Tuesday, August 23, 2011

ਫੌਜ ਨੇ ‘ਨਿਹੱਥੇ’ ਆਦਮੀ ਨੂੰ ਗੋਲੀ ਮਾਰੀ : ਵੀਡੀਓ ਰਾਹੀਂ ਦਾਅਵਾ


ਫੌਜੀ ਜਵਾਨਾਂ ਵੱਲੋਂ ਇੱਕ ਨਿਹੱਥੇ ਵਿਅਕਤੀ ਨੂੰ ਗੋਲੀ ਮਾਰਨ ਦਾ ਮਾਮਲਾ ਵੀ ਮੀਡੀਆ ਵਿੱਚ ਉਭਰ ਕੇ ਸਾਹਮਣੇ ਆਇਆ ਹੈ. ਇਲੈਕਟ੍ਰਾਨਿਕ ਮੀਡੀਆ ਦੇ ਨਾਲ ਨਾਲ ਵੈਬ ਮੀਡੀਆ ਅਤੇ ਪ੍ਰਿੰਟ ਮੀਡਿਆ ਨੇ ਵੀ ਇਸ ਬਾਰੇ ਆਪੋ ਆਪਣੀਆਂ ਰਿਪੋਰਟਾਂ ਦਿੱਤੀਆਂ ਹਨ.ਅੱਤਵਾਦ ਅਤੇ ਦਹਿਸ਼ਤਗਰਦੀ ਵਿਰੁਧ ਚੱਲੇ ਸੰਘਰਸ਼ ਦੌਰਾਨ ਹਿੰਦ ਸਮਾਚਾਰ ਪੱਤਰ ਸਮੂਹ ਨੇ ਆਪਣੇ ਪਰਿਵਾਰ ਅਤੇ ਸਟਾਫ਼ ਦੇ ਕਈ ਮੈਂਬਰਾਂ ਦੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ. ਪੁਲਿਸ ਅਤੇ ਫੌਜੀ ਜਵਾਨਾਂ ਪ੍ਰਤੀ ਅਕਸਰ ਹਮਦਰਦੀ ਵਾਲੀ ਭਾਵਨਾ ਰਖਣ ਵਾਲੇ ਇਸ ਸਮੂਹ ਦੇ ਹਰਮਨ ਪਿਆਰੇ ਪੰਜਾਬੀ ਅਖਬਾਰ ਜਗ ਬਾਣੀ ਨੇ ਵੀ ਇਸ ਖਬਰ ਨੂੰ ਆਪਣੇ ਪਹਿਲੇ ਪੇਜ ਤੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ. ਏਥੇ ਅਸੀਂ ਇਹ ਰਿਪੋਰਟ ਜਗ ਬਾਣੀ ਦੇ ਧੰਨਵਾਦ ਸਹਿਤ ਉਵੇਂ ਦੀ ਉਵੇਂ ਹੀ ਦੇ ਰਹੇ ਹਾਂ. -ਰੈਕਟਰ ਕਥੂਰੀਆ
ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ 
ਸ਼੍ਰੀਨਗਰ, 22 ਅਗਸਤ (ਮੇ. ਟੁ.): ਕਸ਼ਮੀਰ ਵਾਦੀ ਵਿਚ ਪ੍ਰਾਪਤ ਇਕ ਵੀਡੀਓ ਵਿਚ ਦਿਖਾਈ ਦਿਤਾ ਹੈ ਕਿ ਇਕ ਮਕਾਨ ਦੇ ਮਲਬੇ ਹੇਠੋਂ  ਕੱਢ ਕੇ ਫੌਜੀ ਇਕ ਨਿਹਾਠ੍ਠੇ ਵਿਅਕਤੀ ਨੂੰ ਬਹੁਤ ਨੇਡ਼ਿਓਂ ਗੋਲੀ ਮਾਰ ਰਹੇ ਹਨ। ‘ਯੂ ਟਿਊਬ’ ਉਪਰ ਪੋਸਟ ਕੀਤੀ ਗਈ ਵੀਡੀਓ ਕਲਿਪ ਦਾ ਕੈਪਸ਼ਨ ਸੀ। ਇਕ ਸੀਨੀਅਰ  ਅਫਸਰ  ਦੀ  ਮੌਜੂਦਗੀ ਵਿਚ ਭਾਰਤੀ ਫੌਜੀ 8 ਜੁਲਾਈ 2011 ਨੂੰ ਪੁਲਵਾਮਾ ਜ਼ਿਲੇ ਵਿਚ ਇਕ ਨਿਹੱਥੇ ਆਦਮੀ ਨੂੰ ਬਹੁਤ ਨੇਡ਼ਿਓਂ ਗੋਲੀ ਮਾਰਦੇ ਹੋਏ। ਇਹ ਕਸ਼ਮੀਰ ਵਿਚ ਭਾਰਤੀ ਫੌਜੀਆਂ ਵਲੋਂ ਕੀਤੇ ਗਏ ਜੰਗੀ ਅਪਰਾਧਾਂ ਦਾ ਇਕ ਸਪੱਸ਼ਟ ਸਬੂਤ ਹੈ। ਇਕ ਨਿਹੱਥਾ ਆਦਮੀ ਤਬਾਹ ਹੋਏ ਮਕਾਨ ਦੇ ਮਲਬੇ ਹੇਠੋਂ ਦੁਖ ਨਾਲ ਚਿਲਾਉਂਦਾ  ਹੋਇਆ ਆਪਣਾ ਹੱਥ ਹਿਲਾ ਰਿਹਾ ਸਾਫ ਦਿਸਦਾ ਹੈ। ਇਸ ਰਿਹਾਇਸ਼ੀ ਮਕਾਨ ਨੂੰ ਭਾਰਤੀ ਫੌਜੀਆਂ ਨੇ ਮਾਰਟਰਾਂ ਅਤੇ ਰਾਕਟਾਂ ਦੇ ਹਮਲੇ ਨਾਲ ਢਹਿ-ਢੇਰੀ ਕਰ ਦਿਤਾ ਸੀ।” ਪੁਲਸ ਅਤੇ ਫੌਜ ਨੇ 8 ਜੁਲਾਈ 2011 ਨੂੰ ਕਿਹਾ ਸੀ ਕਿ ਦੱਖਣੀ ਕਸ਼ਮੀਰ ਦੇ ਹੰਜਾਨ ਪਿੰਡ ਵਿਚ 20 ਘੰਟੇ ਤਕ ਚੱਲੀ ਗੋਲੀਬਾਰੀ ਵਿਚ ਦੋ ਅੱਤਵਾਦੀ ਮਾਰੇ ਗਏ ਅਤੇ ਫੌਜ ਦਾ ਇਕ ਮੇਜਰ ਜ਼ਖਮੀ ਹੋ ਗਿਆ ਸੀ। ਇਸ ਪਿੱਛੋਂ ਪੱਤਰਕਾਰਾਂ ਨੂੰ ਗੋਲੀਬਾਰੀ ਦੌਰਾਨ ਇਲਾਕੇ ਵਿਚ ਜਾਣ ਦੀ ਆਗਿਆ ਦਿਤੀ ਗਈ ਸੀ। ਅੱਤਵਾਦੀਆਂ ਦੀ ਪਛਾਣ ਜੈਸ਼-ਏ-ਮੁਹੰਮਦ ਅੱਤਵਾਦੀ ਧਡ਼ੇ ਦੇ ਜਾਵੇਦ ਨੈਂਗੂਰ ਉਰਫ ਓਮੈਰ ਆਫ ਰੰਜਨ, ਰੰਗਪੁਰਾ ਅਤੇ ਡਵੀਜ਼ਨਲ ਕਮਾਂਡਰ ਅਹਿਸਾਨ ਭਾਈ ਵਜੋਂ ਕੀਤੀ ਗਈ ਸੀ। ਵੀਡੀਓ ਵਿਚ ਫੌਜੀਆਂ ਅਤੇ ਇਕ ਅਫਸਰ ਨੂੰ ਮਲਬੇ ਉਪਰ ਖਡ਼੍ਹੇ ਵਿਖਾਇਆ ਗਿਆ ਸੀ। ਜਦੋਂ ਉਨ੍ਹਾਂ ਮਲਬੇ ਹੇਠੋਂ ਇਕ ਵਿਅਕਤੀ ਦੀਆਂ ਚੀਕਾਂ ਸੁਣੀਆਂ ਤਾਂ ਉਨ੍ਹਾਂ ਮਲਬਾ ਹਟਾਉਣਾ ਸ਼ੁਰੂ ਕਰ ਦਿਤਾ। ਇਕ ਫੌਜੀ ਜ਼ਮੀਨ ਉਪਰ ਗੋਡਿਆਂ ‘ਤੇ ਝੁਕ ਕੇ ਹੱਥਾਂ ਨਾਲ ਕੁਝ ਮਲਬਾ ਹਟਾਉਂਦਾ ਹੈ। ਵਿਅਕਤੀ ਦਾ ਹਿੱਲ ਰਿਹਾ ਹੱਥ ਦੇਖ ਕੇ ਇਕ ਫੌਜੀ ਕਹਿੰਦਾ  ਹੈ, ”ਸਰ ਦਾਡ਼੍ਹੀ ਵਾਲਾ ਹੈ। ‘ਸਰ ਉਹ ਇਕ ਦਾਡ਼੍ਹੀ ਵਾਲਾ ਵਿਅਕਤੀ ਹੈ, ਫਿਰ ਆਵਾਜ਼ ਆਉਂਦੀ ਹੈ ‘ਕਾਰੋ ਕਾਰੋ’ (ਖੋਹਲੋ, ਖੋਹਲੋ) ਤਾਂ ਇਕ ਫੌਜੀ ਬਹੁਤ ਨੇਡ਼ਿਓਂ ਫਾਇਰਿੰਗ ਕਰ ਦਿੰਦਾ ਹੈ। ਫੌਜ ਨੇ ਇਸ ਵੀਡੀਓ ਦੀ ਪ੍ਰਮਾਣਿਕਤਾ ਨੂੰ ਚੁਨੌਤੀ ਨਹੀਂ ਦਿਤੀ ਅਤੇ ਦਾਅਵਾ ਕੀਤਾ ਹੈ ਕਿ ਉਹ ਵਿਅਕਤੀ ਇਕ ਪਾਕਿਸਤਾਨੀ ਅੱਤਵਾਦੀ ਅਹਿਸਾਨ ਭਾਈ ਸੀ।  ਫੌਜ ਦੇ ਬੁਲਾਰੇ ਲੈਫ. ਜਨਰਲ ਜੇ. ਐੱਸ. ਬਰਾਡ਼ ਨੇ ਕਿਹਾ, ”ਉਸ ਨੂੰ ਆਤਮ ਸਮਰਪਣ ਕਰਨ ਦਾ ਕਾਫੀ ਮੌਕਾ ਦਿਤਾ ਗਿਆ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ਖਾਸ ਵੀਡੀਓ ਵਿਚ ਜੇ ਤੁਸੀਂ ਗਹੁ ਨਾਲ ਦੇਖੋ ਤਾਂ ਉਸ ਦੇ ਹੱਥ ਵਿਚ ਇਕ ਗ੍ਰਨੇਡ ਫਡ਼ਿਆ ਹੁੰਦਾ ਹੈ ਅਤੇ ਵਧੇਰੇ ਨੁਕਸਾਨ ਤੋਂ ਬਚਣ ਲਈ ਕੀਤੀ ਗਈ ਜਵਾਬੀ ਕਾਰਵਾਈ ਵਿਚ ਉਹ ਮਾਰਿਆ ਗਿਆ। ਇਲਾਕੇ ਦੀ ਤਲਾਸ਼ੀ ਦੌਰਾਨ ਉਸ ਦੁਆਲਿਓਂ ਭਾਰੀ ਮਾਤਰਾ  ਵਿਚ ਹੋਰ ਧਮਾਕਾਖੇਜ਼ ਬਰਾਮਦ ਹੋਏ।”

No comments: