Thursday, August 18, 2011

ਠੇਕੇਦਾਰ ਵੱਲੋਂ ਪੱਤਰਕਾਰਾਂ 'ਤੇ ਹਮਲਾ

ਜਮੀਨਾਂ ਦੇ ਕਬਜ਼ੇ ਲੈਣ ਲਈ ਹੁਣ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ. ਬਠਿੰਡਾ ਵਿੱਚ ਪੱਤਰਕਾਰਾਂ 'ਤੇ ਹਮਲੇ ਦੇ ਖਬਰ ਨੂੰ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਨੇ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ. ਖਬਰਾਂ ਵਿੱਚ ਹਮੇਸ਼ਾਂ ਸਚ ਦੇ ਸੁਰਾਗ ਪੇਸ਼ ਕਰਨ ਵਾਲੇ ਜਾੰਬਾਜ਼ ਪੱਤਰਕਾਰ ਚਰਨਜੀਤ ਭੁੱਲਰ ਨੇ ਇਸ ਵਾਰ ਵੀ ਬਠਿੰਡਾ ਡੇਟ ਲਾਈਨ ਨਾਲ ਪ੍ਰਕਾਸ਼ਿਤ ਇਸ ਖਬਰ ਰਹਿਣ ਇੱਕ ਵਾਰ ਫੇਰ ਦੱਸਿਆ ਹੈ ਕਿ ਅੱਜ ਕਲ੍ਹ ਦੇ ਇਸ ਵਪਾਰਕ ਯੁਗ ਵਿਚ ਵੀ ਸਚ 'ਤੇ ਪਹਿਰਾ ਦੇਣ ਵਾਲਿਆ ਕਲਮਾਂ ਮੌਜੂਦ ਹਨ. ਸ਼੍ਰੀ ਭੁੱਲਰ ਨੇ ਲਿਖਿਆ ਹੈ:
ਬਠਿੰਡਾ ਦੇ ਮਾਡਲ ਟਾਊਨ ਵਿੱਚ ਜ਼ਮੀਨ ਉਤੇ ਕਬਜ਼ੇ ਦੌਰਾਨ 
ਪਿਸਤੌਲ ਲੈ ਕੇ ਘੁੰਮ ਰਿਹਾ ਇਕ ਆਦਮੀ (ਫੋਟੋ:ਪਵਨ ਸ਼ਰਮਾ)


ਬਠਿੰਡਾ ਵਿਕਾਸ ਅਥਾਰਟੀ ਵਲੋਂ ਜ਼ਮੀਨ ਦਾ ਕਬਜ਼ਾ ਲੈਣ ਮੌਕੇ ਇੱਕ ਪ੍ਰਾਈਵੇਟ ਠੇਕੇਦਾਰ ਨੇ ਪੁਲੀਸ ਅਫਸਰਾਂ ਦੀ ਹਾਜ਼ਰੀ ’ਚ ਮੀਡੀਆ ’ਤੇ ਫਾਇਰਿੰਗ ਕਰ ਦਿਤੀ ਜਿਸ ’ਚ ਇੱਕ ਕੈਮਰਾਮੈਨ ਜ਼ਖਮੀ ਹੋ ਗਿਆ ਹੈ। ਸੀ.ਐਨ.ਈ.ਬੀ ਚੈਨਲ ਦੇ ਕੈਮਰਾਮੈਨ ਗੁਰਦਾਸ ਸਿੰਘ ਨੂੰ ਮੌਕੇ ’ਤੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਇਕ ਠੇਕੇਦਾਰ  ਵਲੋਂ ਇਕ ਅਖਬਾਰ ਦੇ ਫੋਟੋਗਰਾਫਰ ਰਣਧੀਰ ਬੌਬੀ ਦੀ ਕੁੱਟਮਾਰ ਵੀ ਕੀਤੀ ਗਈ।
ਅਥਾਰਟੀ ਵਲੋਂ ਅੱਜ ਬਠਿੰਡਾ ਸ਼ਹਿਰ ’ਚ ਅਰਬਨ ਅਸਟੇਟ ਚਾਰ ਅਤੇ ਪੰਜ ਲਈ ਕਿਸਾਨਾਂ ਦੀ ਐਕੁਆਇਰ ਕੀਤੀ ਜ਼ਮੀਨ ਦਾ ਜਬਰੀ ਕਬਜ਼ਾ ਲਿਆ ਜਾ ਰਿਹਾ ਸੀ। ਜਦੋਂ ਕੈਮਰਾਮੈਨ ਤੇ ਫੋਟੋਗਰਾਫਰ ਪੁਲੀਸ ਜਬਰ ਦੀਆਂ ਤਸਵੀਰਾਂ ਖਿੱਚ ਰਹੇ ਸਨ ਤਾਂ ਉਦੋਂ ਹੀ ਠੇਕੇਦਾਰ ਆਪਣੇ ਦਰਜਨਾਂ ਸਾਥੀਆਂ ਨਾਲ ਪੁਲੀਸ ਦੀ ਮੱਦਦ ’ਤੇ ਆ ਗਿਆ। ਉਸ ਨੇ ਇੱਕੋ ਵੇਲੇ ਆਪਣੇ ਰਿਵਾਲਵਰ ਨਾਲ ਤਿੰਨ ਫਾਇਰ ਕਰ ਦਿੱਤੇ ਜਿਸ ’ਚੋਂ ਇੱਕ ਗੋਲੀ ਕੈਮਰਾਮੈਨ ਗੁਰਦਾਸ ਸਿੰਘ ਦੇ ਕੰਨ ’ਤੇ ਲੱਗੀ। ਬਾਕੀ ਫੋਟੋਗਰਾਫਰਾਂ ਨੇ ਮਸਾਂ ਧਰਤੀ ’ਤੇ ਲਿੱਟ ਕੇ ਆਪਣੀ ਜਾਨ ਬਚਾਈ। ਜਦੋਂ ਇਹ ਮੀਡੀਆ ਕਰਮੀ  ਮੌਕੇ ’ਤੇ ਮੌਜੂਦ ਏ.ਐਸ.ਪੀ ਵੀ.ਐਸ.ਭੱਟੀ ਅਤੇ ਡੀ.ਐਸ.ਪੀ ਵਿਕਰਮਜੀਤ ਕੋਲ ਆ ਗਏ ਤਾਂ ਠੇਕੇਦਾਰ ਨੇ ਫੋਟੋਗਰਾਫਰ ਦੀ ਕੁੱਟਮਾਰ ਕਰ ਦਿੱਤੀ।  ਦੱਸਣਯੋਗ ਹੈ ਕਿ  ਠੇਕੇਦਾਰ ਕਾਫੀ ਸਿਆਸੀ ਪਹੁੰਚ ਰੱਖਦਾ ਹੈ ਅਤੇ ਸਾਲ 2009 ਵਿਚ ਲੋਕ ਸਭਾ ਚੋਣਾਂ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਮੁੱਖ ਦਫਤਰ ਬਠਿੰਡਾ ’ਚ ਇਸ ਠੇਕੇਦਾਰ ਦੀ ਇਮਾਰਤ ਵਿੱਚ ਸੀ। ਘਟਨਾ ਵਾਪਰਨ ਮਗਰੋਂ ਬਠਿੰਡਾ ਦੇ ਸਮੂਹ ਪੱਤਰਕਾਰਾਂ ਨੇ ਇਸ ਮਾਮਲੇ ’ਤੇ ਮੀਟਿੰਗ ਕੀਤੀ ਅਤੇ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ। ਐਸ.ਐਸ.ਪੀ ਡਾ.ਸੁਖਚੈਨ ਸਿੰਘ ਗਿੱਲ ਨੂੰ ਜਦੋਂ ਪੱਤਰਕਾਰ ਮਿਲੇ ਤਾਂ ਉਨ੍ਹਾਂ ਆਖਿਆ ਕਿ ਦੋਸ਼ੀ ਠੇਕੇਦਾਰ ਨੂੰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ। ਭਾਰੀ ਪੁਲੀਸ ਫੋਰਸ ਸਮੇਤ ਜਦੋਂ ਅਥਾਰਟੀ ਦੇ ਅਫਸਰ ਕਬਜ਼ਾ ਲੈਣ ਪੁੱਜੇ ਤਾਂ ਕਿਸਾਨ ਪਰਿਵਾਰਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ। ਰੋਸ  ’ਚ ਆਏ ਲੋਕਾਂ ਨੇ ਬੁਲਡੋਜ਼ਰ ਭੰਨ ਦਿੱਤੇ। ਔਰਤਾਂ ਵੀ ਪੁਲੀਸ ਹਮਲੇ ਦਾ ਟਾਕਰਾ ਕਰਨ ਲਈ ਤਿਆਰ ਹੋ ਗਈਆਂ। ਪੁਲੀਸ ਨੇ ਮੌਕੇ ’ਤੇ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ। ਬਠਿੰਡਾ ਵਿਕਾਸ ਅਥਾਰਟੀ ਨੇ ਦਰਜਨਾਂ ਲੋਕਾਂ ਨੂੰ ਹਵਾਲਾਤਾਂ ’ਚ ਬੰਦ ਕਰਾ ਕੇ ਉਨ੍ਹਾਂ ਦੀਆਂ ਜ਼ਮੀਨਾਂ ’ਚ ਖਡ਼੍ਹੀ ਨਰਮੇ ਕਪਾਹ ਦੀ ਫਸਲ ’ਤੇ ਬੁਲਡੋਜ਼ਰ ਫੇਰ ਦਿੱਤੇ।
ਅਥਾਰਟੀ ਨੇ ਇਨ੍ਹਾਂ ਕਿਸਾਨਾਂ ਨੂੰ ਜ਼ਮੀਨ ਐਕੁਆਇਰ ਕਰਨ ਬਦਲੇ ਹਾਲੇ ਤੱਕ ਕੋਈ ਰਾਸ਼ੀ ਨਹੀਂ ਦਿੱਤੀ ਹੈ। ਅਥਾਰਟੀ ਵਲੋਂ ਅਰਬਨ ਅਸਟੇਟ ਫੇਜ਼ ਚਾਰ ਅਤੇ ਪੰਜ ਲਈ 7 ਮਾਰਚ 2007 ਨੂੰ ਅਵਾਰਡ ਸੁਣਾਇਆ ਸੀ। ਅਥਾਰਟੀ ਵਲੋਂ ਇਨ੍ਹਾਂ ਫੇਜ਼ਾਂ ਵਾਸਤੇ 185 ਏਕਡ਼ ਜ਼ਮੀਨ ਐਕੁਆਇਰ ਕੀਤੀ ਗਈ ਹੈ ਜਿਸ ’ਚੋਂ ਕੇਵਲ 28 ਏਕਡ਼ ਜ਼ਮੀਨ ਦਾ ਕਬਜ਼ਾ ਲੈਣਾ ਬਾਕੀ ਸੀ। ਅਥਾਰਟੀ ਵਲੋਂ ਸਭ ਖਰਚਿਆਂ ਸਮੇਤ ਕਿਸਾਨਾਂ ਨੂੰ ਪ੍ਰਤੀ ਗਜ਼ 950 ਰੁਪਏ ਦਿੱਤੇ ਜਾ ਰਹੇ ਹਨ ਜਦੋਂ ਕਿ ਅਥਾਰਟੀ ਨੇ ਇਨ੍ਹਾਂ ਫੇਜ਼ਾਂ ਦੇ ਪਲਾਟਾਂ ਦਾ ਭਾਅ 11 ਹਜ਼ਾਰ ਰੁਪਏ ਪ੍ਰਤੀ ਗਜ਼ ਕੱਢਿਆ ਸੀ।
ਗੌਰਤਲਬ ਹੈ ਕਿ ਜੋ ਪਹੁੰਚ ਰੱਖਣ ਵਾਲੇ ਲੋਕ ਸਨ,ਉਨ੍ਹਾਂ ਦੀ ਜ਼ਮੀਨ ਤਾਂ ਪਹਿਲਾਂ ਹੀ ਐਕੁਆਇਰ ਨਹੀਂ ਕੀਤੀ ਗਈ। ਜੋ ਸਾਧਾਰਨ ਕਿਸਾਨ ਸਨ, ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰ ਲਈ ਗਈ ਸੀ। ਅੱਜ ਬਠਿੰਡਾ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਉਮਾ ਸ਼ੰਕਰ ਪੂਰੇ ਸਾਜ਼ੋ-ਸਾਮਾਨ ਸਮੇਤ ਕਬਜ਼ਾ ਲੈਣ ਪੁੱਜ ਗਏ ਸਨ। ਪੁਲੀਸ ਦੇ ਏ.ਐਸ.ਪੀ ਵਿਕਰਮਜੀਤ ਸਿੰਘ ਭੱਟੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਪੁੱਜ ਗਈ ਸੀ। ਜਦੋਂ ਪੁਲੀਸ ਕਬਜ਼ਾ ਲੈਣ ਲਈ ਪੁੱਜੀ ਤਾਂ ਇਕੱਠੇ ਹੋਏ ਲੋਕਾਂ ਨੇ ਵਿਰੋਧ ਕਰ ਦਿੱਤਾ। ਲਾਠੀਚਾਰਜ ਕਰਨ ਮਗਰੋਂ ਪੁਲੀਸ ਨੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਥਾਰਟੀ ਨੇ ਪਿਛੋਂ 16 ਏਕਡ਼ ਰਕਬੇ ਵਿੱਚ ਖਡ਼੍ਹੀ ਨਰਮੇ ਕਪਾਹ ਦੀ ਫਸਲ ਦੋ ਬੁਲਡੋਜ਼ਰਾਂ ਨਾਲ ਵਾਹ ਦਿੱਤੀ। ਇਹ ਜ਼ਮੀਨ ਕਿਸਾਨ ਬਲਵਿੰਦਰ ਸਿੰਘ, ਮਲਕੀਤ ਸਿੰਘ, ਰੁਪਿੰਦਰ ਸਿੰਘ ਤੇ ਪਵਿੱਤਰ ਸਿੰਘ ਦੀ ਸੀ ਜੋ ਸਕੇ ਭਰਾ ਹਨ। ਜਦੋਂ ਖਡ਼੍ਹੀ ਫਸਲ ’ਤੇ ਬੁਲਡੋਜ਼ਰ ਚੱਲ ਰਹੇ ਸਨ ਤਾਂ ਇਨ੍ਹਾਂ ਪਰਿਵਾਰਾਂ ਦੀਆਂ ਬੇਵੱਸ ਔਰਤਾਂ ਦੀਆਂ ਅੱਖਾਂ ’ਚ ਹੰਝੂਆਂ ਦਾ ਹਡ਼੍ਹ ਆ ਗਿਆ। ਵਿਧਵਾ ਔਰਤ ਰਾਜਦੀਪ ਕੌਰ ਹਾਲੋਂ ਬੇਹਾਲ ਹੋ ਗਈ। ਉਸ ਨੇ ਦੱਸਿਆ ਕਿ ਉਸ ਦੀਆਂ ਦੋ ਮੁਟਿਆਰ ਧੀਆਂ ਹਨ ਅਤੇ ਇਕਲੌਤਾ ਲਡ਼ਕਾ ਹੈ ਜਿਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਆਖਿਆ ਕਿ ਉਸ ਦੇ ਪਰਿਵਾਰ ਨੂੰ ਜਬਰੀ ਉਜਾਡ਼ ਦਿੱਤਾ ਗਿਆ ਹੈ।
ਬਖਸ਼ੀਸ਼ ਸਿੰਘ ਫੌਜੀ ਨੇ ਦੱਸਿਆ ਕਿ ਉਨ੍ਹਾਂ ਨੇ ਹਾਈ ਕੋਰਟ ਵਿੱਚ ਇਸ ਮਾਮਲੇ ’ਤੇ ਪਟੀਸ਼ਨ ਵੀ ਪਾਈ ਹੋਈ ਹੈ ਜਿਸ ਦੀ 19 ਅਗਸਤ ਨੁੰੂ ਤਰੀਕ ਹੈ। ਬਠਿੰਡਾ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਉਮਾ ਸ਼ੰਕਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅੱਜ 43 ਏਕਡ਼ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਜਿਨ੍ਹਾਂ ਲੋਕਾਂ ਵਲੋਂ ਪੈਸੇ ਨਹੀਂ ਲਏ ਗਏ ਹਨ, ਉਨ੍ਹਾਂ ਦੀ ਰਾਸ਼ੀ ਅਥਾਰਟੀ ਵਲੋਂ ਭਲਕੇ ਅਦਾਲਤ ਵਿੱਚ ਜਮ੍ਹਾਂ ਕਰਾ ਦਿਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੇਜ਼ ਚਾਰ ਅਤੇ ਪੰਜ ਲਈ ਪੂਰੀ ਜਗ੍ਹਾ ਕਰੀਬ 185 ਏਕਡ਼ ਹੁਣ ਅਥਾਰਟੀ ਦੇ ਕਬਜ਼ੇ ਵਿੱਚ ਆ ਗਈ ਹੈ। 

No comments: