Sunday, August 28, 2011

ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ//ਰਣਜੀਤ ਸਿੰਘ ਪ੍ਰੀਤ

29 ਅਗਸਤ ਖੇਡ ਦਿਵਸ ’ਤੇ ਵਿਸ਼ੇਸ਼ 
ਜਦੌ ਜਦੋਂ ਵੀ ਭਾਰਤੀ ਹਾਕੀ ਦੇ ਸੁਨਹਿਰੀ ਇਤਿਹਾਸ ਦੀ ਗੱਲ ਤੁਰੇਗੀ ,ਉਦੋਂ ਉਦੋਂ ਹੀ ਹਾਕੀ ਸਟਾਰ ਖਿਡਾਰੀ ਮੇਜਰ ਧਿਆਨ ਚੰਦ ਅਤੇ ਉਸਦੇ ਹਾਕੀ ਪ੍ਰੇਮੀ ਪਰਿਵਾਰ ਨੂੰ ਯਾਦ ਕੀਤਾ ਜਾਂਦਾ ਰਹੇਗਾ,ਇਸ ਮਹਾਂਨ ਹਾਕੀ ਖਿਡਾਰੀ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ (ਉੱਤਰ ਪ੍ਰਦੇਸ਼) ਵਿੱਚ ਆਰਮੀ ਮੈਨ ਅਤੇ ਹਾਕੀ ਖਿਡਾਰੀ ਸੁਮੇਸ਼ਵਰ ਦੱਤ ਸਿੰਘ ਰਾਜਪੂਤ ਦੇ ਘਰ ਹੋਇਆ,ਧਿਆਨ ਚੰਦ ਆਪਣੇ ਭਰਾਵਾਂ ਮੂਲ ਸਿੰਘ ਅਤੇ ਨਾਮੀ ਹਾਕੀ ਖਿਡਾਰੀ ਰੂਪ ਸਿੰਘ ਦੇ ਵੱਡੇ ਭਰਾਤਾ ਸਨ। ਆਰਮੀ ਦੀ ਨੌਕਰੀ ਸਦਕਾ ਆਪ ਦੇ ਪਿਤਾ ਜੀ ਇੱਕ ਥਾਂ ਨਹੀਂ ਸਨ ਰਹਿ ਸਕਦੇ,ਸਿੱਟੇ ਵਜੋਂ ਧਿਆਨ ਚੰਦ ਦੀ ਪਡ਼੍ਹਾਈ ਅੱਧ ਵਿਚਕਾਰ ਹੀ ਰਹਿ ਗਈ,ਫਿਰ ਇਹ ਪਰਿਵਾਰ ਛੋਟਾ ਜਿਹਾ ਘਰ ਝਾਂਸੀ ਵਿਖੇ ਬਣਾਕੇ ਰਹਿਣ ਲੱਗਿਆ;ਧਿਆਨ ਚੰਦ ਦਾ ਬਹੁਤਾ ਧਿਆਨ ਕੁਸ਼ਤੀਆ ਵੱਲ ਸੀ।ਹਾਕੀ ਬਾਰੇ ਬਹੁਤਾ ਨਹੀਂ ਸਨ ਜਾਣਦੇ।
               ਸਿਰਫ਼ ਛੋਟੀ ਜਿਹੀ ਉਮਰ ਵਿੱਚ ਹੀ 1922 ਨੂੰ ਉਹ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ,ਅਤੇ ਇਥੇ ਹੀ ਇੱਕ ਆਮ ਜਿਹੇ ਹਾਕੀ ਮੈਚ ਵਿੱਚ ਉਹ ਸੂਬੇਦਾਰ ਮੇਜਰ ਬਾਲੇ ਤਿਵਾਡ਼ੀ ਦੀਆਂ ਪਾਰਖ਼ੂ ਨਜ਼ਰਾਂ ਦਾ ਕੇਂਦਰ ਬਣ ਗਿਆ। ਫਿਰ ਉਹਨਾਂ ਨੇ ਧਿਆਂਨ ਚੰਦ ਨੂੰ ਹਾਕੀ ਦੇ ਸਾਰੇ ਗੁਰਮੰਤਰ ਸਿਖਾਏ,ਸਿੱਟੇ ਵਜੋਂ ਉਹ 1922 ਤੋਂ 1926 ਤੱਕ ਆਰਮੀ ਵੱਲੋਂ ਉਚ ਪਾਇ ਦੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦਾ ਰਿਹਾ। ਉਸਦੀ ਵਧੀਆ ਕਾਰਗੁਜ਼ਾਰੀ ਸਦਕਾ ਉਸਨੂੰ ਨਿਊਜ਼ੀਲੈਂਡ ਟੂਰ ਲਈ ਚੁਣਿਆਂ ਗਿਆ,ਜਿਥੇ ਭਾਰਤੀ ਟੀਮ ਨੇ 18 ਮੈਚ ਖੇਡੇ,2 ਬਰਾਬਰ ਰਹੇ,ਅਤੇ ਇੱਕ ਮੈਚ ਭਾਰਤੀ ਟੀਮ ਨੇ ਹਾਰਿਆ। ਵਾਪਸੀ ਉੱਤੇ ਉਸਨੂੰ ਰੈਂਕ ਵਧਾਕੇ ਲਾਸ ਨਾਇਕ ਬਣਾ ਦਿੱਤਾ ਗਿਆ।
            1928 ਦੀਆਂ ਐਮਸਟਰਡਮ ਉਲੰਪਿਕ ਲਈ ਟੀਮ ਦੀ ਚੋਣ ਵਾਸਤੇ 1925 ਵਿੱਚ ਚੋਟੀ ਦੀਆਂ 5 ਟੀਮਾਂ ਦਰਮਿਆਂਨ ਟੂਰਨਾਂਮੈਂਟ ਕਰਵਾਉਣਾ ਤੈਅ ਹੋਇਆ, ਧਿਆਨ ਚੰਦ ਨੇ ਆਰਮੀ ਤੋਂ ਪ੍ਰਵਾਨਗੀ ਲੈ ਕੇ ਯੁਨਾਈਟਿਡ ਪਰਵਿਨਸਿਸ ਵੱਲੋਂ ਹਿੱਸਾ ਲਿਆ ਅਤੇ ਇਸ ਟੂਰਨਾਂਮੈਂਟ ਦਾ ਪਹਿਲਾ ਮੈਚ ਪੰਜਾਬ ਨਾਲ 14 ਫਰਵਰੀ 1928 ਨੂੰ 3-3 ਨਾਲ ਬਰਾਬਰ ਖੇਡਿਆ ।ਪਰ  ਸੈਂਟਰ ਫਾਰਵਰਡ ਵਜੌ ਇਨਸਾਈਡ ਰਾਈਟ ਮਾਰਥਿਨਜ਼ ਨਾਲ ਵਧੀਆ ਤਾਲਮੇਲ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ, ਰਾਜਪੁਤਾਨਾ ਦੀ ਟੀਮ ਨੂੰ 3-1 ਨਾਲ ਮਾਤ ਦੇਣ ਵਿਚ ਸਫ਼ਲਤਾ ਹਾਸਲ ਕੀਤੀ। ਜਿਸ ਨਾਲ ਧਿਆਨ ਚੰਦ ਦਾ ਉਲੰਪਿਕ ਲਈ ਦਾਖ਼ਲਾ ਪੱਕਾ ਹੋਇਆ । ਉਲੰਪਿਕ ਦੀ ਤਿਆਰੀ ਦੇ ਮੱਦੇਨਜ਼ਰ 11 ਮੈਚ ਇੰਗਲੈਂਡ ਟੀਮ ਨਾਲ ਖੇਡੇ,ਅਤੇ ਸਾਰੇ ਹੀ ਜਿੱਤੇ।, 24 ਅਪ੍ਰੈਲ 1928 ਨੂੰ ਇਹ ਟੀਮ ਹਾਲੈਂਡ ਪਹੁੰਚੀ ,ਉਥੇ ਖੇਡੇ ਅਭਿਆਸੀ ਮੈਚ ਹਾਲੈਂਡ,ਜਰਮਨੀ,ਬੈਲਜੀਅਮ ਤੋਂ ਵੱਡੇ ਗੋਲ ਅੰਤਰ ਨਾਲ ਜਿੱਤੇ।
               ਉਲੰਪਿਕ ਵਿੱਚ ਭਾਰਤੀ ਟੀਮ ਨੇ ਪਹਿਲਾ ਮੈਚ 17 ਮਈ ਨੂੰ ਆਸਟਰੀਆ ਤੋਂ 6-0 ਨਾਲ ਜਿੱਤਿਆ 3 ਗੋਲ ਧਿਆਨ ਚੰਦ ਦੇ ਸਨ,ਮੇਜ਼ਬਾਨ ਹਾਲੈਂਡ ਨਾਲ ਫਾਈਨਲ ਸਮੈ ਕੁੱਝ ਹੋਰਨਾਂ ਖਿਡਾਰੀਆਂ ਵਾਂਗ ਧਿਆਨ ਚੰਦ ਵੀ ਬਿਮਾਰ ਸੀ,ਪਰ ਇਸ ਦੀ ਪ੍ਰਵਾਹ ਕਰੇ ਬਗੈਰ ਉਸਨੇ ਫਾਈਨਲ ਵਿੱਚ 3 ਵਿੱਚੋਂ 2 ਗੋਲ ਕਰਕੇ ਟੀਮ ਨੂੰ ਪਹਿਲਾ ਉਲੰਪਿਕ ਸੋਨ ਤਮਗਾ ਜਿਤਾਇਆ।ਇਸ ਨੇ 5 ਮੈਚਾਂ ਵਿੱਚ ਕੁੱਲ 14 ਗੋਲ ਦਾਗੇ। ਅਗਲੀਆਂ 1932 ਦੀਆਂ ਲਾਸ ਐਂਜਲਸ ਉਲੰਪਿਕ ਸਮੇਂ ਜਿੱਥੇ ਭਾਰਤੀ ਟੀਮ ਨੇ ਜਪਾਨ ਨੂੰ 11-1 ਨਾਲ ਹਰਾਇਆ ,ਉਥੇ 11 ਅਗਸਤ ਦੇ ਦਿਨ ਉਲੰਪਿਕ ਫਾਈਨਲ ਵਿੱਚ,ਰਿਕਾਰਡ ਉੱਚ ਗੋਲ ਅੰਤਰ 24-1 ਨਾਲ ਅਮਰੀਕਾ ਨੂੰ ਮਾਤ ਦਿੱਤੀ ,ਇਸ ਵਾਰੀ  ਦੋਹਾਂ ਭਰਾਵਾਂ ਰੂਪ ਸਿੰਘ ਅਤੇ ਧਿਆਨ ਚੰਦ ਨੇ ਭਾਰਤ ਵੱਲੋਂ ਕੀਤੇ ਕੁੱਲ 35 ਗੋਲਾਂ ਵਿੱਚੋਂ 25 ਗੋਲ ਕੀਤੇ । ਇਹਨਾਂ ਵਿੱਚ 12 ਗੋਲ ਧਿਆਨ ਚੰਦ ਦੇ ਸਨ। ਇਸ ਸੋਨ ਤਮਗੇ ਦੀ ਜੇਤੂ ਟੀਮ ਨੇ ਅਮਰੀਕਾ , ਇਗਲੈਂਡ,ਸਿਲੋਨ ਵਿਖੇ ਹਾਲੈਂਡ,ਜਰਮਨੀ ,ਚੈਕੋਸਲਵਾਕੀਆ,ਹੰਗਰੀ ਵਰਗੇ ਮੁਲਕਾਂ ਨਾਲ ਕੁੱਲ 37 ਮੈਚ ਖੇਡੇ,34 ਜਿੱਤੇ ਦੋ ਬਰਾਬਰ ਰਹੇ,ਅਤੇ ਇੱਕ ਪੂਰਾ ਨਾਂ ਖੇਡਿਆ ਜਾ ਸਕਿਆ,ਇਹਨਾਂ ਮੈਚਾਂ ਵਿੱਚ 338 ਗੋਲ ਭਾਰਤੀ ਟੀਮ ਨੇ ਕੀਤੇ ,ਜਿਨ੍ਹਾਂ ਵਿੱਚ ਧਿਆਨ ਚੰਦ ਦੇ 133 ਗੋਲ ਸਨ।
               1928 ਨੂੰ ਜੈਪਾਲ ਸਿੰਘ,ਅਤੇ 1932 ਨੂੰ ਲਾਲ ਸ਼ਾਹ ਬੁਖ਼ਾਰੀ ਦੀ ਕਪਤਾਨੀ ਅਧੀਨ ਖੇਡਣ ਵਾਲਾ ਧਿਆਂਨ ਚੰਦ 1936 ਬਰਲਿਨ ਉਲੰਪਿਕ ਸਮੇਂ ਭਾਰਤੀ ਟੀਮ ਦਾ ਕਪਤਾਨ ਬਣਿਆਂ,ਝਾਂਸੀ ਆਦਿ ਥਾਵਾਂ ਉੱਤੇ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਲਕਸਲਮੀਬਿਲਾਸ ਚੱਪ,ਅਤੇ ਬੀਘੌਟਨ ਕੱਪ ਮੁਕਾਬਲੇ ਵੀ ਜਿੱਤੇ।ਦਸੰਬਰ 1934 ਵਿੱਚ ਆਈ ਐਚ ਐਫ਼ਨੇ ਨਵ-ਵਰਸ਼ ਮੌਕੇ ਨਿਊਜ਼ੀਲੈਂਡ, ਆਸਟਰੇਲੀਆ,ਸਿਲੋਨ ਦਾ ਟੂਰ ਪ੍ਰੋਗਰਾਮ ਬਣਾ ਦਿੱਤਾ। ਧਿਆਨ ਚੰਦ ਨੂੰ ਕਪਤਾਨੀ ਸੌਂਪੀ ਗਈ,ਇਸ ਟੂਰ ਸਮੇਂ 48 ਮੈਚ ਖੇਡੇ ਗਏ,ਭਾਰਤ ਨੇ ਸਾਰੇ ਜਿੱਤੇ ਅਤੇ 584 ਗੋਲ ਕੀਤੇ,ਧਿਆਨ ਚੰਦ ਨੇ 43 ਮੈਚ ਖੇਡਦਿਆਂ 201 ਗੋਲ ਕੀਤੇ.।ਉਲੰਪਿਕ ਦਾ ਪਹਿਲਾ ਮੈਚ 5 ਅਗਸਤ ਨੂੰ ਭਾਰਤ ਨੇ ਹੰਗਰੀ ਨੂੰ 4-0 ਨਾਲ ਹਰਾਕੇ ਜਿਤਿਆ।,ਅਗਸਤ 14 ਨੂੰ ਮੀਂਹ ਕਾਰਣ ਫਾਈਨਲ ਨਾ ਹੋ ਸਕਿਆ ਜੋ ਅਗਲੇ ਦਿਨ ਮੇਜ਼ਬਾਨ ਜਰਮਨੀ ਨਾਲ ਹੋਇਆ । ਭਾਰਤੀ ਟੀਮ ਪਹਿਲਾਂ ਪੂਲ ਮੈਚ ਵਿੱਚ ਜਰਮਨੀ ਹੱਥੋਂ ਹਾਰ ਚੁੱਕੀ ਸੀ,ਪਰ ਫਾਈਨਲ 8-1 ਨਾਲ ਜਿੱਤ ਕੇ ਲਗਾਤਾਰ ਤੀਜਾ ਸੋਨ ਤਮਗਾ ਜਿਤਿਆ। ਇਸ ਫਾਈਨਲ ਤੱਕ ਧਿਆਨ ਚੰਦ ਨੇ 3 ਉਲੰਪਿਕ ਵਿੱਚ 12 ਮੈਚ ਖੇਡੇ ਅਤੇ 33 ਗੋਲ ਕਰਨ ਦਾ ਰਿਕਾਰੲਡ ਬਣਾਇਆ।ਇੱਥੇ ਹੀ ਉਹਨਾਂ ਦੇ ਨਾਂਅਨਾਲ ਸ਼ਬਦ ਹਾਕੀ ਦਾ ਜਾਦੂਗਰ ਜੁਡ਼ਿਆ ,ਅਤੇ ਜਰਮਨ ਸ਼ਾਸ਼ਕ ਦੀ ਵੱਡਾ ਰੁਤਬਾ ਦੇਣ ਵਾਲੀ, ਵੱਡੀ ਪੇਸ਼ਕਸ਼ ਠੁਕਰਾਈ।
            ਵਿਸ਼ਵ ਯੁੱਧ ਕਾਰਣ 1940 ਅਤੇ 1944 ਵਾਲੀਆਂ ਉਲੰਪਿਕ ਖੇਡਾਂ ਨਾਂ ਹੋ ਸਕੀਆਂ,ਇਸ ਦੌਰਾਨ ਵੀ ਉਹ ਹਾਕੀ ਨਾਲ ਜੁਡ਼ੇ ਰਹੇ 1945,1947 ਦੇ ਕੁੱਝ ਵਿਦੇਸ਼ੀ ਟੂਰ,ਅਤੇ ਭਾਰਤ ਵਿਚਲੇ ਹਾਕੀ ਮੁਕਾਬਲਿਆਂ ਵਿੱਚ ਉਹ ਖੇਡਦਾ ਰਿਹਾ, 6 ਦਸੰਬਰ 1947 ਨੂੰ ਧਿਆਂਨ ਚੰਦ ਦੀ ਕਪਤਾਨੀ ਵਾਲੀ ਟੀਮ ਮੋਮਬਾਸਾ ਜਾ ਪਹੁੰਚੀ,ਈਸਟ ਅਫ਼ਰੀਕਾ ਵਿੱਚ ਉਸਨੇ 28 ਦੇ 28 ਮੈਚ ਹੀ ਜਿੱਤੇ ,ਧਿਆਨ ਚੰਦ ਨੇ ਖੇਡੇ 22 ਮੈਚਾਂ ਵਿੱਚ 61 ਗੋਲ ਕੀਤੇ। ਟੂਰ ਵਾਪਸੀ ‘ਤੇ 1948 ਵਿੱਚ ਉਹਨਾਂ ਨੇ ਹਾਕੀ ਤੋਂ ਲਾਂਭੇ ਹੋਣ ਦਾ ਫੈਸਲਾ ਲਿਆ,ਆਖ਼ਰੀ ਮੈਚ ਰੈਸਟ ਆਫ਼ ਇੰਡੀਆ ਵੱਲੋਂ ਬੰਗਾਲ ਦੀ ਟੀਮ ਵਿਰੁੱਧ ਖੇਡਿਆ ,ਜੋ ਕਿ ਬਰਾਬਰ ਰਿਹਾ। ਬੰਗਾਲ ਹਾਕੀ ਸੰਸਥਾ ਨੇ ਪਬਲਿਕ ਫੰਕਸ਼ਨ ਕਰਕੇ ਸਤਿਕਾਰ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ।
.                             1933 ਵਿੱਚ ਬਣੇ ਨੈਸ਼ਨਲ ਸਟੇਡੀਅਮ ਵਿੱਚ 1951 ਨੂੰ ਪਹਿਲੀਆਂ ਏਸ਼ੀਆਈ ਖੇਡਾਂ ਹੋਈਆਂ । ਏਸੇ ਸਾਲ ਇਥੇ ਹੀ ਧਿਆਨ ਚੰਦ ਹਾਕੀ ਟੂਰਨਾਮੈਂਟ ,ਉਸਦੇ ਸਨੇਹੀਆਂ ਸਤਿੰਦਰ ਮਲਿਕ ਅਤੇ ਕਸ਼ਮੀਰਾ ਲਾਲ ਦੇ ਯਤਨਾਂ ਨਾਲ ਕਰਵਾਇਆ ਗਿਆ, ਧਿਆਨ ਚੰਦ ਦੀ ਸਾਰਿਆਂ ਨੇ ਖ਼ੂਬ ਪ੍ਰਸ਼ੰਸਾ ਕੀਤੀ., 2002 ਵਿੱਚ ਇਸ ਸਟੇਡੀਅਮ ਦਾ ਨਾਂਅ ਮੇਜਰ ਧਿਆਨ ਚੰਦ ਸਟੇਡੀਅਮ ਨਿਰਧਾਰਤ ਕੀਤਾ ਗਿਆ ਹੈ। 1956 ਵਿੱਚ ਮੇਜਰ ਰੈਂਕ ਦੇ ਸਨਮਾਨ ਨਾਲ ਉਹ ਆਰਮੀ ਵਿੱਚੋਂ ਸੇਵਾ ਮੁਕਤ ਹੋਏ। ਏਸੇ ਸਾਲ ਆਪ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਹਾਕੀ ਨਾਲ ਮੋਹ ਪਾਲਦਿਆਂ ਉਹਨਾਂ ਨੇ ਪਹਿਲਾਂ ਮਾਊਂਟ ਆਬੂ,ਦੇ ਕੋਚਿੰਗ ਕੈਂਪ ਸਮੇਂ ਅਤੇ ਫਿਰ ਚੀਫ਼ ਹਾਕੀ ਕੋਚ ਵਜੋਂ ਕੌਮੀ ਖੇਡ ਵਿਭਾਗ ਪਟਿਆਲਾ ਵਿਖੇ ਆਪਣੇ ਕਾਰਜ ਤਨਦੇਹੀ ਨਾਲ ਨਿਭਾਏ,ਉੱਚ ਪਾਇ ਦਾ ਹਾਕੀ ਖਿਡਾਰੀ ਆਪ ਦਾ ਲਡ਼ਕਾ ਅਸ਼ੋਕ ਕੁਮਾਰ 1975 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਹਾਕੀ ਟੀਮ ਦਾ ਮੈਂਬਰ ਸੀ.।
                    ਸਾਰਿਆਂ ਰੁਝੇਵਿਆਂ ਨੂੰ ਤਿਆਗਦਿਆਂ ਉਹ ਆਪਣੇ ਨਿਵਾਸ ਸਥਾਨ ਝਾਂਸੀ (ਉੱਤਰ ਪ੍ਰਦੇਸ਼) ਵਿੱਚ ਰਹਿਣ ਲੱਗੇ। ਫਿਰ ਸਿਹਤ ਖ਼ਰਾਬ ਹੋਣ ਉੱਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ,ਦਿੱਲੀ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ,ਪਰ ਉਹ ਉਥੇ ਹੀ 3 ਦਸੰਬਰ 1979 ਨੂੰ ਹਾਕੀ ਦੀ ਮਾਡ਼ੀ ਹਾਲਤ ਵੇਖਣ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਏ। ਆਪਣੀ ਜ਼ਿੰਦਗੀ ਵਿੱਚ 1000 ਤੋਂ ਵੱਧ ਗੋਲ ਕਰਨ ਵਾਲਾ ਇਹ ਹਾਕੀ ਖਿਡਾਰੀ ਮੌਤ ਰੂਪੀ ਗੋਲ ਕੀਪਰ ਨੂੰ ਡਾਜ਼ ਨਾ ਦੇ ਸਕਿਆ,ਝਾਂਸੀ ਹੀਰੋਜ਼ ਜ਼ਮੀਨ ਉੱਤੇ ਸਮੱਸਿਆਵਾਂ ਦਰਮਿਆਨ ਪ੍ਰਵਾਨਗੀ ਮਿਲਣ ਉਪਰੰਤ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ,ਪੰਜਾਬ ਰਜਮੈਂਟ ਨੇ ਸਲਾਮੀ ਦਿੱਤੀ। ਭਾਰਤ ਵਿੱਚ ਉਹਨਾਂ ਦੀ ਯਾਦ ਵਜੋਂ ਹਰ ਸਾਲ ਉਹਨਾਂ ਦੇ ਜਨਮ ਦਿਹਾਡ਼ੇ 29 ਅਗਸਤ ਨੂੰ ਕੌਮੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ,ਰਾਸ਼ਟਰਪਤੀ ਭਵਨ ਵਿੱਚ ਰਾਜੀਵ ਗਾਂਧੀ ਖੇਲ ਰਤਨ,ਅਰਜੁਨਾ ਐਵਾਰਡ,ਅਤੇ ਦਰੋਣਾਚਾਰੀਆ ਐਵਾਰਡ ਉੱਚ ਦਰਜੇ ਦੀਆਂ ਖੇਡ ਸ਼ਖਸ਼ੀਅਤਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ; ਇਸ ਵਾਰੀ ਸਾਬਕਾ ਭਾਰਤੀ ਹਾਕੀ ਕੋਚ ਰਾਜਿੰਦਰ ਸਿੰਘ (ਲਾਈਫ ਟਾਈਮ ਅਚੀਵਮੈਂਟ),ਵਿਨਕੇਟਸ਼ਵਰ ਰਾਓ (ਬਾਕਸਿੰਗ),ਦਵਿੰਦਰ ਕੁਮਾਰ ਰਾਠੌਰ (ਜਿਮਨਾਸਟਿਕ),ਰਾਮਪਾਲ (ਕੁਸ਼ਤੀਆਂ), ਕੁਨਤਾਲ ਰੌਏ (ਅਥਲੈਟਿਕਸ ,ਲਾਈਫ ਟਾਈਮ ਅਚੀਵਮੈਂਟ) ਨੂੰ ਦਰੋਣਾਚਾਰੀਆ ਅੇਵਾਰਡ ਦਿੱਤਾ ਜਾਣਾ ਤੈਅ ਹੋਇਆ ਹੈ, ਰਾਜੀਵ ਗਾਂਧੀ ਖੇਲ ਰਤਨ ਸਨਮਾਨ ਗਗਨ ਨਾਰੰਗ (ਸ਼ੂਟਿੰਗ) ਨੂੰ ਮਿਲੇਗਾ। ਧਿਆਨ ਚੰਦ ਐਵਾਰਡ ;ਸ਼ਬੀਰ ਅਲੀ (ਫੁਟਬਾਲ),ਸ਼ਸੀ ਕੋਹਲੀ (ਤੈਰਾਕੀ),ਰਾਜ ਕੁਮਾਰ (ਰੈਸਲਿੰਗ) ਦੇ ਹਿੱਸੇ ਜਾਣਾ ਹੈ। ਜਦੋਂ ਕਿ ਅਰਜੁਨਾ ਐਵਾਰਡ ਜੇਤੂਆ ਦੀ ਸੂਚੀ ਵਿੱਚ ਰਾਹੁਲ ਬੈਨਰ ਜੀ(ਤੀਰ ਅੰਦਾਜ਼ੀ),ਪ੍ਰੀਜਾ ਸਰੀਧਰਨ (ਅਥਲੈਟਿਕਸ),ਵਿਕਾਸ ਗੋਵਦਾ ((ਅਥਲੈਟਿਕਸ),ਜਵਾਲਾ ਗੁਪਤਾ (ਬੈਡਮਿੰਟਨ), ਸਰਾਂਜੌਏਸਿੰਘ (ਬੌਕਸਿੰਗ), ਜ਼ਹੀਰ ਖ਼ਾਨ (ਕ੍ਰਿਕਟ),ਸੁਨੀਲ ਛੇਤਰੀ (ਫੁਟਬਾਲ),ਅਸ਼ੀਸ਼ ਕੁਮਾਰ (ਜਿਮਨਾਸਟਿਕ),ਰਾਜਪਾਲ ਸਿੰਘ (ਹਾਕੀ),ਰਾਕੇਸ਼ ਕੁਮਾਰ (ਕਬੱਡੀ),ਤੇਜਸਵਨੀ ਬਲ ( ਮਹਿਲਾ ਕਬੱਡੀ), ਤੇਜਸਵਨੀ ਰਵਿੰਦਰਾ ਸਾਵੰਤ (ਸ਼ੂਟਿੰਗ),ਵੀਰਧਵਲ ਵਿਕਰਮ ਖਾਡੇ ( ਤੈਰਾਕੀ),ਸੋਮਦੇਵ ਕਿਸ਼ੋਰ ਦੀਵਾਰਮੈਨ (ਟੇਨਿਸ),ਸੰਜੇ ਕੁਮਾਰ (ਵਾਲੀਬਾਲ),ਰਵਿੰਦਰ ਸਿੰਘ (ਕੁਸ਼ਤੀਆਂ),ਨੈਬ ਐਸ ਕਾਟੁਲੂ ਰਵੀ ਕੁਮਾਰ (ਭਾਰਤੋਲਣ),ਵਾਨਗਖਿਮ ਸੰਧਯਰਾਨੀ ਦੇਵ (ਵੁਸ਼ੂ),ਪਰਾਸਨਥਾ ਕਰਮੱਕਰ (ਤੈਰਾਕੀ-ਪੈਰਾਲੰਪਿਕਸ) ਦੇ ਨਾਂਅ ਸ਼ਾਮਲ ਹਨ। 
 
ਰਣਜੀਤ ਸਿੰਘ ਪ੍ਰੀਤ,
ਡਾਕ ਪਤਾ: ਭਗਤਾ-1510206(ਬਠਿੰਡਾ)
ਮੋਬਾਈਲ  ਸੰਪਰਕ::98157-07232        

No comments: