Sunday, August 28, 2011

ਅਧੀ ਜਿੱਤ ਦਾ ਪੂਰਾ ਜਸ਼ਨ

ਜੇ ਅਸੀਂ ਖੁੰਝ ਗਏ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ
ਸੁਸ਼ਮਾ ਸਵਰਾਜ ਵੱਲੋਂ ਦਿੱਤੀ ਗੰਭੀਰ ਚੇਤਾਵਨੀ ਨੂੰ ਸਮਝਣਾ ਸਮੇਂ ਦੀ ਮੁੱਖ ਲੋੜ   
ਨਵੀਂ ਦਿੱਲੀ: ਅੰਨਾ ਦਾ ਮਰਨ ਵਰਤ ਟੁੱਟ ਗਿਆ ਹੈ.ਸਰਕਾਰ ਝੁਕ ਗਈ ਹੈ. ਅੰਨਾ ਟੀਮ ਦੀ ਜਿੱਤ ਦੀਆਂ ਖਬਰਾਂ ਤਕਰੀਬਨ ਸਾਰੀਆਂ ਅਖਬਾਰਾਂ ਦੀਆਂ ਮੁੱਖ ਖਬਰਾਂ ਬਣੀਆਂ. ਸਾਰੇ ਚੈਨਲਾਂ ਨੇ ਵਰਤ ਤੋੜਨ ਦੀਆਂ ਝਲਕੀਆਂ ਨਾਲੋ ਨਾਲ ਦਿਖਾਈਆਂ. ਅੰਨਾ ਨੇ ਜਿਹਨਾਂ ਸਿਮਰਨ ਅਤੇ ਇਕਰਾ ਨਾਂਅ ਦੀਆਂ ਜਿਹਨਾਂ ਦੋ ਦਲਿਤ ਬੱਚੀਆਂ ਹੱਥੋਂ ਸ਼ਹਿਦ ਅਤੇ ਨਾਰੀਅਲ ਪਾਣੀ ਪੀ ਕੇ ਆਪਣਾ ਵਰਤ ਤੋੜਿਆ ਉਸ ਨਾਲ ਕਈ ਸੰਕੇਤ ਗਏ ਹਨ ਉਹਨਾਂ ਫਰੇਬੀਆਂ ਲਈ ਜਿਹੜੇ ਵਰਤ ਰੱਖਦੇ ਹਨ ਸਿਰਫ  ਇਸ ਲਈ ਕਿ ਕੋਈ ਵੱਡਾ ਲੀਡਰ ਆਏ ਅਤੇ ਉਹਨਾਂ ਦਾ ਵਰਤ ਖੁਲ੍ਹਵਾਏ. ਫਿਰ ਉਹਨਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਛਪਣ ਅਤੇ ਉਹਨਾਂ ਦੀ ਲੀਡਰੀ ਚਮਕੇ. ਇਸ ਇਤਿਹਾਸਿਕ ਮੌਕੇ ਵਰਤ ਖੋਹਲਣ ਤੋਂ ਪਹਿਲਾਂ ਅੰਨਾ ਟੀਮ ਦੇ ਮੁੱਖ ਬੁਲਾਰੇ ਅਰਵਿੰਦ ਕੇਜਰੀਵਾਲ ਨੇ ਮੰਚ ਤੋਂ ਸਾਰੀਆਂ ਦਾ ਧੰਨਵਾਦ ਕੀਤਾ.ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਸੰਸਦ ਤੋਂ ਵੀ ਵੱਡੀ ਹੈ, ਸੰਸਦ ਤੋਂ ਵੀ ਉੱਪਰ ਹੈ.ਇਸ ਹਕੀਕਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਂਨ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਸੰਸਦ ਨੂੰ ਵੀ ਨਮਨ ਕੀਤਾ ਨਿਮਰਤਾ ਦੇ ਨਵੇਂ ਰਿਕਾਰਡ ਕਾਇਮ ਕਰਦਿਆਂ ਬਾਕਾਇਦਾ ਪੁਲਿਸ ਅਤੇ ਤਿਹਾੜ ਜੇਲ੍ਹ ਦੇ ਮੁਲਾਜ਼ਮਾਂ ਦਾ ਵੀ ਧੰਨਵਾਦ ਵੀ ਕੀਤਾ. ਕੇਜਰੀਵਾਲ ਨੇ ਸੰਵਿਧਾਨ ਦੇ ਸਨਮਾਨ ਦੀ ਗੱਲ ਵੀ ਕੀਤੀ ਅਤੇ ਬਾਬਾ ਸਾਹਿਬ ਅੰਬੇਦਕਰ ਨੂੰ ਪ੍ਰਣਾਮ ਕੀਤਾ.ਏਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰ ਅਤੇ ਸਬਕਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਸੁਸ਼ਮਾ ਸਵਰਾਜ ਨੇ ਬਹੁਤ ਹੀ ਪਤੇ ਦੀ ਗੱਲ ਕਹੀ ਹੈ. ਖਬਰ ਏਜੰਸੀ ਭਾਸ਼ਾ ਦੇ ਮੁਤਾਬਿਕ ਜਨ ਲੋਕਪਾਲ ਬਿੱਲ ਤੇ ਅੰਨਾ ਟੀਮ ਦੀਆਂ ਪ੍ਰਮੁੱਖ ਮੰਗਾਂ ‘ਤੇ ਪੂਰਨ ਸਹਿਮਤੀ ਪ੍ਰਗਟਾਉਂਦਿਆਂ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਕਿਹਾ ਕਿ ਅੰਨਾ ਨੇ ਸੰਸਦ ਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇਕ ਇਤਿਹਾਸਕ ਮੌਕਾ ਦਿੱਤਾ ਹੈ, ਜਿਸ ਤੋਂ ਸਾਨੂੰ ਖੁੰਝਣਾ ਨਹੀਂ ਚਾਹੀਦਾ ਕਿਉਂਕਿ ਜੇ ਅਸੀਂ ਖੁੰਝ ਗਏ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ. ਅੰਨਾ ਦੇ ਲੋਕਪਾਲ ਬਿੱਲ ‘ਤੇ ਸੰਸਦ ‘ਚ ਚਰਚਾ ਸ਼ੁਰੂ ਕਰਦੇ ਹੋਏ ਸੁਸ਼ਮਾ ਸਵਰਾਜ ਨੇ ਦੇਸ਼ ਵਿਚ ਇਕ ਮਜ਼ਬੂਤ ਅਤੇ ਸ਼ਕਤੀਸ਼ਾਲੀ ਲੋਕਪਾਲ ਦੀ ਵਕਾਲਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਲੋਕ ਸਭਾ ‘ਚ ਜੋ ਲੋਕਪਾਲ ਬਿੱਲ ਰੱਖਿਆ ਗਿਆ ਸੀ, ਉਹ ਲੋਕਪਾਲ ਬਾਰੇ ਕੋਈ ਪਹਿਲਾ ਬਿੱਲ ਨਹੀਂ ਹੈ.ਸੰਨ 1968 ‘ਚ ਪਹਿਲੀ ਵਾਰ ਇਹ ਬਿੱਲ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ 8 ਵਾਰ ਇਹ ਬਿੱਲ ਪੇਸ਼ ਕੀਤਾ ਜਾ ਚੁੱਕਾ ਹੈ ਪਰ ਕਿਸੇ ਨਾ ਕਿਸੇ ਕਾਰਨ ਪਾਸ ਨਹੀਂ ਹੋ ਸਕਿਆ. ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਤ ਸਰਕਾਰ ਦੌਰਾਨ ਵੀ 2 ਵਾਰ ਇਹ ਬਿੱਲ ਆਇਆ ਪਰ ਅਸੀਂ ਇਸ ਨੂੰ ਪਾਸ ਨਹੀਂ ਕਰਵਾ ਸਕੇ ਅਤੇ ਇਸ ਦੇ ਲਈ ਆਪਣੇ ਆਪ ਨੂੰ ਵੀ ਦੋਸ਼ੀ ਮੰਨਦੇ ਹਾਂ. ਇਸ ਹਕੀਕਤ ਨੂੰ ਕਬੂਲ ਕੇ ਮਿਕਨਾਤੀਸੀ ਸ਼ਖਸੀਅਤ ਵਾਲੀ ਇਸ ਮਹਿਲਾ ਆਗੂ ਨੇ ਆਪਣਾ ਕੱਦ ਕੁਝ ਹੋਰ ਉੱਚਾ ਕਰ ਲਿਆ ਹੈ.  ਉਹਨਾਂ ਇਸ ਬਿਲ ਦੇ ਇਤਿਹਾਸ ਦੀ ਚਰਚਾ ਕਰਦਿਆਂ ਕਿਹਾ ਕਿ ਬੜੇ ਹੀ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਸ ਵਾਰ ਇਸ ਮਾਮਲੇ ਨੇ ਇਕ ਲੋਕ ਅੰਦੋਲਨ ਦਾ ਰੂਪ ਲੈ ਲਿਆ ਹੈ. ਸੁਸ਼ਮਾ ਸਵਰਾਜ ਦੀ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਜੇ ਅਸੀਂ ਖੁੰਝ ਗਏ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ. ਅਸਲ ਵਿੱਚ ਅੰਦਰ ਹੀ ਅੰਦਰ ਵਧ ਰਿਹਾ ਲੋਕ ਰੋਹ ਕਿਸੇ ਧਮਾਕੇ ਵੱਲ ਵਧ ਰਿਹਾ ਸੀ. ਦੇਸ਼ ਦੇ ਕਈ ਸੂਬਿਆਂ ਵਿੱਚ ਫੈਲ ਚੁੱਕਿਆ ਨਕਸਲਵਾਦ--ਮਾਓਵਾਦ  ਸਾਫ਼ ਸੰਕੇਤ ਹੈ ਕਿ ਜੇ ਲੋਕ ਰੋਹ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਕੁਰੱਪਸ਼ਨ, ਰਿਸ਼ਵਤਖੋਰੀ, ਬੇਰੋਜ਼ਗਾਰੀ, ਮਹਿੰਗਾਈ ਅਤੇ ਸਰਦੇ ਪੁੱਜਦੇ ਲੋਕਾਂ ਦੀਆਂ ਵਧੀਕੀਆਂ ਤੋਂ ਬੁਰੀ ਤਰ੍ਹਾਂ ਸੱਤਿਆ ਹੋਇਆ ਬਾਕੀ ਬਚਿਆ ਅਧਾ ਦੇਸ਼ ਵੀ ਉਸ ਹਿੰਸਕ ਰਸਤੇ ਤੇ ਤੁਰ ਸਕਦਾ ਹੈ ਜਿਸ 'ਤੇ ਕੰਟ੍ਰੋਲ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਹਨ. ਪੂਰੇ ਦੇਸ਼ ਨੂੰ ਅੰਨਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਅੰਨਾ ਨੇ ਦੇਸ਼ ਅਤੇ ਦੇਸ਼ ਦੀ ਜਨਤਾ ਨੂੰ ਇੱਕ ਵਾਰ ਫੇਰ ਇਹ ਯਕੀਨ ਫ਼ੁ ਦਿੱਤਾ ਹੈ ਕਿ ਨਹੀਂ ਅਜੇ ਸ਼ਾਂਤੀ ਨਾਲ ਅੰਦੋਲਨ ਚਲਾਉਣ ਦੇ ਕਈ ਮੌਜੂਦ ਹਨ. ਇਸ ਲਈ ਇਸ ਗੱਲ ਨੂੰ ਸਚ ਮੁਚ ਗ੍ਨਬ੍ਰ੍ਰਤਾ ਨਾਲ ਸਮਝਣ ਦੀ ਲੋੜ ਹੈ ਕਿ ਜੇ ਅਸੀਂ ਇਸ ਵਾਰ ਵੀ ਖੁੰਝ ਗਏ ਤਾਂ ਨਤੀਜੇ ਸਾਡੀ ਆਸ ਨਾਲੋਂ ਵੀ ਵਧੇਰੇ ਖਤਰਨਾਕ ਨਿਕਲ ਸਕਦੇ ਹਨ. --ਰੈਕਟਰ ਕਥੂਰੀਆ 

3 comments:

ART ROOM said...

xlent !!!!....media jindabaad....

Tarlok Judge said...

ਕੁਝ ਗੱਲਾਂ ਇਸ ਸੰਘਰਸ਼ ਵਿਚੋਂ ਉਭਰ ਕੇ ਸਾਹਮਣੇ ਆਈਆਂ ਹਨ | ਕੁਝ ਮੁਠੀ ਭਰ ਲੋਕਾਂ ਨੇ ਇਸ ਸੰਘਰਸ਼ ਵਿਚੋਂ ਸਿਆਸੀ ਲਾਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ | ਸਿਆਸੀ ਪਾਰਟੀਆਂ ਆਖਰ ਤੱਕ ਆਪਣੀ ਹੋਂਦ ਨੂੰ ਬਚਾਉਂਦੀਆਂ ਨਜਰ ਆਈਆਂ ਨੇ ਤੇ ਅੰਨਾਂ ਦੀ ਮੰਗ ਪ੍ਰਤੀ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਰਗਾ ਵਤੀਰਾ ਦਿੱਸਿਆ ਉਹਨਾਂ ਦਾ | ਇੱਕ ਹਉਮੈਂ ਦਾ ਪ੍ਰਗਟਾਵਾ ਕੀਤਾ ਗਿਆ ਕਿ ਇਹ "ਭੀੜ-ਤੰਤਰ" ਕੀ ਕਰ ਰਿਹਾ ਹੈ | ਭੀੜ ਤੰਤਰ ਦੀ ਪਰਜਾ ਤੰਤਰ ਵਿਚ ਕੋਈ ਥਾਂ ਨਹੀਂ | ਭੀੜ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਵਗੈਰਾ ਵਗੈਰਾ | ਲੋਕ ਰੋਹ ਨੂੰ ਭੀੜ ਤੰਤਰ ਦਾ ਨਾਮ ਦਿੱਤਾ ਗਿਆ ਜੋ ਸਿਆਸੀ ਪਾਰਟੀਆਂ ਤੇ ਲੀਡਰਾਂ ਦੀ ਸੌੜੀ ਸੋਚ ਨੂੰ ਸਾਡੇ ਸਾਹਮਣੇ ਰਖ ਗਿਆ ਹੈ | ਲਾਲੂ ਵਰਗੇ ਲੀਡਰ ਇੰਨੇ ਗੰਭੀਰ ਮੁੱਦੇ ਦਾ ਵੀ ਮਜਾਕ ਹੀ ਉੜਾਉਂਦੇ ਦਿੱਸੇ | ਸਾਡੇ ਨੇਤਾ ਅਜੇ ਵੀ ਕੀਤੇ ਕੀਤੇ ਨਾਂ ਕੀਤੇ ਇਹ ਮੰਨਨ ਲਈ ਤਿਆਰ ਨਹੀਂ ਕੀ ਭੜਕੀ ਭੀੜ ਨੂੰ ਜੇ ਕੋਈ ਚਿੰਗਾਰੀ ਵਿਖਾ ਦਿੰਦਾ ਤਾਂ ਕੀ ਹੁੰਦਾ ................... | ਇਹਨਾਂ ਨੂੰ ਸੰਭਲਨ ਦੀ ਤੇ ਆਪਨੇ ਹੋਸ਼ ਟਿਕਾਣੇ ਕਰ ਲੈਣ ਦੀ ਜਰੂਰਤ ਹੈ ਜਿਸਦੀ ਅਜੇ ਵੀ ਘਾਟ ਦਿਸ ਰਹੀ ਹੈ |

ਸਿਰਫ ਪੈਸਾ ਲੈ ਕੇ ਕੰਮ ਕਰਨੇ ਹੀ ਭ੍ਰਿਸ਼ਟਾਚਾਰ ਨਹੀਂ ਹੈ ਇਸ ਦੀਆਂ ਕਿੰਨੀਆਂ ਕਿਸਮਾਂ ਤੇ ਮਿਸਾਲਾ ਸਾਡੇ ਸਾਹਮਣੇ ਨੇ | ਆਪਨੇ ਰਿਸ਼ਤੇਦਾਰਾਂ, ਤੇ ਮਿੱਤਰ ਪਿਆਰਿਆਂ ਵਿਚ ਮਨ ਮਰਜ਼ੀ ਦੇ ਉਚ ਅਹੁਦਿਆਂ ਦੀ ਵੰਡ , ਕੁਨਬਾ-ਪਰਵਰੀ ਸਹੀ ਹੱਕ ਰਖਦੇ ਉਮੀਦ ਵਾਰ ਨੂੰ ਉਹਨਾਂ ਦਾ ਬੰਦਾ ਸਥਾਨ ਨਾਂ ਦੇਣਾ | ਵਧ ਕੰਮ ਲੈ ਕੇ ਘੱਟ ਤਨਖਾਹਾਂ ਦੇਣੀਆਂ ਇਹ ਸਭ ਕੁਝ ਇਸ ਭ੍ਰਿਸ਼ਟ ਤੰਤਰ ਨੇ ਸਾਨੂੰ ਦਿੱਤਾ ਹੈ ਤੇ ਇਸ ਸਭ ਕੁਝ ਦੀ ਸਮੀਖਿਆ ਵੀ ਕਰਨੀ ਹੋਵੇਗੀ |

Jatinder Lasara ( ਜਤਿੰਦਰ ਲਸਾੜਾ ) said...

ਲੋਕਾਂ ਦੀ ਜਿੱਤ ਹੋਈ ਹੈ ਜੋ ਖ਼ੁਸ਼ੀ ਦੀ ਗੱਲ ਹੈ... ਭਾਵੇਂ ਕਿ ਅੱਧੀ ਜਿੱਤ ਹੋਈ ਹੈ ਪਰ ਬਹੁਤ ਹੀ ਚੰਗੀ ਸ਼ੁਰੂਆਤ ਹੈ... ਹਾਂ, ਇਹ ਅੰਦੋਲਨ ਜਾਰੀ ਰਹਿਣਾ ਚਾਹੀਦਾ ਹੈ, ਲੋਕਾਂ ਨੂੰ ਜ਼ਾਤਾਂ, ਧਰਮਾਂ, ਸਮਾਜਿਕ ਜਾਂ ਰਾਜਸੀ ਗੁੱਟਬੰਦੀਆਂ ਤੋਂ ਉੱਪਰ ਉੱਠ ਕੇ, ਬੇਰੁਜ਼ਗਾਰੀ, ਗਰੀਬੀ, ਅਖੰਡਤਾ ਅਤੇ ਭ੍ਰਿਸ਼ਟਾਚਾਰ ਆਦਿ ਸੰਜੀਦਾ ਮੁੱਦਿਆਂ 'ਤੇ ਹਮੇਸ਼ਾ ਹੀ ਇਕਜੁੱਟ ਹੋਣਾ ਚਾਹੀਦਾ ਹੈ... ਆਓ ਸਭ ਰਲ਼ਕੇ ਇਸ ਜਿੱਤ ਦੇ ਜ਼ਸ਼ਨ ਮਨਾਈਏ ਅਤੇ ਲੜਾਈ ਨੂੰ ਅੱਗੇ ਲੈ ਕੇ ਜਾਣ ਦਾ ਪ੍ਰਣ ਕਰੀਏ... ਕਥੂਰੀਆ ਸਾਹਿਬ, ਤੁਸੀਂ ਵਧਾਈ ਦੇ ਪਾਤਰ ਹੋ ਜੋ ਭਖ਼ਦੇ ਮਹੱਤਵਪੂਰਨ ਮਸਲਿਆਂ ਨੂੰ ਹਮੇਸ਼ਾ ਹੀ ਖ਼ੂਬਸੂਰਤੀ ਅਤੇ ਬਾਖ਼ੂਬੀ ਨਾਲ ਲੋਕਾਂ ਅੱਗੇ ਰਖਦੇ ਹੋ, ਵਧਾਈ ਦੇ ਹੱਕਦਾਰ ਹੋ... ਦਿਲੋਂ ਦੁਆਵਾਂ ਕਿ ਇਸੇ ਤਰ੍ਹਾਂ ਨਿੱਗਰ ਅਤੇ ਨਰੋਆ ਸਮਾਜ ਸਿਰਜਯ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੋ... ਜੱਜ ਸਾਹਿਬ ਨੇ ਵੀ ਬੜੇ ਹੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਹਨ...!!!