Saturday, August 27, 2011

ਅੰਮ੍ਰਿਤਸਰ ਵਿਖੇ ਬੇਘਰ ਲੋਕਾਂ ਲਈ ਇਕ ਰੈਣ ਬਸੇਰਾ

ਅੰਮ੍ਰਿਤਸਰ - (ਗਜਿੰਦਰ ਸਿੰਘ)  ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਵੱਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਇੱਕ ਉਪਰਾਲਾ ਕੀਤਾ ਗਿਆ ਸੀ ਬੇਘਰ ਲੋਕਾਂ ਨੂੰ ਘਰ ਮੁਹਈਆ  ਕਰਨ ਲਈ. ਅੰਮ੍ਰਿਤਸਰ ਵਿਖੇ ਕਰਮ ਸਿੰਘ ਵਾਰਡ (ਪੁਰਾਣਾ ਹੱਡੀਆਂ ਦਾ ਹਸਪਤਾਲ) ਵਿਖੇ 12 ਫਰਵਰੀ, 2010 ਤੋਂ ਬੇਘਰ ਲੋਕਾਂ ਲਈ ਇਕ ਰੈਣ ਬਸੇਰਾ ਆਰੰਭ ਕੀਤਾ ਗਿਆ ਸੀ ਜੋ ਕਿ ਆਪਣੇ ਮਕ਼ਸਦ ਵਿੱਚ ਕਾਮਯਾਬ ਹੋ ਰਿਹਾ ਹੈ. ਇਸ ਸੈਲਟਰ ਹੋਮ ਵਿੱਚ ਹੁਣ ਤੱਕ 1501 ਦੇ ਕਰੀਬ ਬੇਘਰੇ ਵਿਅਕਤੀਆਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ. ਇਹਨਾਂ ਵਿਅਕਤੀਆਂ ਦੇ ਰਹਿਣ ਸਹਿਣ, ਨਹਾਉਣ ਧੋਣ, ਖਾਣ ਪੀਣ ਅਤੇ ਬਿਮਾਰਾਂ ਨੂੰ ਲੋੜ ਅਨੁਸਾਰ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ.  ਉਪਰੋਕਤ ਵਿਅਕਤੀਆਂ ਵਿੱਚੋਂ ਹੁਣ ਤੱਕ 720 ਵਿਅਕਤੀਆਂ ਦਾ ਪੁਨਰਵਾਸ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਇਹ ਵਿਅਕਤੀ ਖੁਦ ਆਪਣੀ ਰੋਜੀ ਰੋਟੀ ਕਮਾ ਰਹੇ ਹਨ. ਬਾਹਰਲੇ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਰੇਲ ਗੱਡੀ ਰਾਹੀਂ ਉਨ੍ਹਾਂ ਦੇ ਰਾਜਾਂ ਨੂੰ ਭੇਜਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ. ਇਸ ਉਦਮ ਨਾਲ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿੱਚ  ਮੰਗਤੇ ਅਤੇ  ਬਿਨਾਂ ਛੱਤ ਤੋਂ ਫੁੱਟ ਪਾਥਾਂ ਤੇ ਸੌਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ ਅਤੇ ਇਸ ਕੰਮ ਨੂੰ ਭਵਿੱਖ ਵਿੱਚ ਵੀ ਸੁਚੱਜੇ ਢੰਗ ਨਾਲ ਚਲਾਉਣ ਹਿੱਤ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਯਤਨਸ਼ੀਲ ਹਨ.
                  ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਮਿਸ਼ਨ ਲਈ ਹਰੇਕ ਪੰਦਰਾਂ ਦਿਨ ਬਾਅਦ ਪ੍ਰਸਾਸ਼ਨ ਦੀ ਟੀਮ ਵੱਲੋਂ ਦੇਰ ਰਾਤ ਵੇਲੇ ਸ਼ਹਿਰ ਦਾ ਉਚੇਚਾ ਦੌਰਾ ਕੀਤਾ ਜਾਂਦਾ ਹੈ ਅਤੇ ਫੁੱਟਪਾਥਾਂ ਅਤੇ ਹੋਰ ਪਬਲਿਕ ਥਾਵਾਂ ਤੇ ਸੌ ਰਹੇ ਵਿਅਕਤੀਆਂ ਨੂੰ ਰੈਣ ਬਸੇਰਾ ਵਿਖੇ ਲਿਆ ਕੇ ਆਸਰਾ ਦਿੱਤਾ ਜਾਂਦਾ ਹੈ. ਇਥੇ ਰੋਟੀ ਪਾਣੀ ਤੋਂ ਇਲਾਵਾ ਡਾਕਟਰੀ ਸਹਾਇਤਾ ਵੀ ਮੁਫ਼ਤ ਦਿੱਤੀ ਜਾਂਦੀ ਹੈ.  25 ਅਗਸਤ, 2011 ਦੀ ਰਾਤ ਨੂੰ ਪ੍ਰਸਾਸ਼ਨ ਦੀ ਟੀਮ ਵੱਲੋਂ 44 ਵਿਅਕਤੀ  ਜੋ ਕਿ ਪਬਲਿਕ ਥਾਵਾਂ ਤੇ ਖੁੱਲੇ ਵਿੱਚ ਸੁੱਤੇ ਪਏ ਸਨ ਨੂੰ ਰੈਣ ਬਸੇਰਾ ਵਿਖੇ ਲਿਆਂਦਾ ਗਿਆ ਹੈ ਅਤੇ ਇਸ  ਵੇਲੇ ਸ਼ਰਨਾਰਥੀਆਂ ਦੀ ਗਿਣਤੀ  65 ਹੈ.
              ਇਸ ਮੌਕੇ ਤੇ   ਸਹਾਇਕ ਖੁਰਾਕ ਅਤੇ ਸਪਲਾਈ ਕੰਟਰੋਲਰ 
ਸੁਭਾਸ਼ ਕੁਮਾਰ ਅਤੇ,ਸੈਕਟਰੀ ਰੈਡ ਕਰਾਸ ਡਾ:ਕਵਲਜੀਤ ਸਿੰਘ ਭੱਲਾ ਆਦਿ ਹਾਜਰ ਸਨ.-- 

No comments: