Sunday, August 21, 2011

ਇਸ ਵਾਰ ਵੀ ਯਾਦ ਕੀਤਾ ਗਿਆ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ

ਅਜੀਬ ਇਤਫ਼ਾਕ਼ ਹੈ ਕਿ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਉਹਨਾਂ ਨਾਲ ਪੰਜਾਬ ਸਮਝੌਤਾ ਕਰਨ ਵਾਲੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਵੀਹ ਅਗਸਤ ਵਾਲੇ ਦਿਨ ਰਾਜਨੀਤੀ ਨਾਲ ਜੁੜੇ ਲੋਕ ਬਰਾਬਰ ਯਾਦ ਕਰਦੇ ਹਨ. ਕਾਂਗਰਸ ਪਾਰਟੀ ਦੇ ਕਾਰਕੁੰਨਾ ਅਤੇ ਲੀਡਰਾਂ  ਵੱਲੋਂ ਇਸ ਦਿਨ ਹਰ ਸਾਲ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਉਣ ਲਈ ਕਈ ਤਰਾਂ ਦੇ ਆਯੋਜਨ ਕੀਤੇ ਜਾਂਦੇ ਹਨ ਤੇ ਸੰਤ ਲੋਂਗੋਵਾਲ ਦੀ ਯਾਦ ਵਿੱਚ ਅਕਾਲੀਆਂ ਵੱਲੋਂ ਜ਼ਿਲਾ ਸੰਗਰੂਰ ਵਿੱਚ ਇੱਕਠ ਕੀਤਾ ਜਾਂਦਾ ਹੈ ਅਤੇ ਬਰਸੀ ਮਨਾਈ ਜਾਂਦੀ ਹੈ.ਸੰਤ ਲੋਂਗੋਵਾਲ ਨੂੰ ਯਾਦ ਕਰਨ ਵਾਲਿਆਂ ਵਿੱਚ ਅਕਸਰ ਓਹ ਲੋਕ ਵੀ ਹੁੰਦੇ ਹਨ ਜਿਹਨਾਂ ਨੇ ਬਲਿਊ ਸਟਾਰ ਆਪਰੇਸ਼ਨ ਮਗਰੋਂ ਬਣੇ ਬੇਹੱਦ ਨਾਜ਼ੁਕ ਹਾਲਾਤਾਂ ਵਿੱਚ ਕੀਤੇ ਗਏ ਪੰਜਾਬ ਸਮਝੌਤੇ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਇਸ ਸਮਝੌਤੇ ਨੂੰ ਪੰਜਾਬ ਅਤੇ ਪੰਥ ਨਾਲ ਗੱਦਾਰੀ ਤਕ ਆਖਿਆ ਸੀ ਤੇ ਸੁਰਜੀਤ ਸਿੰਘ ਬਰਨਾਲਾ ਵਰਗੇ ਜਿਹੜੇ ਆਗੂ ਉਸ ਵੇਲੇ ਸੰਤ ਲੋਂਗੋਵਾਲ ਦੇ ਨਾਲ ਮੌਜੂਦ ਰਹੇ ਓਹ ਹੁਣ ਕਈ ਵਾਰ ਇਹਨਾਂ ਬਰਸੀ ਆਯੋਜਨਾਂ  ਵਿੱਚ ਨਜ਼ਰ ਨਹੀਂ ਆਉਂਦੇ.  ਰਾਜਨੀਤੀ ਦੀ ਇਸ ਦੁਨੀਆ ਵਿੱਚ ਅਜਿਹੇ "ਕ੍ਰਿਸ਼ਮੇ" ਅਕਸਰ ਵਾਪਰਦੇ ਹਨ ਜਦੋਂ  ਭਰਾ ਹੀ ਭਰਾ ਵਿਰੁਧ ਜੰਗ ਦਾ ਐਲਾਨ ਕਰ ਦੇਂਦਾ ਹੈ ਅਤੇ ਦੂਜੇ ਪਾਸੇ ਦੁਸ਼ਮਣ ਸਾਰੇ ਵਿਰੋਧਾਂ ਨੂੰ ਭੁੱਲ ਕੇ ਆਪਣੇ ਦੁਸ਼ਮਣ ਨੂੰ ਹੀ ਭਰਾ ਵਾਂਗ ਗਲੇ ਲਗਾ ਲੈਂਦਾ ਹੈ. ਰਾਜ ਕਿਵੇਂ ਕਰਨਾ ਹੈ ਅਤੇ ਕਿਵੇਂ ਕਾਇਮ ਰਖਣਾ ਹੈ...ਇਹ ਇੱਕੋ ਇੱਕ ਨੀਤੀ ਹੀ ਬਣ ਜਾਂਦੀ ਹੈ ਰਾਜਨੀਤੀ. ਇੰਡੀਅਨ ਐਕਸਪ੍ਰੈਸ ਸਮੂਹ ਦੇ ਰੋਜ਼ਾਨਾ ਹਿੰਦੀ ਅਖਬਾਰ ਜਨਸੱਤਾ ਲਈ ਕੰਮ ਕਰਦਿਆਂ ਸੰਤ ਲੋਂਗੋਵਾਲ ਦੇ ਬਰਸੀ ਸਮਾਗਮਾਂ ਦੀ ਕਵਰੇਜ ਦਾ ਮੌਕਾ ਮੈਨੂੰ ਵੀ ਮਿਲਦਾ ਰਿਹਾ. ਸੰਗਰੂਰ ਜ਼ਿਲੇ ਵਿੱਚ ਕੰਮ ਕਰਦਿਆਂ ਜਿਹਨਾਂ ਲੋਕਾਂ ਨੇ ਮੈਨੂੰ ਘਰ ਪਰਿਵਾਰ ਵਾਂਗ ਪਿਆਰ ਸਤਿਕਾਰ ਦਿੱਤਾ ਉਹਨਾਂ ਵਿੱਚ ਮਹਿੰਦਰ ਕੌਰ ਮੰਨੂੰ ਦਾ ਪਰਿਵਾਰ ਵੀ ਸ਼ਾਮਿਲ ਹੈ. ਅੱਜ ਮਹਿੰਦਰ ਕੌਰ ਮੰਨੂੰ ਦੀ ਰਿਪੋਰਟ ਦੇਖ ਕੇ ਓਹ ਸਾਰੇ ਦਿਨ ਇੱਕ ਵਾਰ ਫੇਰ ਅੱਖਾਂ ਅੱਗੋਂ ਘੁੰਮ ਗਏ. ਮਹਿੰਦਰ ਕੌਰ ਮੈਨੂੰ ਦੀ ਨਿਰਪੱਖ ਅੜੇ ਸੰਤੁਲਿਤ ਰਿਪੋਰਟਿੰਗ ਵਾਲੀ ਖੂਬੀ ਅੱਜ ਵੀ ਬਰਕਰਾਰ ਹੈ. ਅੱਜ ਦੀ ਪੋਸਟ ਵਿੱਚ ਉਹੀ ਰੀਪੋਰਟ ਦਿੱਤੀ ਜਾ ਰਹੀ ਹੈ ਜਿਸਨੂੰ ਪੰਜਾਬੀ ਟ੍ਰਿਬਿਊਨ ਨੇ  ਬਣਦੀ ਅਹਿਮੀਅਤ ਨਾਲ ਪ੍ਰਕਾਸ਼ਿਤ ਕੀਤਾ ਹੈ.--ਰੈਕਟਰ ਕਥੂਰੀਆ    
* ਕਾਂਗਰਸ ਦੀ ਨੁਕਤਾਚੀਨੀ
* ਚੋਣ ਘੋਸ਼ਣਾ ਪੱਤਰ ਜਾਰੀ
ਮਹਿੰਦਰ ਕੌਰ ਮੰਨੂ/ਰਛਪਾਲ ਸਿੰਘ ਸੱਪਲ
ਲੌਂਗੋਵਾਲ (ਸੰਗਰੂਰ), 20 ਅਗਸਤ
ਕਸਬਾ ਲੌਂਗੋਵਾਲ ਦੀ ਅਨਾਜ ਮੰਡੀ ਵਿਖੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ 26ਵਾਂ ਬਰਸੀ ਸਮਾਗਮ ਹੁਕਮਰਾਨ ਸ਼ੋ੍ਰਮਣੀ ਅਕਾਲੀ ਦਲ ਲਈ ਇੱਕ ਵੱਡੀ ਚੋਣ ਰੈਲੀ ਹੋ ਨਿੱਬਡ਼ਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਲਗਭਗ ਹਰ ਬੁਲਾਰੇ ਨੇ ਆਪਣੇ ਭਾਸ਼ਣ ਦਾ ਅੱਧਾ ਹਿੱਸਾ ਸ਼ੋ੍ਰਮਣੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸੰਗਤਾਂ ਨੂੰ ਅਪੀਲ ਕਰਨ ‘ਤੇ ਹੀ ਲਾ ਦਿੱਤਾ। ਅਕਾਲੀ ਦਲ (ਬ)  ਵੱਲੋਂ ਇਸ ਸਮਾਗਮ ਦੌਰਾਨ 18 ਸਤੰਬਰ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ‘ਪੰਥਕ ਏਜੰਡਾ’ (ਚੋਣ ਘੋਸ਼ਣਾ ਪੱਤਰ) ਵੀ ਜਾਰੀ ਕੀਤਾ ਗਿਆ।
ਜਿੱਥੇ ਬੁਲਾਰਿਆਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ, ਉਥੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕਰਕੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਮਹਿੰਗਾਈ ਦੇ ਮੁੱਦੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ। ਬੁਲਾਰਿਆਂ ਨੇ ਸ਼ੋ੍ਰਮਣੀ ਕਮੇਟੀ ਚੋਣਾਂ ਦੇ ਨਾਲ ਨਾਲ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ। ਅੰਨਾ ਹਜ਼ਾਰੇ ਵੱਲੋਂ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਹਰ ਬੁਲਾਰੇ ਨੇ ਡਟਵੀਂ ਹਮਾਇਤ ਕੀਤੀ।  ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਸਵਰਗੀ ਰਾਜੀਵ ਗਾਂਧੀ ਨਾਲ ਕੀਤੇ ਗਏ ਸਮਝੌਤੇ ਨੂੰ ਲਾਗੂ ਕਰਨ ਪੱਖੋਂ ਕਾਂਗਰਸ ਵੱਲੋਂ ਕੀਤੀ ਧੋਖੇਬਾਜ਼ੀ ਦੀ ਚਰਚਾ ਤਾਂ ਕੀਤੀ ਗਈ,  ਪ੍ਰੰਤੂ ਇਸ ਨੂੰ ਪਿਛਲੇ ਸਮਿਆਂ ਵਾਂਗ ਆਪਣੇ ਭਾਸ਼ਣਾਂ ਦਾ ਅਹਿਮ ਮੁੱਦਾ ਨਾ ਬਣਾਇਆ ਗਿਆ।  ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਇਨਸਾਨ ਨਹੀਂ ਬਲਕਿ ਇੱਕ ਸੰਸਥਾ ਸਨ। ਉਹ ਸਾਡੇ ਸਾਰਿਆਂ ਲਈ ਇੱਕ ਚਾਨਣ ਮੁਨਾਰਾ ਸਨ। ਉਨ੍ਹਾਂ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਸਿੱਖ ਪੰਥ ਲਈ ਦਿੱਤੀ ਸ਼ਹਾਦਤ ਨੂੰ ਸਿੱਖ ਪੰਥ ਤਾਂ ਕੀ,  ਸਮੁੱਚੀ ਦੁਨੀਆਂ ਵੀ ਨਹੀਂ ਭੁੱਲ ਸਕਦੀ। ਸ਼ਕਤੀ ਤੇ ਭਗਤੀ ਦੇ ਪ੍ਰਤੀਕ ਸੰਤ ਹਰਚੰਦ ਸਿੰਘ ਲੌਂਗੋਵਾਲ ਧਾਰਮਿਕ ਖੇਤਰ ਵਿੱਚ ਵੀ ਸਾਡੇ ਲਈ ਵੱਡੇ ਪ੍ਰੇਰਨਾ ਸਰੋਤ ਹਨ। ਜਦੋਂ ਦੇਸ਼ ਵਿੱਚ ਐਮਰਜੈਂਸੀ ਦੌਰਾਨ ਸਾਰੇ ਮਨੁੱਖੀ ਅਧਿਕਾਰ ਖੋਹੇ ਗਏ ਸਨ ਤਾਂ ਸੰਤ ਜੀ ਦੀ ਲੀਡਰਸ਼ਿਪ ਵਿੱਚ ਅਕਾਲੀ ਦਲ ਨੇ ਐਮਰਜੈਂਸੀ ਖ਼ਿਲਾਫ਼ ਮੋਰਚੇ ਦੀ ਅਗਵਾਈ ਕੀਤੀ ਅਤੇ ਧਰਮਯੁੱਧ ਮੋਰਚੇ ਵਿੱਚ ਸੰਤ ਜੀ ਨੇ ਵੱਡਾ ਯੋਗਦਾਨ ਪਾਇਆ। ਸ੍ਰੀ ਬਾਦਲ ਨੇ ਕਿਹਾ ਕਿ ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਦੇ ਦਸਤਖਤਾਂ ਵਾਲਾ ਸਮਝੌਤਾ ਕੇਵਲ ਇਸ ਕਰਕੇ ਲਾਗੂ ਨਹੀਂ ਹੋ ਸਕਿਆ ਕਿਉਂਕਿ ਕਾਂਗਰਸ ਸਰਕਾਰ ਇਸ ਸਮਝੌਤੇ ਤੋਂ ਮੁੱਕਰ ਗਈ ਸੀ।  ਉਨ੍ਹਾਂ ਕਾਂਗਰਸ ਨੂੰ ਧੋਖੇਬਾਜ਼ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਸਿਰਫ਼ ਸੰਤ ਲੌਂਗੋਵਾਲ ਨਾਲ ਹੀ ਧੋਖਾ ਨਹੀਂ ਕੀਤਾ ਸਗੋਂ ਦੇਸ਼ ਦੀ ਆਜ਼ਾਦੀ ਬਾਅਦ ਦੇਸ਼ਵਾਸੀਆਂ ਨਾਲ ਕੀਤੇ ਵਾਅਦੇ ਵੀ ਨਹੀਂ ਨਿਭਾਏ ਗਏ ।  ਹੁਣ ਇਹੋ ਕਾਂਗਰਸ ਪਾਰਟੀ ਪੰਥਕ ਮੋਰਚੇ ਰਾਹੀਂ ਸ਼੍ਰੋਮਣੀ ਕਮੇਟੀ ਵਿੱਚ ਵੀ ਘੁਸਪੈਠ ਕਰਨਾ ਚਾਹੁੰਦੀ ਹੈ।  ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਅਤੇ ਭਵਿੱਖ ਦੇ ਪ੍ਰੋਗਰਾਮਾਂ ਨੂੰ ਦਰਸਾਉਂਦਾ ‘ਪੰਥਕ ਏਜੰਡਾ’ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਗੁਰਧਾਮਾਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਛੁਡਾਉਣ ਲਈ ਖਾਲਸਾ ਪੰਥ ਨੂੰ ਬੇਮਿਸਾਲ ਕੁਰਬਾਨੀਆਂ ਕਰਨੀਆਂ ਪਈਆਂ। ਸ਼ੋ੍ਰਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ 1920 ਵਿੱਚ ਸ਼ੋ੍ਰਮਣੀ ਕਮੇਟੀ ਹੋਂਦ ਵਿੱਚ ਆਈ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਿੱਖ ਸੰਗਤਾਂ ਨੇ ਸਿੱਖਾਂ ਦੀ ਪਾਰਲੀਮੈਂਟ ਦੀ ਜ਼ਿੰਮੇਵਾਰੀ ਇਥੇ ਪਾਰਟੀ ਨ ੂੰਸੌਂਪੀ ਰੱਖੀ ਹੈ।  ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸ਼ੋ੍ਰਮਣੀ ਕਮੇਟੀ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਹੂੰਝਾ-ਫੇਰੂ ਜਿੱਤ ਪ੍ਰਾਪਤ ਕਰੇਗਾ।   ਭਾਜਪਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਸ਼ਾਇਰੀ ਨਾਲ ਆਪਣੇ ਭਾਸ਼ਨ ਦਾ ਆਰੰਭ ਕਰਦਿਆਂ  ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੇ ਵੱਲੋਂ ਅਤੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਵੱਲੋਂ ਸ਼ਰਧਾ ਸੁਮਨ ਭੇਟ ਕੀਤੇ। ਉਨ੍ਹਾਂ ਕਿਹਾ ਕਿ ਸੰਤ ਜੀ ਨੇ ਕੌਮ, ਦੇਸ਼ ਅਤੇ ਮਨੁੱਖੀ ਅਧਿਕਾਰਾਂ ਲਈ ਲਡ਼ਾਈ ਲਡ਼ੀ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਨੇ ਸੰਤਾਂ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਬਾਰੇ ਵਿਸਥਾਰ ਵਿੱਚ ਦੱਸਿਆ।  ਸ਼ੋ੍ਰਮਣੀ ਕਮੇਟੀ ਚੋਣ ਦਾ ਜ਼ਿਕਰ ਕਰਦਿਆਂ ਸ੍ਰੀ ਮੱਕਡ਼ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ‘ਤੇ ਹਮਲੇ ਵੇਲੇ ਸਿੱਖਾਂ ਦੀ ਇਸ ਪਾਰਲੀਮੈਂਟ ਨੂੰ ਵੀ ਢਾਹੁਣ ਦੇ ਯਤਨ ਕੀਤੇ ਗਏ ਸਨ।   ਅਕਾਲੀ ਦਲ (ਲੌਂਗੋਵਾਲ) ਅਤੇ ਪੰਥਕ ਮੋਰਚੇ ਵਿੱਚ ਸ਼ਾਮਲ ਪੰਥਕ ਧਡ਼ਿਆਂ ਦੀ ਆਲੋਚਨਾ ਕਰਦਿਆਂ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰੀ ਸੁਖਦੇਵ ਸਿੰਘ  ਢੀਂਡਸਾ ਨੇ ਕਿਹਾ ਕਿ ਇਹ ਸਾਰੇ ਕਾਂਗਰਸ ਦੇ ਏਜੰਟ ਹਨ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਚੰਦੂਮਾਜਰਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੋਤਾ ਸਿੰਘ,  ਗੋਬਿੰਦ ਸਿੰਘ ਕਾਂਝਲਾ,  ਰਣਜੀਤ ਸਿੰਘ ਬਾਲੀਆ,  ਪ੍ਰਕਾਸ਼ ਚੰਦ ਗਰਗ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ।  ਹੋਰਨਾਂ ਤੋਂ ਇਲਾਵਾ  ਪਾਵਰਕੌਮ ਦੇ ਮੈਂਬਰ ਗੁਰਬਚਨ ਸਿੰਘ ਬਚੀ, ਰਾਜਿੰਦਰ ਸਿੰਘ ਕਾਂਝਲਾ, ਯੂਥ ਅਕਾਲੀ ਆਗੂ ਅਮਨਦੀਪ ਸਿੰਘ ਚੈਰੀ,  ਰਾਮਪਾਲ ਸਿੰਘ ਬਹਿਣੀਵਾਲ, ਗਿਆਨੀ ਰਘਵੀਰ ਸਿੰਘ ਜਖੇਪਲ, ਯੂਥ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਭਾਜਪਾ ਆਗੂ ਜੋਗੀ ਰਾਮ ਸਾਹਨੀ, ਪ੍ਰੇਮ ਗੁਗਨਾਨੀ, ਸਾਬਕਾ ਮੰਤਰੀ ਸੁਰਿੰਦਰ ਸਿੰਘ ਧੂਰੀ, ਮਲਕੀਤ ਸਿੰਘ ਕੀਤੂ, ਬਲਵੀਰ ਸਿੰਘ ਘੁੰਨਸ ਅਤੇ ਯੂਥ ਅਕਾਲੀ ਆਗੂ ਚਮਨਦੀਪ ਸਿੰਘ ਮਿਲਖੀ ਵੀ ਸਮਾਗਮ ਵਿਚ ਹਾਜ਼ਰ ਸਨ।  ਪਹਿਲਾਂ ਸਵੇਰੇ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ 18 ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਸ਼ਬਦ ਕੀਰਤਨ ਕੀਤਾ ਗਿਆ।
ਸੁਰਜੀਤ ਸਿੰਘ ਬਰਨਾਲਾ ‘ਤੇ ਲੱਗਿਆ ਤਵਾ
ਪੰਥਕ ਮੋਰਚੇ ਦੀ ਆਲੋਚਨਾਤਮਕ ਵਿਆਖਿਆ ਕਰਦਿਆਂ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੋਰਚੇ ਵਿੱਚ ਸ਼ਾਮਲ ਵੱਖ ਵੱਖ ਧਡ਼ੇ ਸਿੱਧੇ ਅਸਿੱਧੇ ਤੌਰ ‘ਤੇ ਕਾਂਗਰਸ ਦੀ ਸਰਪ੍ਰਸਤੀ ਹੇਠ ਹਨ। ਉਨ੍ਹਾਂ ਨੇ ਰਵੀਇੰਦਰ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਦੱਸਿਆ ਅਤੇ ਪਰਮਜੀਤ ਸਿੰਘ ਸਰਨਾ ਨੂੰ ਕਾਂਗਰਸ ਦਾ ਪੱਕਾ ਏਜੰਟ ਗਰਦਾਨਿਆਂ। ਅਕਾਲੀ ਦਲ (ਲੌਂਗੋਵਾਲ) ‘ਤੇ ਵੀ ਤਿੱਖੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਸੁਰਜੀਤ ਸਿੰਘ ਬਰਨਾਲਾ ਕਾਂਗਰਸ ਦੀ ਮਿਹਰ ਨਾਲ ਹੀ ਗਵਰਨਰੀਆਂ ਵੀ ਮਾਣ ਰਹੇ ਹਨ ਅਤੇ ਪੰਜਾਬ ਵਿਚ ਆਪਣੀ ਪਾਰਟੀ ਵੀ ਚਲਾ ਰਹੇ ਹਨ। (
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੇ ਧੰਨਵਾਦ ਸਹਿਤ) 

No comments: