Friday, August 26, 2011

ਨਸ਼ਿਆਂ ਦੀ ਮਾਰ ਰੋਕਣ ਲਈ ਉਪਰਾਲੇ ਜਾਰੀ


ਨਹਿਰੂ ਯੁਵਕ ਕੇਂਦਰ ਅੰਮ੍ਰਿਤਸਰ ਨੇ ਕਰਾਇਆ ਵਿਸ਼ੇਸ਼ ਪ੍ਰੋਗਰਾਮ
ਅੰਮ੍ਰਿਤਸਰ, (ਗਜਿੰਦਰ ਸਿੰਘ):  ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਹੇ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਨ ਲਈ ਕਈ ਪ੍ਧ੍ਰਾਂ ਤੇ ਜਤਨ ਜਾਰੀ ਹਾਂ. ਇਹਨਾਂ ਉਪਰਾਲਿਆਂ ਨੂੰ ਕਰਨ ਕਰਾਉਣ ਵਿੱਚ ਸਹਾਇਕ ਸਾਬਿਤ ਹੋ ਰਹੀਆਂ ਸੰਸਥਾਵਾਂ ਨਹਿਰੂ ਯੁਵਾ ਕੇਂਦਰ ਵੀ ਮੂਹਰਲੀ ਕਤਾਰ ਵਿੱਚ ਹੈ. ਵੀਰਵਾਰ 25 ਅਗਸਤ ਨੂੰ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਵੇਰਕਾ ਦੇ ਪਿੰਡ ਟਹਿਲ ਸਿੰਘ ਨਗਰ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗੂਰਕ ਕਰਨ ਲਈ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਬਲਾਕ ਪੱਧਰੀ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਦੀ ਧਰਮਪਤਨੀ ਮੈਡਮ ਰਿਤੂ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ.
ਇਸ ਮੌਕੇ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਦਰੀਆਂ, ਚਾਦਰਾਂ, ਫੁਲਕਾਰੀਆਂ, ਚਰਖੇ, ਘੜੇ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ. ਇਸਦੇ ਨਾਲ ਹੀ ਬੈਨਰਾਂ, ਪੋਸਟਰਾਂ ਰਾਹੀਂ ਵੀ ਨਸ਼ਿਆਂ ਦੇ ਭਿਆਨਕ ਨਤੀਜਿਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ. 
         ਇਸ ਮੌਕੇ ਬੋਲਦਿਆਂ ਮੈਡਮ ਅਗਰਵਾਲ ਨੇ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਜੜੋਂ ਵੱਢਣ ਲਈ ਸਾਨੂੰ ਨੌਜਵਾਨਾਂ ਵਿੱਚ ਸਮਾਜ ਪ੍ਰਤੀ ਜਿੰਮੇਵਾਰੀ ਪੈਦਾ ਕਰਨੀ ਪਵੇਗੀ. ਉਹਨਾਂ ਇਸ ਗੱਲ 'ਤੇ ਜੋਰ ਦਿੱਤਾ ਕਿ ਮਾਪਿਆਂ ਨੂੰ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਵਿੱਚ ਸਰੀਰਿਕ ਵਿਕਾਸ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਵਿਕਸਿਤ ਕੀਤਾ ਜਾ ਸਕੇ. 
ਇਸ ਮੌਕੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਕੋਆਰਡੀਨੇਟਰ  ਟੀ:ਐਸ:ਰਾਜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਲੋਕਾਂ ਨੂੰ ਨਸ਼ਿਆਂ ਦੀ ਮਾੜੇ ਪ੍ਰਭਾਵਾਂ ਸਬੰਧੀ ਜਾਗੂਰਕ ਕਰਨ ਲਈ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ  ਬਲਾਕਾਂ ਵਿੱਚ ਹੁਣ ਤੱਕ 28  ਸੰਮੇਲਨ ਆਯੋਜਿਤ ਕੀਤੇ ਗਏ ਹਨ ਅਤੇ ਇਸ ਲਈ 10 ਵਲੰਟੀਅਰਾਂ ਅਤੇ ਇੱਕ ਜ਼ਿਲਾ ਪ੍ਰੋਜੈਕਟ ਅਫ਼ਸਰ ਦੀ ਟੀਮ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੀ ਇਸ ਬੁਰੀ ਬਿਮਾਰੀ ਬਾਰੇ ਜਾਗੂਰਕ ਕਰ ਰਹੀ ਹੈ ਅਤੇ  ਲੋਕਾਂ ਨੂੰ ਲੈਕਚਰਾਂ, ਰੈਲੀਆਂ, ਨਾਟਕਾਂ, ਸਹੁੰ ਚੁਕਾਉਣ ਦੀਆਂ ਰਸਮਾਂ ਅਤੇ ਸਕੂਲੀ ਪੱਧਰ ਦੇ ਮੁਕਾਬਲਿਆਂ ਵਰਗੀਆਂ ਸਰਗਰਮੀਆਂ ਰਾਂਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗੂਰਿਕ ਕੀਤਾ  ਜਾ ਰਿਹਾ ਹੈ.
ਉਨ੍ਹਾਂ ਕਿਹਾ ਕਿ ਅੱਜ ਬਲਾਕ ਵੇਰਕਾ ਦੇ ਪਿੰਡ ਸੰਤੂਨੰਗਲ ਵਿੱਚ ਵੀ ਇਕ ਇਸ ਤਰ੍ਹਾਂ ਦੇ ਸੰਮੇਲਨ ਦਾ ਆਯੋਜਨ ਕੀਤਾ ਗਿਆ ਅਤੇ 26 ਅਗਸਤ, 2011 ਨੂੰ ਵੀ ਅਟਾਰੀ ਬਲਾਕ ਦੇ ਪਿੰਡ ਵਰਪਾਲ ਅਤੇ ਰਈਆ ਬਲਾਕ ਦੇ ਪਿੰਡ ਫੇਰੂਮਾਨ ਵਿੱਚ ਵੀ ਲੋਕਾਂ ਨੂੰ ਨਸ਼ਿਆਂ ਦੀ ਮਾੜੇ ਪ੍ਰਭਾਵਾਂ ਸਬੰਧੀ ਜਾਗੂਰਿਕ ਕਰਨ ਲਈ ਬਲਾਕ ਪੱਧਰੀ ਸੰਮੇਲਨ ਕਰਵਾਏ ਜਾ ਰਹੇ ਹਨ.
ਉਨਾਂ ਦੱਸਿਆ ਕਿ ਇਸ 
ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਜ਼ਿਲ੍ਹੇ ਦੇ  ਪਿੰਡਾਂ ਵਿੱਚ ਜਾ ਕੇ ਸਰਵੇ ਫਾਰਮ ਭਰੇ ਜਾ ਰਹੇ ਹਨ ਤਾਂ ਜੋ ਪਿੰਡਾਂ ਵਿੱਚ ਨਸ਼ੇ ਦੀ ਆਦਤ 'ਤੇ ਲੱਗ ਚੁੱਕੇ ਲੋਕਾਂ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਕੇ ਉਹਨਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਯੋਗ ਉਪਰਾਲੇ ਕੀਤੇ ਜਾ ਸਕਣ.
ਇਸ ਮੌਕੇ 
ਖੇਤੀਬਾੜੀ ਅਫਸਰ ਦਿਲਬਾਗ ਸਿੰਘ,  ਪ੍ਰਿੰਸੀਪਲ ਰੀਟਾ ਗਿੱਲ ਹੇਰ ਸਕੂਲ, ਸਰਪੰਚ ਹਰਭਜਨ ਸਿੰਘ ਟਹਿਲ ਸਿੰਘ ਨਗਰ, ਸਰਬਜੀਤ ਕੌਰ, ਗੁਰਮੀਤ ਕੌਰ ਤੋਂ ਇਲਾਵਾ ਯੂਥ ਕਲੱਬਾਂ ਦੇ ਵਲੰਟੀਅਰ ਵੀ ਹਾਜਰ ਸਨ.

No comments: