Saturday, August 20, 2011

ਸ਼੍ਰੋਮਣੀ ਕਮੇਟੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਏਜੰਡਾ ਜਾਰੀ

ਸ਼੍ਰੋਮਣੀ ਕਮੇਟੀ ਧਾਰਮਿਕ ਤੇ ਵਿਦਿਅਕ ਖੇਤਰ ਦੇ ਕੰਮਾਂ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਖਿਲਾਫ ਵਿੱਢ਼ੇਗੀ ਮੁਹਿੰਮ-ਮੁੱਖ ਮੰਤਰੀ ਬਾਦਲ
ਲੌਂਗੋਵਾਲ/ਚੰਡੀਗੜ, 20 ਅਗਸਤ :

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ 
ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸਮੂਹ ਖਾਲਸਾ ਪੰਥ ਨੂੰ ਪੁਰਜੋਰ ਅਪੀਲ ਕੀਤੀ ਕਿ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਬਣਾਈ ਰੱਖਣ, ਸਿੱਖ ਗੁਰਧਾਮਾਂ ਦੀ ਸੁਚੱਜੀ ਸੇਵਾ ਸੰਭਾਲ, ਸਿੱਖ ਵਿਦਿਅਕ ਤੇ ਹੋਰ ਅਦਾਰਿਆਂ ਨੂੰ ਵਿਸ਼ਵ ਪੱਧਰੀ ਬਣਾਉਣ ਅਤੇ ਪੰਥ ਦੋਖੀਆਂ ਨੂੰ ਕਰਾਰੀ ਹਾਰ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਸਾਂਝਂ ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਇਆ ਜਾਵੇ।
ਮਹਾਨ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 26ਵੀਂ ਬਰਸੀ ਮੌਕੇ  ਲੌਂਗੋਵਾਲ ਵਿੱਖ ਹੋÂ ਇੱਕ ਮਹਾਨ ਸ਼ਹੀਦੀ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ 
ਕਮੇਟੀ ਦੀ ਸ਼ਾਨਾਮੱਤਾ ਕਾਰਗੁਜ਼ਾਰੀ ਅਤੇ ਭਵਿੱਖ ਦੇ ਪ੍ਰੋਗਰਾਮਾਂ ਨੂੰ ਦਰਸਾਉੰਦਾ ਕਿਤਾਬਚਾ 'ਪੰਥਕ ਏਜੰਡਾ ਜਾਰੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਿੱਖ ਗੁਰਧਾਮਾਂ ਨੂੰ ਮਹੰਤਾਂ ਦੇ ਕਬਜ 'ਚੋਂ ਛੁਡਾਉਣ ਅਤੇ ਸੰਗਤੀ ਪ੍ਰਬੰਧ ਲਾਗੂ ਕਰਨ ਲਈ ਖਾਲਸਾ ਪੰਥ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਅਤੇ ਬਹੁਤ ਵੱਡੀਆਂ ਸ਼ਹਾਦਤਾਂ ਵੀ ਦੇਣੀਆਂ ਪਈਆਂ। ਉਹਨਾਂ ਕਿਹਾ ਕਿ  ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਜੈਤੋਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ,ਅਤੇ  ਚਾਬੀਆਂ ਦਾ ਮੋਰਚਾ ਅਜਿਹੇ ਇਤਿਹਾਸਕ ਸਾਕੇ ਹਨ ਜਿੰਨਾਂ ਵਿੱਚ ਸੈਂਕੜੇ ਸਿੰਘ ਸ਼ਹੀਦ ਗੋਏ, ਹਜਾਰਾਂ ਸਿੱਖ ਜੇਲ੍ਹਾਂ ਵਿੱਚ ਗਏ ਅਤੇ ਬੇਹਿਸਾਬ ਸਿੰਘਾਂ ਨੇ ਅੰਨਾ ਤਸ਼ੱਸ਼ਦ ਝੱਲਿਆ।  ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਮਾਣ ਹੈ ਕਿ ਸੰਨ 1920, ਜਦੋਂ ਇਹ ਕਮੇਟੀ ਹੋਂਦ ਵਿੱਚ ਆਈ ਸੀ, ਤੋਂ ਲੈ ਕੇ ਅੱਜ ਤੱਕ ਸੰਗਤ ਨੇ 'ਸਿੱਖਾਂ ਦੀ ਇਸ ਪਾਰਲੀਮੈਂਟ' ਦੀ ਜਿੰਮਵਾਰੀ ਇਸ ਪਾਰਟੀ ਨੂੰ ਦਿੱਤੀ ਹੈ।
 ਇਹ 
ਏਜੰਡਾ ਜਾਰੀ ਕਰਦਿਆਂ ਸ੍ਰ ਬਾਦਲ ਨੇ ਕਿਹਾ ਇਹ ਗੱਲ ਜੱਗ ਜਾਹਿਰ ਹੈ ਕਿ ਸ਼੍ਰੋਮਣੀ ਕਮੇਟੀ ਦੇ  ਹੋਂਦ ਵਿਚ ਆਉਣ ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਨੇ ਹਮੇਸ਼ਾਂ ਸਿੱਖ ਸੰਸਥਾਵਾਂ ਤੇ ਗੁਰਧਾਮਾਂ 'ਤੇ ਕਬਜ਼ਾ ਕਰਨ ਦੇ ਅਸਫਲ ਯਤਨ ਕੀਤੇ ਹਨ। 20 ਸਫਿਆਂ ਦੇ ਇਸ ਰੰਗਦਾਰ ਕਿਤਾਬਚੇ ਵਿੱਚ ਸ਼੍ਰੋਮਣੀ ਕਮੇਟੀ
 ਦੀਆਂ ਪਿਛਲੇ ਸੱਤ ਸਾਲ ਅਤੇ ਇਸ ਤੋਂ ਪਹਿਲਾਂ ਦੀਆਂ  ਮੁੱਖ ਪ੍ਰਾਪਤੀਆਂ ਦਾ ਵਿਸਥਾਰ ਵਿੱਚ ਜਿਕਰ ਕੀਤਾ ਗਿਆ ਹੈ। ਪੰਥਕ ਏਜੰਡੇ ਦੇ ਆਰੰਭ ਵਿੱਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੇ ਤਿੰਨ ਸਫਿਆਂ ਦੇ ਸੰਦੇਸ਼ ਵਿੱਚ ਜਿਥੇ ਇੱਕੀਵੀਂ ਸਦੀ ਵਿੱਚ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਵਿਸਥਾਰ ਵਿੱਚ ਜਿਕਰ ਕੀਤਾ ਗਿਆ ਉਥੇ ਮੁਗਲਾਂ, ਅੰਗ੍ਰੇਜ਼ ਸਾਮਰਾਜ ਅਤੇ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋ ਗੁਰਧਾਮਾਂ ਉਪਰ ਹਮਲਾ ਕਰਨ, ਪ੍ਰਬੰਧ ਨੂੰ ਆਪਣੇ ਕਬਜ਼ੇ ਵਿੱਚ ਲੈਣ ਆਦਿ ਇਤਿਹਾਸਕ ਘਟਨਾਵਾਂ ਦਾ ਵਿਸਥਾਰ ਵਿੱਚ ਵਰਨਣ ਕੀਤਾ ਗਿਆ ਹੈ। ਆਪਣੀ ਅਪੀਲ ਵਿੱਚ ਜਿਥੇ ਸ. ਸੁਖਬੀਰ ਸਿੰਘ ਬਾਦਲ ਨੇ ਨਸ਼ਿਆਂ ਵਿਰੁੱਧ ਅਵਾਜ ਉਠਾਉਣ ਤੇ ਜੋਰ ਦਿੱਤਾ, ਉਥੇ ਉਹਨਾਂ ਨੇ ਹਰ ਗੁਰਦੁਆਰੇ ਦੇ  ਨਾਲ ਇੱਕ ਚੰਗਾ ਸਕੂਲ, ਚੰਗਾ ਹਸਪਤਾਲ ਅਤੇ ਇੱਕ ਚੰਗਾ ਖੇਡ ਦਾ ਮੈਦਾਨ ਬਣਾਉਣ ਲਈ ਵੀ ਕਿਹਾ। ਉਹਨਾਂ ਨੇ ਭਰੂਣ ਹੱਤਿਆ ਰੋਕਣ ਅਤੇ ਵਾਤਾਵਰਨ ਨੂੰ ਸੰਭਾਲ ਕੇ ਰੱਖਣ ਦੀ ਅਹਿਮੀਅਤ ਦਾ ਵੀ ਵਿਸਥਾਰ ਵਿੱਚ ਜਿਕਰ ਕੀਤਾ।

ਕਿਤਾਬਚੇ ਦੇ ਹੋਰ ਵਿਸਥਾਰ ਵਿੱਚ ਜਾਂਦਿਆਂ ਸ. ਪਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਇਸ ਪੰਥਕ ਏਜੰਡੇ ਵਿਚ ਸੰਗਤਾਂ ਦੀ ਜਾਣਕਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ 110 ਵਿਦਿਅਕ ਅਦਾਰਿਆਂ ਦਾ ਤਸਵੀਰਾਂ ਸਹਿਤ ਪ੍ਰਮਾਣਕ ਵੇਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ 74745 ਬੱਚੇ ਇਹਨਾਂ ਸੰਸਥਾਵਾਂ ਵਿੱਚ ਵਿਦਿਆ ਹਾਸਲ ਕਰ ਰਹੇ ਹਨ ਜੋ ਕਿ ਸਮਾਜ ਦੀ ਬਹੁਤ ਵੱਡੀ ਸੇਵਾ ਹੈ। ਉਹਨਾਂ ਦੱਸਿਆ ਕਿ ਸਿੱਖ ਕੌਮ ਲਈ ਸਭ ਤੋਂ  ਸੁਭਾਗੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਹੈ ਜਿਸ ਲਈ ਸ਼੍ਰੋਮਣੀ ਕਮਟੀ ਵਧਾਈ ਦੀ ਪਾਤਰ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਾਰੇ ਮੈਡੀਕਲ ਕਾਲਜ, ਡੈਂਟਲ ਕਾਲਜ, ਇੰਜੀਨੀਅਰਿੰਗ ਕਾਲਜ, ਪੌਲੀਟੈਕਨਿਕ ਕਾਲਜ. ਨਰਸਿੰਗ ਕਾਲਜ ਅਤ ਇਸ ਤੋਂ ਇਲਾਵਾ 31 ਡਿਗਰੀ ਕਾਲਜਾਂ ਤੇ 71 ਸਕੂਲਾਂ ਅਤੇ  ਕਾਲਜੀਏਟ ਸਕੂਲਾਂ ਦਾ  ਤਸਵੀਰਾਂ ਸਹਿਤ ਪ੍ਰਮਾਣਕ ਬਿਓਰਾ ਇਸ ਕਿਤਾਬਚ ਵਿੱਚ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ  ਗੁਰਦੁਆਰਾ ਸਾਹਿਬਾਨ ਵਿਖ ਬਣਾਈਆਂ ਗਈਆਂ ਖੂਬਸੂਰਤ ਤੇ ਆਰਾਮਦੇਹ ਸਰਾਵਾਂ ਦਾ ਵੀ ਇਸ ਵਿਚ ਉਚੇਚਾ ਬਿਓਰਾ ਉਪਲਬਧ ਕਰਵਾਇਆ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ੁਰੂ ਕਰਕੇ ਕਮੇਟੀ ਨੇ ਸਿੱਖ ਕੌਮ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ।
ਸ੍ਰ ਬਾਦਲ ਨੇ ਅੱਗੇ ਦੱਸਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ 11 ਸਿੱਖ ਮਿਸ਼ਨਾਂ ਅਤੇ 13 ਗੁਰਮਤਿ ਵਿਦਿਆਲਿਆ ਸਮੇਤ 5 ਹੋਰ ਸਿੱਖ ਮਿਸ਼ਨਰੀ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਉਹਨਾਂ ਆਖਿਆ ਕਿ 
ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਇੰਟਰਨੈਟ ਤੇ ਹੋਰ ਆਧੁਨਿਕ ਤਕਨਾਲੋਜੀ ਦੀ ਵਰਤੋਂ ਸ਼ੁਰੂ ਕੀਤੇ ਜਾਣਾ ਵੀ ਚੰਗਾ ਉਦਮ ਹੈ। 

ਸ਼੍ਰੋਮਣੀ ਕਮੇਟੀ ਦੇ ਭਵਿੱਖ ਦੇ ਏਜੰਡੇ ਦੀ ਗੱਲ ਕਰਦਿਆਂ  ਸ੍ਰ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਵਿੱਖ ਵਿਚ ਵਿਦਿਅਕ ਲਹਿਰ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਭਰੂਣ ਹੱਤਿਆ, ਨਸ਼ਿਆਂ ਖਿਲਾਫ ਮੁਹਿੰਮ ਵਿੱਢਣ ਦੀਆਂ ਯੋਜਨਾਵਾਂ ਵੀ ਸਮਾਜ ਸੁਧਾਰ ਦੀ ਦਿਸ਼ਾ ਵਿਚ ਅਹਿਮ ਕਦਮ ਸਾਬਤ ਹੋਣਗੀਆਂ। ਉਹਨਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਂ 'ਤੇ ਇਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇੰਨ ਸਿੱਖਿਜ਼ਮ ਦੇ ਨਿਰਮਾਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਵਾਨਤ ਟੀਕਾ ਤਿਆਰ ਕਰਨ ਦੇ ਕਾਰਜਾਂ ਨਾਲ ਸਿੱਖ ਧਰਮ ਪਰਪੱਕਤਾ ਦੀ ਲਹਿਰ ਹੋਰ ਮਜ਼ਬੂਤ ਹੋਵਗੀ।  ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਮਾਰਕੀਟ, ਸ੍ਰੀ ਅੰਮ੍ਰਿਤਸਰ ਵਿਖੇ  100 ਕਰੋੜ ਦੀ ਲਾਗਤ ਨਾਲ ਸਿੱਖ ਇਤਿਹਾਸ ਨੂੰ  ਦਰਸਾਉਂਦਾ ਲਾਮਿਸਾਲ ਮਿਊਜ਼ੀਅਮ ਉਸਾਰਿਆ ਜਾਵੇਗਾ ਅਤੇ ਭਾਈ ਗੁਰਦਾਸ ਹਾਲ ਦੇ ਨੇੜੇ 25 ਕਰੋੜ ਰੁਪਏ ਦੀ ਲਾਗਤ ਨਾਲ ਸਾਰਾਗੜੀ ਦੀ ਸਰਾਂ ਦੀ ਉਸਾਰੀ ਕਰਨ ਦੇ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ।  ਸ੍ਰੀ ਹਰਿਮੰਦਿਰ ਸਾਹਿਬ ਵਿਖੇ ਲੰਗਰ ਦੀ ਇਮਾਰਤ ਦੇ ਨਵੀਨੀਕਰਨ ਦਾ ਜ਼ਿਕਰ ਕਰਦਿਆਂ ਸ੍ਰ ਬਾਦਲ ਨੇ ਦੱਸਿਆ ਕਿ ਇਸ ਕਾਰਜ 'ਤੇ 20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਖਾਲਸਈ ਖੇਡਾਂ ਦੇ ਸਫਲ ਆਯੋਜਨ ਦਾ ਜ਼ਿਕਰ ਕਰਦਿਆਂ ਸ੍ਰ ਬਾਦਲ ਨੇ ਆਖਿਆ ਕਿ ਖਾਲਸਈ ਖੇਡਾਂ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਵਿਲੱਖਣ ਦੇਣ ਹਨ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੋੜ ਕੇ ਇਹਨਾਂ ਖੇਡਾਂ ਦੀ ਸਿਖਲਾਈ ਹਾਸਲ ਕਰਨ ਲਈ ਪ੍ਰੇਰਨਾ ਸਮੇਂ ਦੀ ਮੁੱਖ ਲੋੜ ਹੈ।  

No comments: