Tuesday, August 09, 2011

ਲਾਲ ਸਿੰਘ ਦਸੂਹਾ ਦੀ ਨਵੀਂ ਪੰਜਾਬੀ ਕਹਾਣੀ " ਗ਼ਦਰ "


ਇਸ ਵਾਰ ਪੱਕਾ ਮਨ ਬਣਾ ਕੇ ਤੁਰਿਆ ਸੀ ਕਿ ਊਦ੍ਹੋ ਮਾਮੇ ਨੂੰ ਬਰ – ਜ਼ਰੂਰ ਮਿਲਣਾ । ਆਲਸ ਨਹੀਂ ਪਾਉਣੀ । ਤਿੰਨ ਵਾਰ ਪਹਿਲੋਂ ਕੀਤੀ ਗ਼ਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ । ਘਿਉ ਦਾ ਘੜਾ ਰੁੜ੍ਹ ਜਾਏ , ਐਧਰਲੀ ਓਧਰ ਹੋ ਜਾਏ ਜਾਂ ਹੇਠਲੀ ਉੱਤੇ । ਪਹਿਲੀ ਵਾਰ ਚਾਣਚੱਕ ਆਉਣਾ ਪਿਆ ਸੀ ਇੰਡੀਆ । ਪਿੰਡੋਂ ਆਏ ਤੇਜ਼ ਗਤੀ ਲਿਫਾਫੇ  ਤੇ ਨਾ ਭੇਜਣ ਵਾਲੇ ਦਾ ਨਾ ਸੀ , ਨਾ ਥਹੁ-ਪਤਾ । ਇਸ ਅੰਦਰੋਂ ਨਿਕਲਿਆ ਕਾਲਾ-ਹਾਸ਼ੀਆ ਕਾਰਡ ਹੋਰ ਵੀ ਵਿਸਫੋਕਟ । ਮੈਂ ਦੇਖਦਾ-ਪੜ੍ਹਦਾ ਜਿਵੇਂ ਸੁੰਨ ਹੋ ਗਿਆ ਸੀ  -  ਸਾਡੇ ਪੂਜਨੀਕ ਪਿਤਾ ਲੰਬੜਦਾਰ ਹਰਬੰਸ ਸਿੰਘ ਘੁੰਮਣ , ਸਾਬਕਾ ਸਰਪੰਚ ,ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਗੁਰਪੁਰੀ ਸਿਧਾਰ ਗਏ  । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ .... । ਅੱਗੇ ਨਾ ਮੈਥੋਂ ਭੋਗ ਦੀ ਮਿਤੀ ਪੜ੍ਹੀ ਗਈ , ਨਾ ਦਿਨ । ਮੇਰੀ ਨਿਗਾਹ ਸਿੱਧੀ ਦੁਖੀ ਹਿਰਦਿਆਂ ਵਲ੍ਹ ਨੂੰ ਤਿਲਕ ਗਈ । ਇਹ ਸਨ –ਗੁਲਬਾਗ਼ ਸਿੰਘ ਘੁੰਮਣ ( ਪੁੱਤਰ ), ਗਗਨਦੀਪ ਸਿੰਘ ਘੁੰਮਣ ( ਪੋਤਰਾ ) , ਕਿਰਨਦੀਪ ਸਿੰਘ ਘੁੰਮਣ ( ਪੋਤਰਾ ) ।
ਇਸ, ਹੇਠਲੇ ਇੰਦਰਾਜ ਨੇ ਮੈਨੂੰ ਸੁੰਨ ਵੀ ਕਰ ਦਿੱਤਾ ਸੀ ਤੇ ਬੇ-ਚੈਨ ਵੀ । ਬੇ-ਚੈਨ ਛੱਡ ਕੇ ਮੇਰਾ ਅੰਦਰ – ਬਾਹਰ ਇਕਦਮ ਸੜ-ਭਖ਼ ਪਿਆ । ਮੇਰਾ ਸਾਰੇ ਦਾ ਸਾਰਾ ਵਜੂਦ ਇਕ ਤਰ੍ਹਾਂ ਦੇ ਲਾਂਬੂ ਚ ਘਿਰ ਗਿਆ । ਮੈਂ ਗੁਲਬਾਗ਼ ਸਿੰਘ ਘੁੰਮਣ ਦਾ ਛੋਟਾ ਭਰਾ , ਹਰਬੰਸ ਸਿੰਘ ਘੁੰਮਣ ਦੂਜਾ ਪੁੱਤਰ ਬਲਕਾਰ ਸਿੰਘ ਘੁੰਮਣ ਕਾਰਡ  ਚੋਂ ਅਸਲੋਂ ਗਾਇਬ ਸੀ ।
ਪਲ ਦੀ ਪਲ ,ਇਹ ਕਲ-ਮੂੰਹਾਂ ਕਾਰਡ ਮੈਨੂੰ ਝੂਠੀ-ਮੂਠੀ ਦਾ ਲੱਗਾ । ਕਿਸੇ ਸ਼ਰੀਕ ਦੀ ਸ਼ਰਾਰਤ । ਅਜੇ ਦੋ ਕੁ ਮਹੀਨੇ ਪਹਿਲਾਂ ਤਾਂ ਮੈਂ ਉਹਨੂੰ ਸਹੀ-ਸਲਾਮਤ ਛੱਡ ਕੇ ਆਇਆ ਸੀ । ਬਿਲਕੁਲ ਨੌਂ-ਬਰ-ਨੌਂ । ਕਿਸੇ ਕਿਸਮ ਦੀ ਕੋਈ ਇਲਾਮਤ ਨਹੀਂ-ਨਾ ਸ਼ੂਗਰ , ਨਾ  ਬੀ. ਪੀ.., ਨਾ ਦਿਲ ਦਾ ਕੋਈ ਰੋਗ । ਕੰਮ-ਕਾਰ  ਚ ਪੂਰੀ ਚੁਸਤੀ । ਉਸਦੇ ਨਿੱਗਰ-ਸੁਡੌਲ ਅੰਗਾਂ –ਪੈਰਾਂ  ਤੇ ਉਸਦੀ ਉਮਰ-ਵਰ੍ਹਿਆਂ ਦੇ ਨਿਸ਼ਾਨ ਕਿਧਰੇ ਦੇਖਣ ਨੂੰ ਨਹੀਂ ਸੀ ਲੱਭਦੇ । ਛੇ ਕੁ ਵਰ੍ਹੇ ਪਹਿਲਾਂ ਮੈਂ ਉਸ ਦੀ ਫ਼ਰਮਾਇਸ  ਤੇ ਬੋਰ ਕਰਵਾ ਦਿੱਤਾ ਸੀ ਵੱਡਾ । ਡੂੰਘਾ ਸਬਮਰਸੀਬਲ । ਮੁਰੱਬੇ ਦੇ ਐਨ ਵਿਚਕਾਰ ਕਰਕੇ । ਅਗਲੀ ਵੇਰਾਂ ਆਏ ਨੂੰ ਫਿਰ ਉਸਨੇ ਉਸੇ ਤਰ੍ਹਾਂ ਦੀ ਮੰਗ ਰੱਖ ਦਿੱਤੀ , ‘’ ਬੱਲੀ ਪੁੱਤਰ , ਬਿਜਲੀ ਹੱਥੋਂ ਬੜੇ ਦੁਖੀ ਹਾਂ । ਵਾਹ਼ਲੀ ਈ ਤੰਗੀ ਆ । ਅੱਵਲ ਆਉਂਦੀ ਈ ਨਹੀਂ , ਜੇ ਆਏ ਈ ਆਏ ਤਾਂ ਵੀਹ ਵੇਰਾਂ ਗੁਲ ਹੁੰਦੀ ਆ । ਫ਼ਸਲ-ਬਾੜੀ ਰੱਜਦੀ ਨਈਂ ਪੂਰੀ ਤਰ੍ਹਾਂ । ਪੈਰੋਂ ਉੱਖੜੀ-ਉੱਖੜੀ ਰਹਿੰਦੀ ਆ ....। ‘’ ਮੈਂ ਉਸਦੀ ਰਮਜ਼ ਫੱਟ ਤਾੜ ਗਿਆ । ਅਗਲੇ ਹੀ ਦਿਨ ਜੈਨਰੇਟਰ ਲਿਆ ਖੜ੍ਹਾ ਕੀਤਾ ਸੀ ਵੱਡਾ । ਉਸਨੂੰ ਦੇਖਦੇ ਸਾਰ ਚਾਅ ਚੜ੍ਹ ਗਿਆ ।ਉਸਨੇ ਆਪਣਾ ਬੋਰੀ-ਬਿਸਤਰਾ ਚੁੱਕਿਆ , ਬੰਬੀ ਵਾਲੇ ਕੋਠੇ ਚ ਜਾ ਮੰਜੀ ਡਾਹੀ ਸੀ , ਬੋਰ ਲਾਗੇ ਉਸੇ ਦਿਨ ।
ਉਸਦੀ ਫ਼ਸਲ-ਬਾੜੀ ਫਿਰ ਤੋਂ ਜੜਾਂ ਫੜਨ ਲੱਗ ਪਈ ।
ਵੱਡਾ ਤੌਖ਼ਲਾ ਵੀ ਇਹੋ ਸੀ ਮੈਨੂੰ –  ਘਰ ਦੀ ਮੂਲ-ਜੜ੍ਹ ਉੱਖੜ ਗਈ ਹੋਵੇ ! ਮੇਰਾ ਤੇ ਗੁਲਬਾਗ਼ ਦਾ ਬਰਾਬਰ ਦਾ ਬਾਪੂ ਪੂਰਾ ਹੋ ਗਿਆ ਹੋਵੇ ।ਤੇ ਮੈਨੂੰ ... ਮੈਨੂੰ ਨਾ ਫੋਨ , ਨਾ ਸੁਨੇਹਾ , ਨਾ ਭੋਗ ਦੇ ਕਾਰਡ  ਤੇ ਮੇਰਾ ਨਾਂਮ ... !!  ਇਸ ਸੋਚ ਲੜੀ  ਚ ਉਲਝੇ ਨੇ ਮੈਂ ਕਾਲਾ ਹਾਸ਼ੀਆ ਕਾਰਡ ਮੁੜ ਤੋਂ ਪੜ੍ਹਿਆ । ਉਲੱਦ-ਪੁਲੱਦ ਤਾਂ ਕੀ ਕਰਨੀ ਸੀ ਇਸਦੀ , ਪੱਚਾ ਕੁ ਤਾਂ ਪਰਚੀ ਸੀ ਇਹ ।
ਇਸ ਪਰਚੀ ਦਾ ਕੱਚ-ਸੱਚ ਜਾਨਣ ਲਈ ਮੈਂ ਉਸੇ ਵੇਲੇ ਪਿੰਡ ਨੂੰ ਰਿੰਗ ਕੀਤੀ । ਆਪਣੇ ਨਹੀਂ ਸਰਵਣ ਚਾਚੇ ਦੇ ਘਰ । ਬਾਪੂ ਦੇ ਸਭ ਤੋਂ ਨੇੜਲੇ ਰਾਜ਼ਦਾਨ ਸਰਵਣ ਸਿੰਘ ਵਿਰਕ ਦੇ ਘਰ । ਉਸਨੇ ਮੇਰੀ ਰੋਣ – ਹਾਕੀ ਆਵਾਜ਼ ਝੱਟ ਪਛਾਣ ਲਈ । ਝੱਟ ਹੀ ਉਸਨੇ ਅਗਲਾ ਤੌਖਲਾ ਵੀ ਨਾਲ ਹੀ ਪ੍ਰਗਟ ਕਰ ਦਿੱਤਾ- ‘’ ਮਾਮਲਾ ਸ਼ੱਕੀ ਆ ਬੱਲਿਆ , ਤੇਰੇ ਆਏ ਤੇ ਨਿੱਤਰਨੀ ਆ ਵਿਚਲੀ ਗੱਲ। ਹਾਅ ਕਾਰਡ ਵੀ ਤੈਨੂੰ ਮੈਂ ਈ ਭੇਜਿਆ , ਤਿੱਖੀ ਡਾਕੇ  ਬਾਗੇ ਹੋਣੀ ਤਾਂ ਦਾਗ਼ ਵੀ ਚੁੱਪ-ਚੁਪੀਤੇ ਈ ਦੇ ਚੱਲੇ ਸੀ । ਏਹ ਤਾਂ ਮੈਂ ਈ ਰੌਲਾ-ਰੱਪਾ ਪਾ ਕੇ  ਕੱਠੇ ਕੀਤੇ ਚਾਰ ਬੰਦੇ ਪਿੰਡੋਂ । ਫੇਅਰ ਕਿਧਰੇ ਜਾ ਕੇ ਰਪਟ ਲਿਖੀ ਗਈ ...। ‘’
 ਚੁੱਪ-ਚੁਪੀਤੇ ਦਾਗ਼ ... ਚਾਰ ਬੰਦੇ ਪਿੰਡੋਂ ...ਰਪਟ ...  ਮੇਰੇ ਅੰਦਰ ਉੱਗਰਿਆ ਸ਼ੱਕ-ਬੀਜ ਮੇਰੇ ਪਿੰਡ ਪੁੱਜਦੇ –ਕਰਦੇ ਨੂੰ ਪੂਰੀ ਵੱਡੀ ਥੋਹਰ ਬਣ ਗਿਆ । ਕੰਡਿਆਲਾ ਝਾੜ-ਥੂਝ । ਜਿਸ ਨੂੰ ਹੱਥ ਲਾਇਆ ਵੀ ਜਲੂਣ ਹੁੰਦੀ ਸੀ , ਲਾਗੋਂ ਲੰਘਦਿਆਂ ਵੀ ਭੈਅ ਆਉਂਦਾ ਸੀ । ....ਬਾਪੂ ਕੁਦਰਤੀ ਮੌਤ ਨਹੀਂ ਸੀ ਮਰਿਆ । ਮਾਰਿਆ ਸੀ ਕਿਸੇ ਨੇ । ਗੰਡਾਸੀ ਵੱਜੀ ਸੀ ਸਿਰ  ਚ , ਪੁੜਪੁੜੀ ਲਾਗੇ  । ਬੰਬੀ ਨੇੜੇ ਸੁੱਤੇ ਪਏ  ਦੇ, ਖੌ-ਪੀਏ । ਅਗਲੀ ਸਵੇਰ ਤਕ ਵੀ ਕਿਸੇ ਨੂੰ ਬਿੜਕ ਨਾ ਲੱਗੀ । ਨਾ ਦਾਤਣ-ਕੁਰਲਾ ਕਰਨ ਦੀ ਆਵਾਜ਼ ਸੁਣੀ ਕਿਸੇ ਨੇ ,ਨਾ ਪੰਜਾਂ ਪੌੜੀਆਂ  ਦੇ ਰੱਟਾ ਲੱਗੇ ਪਾਠ ਦੀ ।
ਫਿਕਰਮੰਦ ਦਿਸਦੇ ਗੁਲਬਾਗ਼ ਨੇ  ਅੱਗਲਵ੍ਹਾਂਢੀ ਹੋ ਕੇ ਆਪ ਪਤਾ ਕੀਤਾ । ਬਾਪੂ ਖ਼ਤਮ ਸੀ । ਬੋਰ ਲਾਗਿਉਂ ਜੈਨਰੇਟਰ ਕਿੰਨਾ ਸਾਰਾ ਖਿਸਕਿਆ ਪਿਆ ਸੀ ਰਾਹ ਵਾਲੇ ਪਾਸੇ ਨੂੰ ।
ਬਾਗੋ ਦੀ ਰੋਣ ਆਵਾਜ਼ , ਪਹਿਲਾਂ ਸਰਵਣ ਚਾਚੇ ਨੂੰ ਸੁਣੀ ਸੀ । ਹੋਰ ਤਾਂ ਡੇਰਾ ਹੈ ਕੋਈ ਨੀਂ ਸੀ ਨੇੜੇ-ਤੇੜੇ ।
ਦਿਨ ਚੜ੍ਹਦੇ ਕਰਦੇ ਨੂੰ ਸ਼ਹਿਰ ਵੱਲ ਨੂੰ ਜਾਂਦੀ ਪੱਕੀ ਸੜਕ ਵੀ ਰੁਕ-ਰੁਕ ਕੇ ਤੁਰਨ ਲੱਗੀ ਸੀ । ਬਹੁਤ-ਬਹੁਤ ਇਸ ਨੂੰ ਚੋਰਾਂ – ਉੱਚਕਿਆਂ ,ਪੂਰਬੀਏ-ਭਈਆਂ  ਦੀ ਕਾਰਵਾਈ ਗ਼ਰਦਾਨਦੇ ਆਪੋ ਆਪਣੇ ਕੰਮੀਂ-ਕਾਰੀਂ ਤੁਰਦੇ ਬਣੇ ਸਨ , ਥੋੜ੍ਹੇ ਕੁ ਸਰਪੰਚੀ ਵੇਲੇ ਦੀ ਰੜਕ ਦੱਸ ਕੇ । ਵੈਣੀਆਂ ਤੋਂ ਹਥਿਆਏ  ਛੇ ਖੇਤਾਂ ਦੀ ਦੱਬੀ-ਘੁੱਟੀ ਸੁਰ ਵੀ ਇਕ ਵੰਨੀਉਂ ਉੱਭਰ ਕੇ ਛੇਤੀ ਹੀ ਦੱਬ ਗਈ । ਸਰਵਣ ਚਾਚਾ ਸਭ ਦੀ ਹਾਂ  ਚ  ਹਾਂ ਮਿਲਾਉਂਦਾ ਰਿਹਾ ਸੀ ਸਹਿਜ-ਮਤੇ ਜਿਹੇ । ਪਰ,ਭੋਗ ਪਿਛੋਂ ਪੁੱਜੇ ਤਫ਼ਤੀਸ਼ੀ ਅਫ਼ਸਰ ਸਾਹਮਣੇ ਉਸਦੇ ਬੋਲ ਪੂਰੇ ਗੜਕ ਕੇ ਉੱਭਰੇ ਸਨ – ‘’ ਹੱਦ ਹੋ ਗਈ ਠਾਣੇਦਾਰ ਸਾਬ੍ਹ । ਸ਼ੇਰ ਜਿੱਡੇ ਬੰਦੇ ਦੇ ਸਿਰ  ਚ ਗੰਡਾਸੀ ਵੱਜੀ ਹੋਵੇ  । ਸੁੱਤੇ –ਜਾਗਦੇ ਦੇ ਮੂੰਹੋਂ ਕੋਈ ਚੀਕ ,ਕੋਈ ਲੇਅਰ , ਹਾਏ ਮਾਂ ਤਕ ਵੀ ਨਾ ਸੁਣੇ ਕਿਸੇ ਨੂੰ । ਚੌਂਹ ਕਰਮਾਂ ਤੇ ਘਰ ਆ ਉਦ੍ਹਾ । ਏਤ੍ਹੋਂ ਵੱਡੀ ਨਮੋਸ਼ੀ ਹੋਰ ਕੀ ਹੋਣੀ ਆ ਸਾਡੇ-ਤਾਡ੍ਹੇ ਲਈ .....।‘’
ਤਫ਼ਤੀਸ਼ੀ ਅਫ਼ਸਰ ਦੇ ਘਰ ਦੇ ਜੀਆਂ ਵੱਲ ਥੋੜ੍ਹਾ ਕੁ ਹਿਲਦੀ ਸੂਈ , ਕਿੰਨਾ ਸਾਰਾ ਹੋਰ ਘੁੰਮ ਗਈ । ਉਸਨੇ ਕਈਆਂ ਦਿਨਾਂ ਤੋਂ ਸੁੰਨ-ਵੱਟਾ ਬਣੇ ਵੱਡੇ ਭਾਈ ਗੁਲਬਾਗ਼ ਨੂੰ ਨਾਲ ਤੋਰ ਲਿਆ । ਬਾਗੋ ਨੇ ਇਕ ਰਾਤ ਤਾਂ ਔਖੇ –ਸੌਖੇ ਨੇ  ਨ੍ਹੇਰ-ਕੋਠੜੀ ਦੀ ਪੁੱਛ ਪੜਤਾਲ ਸਹਿ-ਸਹਾਰ ਲਈ । ਪਰ ਦੂਜੀ ਰਾਤ ਉਸਨੇ ਹੱਥ ਖੜ੍ਹੇ ਕਰ ਦਿੱਤੇ । ਮਾਲ ਮਹਿਕਮੇਂ ਦਾ ਕਾਗਜ਼ ਪੱਤਰ ਹੋਰ ਵੀ ਨਿੱਗਰ ਸਬੂਤ ਸੀ ,ਮਿਸਲ ਨਾਲ ਜੋੜ ਲਈ ।
ਬਾਪੂ ਦੀ ਕੁੱਲ ਜਾਇਦਾਦ ਪੁੱਤਰਾਂ ਦੀ ਥਾਂ ਦੋਨਾਂ ਪੋਤਿਆਂ ਦੇ ਨਾਂ ਚੜ੍ਹੀ ਪਈ ਸੀ ।
ਕਿਸੇ ਲੁਕਵੇਂ ਜਿਹੇ ਛਲ-ਫ਼ਰੇਬ ਦਾ ਡੰਗਿਆ ਬਾਪੂ ਹਰਬੰਸ ਸੂੰਹ ,ਬਾਗੋ ਨੂੰ ਅਵਾ-ਤਵਾ ਬੋਲਣੋਂ ਨਹੀਂ ਸੀ ਰੁਕਦਾ ,ਨਾ ਘਰ ਨਾ ਬਾਹਰ ।
ਬਾਗੇ ਨੇ ਹੀ ਸੁਪਾਰੀ ਦਿੱਤੀ ਸੀ, ਬਾਪੂ ਨੂੰ ਬੋਲਣੋਂ ਹਟਦਾ ਕਰਨ ਲਈ ।
ਉਸ  ਵਾਰ , ਤਿੰਨ ਕੁ ਹਫ਼ਤੇ ਪਿੰਡ ਰਿਹਾ ਮੈਂ ਊਦ੍ਹੋਂ ਮਾਮੇ ਨੂੰ ਨਹੀਂ ਸੀ ਮਿਲ ਸਕਿਆ ।
ਅਦਾਲਤੀ ਗੇੜਾਂ  ਚ ਫ਼ਸਿਆ ਰਿਹਾ ਸੀ ।
ਉਸ ਤੋਂ ਅਗਲੀ ਗੇੜੀ ਘਿਉ ਦਾ ਘੜਾ ਤਾਂ ਭਾਵੇਂ ਨਹੀਂ ਸੀ ਰੁੜ੍ਹਿਆ , ਪਰ ਇਸ ਤੋਂ ਘੱਟ ਵੀ ਨਹੀਂ ਸੀ ਹੋਈ-ਵਾਪਰੀ ।
ਮੈਂ ਜਿੰਨੀ ਵਾਰ ਵੀ ਇੰਡੀਆ ਆਇਆ ਸੀ, ਓਨੀ ਵਾਰ ਹੀ ਰੂ-ਬ-ਰੂ ਕਰਵਾਏ ਸਨ , ਰੀਲੀਜ਼ ਸਮਾਰੋਹ ਕਰਵਾਏ ਸਨ , ਸਾਹਿਤ ਸਭਾਵਾਂ  ਚ , ਸਕੂਲਾਂ –ਕਾਲਿਜਾਂ  ਚ । ਅਕਾਦਮੀਆਂ –ਯੂਨੀਵਰਸਿਟੀਆਂ ਨੇ ਸੈਮੀਨਾਰ ਆਯੋਜਤ ਕੀਤੇ ਸਨ , ਗੋਸ਼ਟੀਆਂ ਕਰਵਾਈਆਂ ਸਨ ਮੇਰੇ ਨਵੀਨਤਮ ਨਾਵਲਾਂ  ਤੇ । ਹਰ ਵਾਰ ਹਰ ਥਾਂ ਮੇਰੀ ਨਵੀਂ ਕਿਰਤ ਦੀ ਭਰਵੀਂ ਸ਼ਲਾਘਾ ਹੋਈ ਸੀ , ਰੱਜ ਕੇ ਵਾਹ-ਵਾਹ ਹੋਈ ਸੀ ਮੇਰੀ ਵੀ ਨਾਲ ਦੀ ਨਾਲ । ਹਰ ਵਾਰ ਨਵੇਂ ਨਾਵਲ ਨੂੰ ਉੱਤਮ ਦਰਜੇ ਦੀ ਕਿਰਤ ਗ਼ਰਦਾਨ ਕੇ ਸਲੇਬਸੀ-ਕੋਰਸਾਂ  ਚ ਸ਼ਾਮਲ ਕਰਨ ਦੇ ਪੱਕੇ ਵਾਅਦੇ ਵੀ ਕੀਤੇ ਸਨ , ਕੁਝ ਵਿਸ਼ੇਸ਼ ਵਿਅਕਤੀਆਂ ਨੇ । ਕੇਵਲ ਤੇ ਕੇਵਲ ਮੈਰਿਟ ਦੇ ਆਧਾਰ  ਤੇ । ਉਂਝ ਕਈਆਂ ਹੋਰਨਾਂ ਕਈ ਕੁਝ ਹੋਰ ਵੀ ਕਿਹਾ ਸੀ ਮੈਨੂੰ ਇਸ਼ਾਰਤਨ, ਪਰ ਮੇਰੀ ਸਾਹਿਤਕ ਬਚਨ-ਬੱਧਤਾ ਨੇ ਹਾਮੀ ਨਹੀਂ ਸੀ ਭਰੀ । ਮੈਂ ਬੜੇ ਇਤਮੀਨਾਨ ਨਾਲ ਮੁੜਦਾ ਰਿਹਾ ਸੀ ਵਾਪਸ । ਮੇਰੇ ਸਹਿਕਰਮੀ ਟੈਕਸੀ-ਚਾਲਕ , ਮੈਨੂੰ ਮੁੜ-ਘੜੀ ਰਟੀ-ਰਟਾਈ ਪੁੱਛ ਪੁੱਛਦੇ ਵੀ ਰਹੇ – ‘’ਕਿਉਂ ਸ੍ਹੈਤਕਾਰਾ , ਬਣਿਆ ਕੁਛ ਤੇਰਾ ਕਿ ਮੁੜ ਆਇਆ ਬਰੰਗ ਈ ਇਸ ਵਾਰ ਵੀ ? ‘’ ਉਹਨਾਂ ਚੋਂ ਬਹੁਤੇ ਜਣੇ ਮਾਸਟਰੀਆਂ –ਪ੍ਰੋਫੈਸਰੀਆਂ ਛੱਡ ਕੇ ਗਏ ਸਨ ਮੇਰੇ ਵਾਂਗ । ਕੋਰਸਾਂ-ਸਲੇਬਸਾਂ  ਚ  ਸ਼ਾਮਲ ਹੋਏ ਪਰਵਾਸੀ ਸਾਹਿਤ ਬਾਰੇ ਬਹੁਤ ਕੁਝ ਪਤਾ ਸੀ ਉਹਨਾਂ ਨੂੰ । ਪਰਵਾਸੀ ਨਾਵਲਕਾਰ ਵਜੋਂ ਮੇਰੀ ਮਾਨਤਾ ਵੀ ਸਵੀਕਾਰੀ ਹੋਈ ਸੀ ਉਹਨਾਂ । ਪਰ ,ਹਰ ਸਾਲ ਸਲੇਬਸ ਸੂਚੀ  ਚੋਂ ਬਾਹਰ ਹੋਇਆ ਦੇਖ ਕੇ ਉਹ ਅਕਸਰ ਭਾਂਤ-ਸੁਭਾਂਤ ਦੀਆਂ ਟਾਂਚਾਂ ਕਰਿਆ ਕਰਦੇ ਸਨ ਮੈਨੂੰ । ਛਿੱਥਾ ਜਿਹਾ ਪਏ ਨੂੰ ਮੈਨੂੰ  ਮੈਰਿਟ ਤੇ , ਮੈਰਿਟ ਦੀ  ਘਸੀ ਪੁਰਾਣੀ ਰਟ ਫਿਰ ਤੋਂ ਲਾਉਣੀ ਪੈਂਦੀ  ਕੋਈ  ਗੱਲ ਨਈਂ , ਇਸ ਵਾਰ ਨਈਂ ਤਾਂ ਅਗਲੇ ਸਾਲ ਲੱਗ ਜਾਊ । ਸ਼ਾਹਕਾਰ ਕਿਰਤ ਐ ਮੇਰੀ । ਹੋਰ ਉਹਨਾਂ ਗੰਦ-ਮੰਦ ਦੀ ਭਰਤੀ ਥੋੜ੍ਹਾ ਪਾਉਣੀ ਆ । ‘’
ਮੇਰੀ ਇਸ ਖਾਮ-ਖਿਆਲੀ , ਖੁਸ਼-ਫ਼ਹਿਮੀ  ਤੇ ਉਹ ਕਦੀ ਮਿੰਨ੍ਹਾ-ਮਿੰਨ੍ਹਾ ਮੁਸਕਰਾ ਛੱਡਦੇ , ਕਦੀ ਖੁੱਲ੍ਹ ਕੇ ਹੱਸ ਲੈਂਦੇ ।
‘’ ਇੱਥੋਂ ਦੀ , ਪਰਵਾਸ ਦੀ ਸਿਆਸੀ –ਸਮਾਜੀ ਰਹਿਤਲ ਦੇ ਵਿਸੰਗਤ ਹੋਏ  ਪ੍ਰਵਚਨ ਨੂੰ ਜਿੰਨੀ ਬਾਰੀਕੀ ਨਾਲ ਮੈਂ ਫੜਿਆ ,ਹੋਰ ਕੌਣ ਫੜ ਸਕਦਾ । ਭਿੜੇ ਤਾਂ ਕੋਈ ਮੇਰੇ ਨਾਲ ਸਿੱਧਾ ਹੋ ਕੇ , ‘’ ਮੇਰੇ ਇਸ ਬ੍ਰਹਮ ਅਸਤਰ ਨੇ ਵੀ ਉਹਨਾਂ ਦੇ ਹਾਸੇ –ਠੱਠੇ  ਤੇ ਹੁਣ ਕਦੀ ਝਰੀਟ ਨਹੀਂ ਸੀ ਉੱਕਰੀ ।
ਬਾਪੂ ਜੀ ਕੇ ਕਤਲ ਕੇਸ ਕਾਰਨ ਮੇਰੀ ਅਗਲੀ ਇੰਡੀਆ ਗੇੜੀ ਜ਼ਰਾ ਛੇਤੀ ਵੱਜ ਗਈ । ਸਾਲ ਵੀ ਪੂਰਾ ਨਹੀਂ ਸੀ ਹੋਇਆ । ਮੇਰੇ ਵਕੀਲ ਦੀ ਈ.ਮੇਲ ਗਈ – ‘’ ਅਗਲਿਆਂ ਪੁਲੀਸ , ਹੇਠੋਂ  ਉੱਪਰ ਤਕ ਗੰਢ ਲਈ ਐ  । ਅੱਗੋਂ ਜੱਜ ਨੂੰ ਗੰਢਣ ਨੂੰ ਫਿਰਦੇ , ਛੇਤੀ ਪਹੁੰਚ । ‘’ ਮੈਂ ਸਾਰੀ ਉਲਝਣ ਆਪਣੇ ਡਿਸਪੈਚਰ ਨੂੰ ਜਾ ਦੱਸੀ । ਉਹਦੀ ਸਿਫਾਰਸ਼  ਤੇ ਕੰਪਨੀ ਨੇ ਤਿੰਨ ਹਫਤੇ ਦੀ ਥਾਂ ਚਾਰ ਹਫ਼ਤੇ ਲਈ ਵਿਹਲਾ ਕਰ ਦਿੱਤਾ । ਊਂ ਵੀ ਕੰਮ-ਮਾਰ ਮੰਦਾ ਸੀ , ਮੌਸਮ ਕਰਕੇ ।
ਮੈਨੂੰ ਤੁਰਨ ਲੱਗੇ ਨੂੰ ਦਰਸ਼ਨ ਨੇ ਫਿਰ ਆਰ ਲਾਈ , ਪ੍ਰੋਫੈਸਰ ਦਰਸ਼ਨ ਨੇ , ‘’ ਬਲਕਾਰ ਸਿਆਂ , ਖੇਤ ਤਾਂ ਤੇਰੇ ਹੱਥੋਂ ਹੁਣ ਗਏ ਕਿ ਗਏ । ਤੂੰ ਆਪਣੀ ਸਿਧਾਂਤਕਾਰੀ ਸਿਰ  ਤੇ ਚੁੱਕੀ ਫਿਰਦੇ ਨੈ ਦਰਜਨ ਭਰ ਨਾਵਲ ਵੀ ਗੁਆ ਬੈਠਣੇਂ । ਐਮੇਂ ਈ ਰੁਲ੍ਹ ਜਾਣੇ  ਆ ਧੂੜ-ਘੱਟੇ ਚ । ਮੇਰੇ ਭਾਈ , ਬੀ ਪਰੈਗਮੈਟਿਸਟ ... । ਮੌਕਾਪ੍ਰਸਤੀ , ਅਵਸਰਵਾਦ ਤਾਂ ਮੰਨਿਆ ਬੁਰੇ ਈ ਬੁਰੇ ਆ ,ਪਰ ਮੌਕਾ ਹੱਥੋਂ ਗੁਆਉਣਾ ਤਾਂ ਸਰਾ-ਸਰ ਨਲਾਇਕੀ ਆ ਨਾ । ‘’
ਮੈਂ ਉਹਦੀ ਨਸੀਅਤ  ਤੇ ਅਮਲ ਕਰਦੇ ਨੇ ਦਿੱਲੀਉਂ ਉੱਤਰਦੇ  ਨੇ ਆਪਣੀ ਜੇਬ ਦੇ ਹਾਣ ਦੀਆਂ ਨੌ ਬੋਤਲਾਂ ਖ਼ਰੀਦ ਲਈਆਂ । ਵਿਦੇਸ਼ੀ ਬਰਾਂਡ ਡਿਊਟੀ ਫਰੀ । ਹਰ ਬਰਾਂਡ ਦੀ ਇਕ ਇਕ ਲੀਟਰ । ਇਹਨਾਂ  ਚੋਂ ਵੋਦਕਾ ਮੈਂ ਚੰਗੀ ਤਰ੍ਹਾਂ ਲੁਕੋ-ਲਪੇਟ ਕੇ ਆਪਣੇ ਬੈਗ  ਚ ਤੁੰਨ ਲਈ । ਉਦ੍ਹੋ ਮਾਮੇ ਤਕ ਪੁੱਜਦੀ ਕਰਨ ਲਈ । ਉਹ ਵਾਹਵਾ ਸ਼ੁਕੀਨ ਰਿਹਾ ਸੀ ਇਸ ਦਾ । ਰੂਸ ਅੰਦਰਲੀ ਠਹਿਰ ਸਮੇਂ । ਬਾਕੀ ਦੀਆਂ ਅੱਠ , ਦਰਸ਼ਨ ਦੀ ਨੇਕ ਸਲਾਹ  ਤੇ ਅਮਲ ਕਰਨ ਲਈ ਟੈਕਸੀ  ਚ ਰੱਖ ਲਈਆਂ । ਟੈਕਸੀ ਮੈਂ ਹਵਾਈ ਅੱਡਿਉਂ ਨਿਕਲਦੇ ਨੇ ਬੁੱਕ ਕਰ ਲਈ ਪੂਰੇ ਮਹੀਨੇ ਲਈ ।ਨੱਠ-ਭੱਜ ਤਾਂ ਕਰਨੀ ਹੀ ਪੈਣੀ ਸੀ । ਕਚਹਿਰੀਆਂ  ਚ ਵੱਖ, ਯੂਨੀਵਰਸਿਟੀਆਂ  ਚ ਵੱਖ ।
ਟੈਕਸੀ  ਚ ਪਏ ਖੋਤੇ-ਲੱਦ ਭਾਰ ਤੋਂ ਖਹਿੜਾ ਛੁੜਾਉਣ ਲਈ ਸਭ ਤੋਂ ਪਹਿਲਾਂ ਮੈਂ ਆਪਣੀ ਯੂਨੀਵਰਸਿਟੀ  ਚ ਜਾ ਪੁੱਜਾ । ਏਥੋਂ ਹੀ ਐੱਮ.ਏ. ਕੀਤੀ ਸੀ ।ਇੱਥੋਂ ਹੀ ਐੱਮ .ਫਿਲ । ਸਾਰਾ ਕੰਪਲੈਕਸ , ਸਾਰਾ ਵਿਭਾਗ ਸਭ ਜਾਣਿਆ –ਪਛਾਣਿਆ ਸੀ ਮੇਰਾ । ਪਰ , ਵਿਭਾਗੀ ਅਮਲਾ ਬਿਲਕੁਲ ਹੀ ਅਦਲ-ਬਦਲ ਹੋਇਆ ਲੱਭਾ । ਤਾਂ ਵੀ ,ਸੇਵਾ ਮੁਕਤੀ ਲਾਗੇ –ਚਾਗੇ ਪੁੱਜੇ ਇਕ ਦਫ਼ਤਰ ਸੁਪਰਡੈਂਟ ਤੋਂ ਚੋਣਕਾਰ ਕਮੇਟੀ ਮੈਂਬਰਾਂ ਦੀ ਜਾਣਕਾਰੀ ਪ੍ਰਾਪਤ ਹੋ ਗਈ । ਅਗਲੀ ਮੁਸ਼ਕਲ ਇਹਨਾਂ ਦੇ ਵੱਖ-ਵੱਖ ਸ਼ਹਿਰਾਂ  ਚ ਖਿੱਲਰੇ ਹੋਣ ਦੀ ਸੀ । ਉਹਨਾਂ ਤਕ ਅੱਪੜਦਾ ਹੋਣ ਦੀ ਤਰਕੀਬ ਮੈਂ ਅਜੇ ਘੜ ਹੀ ਰਿਹਾ ਸੀ ਕਿ ਬਾਹਰ ਬਰਾਂਡੇ  ਚੋਂ ਲੰਘਦੇ ਇਕ ਜਾਣਕਾਰ ਚਿਹਰੇ ਦਾ ਮੈਨੂੰ ਝਾਉਲਾ ਪਿਆ । ਦਫ਼ਤਰੋਂ ਝੱਟ ਦੇਣੀ ਬਾਹਰ ਆ ਕੇ ਮੈਂ ਉਸ ਸਾਹਿਬ ਦੀ ਪੈੜ ਨੱਪ ਲਈ । ਤਿੰਨ ਕੁ ਦਰਵਾਜ਼ੇ ਛੱਡ ਕੇ ਅਗਲਾ ਕਮਰਾ ਉਸ ਦਾ ਸੀ । ਉਹ ਬਿਨਾਂ ਰੁਕੇ ਅੰਦਰ ਲੰਘ ਗਿਆ । ਮੈਂ ਵੀ ਪਿੱਛੇ ਪਿੱਛੇ । ਉਹਨੇ ਬੜੇ ਸਹਿਜ-ਧੀਰਜ ਨਾਲ ਬਗਲੇ ਦਿੱਤੀਆਂ ਪੁਸਤਕਾਂ ਮੇਜ਼  ਤੇ ਰੱਖ ਦਿੱਤੀਆਂ । ਸ਼ੀਸ਼ੇ  ਤੇ ਪਈ ਡਾਕ  ਤੇ ਸਰਸਰੀ ਜਿਹੀ ਨਿਗਾਹ ਮਾਰੀ । ਕੁਰਸੀ  ਤੇ ਬੈਠਣ ਲੱਗਿਆਂ , ਉਸਦਾ ਚਿਹਰਾ ਮੇਰੀ ਵੱਲ ਨੂੰ ਘੁੰਮ ਗਿਆ । ਮੇਰੀ ਪ੍ਰਸੰਨਤਾ ਜਿਵੇਂ ਉੱਛਲ ਕੇ ਬਾਹਰ ਆ ਗਈ । ਇਹ ਡਾਕਟਰ ਐੱਨ.ਐਸ. ਪੁਰੇਵਾਲ ਸੀ ।  ਨਾਮਵਰ ਵਿਦਵਾਨ , ਗ਼ਲਪ ਲੇਖਣੀ ਦੀ ਧੁਰ ਆਤਮਾ ਤਕ ਲਹਿ ਜਾਣ ਵਾਲੀ ਆਲੋਚਨਾ ਹਸਤੀ , ਕੱਦਵਾਰ ਸਾਹਿਤ ਕਰਮੀ,ਬੇ-ਜੋੜ ਸਮਾਲੋਚਕ  , ਇਹੋ ਜਿਹੇ ਹੋਰ ਵੀ ਕਿੰਨੇ ਸਾਰੇ ਵਿਸ਼ੇਸ਼ਣ ਵਰਤੇ ਸੀ ਮੈਂ ਉਸ ਦਾ ਤੁਆਰਫ਼ ਕਰਵਾਉਂਦਿਆਂ , ਕਨੇਡਾ  ਚ ਇਕ ਵੱਡੀ ਸਾਹਿਤਕ ਕਾਨਫਰੰਸ ਦੇ ਗਲਪ ਸ਼ੈਸ਼ਨ ਦੀ ਸਟੇਜ ਸਕੱਤਰੀ ਕਰਦਿਆਂ ।
ਚਾਣਚੱਕ ਮੈਨੂੰ ਸਾਹਮਣੇ ਖੜ੍ਹਾ ਦੇਖ ਕੇ ਪੁਰੇਵਾਲ ਡਾਕਟਰ ਜਿਵੇਂ ਇਕ-ਦਮ ਖਿੜ ਗਿਆ ਹੋਵੇ । ਉਸਨੇ ਮੈਨੂੰ ਕਦੋਂ ਆਏ, ਕਦ ਆਏ , ਕਿਵੇਂ ਆਉਣਾ ਹੋਇਆ ਵਰਗੀ ਕੋਈ ਵਿੰਗ-ਤੜਿੰਗੀ ਪੁੱਛ ਨਾ ਪੁੱਛੀ । ਬੱਸ ਇਕੋ-ਇਕ ਸਿੱਧਾ –ਸਿੱਧਾ ਸਵਾਲ ਰੋੜ੍ਹ ਦਿੱਤਾ ਮੇਰੀ ਵੱਲ ਨੂੰ – ਏਥੇ ਈ ਓ ਨਾ ਅੱਜ ...?   ਮੇਰੇ  ਹਾਂ ਕਹਿਣ  ਤੇ ਉਸਨੇ , ਉਸ ਵੇਲੇ ਇਕ ਨੰਬਰ ਮਿਲਾਇਆ । ਕਿਸੇ ਨਾਲ ਸੰਖੇਪ ਜਿਹੀ ਬਾਤ-ਚੀਤ ਕੀਤੀ  ਅਗਲੇ ਹੀ ਪਲ ਪਰਵਾਸੀ ਨਾਵਲਕਾਰ ਬਲਕਾਰ ਸਿੰਘ ਘੁੰਮਣ ਲਈ ਇਕ ਸ਼ਾਨਦਾਰ ਏ .ਸੀ . ਕਮਰਾ ਬੁੱਕ ਸੀ , ਯੂਨੀਵਰਸਿਟੀ ਗੈਸਟ ਹਾਊਸ  ਚ ।
ਮੇਰੀ ਕਿੰਨੀ ਸਾਰੀ ਚਿੰਤਾ ਪਲਾਂ ਛਿਨਾਂ  ਚ ਕਿਧਰੇ ਉੱਡ-ਪੁੱਡ ਗਈ ।
ਚਾਹ ਪਾਣੀ ਪੀਂਦਿਆਂ , ਐਧਰ ਓਧਰ ਦੀਆਂ , ਦੇਸ-ਪਰਦੇਸ ਦੀਆਂ ਕਈ ਸਾਰੀਆਂ ਗੱਲਾਂ-ਗੜੱਪਾਂ ਮਾਰਦਿਆਂ , ਮੈਂ ਆਪਣੇ ਅੰਦਰਲੀ ਗੱਲ ਦਿਨ ਵੇਲੇ ਤਾਂ ਪੂਰੇ ਜ਼ਬਤ ਨਾਲ ਛੁਪਾਈ ਹੀ ਰੱਖੀ ਪੁਰੇਵਾਲ ਡਾਕਟਰ ਤੋਂ, ਪਰ ਸ਼ਾਮੀ ਪਹਿਲੇ ਪੈੱਗ  ਤੇ ਇਹ ਝੱਟ ਅੰਦਰੋਂ ਉੱਛਲ ਕੇ ਬਾਹਰ ਆ ਗਈ । ਹੰਢਿਆ-ਵਰਤਿਆ ਡਾਕਟਰ ਪਹਿਲੋਂ ਹੀ ਜਾਣਦਾ ਲੱਗਾ ਸਭ ਕੁਝ । ਉਸ  ਨੇ ਜਿਵੇਂ ਦਿਨ ਵੇਲੇ ਹੀ ਪੜ੍ਹ ਲਈ ਸੀ ਮੇਰੇ ਚਿਹਰੇ  ਤੇ ਲਿਖੀਂ ਹੋਈ ਇਬਾਰਤ । ਮੈਨੂੰ ਲੱਗਾ ਉਸਦਾ ਤਾਂ ਇਹ ਨਿੱਤ ਦਿਨ ਦਾ ਆਮ ਜਿਹਾ ਅਭਿਆਸ ਸੀ । ਉਸ ਨੇ ਬਿਨਾਂ ਕਿਸੇ ਉਚੇਚ ਦੇ ਆਪਣਾ ਜੇਬੀ ਫੂਨ ਕੱਢਿਆ । ਬੇ-ਹੱਦ ਸਹਿਜ – ਭਾਅ ਤਿੰਨ-ਚਾਰ ਨੰਬਰ ਮਿਲਾਏ । ਵਾਰੀ ਵਾਰੀ ਹਰ ਕਿਸੇ ਨੂੰ ਰਟਿਆ-ਰਟਾਇਆ ਵਾਕ ਅੱਪੜਦਾ ਕਰ ਦਿੱਤਾ , ਉਲ੍ਹਾਮੇ ਵਰਗਾ , ‘’ ਕਿਹਾ ਸੀ ਥੁਆਨੂੰ ਲਾਸ਼ ਨਾਵਲ ਨੂੰ ਅਣਗੌਲਿਆਂ ਨਾ ਕਰੋ । ਆਓ ਹੁਣ ਦਿਓ ਜੁਆਬ । ਆਇਆ ਬੈਠਾ ਘੁੰਮਣ ,ਗੈਸਟ ਹਾਊਸ । ‘’
ਮੈਨੂੰ ਲੱਗਾ ਕਿ ਉਹ ਸੱਚ-ਮੁੱਚ ਹੀ ਮੇਰੇ ਲਈ ਫਿਕਰਮੰਦ ਰਿਹਾ ਹੈ । ਸੱਚ-ਮੁੱਚ ਹੀ ਚੋਣ-ਬੋਰਡ ਮੈਂਬਰਾਂ ਨੂੰ ਸੱਚ-ਮੁੱਚ ਦਾ ਉਲ੍ਹਾਮਾ ਦਿੱਤਾ ਹੈ । ਮੇਰੇ ਅੰਦਰ ਪਰੇਵਾਲ ਡਾਕਟਰ ਲਈ ਕਿੰਨੀ ਸਾਰੀ ਇੱਜ਼ਤ ਹੋਰ ਵਧ ਗਈ । ਹੋਰ ਅੱਧੇ ਘੰਟੇ ਨੂੰ ਚਾਰ ਜਣੇ ਹੋਰ ਅੱਪੜਦੇ ਹੋ ਗਏ ਕਮਰੇ  ਚ । ਚਾਰੇ ਬੇ-ਪਛਾਣ । ਉਹ ਡਾਕਟਰ ਸਨ ਕਿ ਮਰੀਜ਼ ਇਸ ਦਾ ਨਿਰਣਾ ਮੈਥੋਂ ਹੋ  ਨਾ ਸਕਿਆ । ਉਂਝ ਉਹਨਾਂ ਗੱਲਾਂ ਖੂਸ਼ ਕੀਤੀਆਂ । ਫੱਕੜ ਮਾਰੇ ਰੱਜ ਕੇ । ਸਰਕਾਰਾਂ , ਯੂਨੀਵਰਸਿਟੀਆਂ , ਵਿਭਾਗਾਂ ਨੂੰ ਲੱਗੇ ਸਿਆਸੀ ਲੋਹੇ ਨੂੰ  ਵੀ ਲੰਮੇਂ ਹੱਥੀਂ ਲਿਆ । ਵਿਚ-ਵਿਚਾਲੇ ਮੇਰੇ ਨਾਵਲ  ਲਾਸ਼ ਦਾ ਵੀ ਜ਼ਿਕਰ ਆਉਂਦਾ ਰਿਹਾ । ਮੈਨੂੰ ਟੋਕਵੀਂ-ਟੋਕਵੀਂ ਜਿਹੀ ਤਸੱਲੀ ਵੀ ਮਿਲਦੀ ਗਈ । ਉਝ ਵੀ ਹੁਣ ਅਸੀਂ – ਤੁਸੀਂ-ਤੁਸੀਂ  ਵਾਲੀ ਜੁਗਲਬੰਦੀ ਛੱਡ ਕੇ ਤੂੰ-ਤੂੰ ਵਾਲੀ ਨੇੜਤਾ ਤੇ  ਉੱਤਰ ਆਏ ਸੀ ।
ਇਸ ਲੱਗ-ਲਬੇੜ  ਚ ਦਿੱਲੀਉਂ , ਹਵਾਈ ਅੱਡੇ ਤੋਂ ਖ਼ਰੀਦੇ ਪੌਣੇ ਕੁ ਤਿੰਨ ਪੈਕ ਸਰਫ਼ ਹੋ ਗਏ । ਟੇਬਲ ਦਾ ਮੁਰਗ-ਮੁਸੱਲਮ ਇਸ ਤੋਂ ਵਾਫ਼ਰ ।
ਇਹ ਸਲੇਬਸ ਚੋਣ ਪ੍ਰਕਿਰਿਆ ਦਾ ਪਹਿਲਾ ਗੇੜ ਸੀ ।
ਉੱਠਣ ਲੱਗਿਆਂ ਪੁਰੇਵਾਲ ਨੇ ਉਹਨਾਂ ਚੌਹਾਂ  ਚ ਇਕ ਨੂੰ ਫਿਰ ਜਿਵੇਂ ਤਾੜਨਾ ਕੀਤੀ ਹੋਵੇ –  ਵੇਖ ਵਾਲੀਆ, ਏਹ ਤੇਰਾ ਜੁੰਮਾਂ ਆਂ ਬਾਕੀਆਂ ਨੂੰ ਅਪਰੋਚ ਕਰਨਾ । ਉਹਨਾਂ ਤੋਂ ਯੈੱਸ ਕਰਵਾਉਣਾ । ਕੇ ਕੋਈ ਕਸਰ-ਮਸਰ ਰਹਿ ਗਈ , ਤਾਂ ਹੁਣ ਦੱਸ ਲਾਅ ...।‘’
‘’ ਤੂੰ ...ਤੂੰ ਜਮਾਂ ਈ ਚਿੰਤਾ ਨਾ ਕਰ ਛੋਟੇ ਭਾਈ । ਤੇਰਾ ਯਾਅਰ ਅੱਜ ਤੋਂ ਸਾਡਾ ਯਾਰ । ਇਹ ਕੰਮ ਹੋਇਆ ਲੈਅ । ‘’ਥੋੜ੍ਹਾ ਕੁ ਜਿੰਨਾ ਰੁਕ ਕੇ ਉਹ ਫਿਰ ਪੁਰੇਵਾਲ ਡਾਕਟਰ ਨੂੰ ਥੋੜ੍ਹਾ ਕੁ ਉਚੇਚ  ਨਾਲ ਮੁਖਾਤਿਬ ਹੋਇਆ – ਤੂੰ...ਤੂੰ ਬਾਈ ਇਕ ਕੰਮ ਹੋਰ ਕਰੀਂ । ਆਹ ...ਓਆ ਆਬਦੇ ਸ਼ਹਿਰ ਆਲੀਆਂ ਜੂਠਾਂ ਨੂੰ ਤੂੰ ...ਆਪੇ ਨਿਪਟ ਲਈਂ ਦੋਨਾਂ ਨੂੰ । ਉਹਨਾਂ ਦੀ ਤੇਰੇ ਗੈਲ ਬਓਤੀ ਆ । ਬਾਕੀ ਦੇ ਬਾਹਰਲਿਆਂ ਦਾ ਜੁੰਮਾ ਜਮਾਂ ਈ ਮੇਰਾ ਰਿਹਾ  
ਮੈਂ ਹੈਰਾਨ ਸੀ ਅਧੀਆ-ਅਧੀਆ ਚਾੜ੍ਹ ਕੇ ਉਹਨਾਂ  ਚੋਂ ਕਿਸੇ ਇਕ ਦੇ ਪੈਰ ਵੀ ਨਹੀਂ ਸੀ ਉੱਖੜੇ , ਕਦਮ ਨਹੀਂ ਸੀ ਲੜਖੜਾਏ , ਨਾ ਜੀਭ-ਆਵਾਜ਼ ਹੀ ਥੱਥਲਾਈ ਸੀ ਰਤੀ ਭਰ ਵੀ । ਮੈਨੂੰ ਲੱਗਾ ਸਾਹਿਤਕ-ਸਭਿਆਚਾਰਕ ਮੁਹਾਰਤ ਤੋਂ ਕਿਤੇ ਵੱਧ ਕੇ ਉਹ ਇਸ ਪਿੜ ਦੇ ਵਧਿਆ ਘੁਲਾਟੀਏ  ਹਨ, ਰੁਮਾਲੀ-ਜਿੱਤ ਪਹਿਲਵਾਨ ।
ਉਹਨਾਂ ਦੇ ਚਲੇ ਜਾਣ ਪਿੱਛੋਂ ਮੈਂ ਸ਼੍ਰਿਸ਼ਟਾਚਾਰ ਵਜੋਂ ਪੁਰੇਵਾਲ ਡਾਕਟਰ ਦੇ ਨਾਲ ਨਾਲ ਚਾਰ-ਛੇ ਕਦਮ ਬਾਹਰ ਵੱਲ ਨੂੰ ਤੁਰਿਆ ਹੀ ਸੀ ਕਿ ਦਰਵਾਜ਼ੇ ਲਾਗੇ ਪਹੁੰਚ ਕੇ ਉਹ ਫਿਰ ਖੜੋ ਗਿਆ । ਉਸਦਾ ਜਿਵੇਂ ਕੁਝ ਪਿੱਛੇ ਰਿਹਾ ਗਿਆ ਹੋਵੇ । ਪੈਂਟ ਕਮੀਜ਼ ਦੀਆਂ ਜੇਬਾਂ  ਚ ਹੱਥ ਮਾਰਦੇ ਨੇ ਪਹਿਲਾਂ ਉਸਨੇ ਗੱਡੀ ਦੀ ਚਾਬੀ ਕੱਢ ਕੇ ਹੱਥ  ਚ ਫੜ ਲਈ , ਫਿਰ ਬਿਨਾਂ ਕਿਸੇ ਸੰਗ-ਝਿਜਕ ਦੇ ,ਬਿਨਾਂ ਕਿਸੇ ਲੱਗ –ਲਬੇੜ ਦੇ ਥੋੜ੍ਹੀ ਕੁ ਦਾਰੂ ਹੋਰ ਮੰਗ ਲਈ –  ਬੁਰਾ ਨਾ ਮਨਾਈਂ ਯਾਰ ਘੁੰਮਣ , ਆਹ ਬਚਦਾ ਪਾਈਆ ਕੁ ਫੜਾ ਈ ਦੇ ਮੈਨੂੰ । ਸਵੇਰੇ ਉੱਠਣਾ ਸੌਖਾ ਹੋ ਜਾਊ । ‘’ ਮੈਨੂੰ ਇਕ-ਦਮ ਝਟਕਾ ਜਿਹਾ ਲੱਗਾ , ਤਾਂ ਵੀ ਮੈਂ ਉਸਨੂੰ ਇਨਕਾਰ ਨਾ ਕਰ ਸਕਿਆ । ਬਚਦੀ ਚੌਥਾ ਕੁ ਹਿੱਸਾ ਜਓਨੀ-ਵਾਕਰ ਭੂਰੇ ਰੰਗੇ ਬੈਗ ਚ ਰਖਦੇ –ਸਾਂਭਦੇ ਦੇ ਉਹਦੇ ਮੂੰਹ-ਚਿਹਰੇ  ਤੇ ਕਿਸੇ ਕਿਸਮ ਦਾ ਕੋਈ ਸ਼ਿਕਨ , ਕਿਸੇ ਤਰ੍ਹਾਂ ਦੀ ਕੋਈ ਸ਼ਰਮਿੰਦਗੀ ਵਰਗਾ ਹਾਵ-ਭਾਵ ਬਿਲਕੁਲ ਮੌਜੂਦ ਨਹੀਂ ਸੀ  ਉਹ ਮੋਢੇ ਲਮਕਾਈ ਮਸਤ ਹਾਥੀ ਵਾਂਗ ਝੂਲਦਾ ,ਥੋੜ੍ਹਾ ਕੁ ਹਟਵੀਂ ਖੜ੍ਹੀ ਗੱਡੀ ਵੱਲ ਨੂੰ ਨਿਕਲ ਤੁਰਿਆ ਤੇ ਮੈਂ ...ਮੈਂ ਨਾ ਉਸ ਨਾਲ ਦੋ-ਚਾਰ ਕਦਮ ਹੋਰ ਤੁਰਨ ਜੋਗਾ ਰਿਹਾ , ਨਾ ,ਖੜ੍ਹਾ ਰਹਿਣ ਜੋਗਾ । ਉਹਨੀਂ ਪੈਰੀਂ ਪਰਤ ਕੇ ਮੈਂ ਕਮਰੇ ਅੰਦਰ ਡਿੱਠੇ ਡਬਲ –ਬੈੱਡ  ਤੇ ਮੂੰਹਦੜੇ-ਮੂੰਹ ਆ ਡਿੱਗਾ । ਮਾਣਾਂ-ਮੂੰਹੀਂ ਨਮੋਸ਼ੀ , ਢੇਰ ਸਾਰੀ ਹੀਣ-ਭਾਵਨਾ,ਨੇ ਨੱਪ ਲਿਆ ਸੀ ਮੇਰੇ ਸਾਰੇ ਵਜੂਦ ਨੂੰ । ਇਵੇਂ ਦੀ ਹੀਣ-ਭਾਵਨਾ , ਇਵੇਂ ਦੀ ਨਮੋਸ਼ੀ ਪੁਟਆਰਖਾਨਿਆਂ , ਪੁਲਿਸ ਅੱਡਿਆਂ ਜਾਂ ਅਦਾਲਤੀ ਕਮਰਿਆਂ ਦੇ ਗੇੜੇ ਕੱਢਦਿਆਂ ਬਿਲਕੁਲ ਨਹੀਂ ਸੀ ਹਾਵੀ ਹੋਈ ਪਿਛਲੇ ਗੇੜੇ । ਉਹਨਾਂ ਦੀ ਕਾਰਗੁਜ਼ਾਰੀ ਪਹਿਲੋਂ ਹੀ ਜੱਗ-ਜ਼ਾਹਰ ਸੀ ਮੈਨੂੰ । ਬਦਨਾਮ ਸਨ ਸਿਰੇ ਦੇ ਰਿਸ਼ਵਤ-ਖੋਰੀ ਚ । ਪਰ, ਹੁਣ... ਮੇਰੀ ਆਪਣੀ ਯੂਨੀਵਰਸਿਟੀ , ਸੂਰਜਾਂ ਵਰਗਾ ਚਾਨਣ ਵੰਡਣ ਵਾਲਾ ਮੇਰਾ ਆਪਣਾ ਵਿਭਾਗ, ਮੇਰਾ ਕੰਪਲੈਕਸ ...ਓਸੇ ਕੰਪਲੈਕਸ  ਚ ਪ੍ਰੋਫੈਸਰ ਦਰਸ਼ਨ ਦੇ ਆਰ ਲਾਉਣ  ਤੇ ਆ ਫਸਿਆ ਸੀ ਮੈਂ ....।
ਇਹ ਸ਼ਰਮ-ਭਾਵਨਾ , ਹੀਣ-ਭਾਵਨਾ ਦਾ ਅਸਰ ਸੀ ਜਾਂ ਵੱਧ-ਘੱਟ ਪੀਤੀ-ਪਲਾਈ ਦਾ ਮਾੜਾ ਚੰਗਾ ਪ੍ਰਭਾਵ ਕਿ ਮੇਰੇ ਅੰਦਰੋਂ ਇਕ ਬੇ-ਮੁਹਾਰਾ ਉਛਾਲ ਉੱਠ ਕੇ ਮੇਰੇ ਸੰਘ  ਚ ਆ ਫਸਿਆ । ਪੂਰੀ ਤਰ੍ਹਾਂ ਘਿੱਗੀ ਬੱਝ ਗਈ ਮੇਰੀ । ਰੋਣ-ਹਾਕਾ ਹੋਏ  ਦੀਆਂ ਅੱਧ-ਮੀਟੀਆਂ, ਅੱਧ-ਖੁੱਲੀਆਂ ਅੱਖਾਂ, ਖਾਰੇ ਸੰਘਣੇ ਹੰਝੂਆਂ ਨਾਲ ਤਰ ਹੋ ਗਈਆਂ ...ਇਵੇਂ ਦੇ ਗਲੇਡੂ ਮੈਂ ਊਦ੍ਹੋਂ ਮਾਮੇ ਦੀਆਂ ਅੱਖਾਂ  ਚ ਵੀ ਤਰਦੇ ਦੇਖੇ ਸਨ ਇਕ-ਦੋ ਵਾਰ । ਉਂਝ ਤਾਂ ਉਸਨੇ ਜੀਵਨ –ਪੰਧ ਦੇ ਕਿਸੇ ਵੀ ਪੜਾਅ  ਤੇ ਹਿੰਮਤ –ਹੌਸਲੇ ਦਾ ਸਾਥ ਨਹੀਂ ਛੱਡਿਆ । ਤਾਂ ਵੀ ਔਖੇ-ਭਾਰੇ ਹਾਲਾਤ ਦੀ ਸਿਮਰਤੀ ਉਸ ਅੰਦਰਲੀ ਭਾਵੁਕਤਾ ਨੂੰ ਵਿੱਚ-ਵਾਰ ਉਸਦੀਆਂ ਅੱਖਾਂ ਅੰਦਰ ਤਰਦਾ ਕਰ ਹੀ ਦਿੰਦੀ ਸੀ । ਇਕ ਵਾਰ ਤਾਂ ਇਹ ਜਵਾਰਭਾਟੇ ਵਾਂਗ ਉੱਛਲੀ ਰੁਕਣ  ਚ ਹੀ ਨਹੀਂ ਸੀ ਆਉਂਦੀ । ਉਸਦੀ ਭਰਵੀਂ ਚਿੱਟੀ ਦਾੜ੍ਹੀ ਵੀ ਜਿਵੇਂ ਤ੍ਰੇਲ-ਮੋਤੀਆਂ ਨਾਲ ਗੜੁੱਚ ਹੋ ਗਈ ਸੀ । ਉਸ ਵਾਰ ਮੈਂ ਇੰਡੀਆ ਆਇਆ ਸਿੱਧਾ ਨਾਨਕੇ ਪਿੰਡ ਪੁੱਜਾ ਸੀ ਪਹਿਲਾਂ । ਮਾਮੇ ਦੀ ਫ਼ਰਮਾਇਸ਼ ਪੂਰੀ ਕਰਨ । ਉਸਨੇ ਆਪਣੀ ਵੈਨਕੂਵਰ ਲਾਗੇ ਦੇ ਵਰਨਨ ਸ਼ਹਿਰ ਦੀ ਪਹਿਲੀ ਠਹਿਰ-ਗਾਹ ਦੀ ਫੋਟੋ ਮੰਗਵਾਈ ਸੀ ਮੇਰੇ ਤੋਂ । ਪੂਰੀ ਨੀਝ ਨਾਲ ਰੰਗਦਾਰ ਤਸਵੀਰ ਦੇਖ ਕੇ ਵੀ ਉਸਨੂੰ ਆਪਣੇ ਵੇਲੇ ਦਾ ਕੁਝ ਨਹੀਂ ਸੀ ਲੱਭਾ । ਨਾ ਉਵੇਂ ਦੇ ਆਰੇ , ਨਾ ਟੀਨ ਦੀਆਂ ਰਿਹਾਇਸ਼ੀ ਸ਼ੈੱਡਾਂ , ਨਾ ਚਾਹ –ਰੋਟੀ ਦਾ ਢਾਬਾ । ਤਾਂ ਵੀ ਝੀਲ-ਕੰਢਾ ,ਹਰੇ –ਭਰੇ ਪਹਾੜ, ਪਹਾੜਾਂ ਕੁੱਛੜ ਸਿਰ ਚੁੱਕੀ ਖੜ੍ਹੇ ਉੱਚੇ –ਭਾਰੇ ਰੁੱਖਾਂ ਨੂੰ ਵੇਖਦਿਆਂ –ਵਾਚਦਿਆਂ ਉਸਦਾ ਕਿੰਨਾ ਸਾਰਾ ਅਤੀਤ ਫੈਲਦਾ ਗਿਆ ਸੀ ਉਸ ਦੇ ਸਾਹਮਣੇ । ਇਸ ਅਤੀਤ ਚ ਪੈਰ੍ਹਾ-ਪੈਰ੍ਹਾ ਕਰਕੇ ਲਿਖ ਹੁੰਦੀ ਰਹੀ ਉਸਦੀ ਲੰਮੀ-ਚੌੜੀ ਜੀਵਨ-ਗਾਥਾ ਵੀ ਚੇਤੇ ਆਉਂਦੀ ਗਈ ਸੀ ਉਸਨੂੰ । ਜਿਸ ਦਾ ਇਕ ਇਕ ਵਾਕ,ਇਕ ਇਕ ਸ਼ਬਦ ,ਉਸਦੇ ਲਹੂ-ਪਸੀਨੇ ਚੋਂ ਡੋਬਾ ਲੈ ਕੇ ਉਸਦੀ ਆਰਸੀ ਚ ਦਰਜ ਹੋਇਆ , ਪੁੱਜਦਾ ਰਿਹਾ ਸੀ ਮੇਰੇ ਤਕ । ‘’ ....ਕਨੇਡਾ , ਅਮਰੀਕਾ ਸਮੇਤ ਯੂਰਪੀ ਦੇਸ਼ਾਂ ਚ ਖਿੰਡੇ-ਖਿਲਰੇ ਸਾਰੇ ਗ਼ਦਰੀਆਂ ਰੂਸ ਤੋਂ ਇਨਕਲਾਬੀ ਸਿੱਖਿਆ ਲੈ ਕੇ ਦੇਸ਼ ਪਰਤਣ ਦਾ ਫੈਸਲਾ ਕਰ ਲਿਆ । ਸੁਰੱਖਿਅਤ ਲਾਂਘਾ ਅਫ਼ਗਾਨਿਸਤਾਨ ਸੀ ਸਿਰਫ਼ । ਉਹ ਵੀ ਉਲਝ –ਬਿਖਰ ਗਿਆ ਸਾਡੇ ਆਉਂਦਿਆ –ਕਰਦਿਆ । ਅਸੀਂ ਥੋੜ੍ਹੇ ਜਣੇ ਰੂਸੀ-ਅਫ਼ਗਾਨ ਸਰਹੱਦ  ਤੇ ਅੱਪੜਦੇ ਹੀ ਫੜੇ ਗਏ । ਪਹਿਲ੍ਹਾਂ ਕਈ ਦਿਨ ਸਰਹੱਦੀ ਚੌਕੀ  ਚ ਤਾੜੀ ਰੱਖਿਆ ਸਾਨੂੰ , ਫਿਰ ਪੈਦਲ ਤੋਰ ਕੇ ਕਾਬਲ ਲੈ ਜਾ ਕੇ ਜੇਲ੍ਹੀਂ ਬੰਦ ਕਰ ਦਿੱਤਾ ।
ਸਾਡੀ ਫੜ-ਫੜਾਈ ਅਮਾਨਉੱਲਾ ਬਾਦਸ਼ਾਹ ਨੇ ਨਹੀਂ ਸੀ ਕੀਤੀ । ਇਹ ਸਾਮਰਾਜੀ ਹੱਥ-ਠੋਕੇ ਨਾਦਰਸ਼ਾਹੀ ਨੇ ਕੀਤੀ ਸੀ । ਨਾਦਰਸ਼ਾਹ ਨੇ ਵੀ ਕੀ , ਆਪ ਕੀਤੀ ਸੀ ਅੰਗਰੇਜ਼ੀ ਸੂਹੀਆਂ । ਆਪ ਨਿਗਰਾਨੀ  ਕਰਦੇ ਸਨ ਉਹ ਹੱਦ-ਸਰਹੱਦ ਦੀ ਬੜੀ ਚੌਕਸੀ ਨਾਲ । ਉਹਨਾਂ ਤੋਂ ਨਾ ਅਮਾਨਉੱਲਾ-ਰੂਸੀ ਦੋਸਤੀ ਬਰਦਾਸ਼ਤ ਹੋਈ ਸੀ ,ਨਾ ਹਿੰਦੋਸਤਾਨੀ ਗ਼ਦਰੀਆਂ ਨਾਲ ਉਸ ਦੀ ਹਮਦਰਦੀ । ਉਹਨਾਂ ਕਈ ਸਾਰੇ ਹਰਵੇ ਵਰਤ ਕੇ ਉਸਨੂੰ ਊਈਂ ਚਲਦਾ ਕਰ ਦਿੱਤਾ । ਪਹਿਲਾਂ ਉਸ ਵਿਰੁੱਧ ਕਈ ਸਾਰੇ ਫ਼ਤਵੇ ਦੁਆਏ ਮੁੱਲਾਂ-ਮੁਲਾਣਿਆਂ ਤੋਂ , ਫਿਰ ਫੌਜੀ ਬਗ਼ਾਵਤ ਕਰਵਾ ਦਿੱਤੀ ।
ਲਗਦੇ ਹੱਥ ਹੀ ਉਹਨਾਂ ਆਪਣੀ ਖ਼ਾਸ-ਉਲ-ਖ਼ਾਸ ਕੱਠ-ਪੁਤਲੀ ਨਾਦਰ ਸ਼ਾਹ ਨੂੰ ਬਾਦਸ਼ਾਹ ਨਾਮਜ਼ਦ ਕਰ ਦਿੱਤਾ ।
ਉਸ ਨੇ ਆਉਂਦੇ ਨੇ ਕਾਬਲ ਅੰਦਰਲੀ ਸਾਡੀ ਵੱਡੀ ਠਾਹਰ ਬੰਦ ਕਰਵਾ ਦਿੱਤੀ । ਇਹ ਸਾਰਾ ਘਟਨਾ-ਕਰਮ ਸਾਨੂੰ ਕਾਬਲ ਜੇਲ੍ਹ ਅੰਦਰ ਪੁੱਜਿਆ ਨੂੰ ਪਤਾ ਲੱਗਾ ਸੀ।‘’
ਇੱਥੋਂ ਤਕ ਦੀ ਵਾਰਤਾ ਦੱਸਦੇ ਮਾਮੇ ਦੀ ਨਾ ਬੋਲ –ਸੁਰ ਢਿੱਲੀ ਪਈ ਸੀ , ਨਾ ਰਵਾਨੀ ਚ ਕੋਈ ਅੰਤਰ ਆਇਆ । ਪਰ, ਅਗਲਾ ਵਿਸਥਾਰ ਦੱਸਣ ਲੱਗੇ ਦੀ ਉਸਦੀ ਗੜ੍ਹਕਵੀਂ ਆਵਾਜ਼ ਪਹਿਲਾਂ ਥੋੜ੍ਹੀ ਕੁ ਜਿੰਨੀ ਭਾਰੀ ਹੋ ਗਈ , ਫਿਰ ਜਿਵੇਂ ਇਹ ਜਿੱਲ੍ਹਣ ਚ ਫਸ ਗਈ ਹੋਵੇ । ਦੂਰ ਪਿਛਾਂਹ ਰਹਿ ਗਏ ਕਿਸੇ ਮਾੜੇ-ਚੰਗੇ ਮੰਜ਼ਰ ਤ ਅਟਕਿਆਂ , ਉਹ ਕਿਸੇ ਡੂੰਘੇ ਖੂਹ ਚ ਡਿੱਗਿਆ ਹੋਣ ਵਾਂਗ ਬੋਲਦਾ ਗਿਆ  - ਨਾਦਰ ਸਰਕਾਰ ਕਿਸੇ ਵੀ ਕੈਦੀ ਨੂੰ ਰੋਟੀ-ਕੱਪੜਾ ਨਹੀਂ ਸੀ ਦਿੰਦੀ ....ਕੈਦੀ ਜਾਂ ਤਾਂ ਘਰੋਂ ਮੰਗਵਾ ਕੇ ਖਾਂਦੇ ਸਨ...ਜਾਂ ਫਿਰ ਬੇੜੀਆਂ ਚ ਜਗੜ ਹੋਏ ਗਲੀਆਂ-ਬਾਜ਼ਾਰਾਂ ਚੋਂ ਮੰਗ ਕੇ ...।
ਉਸਦੇ ਟੁੱਟਵੇਂ-ਟੋਕਵੇਂ ਬੋਲ ਉਸ ਦੇ ਬੇ-ਤਹਾਸ਼ਾ ਉਮੱਡ ਆਏ ਅੱਥਰੂਆਂ ਨੇ ਹੋਰ ਵੀ ਟੋਕਵੇ ਕਰ ਦਿੱਤੇ ਸਨ – “ਬਲਕਾਰ ਸਿਆਂ , ਬੱਲਿਆਂ .... ਅਖ਼ਲਾਕੀ ਕੈਦੀ ਤਾਂ .... ਭਲਾ ਲਾਗੜ ਸੀ ਇਸ ਕੰਮ ਦੇ ... ਪਰ, ਅਸੀਂ ਸਿਆਸੀਕੈਦੀ ਤਾਂ ਜਿਮੇਂ ਧਰਤੀ  ਗ਼ਰਕ ਹੋਣ ਵਰਗੇ  ਹੋ ਗਏ ਸੀ ... ਰੋਟੀ ਕੱਪੜੇ ਲਈ ਹੱਥ ਅੱਡੀ...ਥਾਂ ਕੁ ਥਾਂ ਘੁੰਮਦੇ ...ਨਾ ਅਸੀਂ ਜੀਂਦਿਆ ਚ ਰਹੇ ਸੀ...ਨਾ ਮੋਇਆ ਚ । ... ਬਹੁਤ ਬੁਰੀ ਤਰ੍ਹਾਂ ਜ਼ਲੀਲ ਹੋਏ ਸੀ ...ਅਸੀਂ ....ਬਲਕਾਰ ਸਿਆਂ । 
...ਊਦ੍ਹੋ ਮਾਮੇ ਨਾਲ ਹੋਈ – ਵਾਪਰੀ ਦਾ ਚੇਤਾ ਆਉਂਦਿਆ ਮੇਰੇ ਬੇ-ਹਿਸ ਹੋਏ ਬਦਨ ਨੂੰ ਇੱਕ ਜ਼ੋਰਦਾਰ ਝਟਕਾ ਲੱਗਾ । ਕਮਰੇ ਅੰਦਰਲੇ ਡਬਲ ਬੈੱਡ  ਤੇ ਨਿਢਾਲ ਹੋਇਆ ਡਿੱਗਾ ਮੈਂ ਝੱਟ ਉੱਠ ਕੇ ਬੈਠ ਗਿਆ । ਘੋਰ-ਡੂੰਘੇ ਪਛਤਾਵੇ ਦੀ ਇਕ ਮੋਟੀ ਪਰਤ ਮੇਰੇ ਦੁਆਲੇ ਸੰਘਣੀ ਤਰਾਂ ਲਿਪਟ ਗਈ । - ਇਹ ਕੀ ਕਰ ਬੈਠਾ ਸੀ ਮੈਂ । ਊਦ੍ਹੋ ਮਾਮੇ ਨੂੰ ਤਾਂ ਮਜਬੂਰੀ ਵੱਸ ਹੱਥ ਅੱਡਣੇ ਪਏ ਰੋਟੀ –ਕੱਪੜੇ ਲਈ । ਪਰ ਮੈਂ...ਮੈਂ ਜ਼ਲਾਲਤ ਆਪ ਸਹੇੜੀ ਸੀ । ਆਪ ਡਿੱਗਿਆ ਸੀ ਮੈਂ ਨੀਵੇਂ ਥਾਂ । ਬੁਰਕੀ-ਬੁਰਕੀ ਹਮਾਇਤ ਮੰਗਣ ਲਈ ਨਿਕਲ ਤੁਰਿਆ ਸੀ ਚੋਣ ਬੋਰਡ ਮੈਂਬਰਾਂ ਤੋਂ , ਹਵਾਈ ਅੱਡਿਉਂ ਲੈਸ ਹੋ ਕੇ । 
ਮੈਂ ਆਪਣੇ ਆਪ ਨੂੰ ਜ਼ੋਰਦਾਰ ਫਿੱਟ-ਲਾਅਨਤ ਪਾਈ । ਅੱਖਾਂ ਚ  ਭਰ ਆਏ ਅੱਥਰੂ , ਪੈੱਟੋਂ ਬਾਹਰ ਨਿਕਲੀ ਕਮੀਜ਼ ਦੀ ਕੰਨੀ ਨਾਲ ਸਾਫ਼ ਕਰਕੇ ਮੈਂ ਸਿਰ ਚੜ੍ਹੀ ਨਮੋਸ਼ੀ ਇਕ ਦਮ ਵਗਾਹ ਮਾਰੀ । ਹੁਣ ਤਕ ਦੀ ਕੀਤੀ ਕਰਾਈ ਤੇ ਕਾਟਾ ਮਾਰ ਕੇ ਮੈਂ ਇਸ ਕਾਂਡ ਨੂੰ ਇੱਥੇ ਹੀ ਸਮਾਪਤ ਕਰਨ ਦਾ ਫੈਸਲਾ ਕਰ ਲਿਆ । ਹੁਣ ,ਮੈਂ ਹੋਰ ਕਿਸੇ ਯੜੀ-ਯਨੀਵਰਸਿਟੀ ਨਹੀਂ ਸੀ ਜਾਣਾ । ਨਾ ਹੀ ਇੱਥੋਂ ਦੀ ਹਾਂ-ਨਾਂਹ ਦੀ ਉਡੀਕ ਕਰਨੀ ਸੀ । ਸਿੱਧਾ ਪਿੰਡ ਪੁੱਜਣਾ ਸੀ ਅਗਲੇ ਦਿਨ । ਖੁੱਸ ਚੁੱਕੇ ਖੇਤਾਂ ਦੀ ਪੈਰਵੀ ਕਰਨੀ ਸੀ ਬੱਸ...ਬੱਸ ।
ਇਸੇ ਹੀ ਉਧੇੜ –ਬੁਣ ਚ ਉਲਝੇ ਨੂੰ ਪਤਾ ਨਹੀਂ ਕਦ ਨੀਂਦ ਆ ਗਈ ਸੀ ਮੈਨੂੰ ।
ਸਵੇਰੇ ਉੱਠਿਆ ਤਾਂ ਅੱਛਾ-ਖਾਸਾ ਦਿਨ ਚੜ੍ਹ ਚੁੱਕਾ ਸੀ । ਰਾਤ ਲਏ ਫੈਸਲੇ ਅਨੁਸਾਰ ਮੈਂ ਛੇਤੀ ਨਿਕਲ ਤੁਰਨ ਦੇ ਇਰਾਦੇ ਨਾਲ ਝੱਟ-ਪੱਟ ਨਹਾਂ-ਧੋਅ ਲਿਆ । ਹਲਕਾ ਜਿਹਾ ਨਾਸ਼ਤਾ ਕਰਕੇ ਮੈਂ ਬੈਗ-ਬੋਰੀਆਂ ਸਮੇਟ ਹੀ ਰਿਹਾ ਸੀ ਕਿ ਕਮਰੇ ਚ ਪਏ ਟੈਲੀਫੋਨ ਦੀ ਘੰਟੀ ਵੱਜੀ । ਇਹ ਪੁਰੇਵਾਲ ਸੀ । ਉਹ ਦੱਸ ਰਿਹਾ ਸੀ –  ਘੁੰਮਣ ਭਾਈ , ਵਾਲੀਏ ਨੇ ਪੀਤੇ ਪੈੱਗਾਂ ਦੀ ਲਾਜ ਰੱਖ ਲਈ ਆ । ਉਹਨੇ ਰਾਜਧਾਨੀ ਆਲੇ ਦੋਨੋਂ ਮੈਂਬਰ ਰਾਤੋ-ਰਾਤ ਗੰਢ ਲਏ । ਅੱਜ ਉਹ ਸ਼ਾਮੀਂ ਪੁੱਜਣਗੇ ਯੂਨੀਵਰਸਿਟੀ ਸਹਿਮਤੀ  ਤੇ ਦਸਖਤ ਕਰਨ । ਐਥੇ ਆਲੇ ਤਿੰਨੋ ਮੇਰੇ ਹੱਥਾਂ ਚ ਆ । ਤੂੰ ਫਿਕਰ ਬਿਲਕੁਲ ਨਈਂ ਕਰਨਾ । ਚੰਗਾ , ਮਿਲਦੇ ਆਂ ਫਿਰ ਸ਼ਾਮੀ ਗੈਸਟ ਹਾਊਸ ।  ਏਨਾ ਕੁ ਆਖ ਉਹਨੇ ਝੱਟ ਫੂਨ ਬੰਦ ਕਰ ਦਿੱਤਾ ।
ਮੇਰੀ ਹਾਂ-ਨਾਂਹ ਉਹਨੇ ਬਿਲਕੁਲ ਨਾ ਸੁਣੀ । ਮੈਂ ਸਭ ਕੁਝ ਛੱਡ-ਛੜਾ ਕੇ ਤਿਆਰ ਹੋਇਆ ਬੈਠਾ ਸੀ , ਉਹ ਸ਼ਾਮੀਂ ਗੈਸਟ-ਹਾਊਸ ਆਉਣ ਲਈ ਕਹਿ ਰਿਹਾ ਸੀ ।
ਮੈਂ ਫਿਰ ਕਸੂਤੀ ਦੁਬਿਧਾ ਚ ਘਿਰ ਗਿਆ । ਮੇਰੇ ਪਾਸ ਨਾ ਉਸਦਾ ਫੋਨ ਨੰਬਰ ਸੀ , ਨਾ ਘਰ ਦਾ ਥਹੁ-ਪਤਾ ।
ਉਸਨੂੰ ਦੱਸੇ ਬਗੈਰ ਚਲੇ ਜਾਣਾ ਬੁਰਾ ਲੱਗ ਰਿਹਾ ਸੀ ਮੈਨੂੰ , ਤੇ ... ਤੇ ਰੁਕੇ ਰਹਿਣਾ ਹੋਰ ਵੀ ਬੁਰਾ । ਮੈਂ ਤਿਆਰ ਕੀਤਾ ਬੈਗ ਕਦੀ ਮੋਢੇ ਤੇ ਲਟਕਦਾ ਕਰ ਲੈਂਦਾ , ਕਦੀਂ ਮੁੜ ਬੈੱਡ ਤੇ ਰੱਖ ਲੈਂਦਾ ਜਾਂ ਕਰਸੀ ਤੇ ।
ਇਕ ਪਾਸੇ ਊਦ੍ਹੋ ਮਾਮੇ ਦੇ ਪੈਰ-ਚਿੰਨ ਖਿੱਚ ਰਹੇ ਸਨ , ਦੂਜੇ ਪਾਸੇ ਨਾਵਲ ਲੇਖਕ ਬਿਰਤੀ । ਇਕ ਪਾਸੇ ਜੇਲ੍ਹਾਂ ਮਫ਼ਰੂਰੀਆਂ , ਜੂਹ-ਬੰਦੀਆਂ ਦੀ ਮਾਰ ਹੇਠ ਆਇਆ ਉਦੇਸ਼-ਪੂਰਨ ਅਤੀਤ ਦਿਸ ਰਿਹਾ ਸੀ ਮੈਨੂੰ , ਦੂਜੇ ਪਾਸੇ ਡਾਲਰਾਂ ਦੀ ਡਾਰ ਨਾਲ ਰੰਗ ਹੋਇਆ ਨਾਵਲੀ ਵਰਤਮਾਨ ।
ਇਸ ਕਸ਼ਮਕਸ਼ ਚ ਉਲਝੇ ਨੇ ਮੈਂ ਕਿੰਨਾ ਸਾਰਾ ਸਮਾਂ ਹੋਰ ਜ਼ਾਇਆ ਕਰ ਦਿੱਤਾ ।
ਕਲ੍ਹ ਦੁਪਹਿਰੋਂ ਬਾਅਦ ਸ਼ਾਂਤ ਹੋਏ ਕੰਪਲੈਕਸ ਚ ਚਹਿਲ-ਪਹਿਲ ਵਧਣ ਲੱਗ ਪਈ । ਵਿਭਾਗ, ਦਫ਼ਤਰ,ਕਲਾਸ ਕਮਰੇ , ਗਰਾਊਡਾਂ ਆਪੋ-ਆਪਣੇ ਧੰਦੇ ਪਿੱਟਣ ਲੱਗ ਪਈਆਂ । ਮੈਂ ਗੈਸਟ ਹਾਊਸ ਦੀ ਵਲਗਣ ਚ ਘਿਰਿਆ ਅਜੇ ਕਿਸੇ ਸਿਰੇ ਨਹੀਂ ਸੀ ਲੱਗਾ ਕਿ ਕੋਈ ਜਣਾ ਮੈਨੂੰ ਪੁਰੇਵਾਲ ਦਾ ਸੁਨੇਹਾ ਪੁੱਜਦਾ ਕਰ ਗਿਆ –  ਡਾਕਟ ਸਾਬ੍ਹ ਯਾਦ ਕਰਦੇ ਤੁਆਨੂੰ ਦਫ਼ਤਰ   
ਮਜਬੂਰਨ ਜਾਣਾ ਪਿਆ ।
ਉਸ ਨੇ ਕੁਝ ਕਾਗ਼ਜ਼ ਪੱਤਰ ਮੇਰੇ ਅੱਗੇ ਰੱਖ ਦਿੱਤੇ  ਇਹ ਉਹੀ ਸੂਚੀ ਸੀ ਨਾਵਾਂ ਦੀ । ਜਿਹਨਾਂ ਅੱਗੇ ਹੱਥ ਅੱਡਣੇ ਸਨ ਮੈਂ । ਭੀਖ ਮੰਗਣੀ ਸੀ ਨਾਵਲ ਲਈ । ਨਾਵਲ ਨੂੰ ਕੋਰਸ ਚ ਲਗਦਾ ਕਰਨ ਲਈ ।
ਆਪਣੇ ਮੇਜ਼-ਦਰਾਜ ਦੀ ਫਰੋਲਾ-ਫਰਾਲੀ ਕਰਦਾ ਪੁਰੇਵਾਲ ਕਾਫੀ ਕਾਹਲ ਚ ਲਗਦਾ ਸੀ । ਚੰਗਾ ਮਿਲਦੇ ਆਂ ਆਖ ਉਹ ਉਸੇ ਵੇਲੇ ਕਮਰਿਉਂ ਬਾਹਰ ਨਿਕਲ ਗਿਆ  ਮੇਰੀ ਹਾਂ-ਨਾਂਹ ਫਿਰ ਵਿਚਕਾਰ ਲਟਕਦੀ ਰਹਿ ਗਈ । ਮੈਂ ਕਾਗਜ਼-ਪੱਤਰ ਥਾਏਂ ਛੱਡ ਕੇ ਮੁੜ ਗੈਸਟ-ਹਾਊਸ ਪਰਤ ਆਇਆ 
ਸ਼ਾਮ ਪਈ  ਤੇ ਮੇਰੇ ਕਮਰੇ ਚ ਸੱਤ ਚਿਹਰੇ ਹਾਜ਼ਰ ਸਨ । ਪਵਿੱਤਰ ਸਿੰਘ ਵਾਲੀਆ,ਨੀਰਜ ਸਿੰਘ ਪੁਰੇਵਾਲ ਤੋਂ ਮੈਂ ਕੱਲ ਦਾ ਜਾਣੂ ਸੀ । ਬਾਕੀ ਦਿਆਂ ਆਪਣਾ ਆਪਣਾ ਤੁਆਰਫ਼ ਆਪ ਕਰਵਾ ਦਿੱਤਾ ।
ਚਲਦੇ ਦੌਰ ਚ ਕਿਹਨੇ ਕੀ ਗੱਲ ਕੀਤੀ । ਇਸ ਵੱਲ ਤਾਂ ਮੈਂ ਕੋਈ ਧਿਆਨ ਨਹੀਂ ਸੀ ਦਿੱਤਾ , ਉਂਝ ਸਾਰੇ ਮੈਂਬਰ ਮੇਰੇ ਨਾਵਲ ਤੇ ਸਹਿਮਤ ਸਨ । ਸਿਰਫ਼  ਇਕ ਸਰਦਲ ਲੰਘਣੀ ਬਾਕੀ ਸੀ ਅਜੇ । ਵਿਭਾਗੀ ਮੁਖੀ ਦੀ । ਉਸ ਦਾ ਜੁੰਮਾ ਲੈਣ ਤੋਂ ਸਾਰੇ ਭਾਜੂ ਸਨ । ਆਖਰ ਸਰਵ-ਸਹਿਮਤੀ ਮੇਰੇ ਨਾਂ ਤੇ ਹੋ ਗਈ । ਹਾਸੇ ਹਾਸੇ ਚ ਵਾਲੀਏ ਨੇ ਵਿਚਲੀ ਗੱਲ ਵੀ ਖੋਲ੍ਹ ਦਿੱਤੀ – ਊਂਅ ਤਾਂ ਤੇ ਰੇ ਚ ਵੀ ਕੋਈ ਕਮੀ ਨਈਂ ਹੈਗੀ , ਘੁੰਮਣ ਬਾਈ , ਪਰ ਜੇ ਤੂੰ ਸੱਚੀਂ ਸੁੱਚੀਂ ਦੀ ਬੀਬੀ ਹੁੰਦਾ ਤਾਂ ਕੋਈ  ਲੋੜੇਈ ਨਈਂ ਸੀ ਪੈਣੀ , ਹੁਣ ... ਹੁਣ ਤੂੰ ਐਂ ਕਰੀ ਤੋਹਫਾ ਕੋਈ  ਨਾ ਕੋਈ  ਜ਼ਰੂਰ ਜੋੜ ਲਈਂ ਲਾਸ਼ਆਪਣੀ ਨਾਲ । 
ਸਾਰੇ ਉਸਦੀ ਗੁੱਝੀ ਗੱਲ ਤੇ ਖੁੱਲ੍ਹ ਕੇ ਹੱਸੇ ਸਨ , ਪਰ ਮੇਰੇ ਅੰਦਰੋਂ ਹੋਰ ਵੀ ਕਿੰਨਾ ਕੁਝ ਜਿਵੇਂ ਟੁੱਟ-ਭੁਰ ਗਿਆ । ... ਕਸੂਰਵਾਰ ਆਪ ਬਣਿਆ ਸੀ ਮੈਂ । ਤਲਬ ਮੈਨੂੰ ਜਾਗੀ ਸੀ ਕੋਰਸ ਚ ਲਗਦਾ ਹੋਣ ਦੀ । ਪਹਿਲੋਂ ਵੀ ਤਾਂ ਲਿਖੇ-ਛਪੇ ਸੀ ਮੇਰੇ ਛੇ-ਸੱਤ ਨਾਵਲ । ਪਹਿਲੇ ਵੀ ਤਾਂ ਚਰਚਾ ਹੁੰਦੀ ਸੀ ਮੇਰੀ ਵਿਦੇਸ਼ੀ ਲੇਖਕਾਂ ਚ । ਤੇ ਹੁਣ ... ਹੁਣ ਕੀ ਸੁਰਖਾਬ ਦੇ ਖੰਭ ਲੱਗ ਜਾਣੇ ਸਨ ਮੈਨੂੰ 
ਮੈਂ ਆਪਣੇ ਸਾਹਮਣੇ ਆਪ ਹੀਣਾ ਹੋਇਆ ਸੀ ,ਨਵੇਂ ਪੰਗੇ ਚ ਪੈ ਕੇ  । ਤਾਂ ਵੀ ਆਲਾ ਦੁਆਲਾ ਮੈਨੂੰ ਘੱਟ ਦੋਸ਼ੀ ਨਹੀਂ ਸੀ ਲੱਗਦਾ, ਮੈਂ ਹੈਰਾਨ ਸੀ ,ਇਹ ਹੋ ਕੀ ਰਿਹਾ ਸੀ , ਮੇਰੇ ਆਸੇ-ਪਾਸੇ । ਕਿਹੋ ਜਿਹਾ ਗੰਦ-ਗ਼ਦਰ ਫੈਲ –ਖਿੱਲਰ ਗਿਆ ਸੀ ਮੇਰੇ ਮੁਲਕ ਚ । ਮੇਰੀ ਯੂਨੀਵਰਸਿਟੀ ,ਮੇਰੇ ਵਿਭਾਗ ਚ ,ਵਿਭਾਗੀ ਦਫ਼ਤਰ ਚ । ਇਹ ਦਫ਼ਤਰ ਸੀ ਜਾਂ ਕਿਸੇ ਰੱਜੇ-ਫਿੱਟੇ ਸਾਧ ਦਾ ਸਾਧਖਾਨਾ , ਮਾਈਆਂ –ਬੀਬੀਆਂ , ਕੁਆਰ-ਕੰਜਰਾਂ ਨੂੰ ਮਾਨਣ –ਭੋਗਣ ਵਾਲਾ ਕੋਈ  ਭੋਰਾ-ਡੇਰਾ ..!!
ਰਾਤ ਸਾਰੀ ਇਵੇਂ ਹੀ ਲੰਘ ਗਈ , ਉੱਸਲਵੱਟੇ ਲੈਂਦਿਆਂ । ਘੜੀ-ਦੋ-ਘੜੀਆਂ ਅੱਖ ਲਗਦੀ ਫਿਰ ਉਹੀ ਤਲਖੀ, ਉਹੀ ਤੜਪ । ਕਦੀ ਕਿਸੇ ਨੁੰ ਗਾਲੀ –ਗਲੋਚ , ਕਦੀ ਕਿਸੇ ਨੂੰ  ਚੋਣ ਬੋਰਡ ਮੈਂਬਰਾਂ ਨੂੰ , ਮੁਖੀ ਨੂੰ । ਕਦੀ ਗੁਲਬਾਗ ਦੀ ਵਾਰੀ ਆ ਲਗਦੀ , ਕਦੀ ਤਫ਼ਤੀਸ਼ੀ ਅਫ਼ਸਰ ਦੀ । ਬਾਪੂ ਕਤਲ ਕੇਸ ਦੇ ਪੜਤਾਲ ਅਧਿਕਾਰੀ ਦੀ । ... ਉਸਨੇ ਪੈਂਦੀ ਸੱਟੇ ਰੱਜ ਕੇ ਸਖ਼ਤੀ ਕੀਤੀ । ਝੱਟ-ਪਟ ਉਸਨੇ ਕਾਤਲ ਦਾ ਖੁਰਾ-ਖੋਜ ਲੱਭ ਵੀ ਲਿਆ । ਉਦੋਂ , ਉਹ ਬਹੁਤ ਇਮਾਨਦਾਰ ਅਫ਼ਸਰ ਲੱਗਾ ਮੈਨੂੰ । ਇਮਾਨਦਾਰ ਤੇ ਫ਼ਰਜ਼-ਸ਼ਨਾਸ । ਪਰ , ਵਿਚੋਂ ਗੱਲ ਹੋਰ ਈ ਨਿਕਲੀ ਸੀ । ਇਹ ਸਖ਼ਤੀ-ਚੁਸਤੀ ਮੂੰਹ-ਜ਼ੁਬਾਨੀ ਦੀ ਸੀ ਉਸਦੀ । ਸਿਰਫ਼ ਰੇਟ ਵਧਦਾ ਕਰਨ ਲਈ । ਪੰਜ ਦੀ ਥਾਂ ਦਸ ਲੱਖ ਤੇ ਸੌਦਾ ਹੋ ਨਿਬੜਿਆ । ਅੱਗੋਂ ਉਹਨਾਂ ਜੱਜ ਜੰਢਣਾ ਸੀ ਰਲ ਕੇ । ਇਹ ਸਾਰਾ ਕੁਝ ਮੇਰੇ ਵਕੀਲ ਨੇ ਪੁੱਜਦਾ ਕੀਤਾ ਸੀ ਮੇਰੇ ਤਾਈਂ ਕਨੇਡਾ । ਮੇਰੇ ਮੁਖ਼ਤਾਰ ਆਮ ਨੇ । ਮੈਂ ਤਲਮਲਾ ਗਿਆ  ਇਹ ਕੁਝ ਸੁਣਦਾ । ਬੇ-ਚੈਨ ਹੋਏ ਨੇ , ਕਲਪਦੇ ਨੇ ਮੈਂ ਉਸ ਵੇਲੇ ਵੀ ਗਾਲ੍ਹ ਵਾਹੀ ਸੀ ਰੱਜ ਕੇ –ਗੁਲਬਾਗ਼ ਨੂੰ , ਜਾਂਚ ਅਫ਼ਸਰ ਨੂੰ , ਵਕੀਲਾਂ ਨੂੰ , ਜੱਜਾਂ ਨੂੰ ।
ਯਨੀਵਰਸਿਟੀ ਗੈਸਟ-ਹਾਊਸ ਦੇ ਏ.ਸੀ. ਕਮਰੇ ਚ ਘਿਰੇ ਦਾ ਮੇਰਾ ਆਪਣਾ ਤਾਪਮਾਨ ਸਮਤਲ ਨਹੀਂ ਸੀ ਰਿਹਾ । ਨੀਂਦ ਆਈ ਤੇ ਚਿੱਤ ਟਿਕਾਣੇ ਰਹਿੰਦਾ । ਜਾਗ ਖੁੱਲੀ ਤੇ ਫਿਰ ਉਹੀ ਖਿਝ , ਉਹੀ ਤੜਪ , ਉਹੀ ਤਲਖੀ ।
ਅਗਲੀ ਸਵੇਰ , ਨਾ ਮੇਰੇ ਹੱਡ-ਗੋਡੇ ਕੰਮ ਕਰਨ , ਨਾ ਕਮਰ –ਪਿੱਠ ਹਿਲਦੀ ਹੋਵੇ । ਮੈਨੂੰ ਜਿਵੇਂ ਕਿਸੇ ਨੇ ਮਾਰ –ਕੁੱਟ ਕੇ ਸੁੱਟ ਰੱਖਿਆ ਸੀ । ਮੈਂ ਕਾਲ-ਬੈੱਲ ਕਰਕੇ ਬਹਿਰੇ  ਤੋਂ ਉੱਪਰੋਂ –ਥਲੀ ਦੋ ਮੱਘ ਬਲੈਕ-ਕਾਫੀ ਮੰਗਾ ਕੇ ਪੀਤੀ । ਫਿਰ ਕਿਧਰੇ ਟਾਇਲੈਟ ਗਿਆ । ਮੂੰਹ-ਅੱਖਾਂ ਤੇ ਛਿੱਟੇ ਮਾਰੇ । ਬੁਰਸ਼-ਕੁਰਲੀ ਕਰਕੇ ਫਿਰ ਸਪਾਟ ਲੰਮਾ ਪੈ ਗਿਆ । ਲੇਟੇ ਲੇਟੇ ਦੀਆਂ ਜਗਦੀਆਂ –ਬੁਝਦੀਆਂ ਅੱਖਾਂ ਸਾਹਮਣੇ ਫਿਰ ਉਹੀ ਸੀਨ ਸਨ –ਪਿੰਡ ਸੀ, ਠਾਣਾ –ਕਚਹਿਰੀ ਸੀ , ਯੂਨੀਵਰਸਿਟੀ ਸੀ , ਖਾਸ ਕਰ ਗੈਸਟ –ਹਾਊਸ ਸੀ । ਪਹਿਲੀ ਸ਼ਾਮ ਤਿੰਨ, ਦੂਜੀ ਨੂੰ ਚਾਰ ਡੱਬੇ ਖਾਲੀ ਹੋਏ ਸਨ । ਸਿਰਫ਼ ਇਕ ਲੀਟਰ ਬਚਦਾ ਸੀ , ਟੀਚਰਜ਼ ਸਕਾਚ ਦਾ । ਵੋਦਕਾ ਮੈਂ ਢਕ-ਲਪੇਟ ਕੇ ਪਹਿਲੋਂ ਹੀ ਕਰ ਰੱਖੀ ਸੀ ਇਕ ਪਾਸੇ । ਊਦ੍ਹੋ ਮਾਮੇ ਲਈ । ਉਹ ਇਸ ਗਿਣਤੀ ਵਿਚ ਨਹੀਂ ਸੀ ਆਉਂਦੀ । ਰਾਤ ਲਏ ਫੈਸਲੇ ਮੁਤਾਬਿਕ ਮੈਂ ਨਿਕਲ ਜਾਣਾ ਸੀ , ਇੱਥੋਂ ਬਿਨਾਂ ਕਿਸੇ ਨੂੰ ਮਿਲੇ-ਦੱਸੇ । ਹੋਰ ਕਿਸੇ ਯੂਨੀਵਰਸਿਟੀ ਜਾਣ ਦਾ ਹੁਣ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ।
ਥੋੜ੍ਹਾ ਕੁ ਚਿਰ ਹੋਰ ਲੇਟੇ ਰਹਿਣ ਪਿੱਛੋਂ , ਮੈਂ ਫਿਰ ਹਿੰਮਤ ਫੜ ਲਈ  ਖਿੱਲਰੇ –ਥੱਕੇ ਅੰਗ-ਪੈਰ ਧੂੰਹਦਾ-ਘਸੀਟਦਾ ਤਿਆਰ ਹੋ ਗਿਆ । ਟੈਕਸੀ ਨੇ ਮੈਨੂੰ ਪਿੰਡ ਛੱਡ ਕੇ ਚਲੇ ਜਾਣਾ ਸੀ ਵਾਪਸ ਆਪਣੇ ਅੱਡੇ । ਮੈਂ ਉਸਨੂੰ ਮਨਾ ਲਿਆ ਸੀ , ਥੋੜ੍ਹੇ ਕੁ ਵਾਧੂ ਪੈਸੇ ਦੇ ਕੇ । ਉਂਝ ਵੀ ਹੁਣ ਬਹੁਤਾ ਭਾਰ ਹਲਕਾ ਕਰ ਦਿੱਤਾ ਸੀ ਮੇਰਾ , ਚੋਣ ਬੋਰਡ ਮੈਂਬਰਾਂ ਨੇ । ਸਿਰਫ ਇਕ ਨਗ ਬਾਕੀ ਸੀ । ਉਹ ਮੈਂ ਵੋਦਕਾ ਵਾਂਗ ਸਾਂਭਣ ਦੀ ਸੋਚ ਰਿਹਾ ਸੀ ਕਿ ਮੇਰੇ ਮਨ ਚ ਆਈ –ਟੀਚਰਜ਼ ਸਕਾਚ ਨਾਲੋਂ ਵਧੀਆ ਤੋਹਫਾ ਹੋਰ ਕੀ ਹੋ ਜਊ, ਟੀਚਿੰਗ ਮੁਖੀ ਲਈ । ਕੰਮ ਹੁੰਦਾ ਹੋਵੇ , ਨਾ ਹੋਵੇ ਨਾ ਸਹੀ । ਮੈਂ ਝੂਠਾ ਤਾਂ ਨਾ ਪਊ । ਅਗਲੇ ਇਹ ਤਾਂ ਨਹੀਂ ਕਹਿਣਗੇ , ਸਾਡੀ ਕੀਤੀ  ਕਰਾਈ ਐਮੇਂ ਖੇਹ ਕਰ ਛੱਡੀ ਐਨੀ ਕੁ ਪਿੱਛੇ । ਮਾਰਾਂ ਮੱਥੇ ਪਰਾਂਹ ਇਹ ਵੀ ਜਾਂਦਾ ਜਾਂਦਾ 
ਦਫ਼ਤਰ ਪੁੱਜੇ ਹੋਣ ਦਾ ਸਮਾਂ ਵਿਚਾਰ ਕੇ ਮੈਂ ਜਾ ਫਤਿਹ ਬੁਲਾਈ ਬੜੇ ਅਦਬ ਨਾਲ । ਢੋਅਦਾਰ ਕੁਰਸੀ ਚ ਬੈਠੇ ਮੁੱਖੀ ਜੀ ਕਿਸੇ ਗਹਿਰ-ਗੰਭੀਰ ਚਿੰਤਨ ਚ ਵਿਅਸਤ ਸਨ ਪੂਰੇ । ਰੋਹਬ-ਦਾਅਬ ਦਰਸ਼ਣੀ ਚਿਹਰਾ , ਸਾਹਮਣੇ ਟੇਬਲ ਤੇ ਪਈਆਂ ਗ੍ਰੰਥ-ਮਾਰਕਾ ਪੁਸਤਕਾਂ ਤੇ ਝਕਿਆ ਪਿਆ ਸੀ । ਕੈਂਚੀ ਮੋਚਨੇ ਨਾਲ ਤਹਿ ਸਿਰ ਕੀਤੀ ਦਾੜ੍ਹੀ ਹੋਰ ਵੀ ਦਿਲ-ਖਿੱਚਵੀਂ ਜਾਪ ਰਹੀ ਸੀ । ਇਹ ਕਦੀ ਇਕ ਪੁਸਤਕ ਵੱਲ ਨੂੰ ਘੁੰਮ ਜਾਂਦੀ , ਕਦੀ ਦੂਜੀ –ਤੀਜੀ ਵੱਲ ਨੂੰ । ਸਾਹਮਣੀ ਕੰਧ ਨਾਲ ਪਏ ਸੋਫੇ ਤੇ ਬੈਠਣ ਲਈ ਮੈਨੂੰ ਹੱਥ ਦਾ ਇਸ਼ਾਰਾ ਕਰਕੇ ਉਹ ਮੁੜ ਅਪਣੇ ਲੱਗ ਗਏ । ਮੈਂ ਇਸ ਵਿਹਲ ਦਾ ਲਾਹਾ ਲਿਆ । ਸਾਰੀਆਂ ਦੀਵਾਰਾਂ ਨਾਲ ਲਟਕਦੀਆਂ ਸ਼ੀਸ਼ੇ ਜੜੀਆਂ ਫੋਟੋਆਂ ਨੂੰ ਬੜੇ ਧਿਆਨ ਨਾਲ ਵਾਚਦਾ ਰਿਹਾ । ਇਹ ਫ਼ਰੀਦ ਬਾਬੇ ਤੋਂ ਲੈ ਕੇ , ਆਧੁਨਿਕ ਜੁਗ ਤਕ ਦੇ ਕਰੀਬ ਸਾਰੇ ਹੀ ਕਲਮਕਾਰ ਸਨ । ਇਹ ਸਾਰੇ ਕੋਰਸਾਂ-ਸਲੇਬਸਾਂ ਦਾ ਹਿੱਸਾ ਬਣਦੇ ਆਏ ਸਨ ,ਅੰਦਾਜ਼ਨ । ਆਪਣੀ ਵੱਲੋਂ ਤਾਂ ਮੈਂ ਅਟਕਲ ਜਿਹੀ ਹੀ ਮਾਰੀ ਸੀ ,ਉਂਝ  ਲੱਗੀ ਇਹ ਮੈਨੂੰ ਸੱਚੀਂ-ਮੁੱਚੀ ਦਾ ਸੱਚ ।
ਤਸਵੀਰਾਂ ਵੱਲੋਂ ਹਟ ਕੇ ਮੇਰਾ ਧਿਆਨ ਦਫ਼ਤਰ ਅੰਦਰ ਦੀ ਖ਼ਸਤਾ ਜਿਹੀ ਹਾਲਤ ਵੱਲ ਘੁੰਮ ਗਿਆ – ਡੱਬੂ ਹੋਇਆ ਰੰਗ-ਰੋਗਨ , ਮੈਲਾ-ਕੁਚੈਲਾ ਕਾਲੀਨ , ਆਸ ਪਾਸ ਪਈਆਂ ਕੁਰਸੀਆਂ –ਸੋਫੇ ਜਿਵੇਂ ਕੁਆੜ ਦਾ ਮਾਲ ਹੋਵੇ । ਬੱਸ ਦੋ ਵਸਤਾਂ ਸਨ ਵਿਭਾਗੀ ਰੁਤਬੇ ਦੇ ਪੱਧਰ ਦੀਆਂ । ਇਕ ਸਾਬ੍ਹ ਦੀ ਕੁਰਸੀ ਦੂਜਾ ਟੇਬਲ 
ਆਪਣਾ ਖੋਜ-ਕਾਰਜ ਜ਼ਰਾ ਕੁ ਰੋਕ ਕੇ ਉਹਨਾਂ ਮੈਨੂੰ ਨੇੜੇ ਆਉਣ ਲਈ ਇਸ਼ਾਰਾ ਮਾਰਿਆ । ਬੈਠਣ ਤੋਂ ਪਹਿਲਾਂ ਮੈਂ ਇਕ ਵਾਰ ਫਿਰ ਦੋਨੋਂ ਹੱਥ ਜੋੜੇ । ਆਪਣਾ ਤੁਆਰਫ਼ ਕਰਾਇਆ – ਮੈਂ...ਮੈਨੂੰ....ਮੇਰਾ....।
 ਅੱਛਾਂ...ਅੱਛਾਂ.. , ਹਾਂ...ਹਾਂਅ , ਜੀ...ਈ ....ਮੈਨੂੰ ਪਤਾ ਤੁਸੀਂ ਚੰਗੇ ਨਾਵਲਕਾਰ ਓ । ਚੰਗਾ ਉੱਘੜਵਾਂ ਨਾਂ ਏ ਘੁੰਮਣ ਹੋਣਾਂ ਦਾ ਪਰਵਾਸੀ ਲੇਖਕਾਂ ਚ ।
ਮੇਰੀ ਸੰਖੇਪ ਪਰ ਭਰਵੀਂ ਜਿਹੀ ਉਸਤੱਤ ਕਰਕੇ ਉਹ ਫਿਰ ਚੁੱਪ ਹੋ ਗਏ । ਉਹ ਜਿਵੇਂ ਪੁੱਛ ਰਹੇ ਸਨ – ਅੱਜ ਕਿਮੇਂ ਆਉਣਾ ਹੋਇਆ ....?
ਮੈਂ ਮੌਕਾ ਸਾਂਭਦੇ ਨੇ ਲਾਸ਼ ਨਾਵਲ ਦੀਆਂ ਦੋ ਕਾਪੀਆਂ ਮੁਖੀ ਜੀ ਨੂੰ ਭੇਂਟ ਕਰਨ ਵਾਂਗ ਪਕੜਾ ਦਿੱਤੀਆਂ । ਉਹਨਾਂ ਇਕ ਦੀ ਉਲਦ-ਪਲਦ ਕਰਦਿਆਂ , ਪੈਂਦਿਆਂ ਹੀ ਛਾਪਕ ਤੇ ਸੂਈ  ਰੱਖ ਦਿੱਤੀ  ਤੁਸੀ ਵੀ ਓਥੋਂ ਛਪਾਇਆ ਨਾਵਲ , ਉਸੇ ਈ ਠੱਗ ਤੋਂ । ਊਂ ਤਾਂ , ਉਹ ਕਿਸੇ ਦਾ ਵੀ ਲਿਹਾਜ਼ ਨਈਂ ਕਰਦਾ , ਪਰ ਪਰਵਾਸੀ ਲੇਖਕਾਂ ਦੀ ਵਾਹਲੀ ਈ ਛਿੱਲ ਲਹਿੰਦੀ ਆ । ਕਲ੍ਹ ਅਜੇ ਬੈਗ ਚੁੱਕੀ ਦਰ-ਦਰ ਘੁੰਮਦਾ ਸੀ ,ਕਿਤਾਬਾਂ ਨਈਂ ਜਿਮੇਂ ਛੋਲੇ-ਭਟੂਰੇ ਵੇਚਦਾ ਹੋਵੇ । ਅੱਜ ...ਅੱਜ ਉਹ ਲੱਖਾਂ ਚ ਨਈਂ ਕਰੋੜਾਂ ਚ ਖੇਲ੍ਹਦਾ । ਪੂਰਾ ਸਮਰਾਟ ਬਣਿਆ ਪਿਆ ਸਮਰਾਟ-ਪਬਲੇਸ਼ਰ ।  ਪਿਛਲੇ ਦੋ ਦਿਨਾਂ ਤੋਂ ਗੰਢ ਹੋ ਰਹੀ ਨੇੜਤਾ ਕਾਰਨ ਮੈਂ ਵਿਚਲੀ ਗੱਲ ਫੱਟ ਤਾੜ ਲਈ । ਪਬਲਿਸ਼ਰ ਨੇ ਕੋਂਈ ਵਾਅਦਾ-ਖ਼ਲਾਫੀ ਕੀਤੀ ਲਗਦੀ ਸੀ ਮੁਖੀ ਹੋਰਾਂ ਨਾਲ , ਹਿੱਸੇ –ਪੱਤੀ  ਚ ।
ਲੀਹੋਂ ਲੱਥੀ ਬਾਤ-ਚੀਤ , ਲੀਹ ਸਿਰ ਕਰਨ ਲਈ ਮੈਂ ਸੋਫੇ ਦੀ ਗੱਲ ਛੇੜ ਲਈ – ਸਰ ਤੁਹਾਡੇ ਉੱਚ-ਦਮਾਲੜੇ ਦਫਤਰ ਦਾ ਫ਼ਰਨੀਚਰ ਏਦ੍ਹੇ ਹਾਣ ਦਾ ਨਈ  ਹੈਗਾ । ਉਹ ਸੋਫਾ ਤਾਂ ਵਾਅਲਾ ਈ ...। ਬੈਠਦਿਆਂ ਸਾਰ ਇਸ ਦੇ ਹੇਠਲੇ ਫੱਟੇ ਤੇ  ਜਾ ਵੱਜਾ ਸੀ ਮੈਂ ।
 ਕੋਈ  ਗੱਲ ਨਈਂ , ਤੁਸੀਂ ਆ ਗਏ ਓ ,ਧੰਨਭਾਗ । ਹੁਣ ਸੋਫਾ ਵੀ ਆ ਜਊ ...। ਮੁੱਖੀ ਜੀ ਦੀ ਸਿੱਧੀ –ਸਪਾਟ ਮੰਗ ਮੈਨੂੰ ਬਹੁਤੀ ਓਪਰੀ ਨਾ ਲੱਗੀ । ਇਵੇਂ ਹੀ ਆਖਿਆ ਸੀ ਵਾਲੀਏ ਨੇ ।
ਮੇਰੀ ਰਹਿੰਦੀ –ਬਚਦੀ ਝਿਜਕ ਵੀ ਪਰ ਲਾ ਕੇ ਉੱਡ ਗਈ । ਮੈਂ ਸਾਹਮਣਉਂ ਉੱਠ ਕੇ ਮੁਖੀ ਜੀ ਦੀ ਕੁਰਸੀ ਲਾਗੇ ਪਏ ਸਟੂਲ ਤੇ ਬੈਠ ਗਿਆ । ਛੋਟੇ ਬੈਗ ਦੀ ਜ਼ਿੱਪ ਖੋਲ੍ਹ ਕੇ ਮੈਂ ਚਿੱਟਾ ਚਮਕਦਾਰ ਲਿਫਾਫਾ ਮੁਖੀ ਜੀ ਦੇ ਪੈਰਾਂ ਲਾਗੇ ਰੱਖ ਦਿੱਤਾ ।
ਆਪਣੇ ਪੈਰੀਂ ਖੜ੍ਹੀ ਟੀਚਰਜ਼ –ਸਕਾਚ 

No comments: