮੱਤੇਵਾਲ ਤੋਂ ਪੰਥਕ ਮੋਰਚੇ ਦੇ ਤਿਰਲੋਕ ਸਿੰਘ ਅਟਵਾਲ ਦੇ ਹਟ ਜਾਣ ਕਾਰਨ ਭਗਵੰਤ ਸਿੰਘ ਜੇਤੂ ਰਹੇ, ਚੌਗਾਵਾਂ ਤੋਂ ਅਕਾਲੀ ਦਲ ਦੀ ਬਲਵਿੰਦਰ ਕੌਰ ਤੇ ਅੰਮ੍ਰਿਤਸਰ ਈਸਟ ਤੋਂ ਹਰਜਾਪ ਸਿੰਘ ਬਾਕੀ ਉਮੀਦਵਾਰਾਂ ਦੇ ਬੈਠ ਜਾਣ ਕਾਰਨ ਬਿਨਾਂ ਮੁਕਾਬਲਾ ਜੇਤੂ ਬਣ ਗਏ ਹਨ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਪੰਥਕ ਮੋਰਚਾ ਇਕ ਢੌਂਗ ਹੈ ਤੇ ਇਸ ਦੇ ਸਾਰੇ ਆਗੂ ਅਕਾਲੀ ਦਲ ਤੋਂ ਭਗੌਡ਼ੇ ਹੋਏ ਨੇਤਾ ਹਨ ਤੇ ਇਸ ਸਮੇਂ ਕਾਂਗਰਸ ਦੇ ਏਜੰਟ ਹਨ। ਉਨ੍ਹਾਂ ਕਿਹਾ ਕਿ ਰਵੀਇੰਦਰ ਸਿੰਘ ਵਰਗਿਆਂ ਨੂੰ ਪਾਰਟੀ ਨੇ ਪਾਰਟੀ ‘ਚ ਰਹਿਣ ਸਮੇਂ ਕਾਫੀ ਮਾਣ ਦਿੱਤਾ ਸੀ ਪ੍ਰੰਤੂ ਇਹ ਆਪਣੇ ਸਵਾਰਥਾਂ ਲਈ ਅਕਾਲੀ ਦਲ ਨੂੰ ਛੱਡ ਗਏ। ਉਨ੍ਹਾਂ ਕਿਹਾ ਕਿ ਸਰਨਾ ਤਾਂ ਖੁੱਲ੍ਹੇਆਮ ਕਾਂਗਰਸ ਦੀ ਵਕਾਲਤ ਕਰਦਾ ਹੈ। ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵਾਰ ਐੱਸ. ਜੀ. ਪੀ. ਸੀ. ‘ਚ ਅਕਾਲੀ ਦਲ ਦੇ 99 ਫੀਸਦੀ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।

No comments: