Sunday, August 21, 2011

ਸੰਤ ਲੌਂਗੋਵਾਲ ਦੇ ਕਤਲ ਲਈ ਬਾਦਲ ਜ਼ਿੰਮੇਵਾਰ : ਕੈਪ. ਅਮਰਿੰਦਰ ਸਿੰਘ


ਬਲਿਊਸਟਾਰ ਅਪ੍ਰੇਸ਼ਨ ਨੂੰ ਢਾਈ ਦਹਾਕਿਆਂ ਦਾ ਸਮਾਂ ਲੰਘ ਚੁੱਕਿਆ ਹੈ. ਇਹ ਉਹ ਕਾਰਵਾਈ ਸੀ ਜਿਸਨੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਸਿੱਖ ਹਿਰਦਿਆਂ ਚੋਂ ਪੂਰੇ ਤਰਾਂ ਨਿਖੇੜ ਦਿੱਤਾ ਸੀ. ਇਹੀ ਲੱਗਦਾ ਸੀ ਕਿ ਹੁਣ ਇਹ ਪਾੜਾ ਕਦੇ ਨਹੀਂ ਮਿਟਨਾ. ਪਰ ਸੰਤ ਹਰਚੰਦ ਸਿੰਘ ਲੋਂਗੋਵਾਲ ਅਤੇ ਰਾਜੀਵ ਸਮਝੌਤੇ ਨੇ ਇਹਨਾਂ ਸਾਰੀਆਂ ਸ਼ੰਕਾਵਾਂ ਨੂੰ ਗਲਤ ਸਾਬਿਤ ਕਰਦਿਆਂ ਇੱਕ ਵਾਰ ਫੇਰ ਦੱਸਿਆ ਕਿ ਰਾਜਨੀਤੀ ਦੀ ਦੁਨੀਆ ਵਿੱਚ ਸਭ ਕੁਝ ਸੰਭਵ ਹੈ. ਹੁਣ ਜਦੋਂ ਇੱਕ ਵਾਰ ਫੇਰ ਸੰਤ ਲੋਂਗੋਵਾਲ ਦੀ ਬਰਸੀ ਮੌਕੇ ਪੰਥਕ ਇੱਕਠ ਹੋਇਆ ਤਾਂ ਪੁਰਾਣੀਆਂ ਗੱਲਾਂ ਫੇਰ ਜਹੀਂ ਵਿੱਚ ਤਾਜ਼ਾ ਹੋ ਗਈਆਂ. ਇਸ ਵਾਰ ਵੀ ਰਾਜਨੀਤੀ ਨਾਲ ਜੁੜੇ ਲੋਕਾਂ ਨੇ ਇਸ ਨੂੰ ਆਪੋ ਆਪਣੇ ਮੰਤਵਾਂ ਲਈ ਵਰਤਿਆ. ਅਕਾਲੀ ਦਲ ਨੇ ਇਸ ਮੰਚ ਤੋਂ ਪੰਥਕ ਮੋਰਚੇ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਿਨ ਦੇ ਮੌਕੇ ਸਾਫ਼ ਕਿਹਾ ਕਿ ਸੰਤ ਲੋਂਗੋਵਾਲ ਦੇ ਕਤਲ ਲਈ ਬਾਦਲ ਹੀ ਜਿੰਮੇਵਾਰ ਹੈ.ਰੋਜ਼ਾਨਾ ਜੱਗ ਬਾਣੀ ਨੇ ਪਟਿਆਲਾ ਤੋਂ ਆਪਣੇ ਪੱਤਰਕਾਰ ਰਾਜੇਸ਼ ਦੇ ਹਵਾਲੇ ਨਾਲ ਦੱਸਿਆ ਹੈ ਕਿ ਕੈਪਟਨ ਸਾਹਿਬ ਨੇ ਇਸ ਮੌਕੇ ਕਾਫੀ ਕੁਝ ਕਿਹਾ. ਅਖਬਾਰ ਮੁਤਾਬਿਕ 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿੱਜੀ ਤੇ ਸਿਆਸੀ ਫਾਇਦਿਆਂ ਕਾਰਨ ਉਨ੍ਹਾਂ ਨੂੰ ਧੋਖਾ ਦਿੱਤਾ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਲੌਂਗੋਵਾਲ ਦੇ ਕਤਲ ਲਈ ਸਿੱਧੇ ਤੌਰ ‘ਤੇ ਬਾਦਲ ਹੀ ਜ਼ਿੰਮੇਵਾਰ ਹੈ। ਕੈਪਟਨ ਇਥੇ ਪੰਜਾਬ ਕਾਂਗਰਸ ਵਲੋਂ ਦੇਸ਼ ਦੇ ਮਹਾਨ ਸਪੂਤ ਮਰਹੂਮ ਰਾਜੀਵ ਗਾਂਧੀ ਦੇ 67ਵੇਂ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਪ੍ਰਦੇਸ ਕਾਂਗਰਸ ਵਲੋਂ ਸਥਾਨਕ ਨਵੀਂ ਅਨਾਜ ਮੰਡੀ, ਸਰਹਿੰਦ ਰੋਡ ਵਿਖੇ ਕਰਵਾਈ ਗਈ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਹਜ਼ੂਮ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਹਮਾਇਤੀ ਕਹਾਉਣ ਵਾਲੇ ਦੋਵੇਂ ਪਿਓ-ਪੁੱਤ ਬਾਦਲਾਂ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਮਾਰੇ ਹਨ, ਜਿਸਦੀ ਤਾਜ਼ਾ ਮਿਸਾਲ ਗੋਬਿੰਦਪੁਰਾ ਵਿਖੇ ਕਿਸਾਨਾਂ ਦੀ ਜੱਦੀ ਜ਼ਮੀਨ ਨੂੰ ਧੱਕੇ ਨਾਲ ਅਕਵਾਇਰ ਕਰਨਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀ ਲੋਟੂ ਸਰਕਾਰ ਨੇ ਵੱਡੀਆਂ ਕੰਪਨੀਆਂ ਤੋਂ ਮੋਟੀ ਕਮਿਸ਼ਨ ਖਾ ਕੇ ਕਿਸਾਨਾਂ ਦੀਆਂ ਮਹਿੰਗੇ ਮੁੱਲ ਦੀਆਂ ਜ਼ਮੀਨਾਂ ਨੂੰ ਜ਼ਬਰਦਸਤੀ ਅੱਧੀਆਂ ਕੀਮਤਾਂ ‘ਤੇ ਅਕਵਾਇਰ ਕਰਕੇ ਕੰਪਨੀਆਂ ਨੂੰ ਦੇ ਦਿੱਤਾ ਹੈ। ਬਾਦਲ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਵੀ ਆਪਣੀ ਜ਼ਮੀਨ ਦੇਵੇ, ਅਸੀਂ ਗੋਬਿੰਦਪੁਰਾ ਵਿਖੇ ਅਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ ਦੀ ਕੀਮਤ ਤੋਂ ਦੁੱਗਣੀ ਕੀਮਤ ਦੇਵਾਂਗੇ। ਕੈਪਟਨ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸ਼ਾਇਦ ਹੁਣ ਤੱਕ ਸਭ ਤੋਂ ਵੱਧ ਭ੍ਰਿਸ਼ਟਾਚਾਰ ਦੇ ਕੇਸ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਿਲਾਫ ਚੱਲੇ ਹਨ ਅਤੇ ਚਲ ਰਹੇ ਹਨ, ਇਸਦੇ ਬਾਵਜੂਦ ਵੀ ਅਕਾਲੀ ਦਲ ਡਰਾਮੇਬਾਜ਼ੀ ਕਰਕੇ ਅੰਨਾ ਹਜ਼ਾਰੇ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ‘ਚ ਭ੍ਰਿਸ਼ਟਾਚਾਰ ਦੇ ਮੁਕਾਬਲੇ ਹੋਣ ਤਾਂ ਬਾਦਲ ਪਿਉ-ਪੁੱਤ ਦਾ ਨਾਮ ਗਿੰਨੀਜ਼ ਬੁੱਕ ਵਿਚ ਦਰਜ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਕੋਲ ਸਿਰਫ 80 ਕਿਲੇ ਜ਼ਮੀਨ ਹੁੰਦੀ ਸੀ, ਜੋ ਅੱਜ ਅਰਬਾਂ ਰੁਪਏ ਦਾ ਮਾਲਕ ਬਣਿਆ ਹੋਇਆ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਆਗੂਆਂ ਦੀ ਸੀ. ਬੀ. ਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਵਲੋਂ ਥੋਡ਼੍ਹੇ ਸਮੇਂ ‘ਚ ਆਪਣੀਆਂ ਜਾਇਦਾਦਾਂ ਵਿਚ ਕੀਤੇ ਵਾਧੇ ਦੀ ਜੇਕਰ ਜਾਂਚ ਹੋਵੇ ਤਾਂ ਵੱਡੇ ਘਪਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ, ਜਦਕਿ ਇਨ੍ਹਾਂ ਵਲੋਂ ਜਿਸ ਯੂ.ਪੀ.ਏ. ਸਰਕਾਰ ਦੇ ਖਿਲਾਫ ਅਜਿਹੇ ਮਾਮਲਿਆਂ ਨੂੰ ਲੈ ਕੇ ਉਂਗਲਾਂ ਉਠਾਈਆਂ ਜਾ ਰਹੀਆਂ ਹਨ, ਉਸ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਹੁਣ ਤੱਕ ਸਭ ਤੋਂ ਵੱਡੀ ਮੁਹਿੰਮ ਵਿੱਢੀ ਹੈ।
ਇਸ ਕਾਨਫਰੰਸ ਦੌਰਾਨ ਜ਼ਿਲਾ ਕਾਂਗਰਸ ਕਮੇਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਵ: ਰਾਜੀਵ ਗਾਂਧੀ ਦੀ ਮੂਰਤੀ ਵੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਸ. ਬਾਦਲ ਦੀਆਂ ਗਲਤ ਅਤੇ ਗੈਰ ਜ਼ਿੰਮੇਵਾਰਾਨਾ ਹਰਕਤਾਂ ਕਾਰਨ ਹੀ ਰਾਜੀਵ-ਲੌਂਗੋਵਾਲ ਸਮਝੌਤਾ ਸਿਰੇ ਨਹੀਂ ਚਡ਼੍ਹ ਸਕਿਆ। ਇੰਨਾ ਹੀ ਨਹੀਂ ਸ. ਬਾਦਲ ਦੇ ਕਾਰਨ ਹੀ ਪੰਜਾਬ ਵਿਚ 35 ਹਜ਼ਾਰ ਕੀਮਤੀ ਜਾਨਾਂ ਗਈਆਂ। ਇਸ ਲਈ ਜੇਕਰ ਸ. ਪ੍ਰਕਾਸ਼ ਸਿੰਘ ਬਾਦਲ ਆਪਣੀ ਸੂਝ-ਬੂਝ ਤੋਂ ਕੰਮ ਲੈਂਦੇ ਤਾਂ ‘ਰਾਜੀਵ-ਲੌਂਗੋਵਾਲ’ ਸਮਝੌਤਾ ਵੀ ਸਿਰੇ ਚਡ਼੍ਹ ਸਕਦਾ ਸੀ ਅਤੇ ਨਾਲ ਹੀ ਹਜ਼ਾਰਾਂ ਲੋਕਾਂ ਦੇ ਕਤਲ ਹੋਣ ਤੋਂ ਵੀ ਬਚਾਅ ਹੋ ਸਕਦਾ ਸੀ। ਇਥੋਂ ਤੱਕ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਅੱਜ ਸਾਡੇ ਵਿਚ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੀ ਰਾਜੀਵ ਗਾਂਧੀ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਛੋਟੀ ਉਮਰ ਵਿਚ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਗ੍ਰਹਿਣ ਕੀਤੀ ਅਤੇ ਪੰਚਾਇਤੀ ਰਾਜ ਲਾਗੂ ਕਰਨ ਲਈ ਪਿੰਡ ਪੱਧਰ ਤੱਕ ਦੇ ਆਗੂਆਂ ਤੋਂ ਸੁਝਾਅ ਮੰਗੇ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਗੁਲਚੈਨ ਸਿੰਘ ਚਾਡ਼ਕ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਵਿਚ ਵਾਹੀਯੋਗ ਜ਼ਮੀਨਾਂ ਘਟਦੀਆਂ ਜਾ ਰਹੀਆਂ ਹਨ ਅਤੇ ਕਿਸਾਨ ਦਿਨੋ-ਦਿਨ ਗਰੀਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਸਭ ਤੋਂ ਵੱਧ ਜ਼ਮੀਨਾਂ ਅਕਾਲੀ ਸਰਕਾਰ ਸਮੇਂ ਕਿਸਾਨਾਂ ਹੱਥੋਂ ਗਈਆਂ ਹਨ ਤੇ ਅਕਾਲੀਆਂ ਨੇ ਹੀ ਸਰਕਾਰੀ ਜ਼ਮੀਨਾਂ ਸਭ ਤੋਂ ਵੱਧ ਵੇਚੀਆਂ ਹਨ, ਜਦਕਿ ਪੰਜਾਬ ਵਿਚ ਆਰਥਿਕਤਾ ਮਜ਼ਬੂਤ ਕਰਨ ਦੀ ਲੋਡ਼ ਹੈ। ਇਸ ਕਾਨਫਰੰਸ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ, ਲਾਲ ਸਿੰਘ ਸਾਬਕਾ ਮੰਤਰੀ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਨੇ ਸੰਬੋਧਨ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਵਿਜੇਇੰਦਰ ਸਿੰਗਲਾ, ਪੰਜਾਬ ਪ੍ਰਦੇਸ ਕਾਂਗਰਸ ਦੇ ਜਨਰਲ ਸਕੱਤਰ ਅਰਵਿੰਦ ਖੰਨਾ, ਸੁਖਦੇਵ ਸਿੰਘ ਲਿਬਡ਼ਾ, ਵਿਧਾਇਕ ਸਾਧੂ ਸਿੰਘ ਧਰਮਸੌਤ, ਵਿਧਾਇਕ ਬ੍ਰਹਮ ਮਹਿੰਦਰਾ, ਵਿਧਾਇਕ ਕਾਕਾ ਰਣਦੀਪ ਸਿੰਘ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਬਲਵੀਰ ਸਿੰਘ ਸਿੱਧੂ ਵਿਧਾਇਕ, ਨਿਰਮਲ ਸਿੰਘ ਸ਼ੁਤਰਾਣਾ ਵਿਧਾਇਕ, ਰਾਜਾ ਮਾਲਵਿੰਦਰ ਸਿੰਘ, ਅਮਰੀਕ ਸਿੰਘ ਢਿੱਲੋਂ ਕੋਆਰਡੀਨੇਟਰ ਜ਼ਿਲਾ ਪਟਿਆਲਾ, ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਕੇ. ਕੇ. ਸ਼ਰਮਾ, ਕਬੀਰਦਾਸ, ਗੌਤਮਬੀਰ ਸਿੰਘ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।

No comments: